ਜੈਕਾਰਾ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਜੈਕਾਰਾ: ਜੈ ਸ਼ਬਦ ਦਾ ਉੱਚੀ ਸੁਰ ਵਿੱਚ ਉਚਾਰਨ ਹੀ ਜੈਕਾਰਾ ਹੈ। ਜੈ ਸ਼ਬਦ ਦਾ ਅਰਥ ਫ਼ਤਿਹ ਭਾਵ ਜਿੱਤ ਤੋਂ ਹੈ। ਸੋ ਜੈਕਾਰਾ ਜਿੱਤ ਦਾ ਐਲਾਨ ਹੈ ਜਾਂ ਜਿੱਤਣ ਦੀ ਕਾਮਨਾ ਹੈ। ਜੈਕਾਰਾ ਸਮਾਜਿਕ ਸਮੂਹਾਂ ਵਿੱਚ ਇੱਕਮੁਠਤਾ ਦੀ ਭਾਵਨਾ ਪੈਦਾ ਕਰਦਾ ਹੈ। ਜੈਕਾਰੇ ਦਾ ਆਮ ਅਰਥ ਧਾਰਮਿਕ ਸਮੂਹਾਂ ਵਿੱਚ ਲਗਾਏ ਜਾਣ ਵਾਲੇ ਜੈਕਾਰਿਆਂ ਤੋਂ ਹੀ ਲਿਆ ਜਾਂਦਾ ਹੈ। ਪਰਮਾਤਮਾ ਜਾਂ ਆਪਣੇ ਗੁਰੂ ਜਾਂ ਪੀਰ ਜਾਂ ਪੈਗ਼ੰਬਰ ਜਾਂ ਦੇਵਤੇ ਤੋਂ ਇਲਾਵਾ ਆਪਣੇ ਆਗੂ ਦੀ ਜੈ ਬੁਲਾਉਣ ਨੂੰ ਜੈਕਾਰੇ ਵਿੱਚ ਸ਼ਾਮਲ ਸਮਝਿਆ ਜਾ ਸਕਦਾ ਹੈ। ਮਹਾਨ ਕੋਸ਼ ਵਿੱਚ ਭਾਈ ਕਾਨ੍ਹ ਸਿੰਘ ਨਾਭਾ ਨੇ ਖ਼ਾਲਸੇ ਦੇ ਜੈਕਾਰੇ ਬਾਰੇ ਦੱਸਦਿਆਂ ਇੱਕ ਕਾਵਿ-ਬੰਦ ਦਾ ਹਵਾਲਾ ਇਉਂ ਦਿੱਤਾ ਹੈ।

‘ਸਭ ਧਰਤੀ ਹਲਚਲ ਭਈ ਛੋਡਯੋ ਘਰਬਾਰਾ,

ਸ਼ਾਹ ਪਾਤਸ਼ਾਹ ਅਮੀਰੜੇ ਖਪਿ ਹੋਏ ਛਾਰਾ,

ਸਤਿਗੁਰੂ ਬਾਝੋਂ ਕੋ ਨਹੀਂ ਭੈ ਕਾਟਨ ਹਾਰਾ,

ਚੜਿਆ ਗੁਰੂ ਗੋਬਿੰਦ ਸਿੰਘ ਲੈ ਧਰਮ ਨਗਾਰਾ,

ਭੇਖੀਆਂ ਭਰਮੀਆਂ ਦੀ ਸਭਾ ਉਠਾਇਕੇ,

ਦਬੜੂ ਘੁਸੜੂ ਨੂੰ ਭਾਜੜਾਂ ਪਾਇਕੇ,

ਖਟੇ ਖਚਰੇ ਦੀ ਸਫਾ ਸਮੇਟ ਕੇ ਗੁਰਸਿੰਘਾਂ ਰਚਿਆ ਜੈਕਾਰਾ,

          ਜੋ ਗੱਜ ਕੇ ਬੁਲਾਵੇ ਸੋ ਗੁਰੂ ਕਾ ਪਿਆਰਾ-ਸਤਿ ਸ੍ਰੀ ਅਕਾਲ

     ਸਿੱਖਾਂ ਦੇ ਇਸ ਜੈਕਾਰੇ ਦਾ ਅਰੰਭ ਭਾਈ ਕਾਨ੍ਹ ਸਿੰਘ ਨਾਭਾ ਗੁਰੂ ਗੋਬਿੰਦ ਸਿੰਘ ਨਾਲ ਜੋੜਦੇ ਜਾਪਦੇ ਹਨ ਪਰੰਤੂ ਵਣਜਾਰਾ ਬੇਦੀ ਆਪਣੇ ਪੰਜਾਬੀ ਲੋਕਧਾਰਾ ਵਿਸ਼ਵ ਕੋਸ਼ ਵਿੱਚ ਇਸ ਨਾਅਰੇ ਦੇ ਮੁੱਢ ਨੂੰ ਗੁਰੂ ਹਰਿਗੋਬਿੰਦ ਵੱਲੋਂ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਪਹਿਨਣ ਨਾਲ ਜੋੜਦੇ ਹਨ। ਸਿੱਖ ਧਰਮ ਵਿੱਚ ਅੱਜ-ਕੱਲ੍ਹ ‘ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ’ ਅਤੇ ‘ਸਤਿ ਸ੍ਰੀ ਅਕਾਲ’ ਆਮ ਬੁਲਾਏ ਜਾਣ ਵਾਲੇ ਜੈਕਾਰੇ ਹਨ। ਅਰਦਾਸ ਉਪਰੰਤ ‘ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ’ ਦਾ ਜੈਕਾਰਾ ਗੁੰਜਾਉਣ ਦੀ ਰਵਾਇਤ ਹੈ। ਹਿੰਦੂਆਂ ਦੇ ਜੈਕਾਰਿਆਂ ਵਿੱਚ ਵੱਖ-ਵੱਖ ਦੇਵੀ ਦੇਵਤਿਆਂ ਅਤੇ ਇਸ਼ਟਾਂ ਦੀ ਜੈਕਾਰ ਕੀਤੀ ਜਾਂਦੀ ਹੈ। ਰਾਮ ਲੀਲ੍ਹਾ ਸਮੇਂ ਅਕਸਰ ਬੋਲ ‘ਸੀਆਪਤੀ ਰਾਮਚੰਦਰ ਕੀ ਜੈ’ ਦਾ ਜੈਕਾਰਾ ਲਗਾਇਆ ਜਾਂਦਾ ਹੈ। ਦੇਵੀ ਦੇ ਭਗਤ ਜਦੋਂ ਦੇਵੀ ਮਾਤਾ ਦੇ ਦਰਸ਼ਨਾਂ ਨੂੰ ਜਾਂਦੇ ਹਨ ਜਾਂ ਫਿਰ ਜਗਰਾਤਿਆਂ ਦੌਰਾਨ ਅਕਸਰ ‘ਜੈ ਮਾਤਾ ਦੀ’ ਜਾਂ ‘ਬੋਲੋ ਸ਼ੇਰਾਂ ਵਾਲੀ ਮਾਤਾ ਦਾ ਜੈਕਾਰਾ, ਜਗਦੀਆਂ ਜੋਤਾਂ ਵਾਲੀ ਮਾਤਾ ਤੇਰੀ ਸਦਾ ਹੀ ਜੈ’ ਵਰਗੇ ਜੈਕਾਰੇ ਸੁਣਾਈ ਦਿੰਦੇ ਹਨ। ‘ਹਰ ਹਰ ਮਹਾਂਦੇਵ’ ਇੱਕ ਹੋਰ ਜੈਕਾਰਾ ਹੈ। ਮੁਸਲਮਾਨਾਂ ਦਾ ਜੈਕਾਰਾ ‘ਅੱਲਾ ਹੂ ਅਕਬਰ’ ਹੈ। ਧਾਰਮਿਕ ਜੈਕਾਰਿਆਂ ਤੋਂ ਇਲਾਵਾ ਜੰਗਾਂ-ਯੁੱਧਾਂ ਸਮੇਂ ਵੀ ਵੱਖ-ਵੱਖ ਭਾਸ਼ਾਵਾਂ ਵਿੱਚ ਆਪਣੀ ਕੌਮ ਜਾਂ ਨਸਲ ਜਾਂ ਦੇਸ ਜਾਂ ਇਲਾਕੇ ਲਈ ਜਿੱਤ ਦੇ ਜੈਕਾਰੇ ਘੜੇ ਅਤੇ ਬੁਲਾਏ ਜਾਂਦੇ ਹਨ। ਰਾਜਸੀ ਇਕੱਠਾਂ ਵਿੱਚ ਅਕਸਰ ਆਪਣੇ ਨੇਤਾਵਾਂ ਜਾਂ ਆਗੂਆਂ ਦੀ ਜੈ ਬੁਲਾਉਣ ਦਾ ਰਿਵਾਜ ਮੌਜੂਦ ਹੈ। ਜੈਕਾਰਾ ਆਗੂ ਲਈ ਆਪਣੇ ਵੱਲੋਂ ਦਿਵਾਇਆ ਵਿਸ਼ਵਾਸ ਹੀ ਨਹੀਂ ਹੁੰਦਾ, ਸਗੋਂ ਉਸ ਦੇ ਪਿੱਛੇ ਚੱਲਣ ਵਾਲਿਆਂ ਵੱਲੋਂ ਉਸ ਦੀ ਅਗਵਾਈ ਵਿੱਚ ਪ੍ਰਗਟਾਇਆ ਭਰੋਸਾ ਵੀ ਹੁੰਦਾ ਹੈ। ਆਮ ਕਰ ਕੇ ਜੈਕਾਰੇ ਉਚਾਰਨ ਪੱਖ ਤੋਂ ਛੋਟੇ ਆਕਾਰ ਦੇ ਹੁੰਦੇ ਹਨ। ਕੁਝ ਜੈਕਾਰੇ ਤੁਕਬੰਦੀ ਵਿੱਚ ਢੱਲੇ ਹੁੰਦੇ ਹਨ। ਕੁਝ ਜੈਕਾਰਿਆਂ ਦੇ ਦੋ ਭਾਗ ਹੁੰਦੇ ਹਨ। ਇੱਕ ਭਾਗ ਜੈਕਾਰਾ ਅਰੰਭ ਕਰਨ ਵਾਲਾ ਆਗੂ ਬੋਲਦਾ ਹੈ, ਪਿਛਲਾ ਬਾਕੀ ਭਾਗ ਸਾਰਾ ਇਕੱਠ ਬੋਲਦਾ ਹੈ। ਇਸ ਤਰ੍ਹਾਂ ਜੈਕਾਰੇ ਵਿੱਚ ਜਿੱਤ ਦਾ ਐਲਾਨ, ਜਿੱਤ ਦੀ ਖ਼ੁਸ਼ੀ ਦਾ ਪ੍ਰਗਟਾ, ਜਿੱਤ ਲਈ ਕਾਮਨਾ, ਕਿਸੇ ਦੈਵੀ-ਸੱਤਾ ਦਾ ਗੁਣਗਾਨ ਸ਼ਾਮਲ ਹੁੰਦਾ ਹੈ। ਜੈਕਾਰਾ ਸਮੂਹ ਵਿੱਚ ਜੋਸ਼ ਭਰਦਾ ਹੈ ਅਤੇ ਸੰਬੰਧਿਤ ਸਮੂਹ ਨੂੰ ਇੱਕਮੁਠਤਾ ਦੀ ਭਾਵਨਾ ਵਿੱਚ ਪਰੋਂਦਾ ਹੈ।


ਲੇਖਕ : ਰਾਜਿੰਦਰ ਪਾਲ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 7329, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਜੈਕਾਰਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜੈਕਾਰਾ [ਨਾਂਪੁ] ਖੁਸ਼ੀ ਵਿੱਚ ਲਾਇਆ ਨਾਅਰਾ , ਜਿੱਤ ਦੀ ਖੁਸ਼ੀ ਵਿੱਚ ਕੱਢੀ ਅਵਾਜ਼


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7325, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਜੈਕਾਰਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜੈਕਾਰਾ ਸੰਗ੍ਯਾ—ਜਯਕਾਰ. ਜਯਧ੍ਵਨਿ. ਜੈ ਸ਼ਬਦ ਦਾ ਉੱਚੇ ਸੁਰ ਨਾਲ .ਉੱਚਾਰਣ. ਵਾਹਗੁਰੂ ਜੀ ਕੀ ਫਤਹ ਅਤੇ ਸੱਤ ਸ੍ਰੀ ਅਕਾਲ ਦਾ ਨਅ਼ਰਹ.“ਸੰਤ ਸਭਾ ਕਉ ਸਦਾ ਜੈਕਾਰੁ.” (ਗਉ ਮ: ੫)

ਖਾਲਸੇ ਦਾ ਜੈਕਾਰਾ ਇਹ ਹੈ:—

ਸਭ ਧਰਤੀ ਹਲਚਲ ਭਈ ਛੋਡ੍ਯੋ ਘਰਬਾਰਾ,

ਸ਼ਾਹ ਪਾਤਸ਼ਾਹ ਅਮੀਰੜੇ ਖਪਿ ਹੋਏ ਛਾਰਾ,

ਸਤਿਗੁਰੁ ਬਾਝਹੁ ਕੋ ਨਹੀਂ ਭੈ ਕਾਟਨਹਾਰਾ,

ਚੜ੍ਹਿਆ ਗੁਰੁ ਗੋਬਿੰਦ ਸਿੰਘ ਲੈ ਧਰਮ ਨਗਾਰਾ.

         ਭੇਖੀ ਭਰਮੀਆਂ ਦੀ ਸਭਾ ਉਠਾਇਕੇ, ਦਬੜੂ ਘੁਸੜੂ ਨੂੰ ਭਾਜੜਾਂ ਪਾਇਕੇ, ਖੋਟੇ ਖਚਰੇ ਦੀ ਸਫਾ ਸਮੇਟਕੇ ਗੁਰਸਿੰਘਾਂ ਰਚਿਆ ਜੈਕਾਰਾ, ਜੋ ਗੱਜਕੇ ਬੁਲਾਵੇ ਸੋ ਗੁਰੂ ਕਾ ਪਿਆਰਾ—ਸਤਿ ਸ੍ਰੀ ਅਕਾਲ, ਗੁਰਬਰ ਅਕਾਲ


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7061, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਜੈਕਾਰਾ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਜੈਕਾਰਾ: ਵੇਖੋ ‘ਸਤਿ ਸ੍ਰੀ ਅਕਾਲ ’।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7004, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਜੈਕਾਰਾ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ

ਜੈਕਾਰਾ : ਇਹ ਜੈ ਧੁਨੀ ਹੈ ਜਿਸਨੂੰ ਜੈਕਾਰ ਵੀ ਕਿਹਾ ਜਾਂਦਾ ਹੈ। ਜੈ ਸ਼ਬਦ ਦਾ ਉੱਚੇ ਸੁਰ ਨਾਲ ਉਚਾਰਣ ਜੈਕਾਰਾ ਕਹਾਉਂਦਾ ਹੈ, ਜਿਵੇਂ ਉੱਚੇ ਸੁਰ ਵਿਚ ‘ਵਾਹਿਗੁਰੂ ਜੀ ਕਾ ਖ਼ਾਲਸਾ’ ਅਤੇ ‘ਸਤਿ ਸ੍ਰੀ ਅਕਾਲ’ ਦਾ ਨਾਹਰਾ। ਜੈਕਾਰਾ ਸ਼ਬਦ ਗੁਰਬਾਣੀ ਵਿਚ ‘ਜੈਕਾਰੁ’ ਵਜੋਂ ਵੀ ਆਉਂਦਾ ਹੈ––‘ਸੰਤ ਸਭਾ ਕਉ ਸਦਾ ਜੈਕਾਰੁ’ (ਗਉ. ਮ. 5)। ਖ਼ਾਲਸੇ ਦਾ ਜੈਕਾਰਾ ਇਹ ਹੈ–

          ਸਭ ਧਰਤੀ ਹਲਚਲ ਭਈ ਛੋਡਯੋ ਘਰਬਾਰਾ,

          ਸ਼ਾਹ ਪਾਤਸ਼ਾਹ ਅਮੀਰੜੇ ਖਪਿ ਹੋਏ ਛਾਰਾ,

          ਸਤਿਗੁਰ ਬਾਝਹੁ ਕੋ ਨਹੀ ਕਾਟਲਹਾਰਾ,

          ਚੜ੍ਹਿਆ ਗੁਰੁ ਗੁਬਿੰਦਸਿੰਘ ਲੈ ਧਰਮ ਨਗਾਰਾ,

          ਭੇਖੀ ਭਰਮੀਆਂ ਦੀ ਸਭਾ ਉਠਾਇਕੇ, ਦਬੜੂ ਘੁਸੜੂ ਨੂੰ ਭਾਜੜਾਂ ਪਾਇਕੈ, ਖੋਟੇ ਖਚਰੇ ਦੀ ਸਫਾ ਸਮੇਟਕੇ, ਗੁਰਸਿੰਘਾਂ ਰਚਿਆ ਜੈਕਾਰਾ, ਜੋ ਗਜਕੇ ਬੁਲਾਵੇ ਸੋ ਗੁਰੂ ਕਾ ਪਿਆਰਾ––ਸਤਿ ਸ੍ਰੀ ਅਕਾਲ, ਗੁਰਬਰ ਅਕਾਲ।

          ਨਿਹੰਗ ਸਿੰਘ ਜਿਸ ਗੁਰਦੁਆਰੇ ਜਾਂਦੇ ਹਨ, ਉਸ ਗੁਰਦੁਆਰੇ ਨਾਲ ਸਬੰਧਤ ਗੁਰੂ ਜਾਂ ਸ਼ਹੀਦ ਨੂੰ ਸੰਬੋਧਨ ਕਰਕੇ ਉੱਚੀ ਆਵਾਜ਼ ਵਿਚ ਜੈਕਾਰੇ ਛਡਦੇ ਹਨ। ਮਿਸਾਲ ਵਜੋਂ ਜਦੋਂ ਨਿਹੰਗ ਸਿੰਘ ਫਤਹਿਗੜ੍ਹ ਸਾਹਿਬ ਜਾਂਦੇ ਹਨ ਤਾਂ ਜੈਕਾਰਾ ਇਉਂ ਛਡਦੇ ਹਨ––

          ਜੈਕਾਰਾ ਬੁਲਾਵੇ ਫਤਹਿ ਪਾਵੈ, ਬਾਬਾ ਜ਼ੋਰਾਵਰ ਸਿੰਘ ਬਾਬਾ ਫਤਹਿ ਸਿੰਘ ਨੂੰ ਭਾਵੇ, ਸਤਿ ਸ੍ਰੀ ਅਕਾਲ।

          ਹ. ਪੁ.––ਮ. ਕੋ. : 533


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 4774, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-05-31, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.