ਜੋਸ਼ੀ ਮਹਿੰਦਰ ਸਿੰਘ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ

ਜੋਸ਼ੀ, ਮਹਿੰਦਰ ਸਿੰਘ : ਪੰਜਾਬੀ ਗੱਲਪ ਸਾਹਿਤ ਦੇ ਇਸ ਉੱਘੇ ਲੇਖਕ ਅਤੇ ਕਾਨੂੰਨੀ ਖੇਤਰ ਦੇ ਸੁਪ੍ਰਸਿੱਧ ਵਿਅਕਤੀ ਦਾ ਜਨਮ 10 ਅਕਤੂਬਰ, 1919 ਨੂੰ ਉਸ ਸਮੇਂ ਦੀ ਬਹਾਵਲਪੁਰ ਰਿਆਸਤ (ਪਾਕਿਸਤਾਨ) ਵਿਚ ਚੱਲ ਬੋਦਲਾ ਵਿਖੇ ਸ. ਹਾਕਮ ਸਿੰਘ ਦੇ ਘਰ ਹੋਇਆ। ਇਸ ਨੇ ਐਮ. ਏ. ਅਤੇ ਐੱਲ. ਐੱਲ. ਬੀ. ਦੀ ਵਿੱਦਿਆ ਪ੍ਰਾਪਤ ਕੀਤੀ।

          ਇਸ ਨੇ ਆਪਣਾ ਸਾਹਿਤਕ ਜੀਵਨ ਦੇਸ਼ ਪਿਆਰ ਦੀ ਕਵਿਤਾ ਨਾਲ ਆਰੰਭ ਕੀਤਾ ਪਰ ਗੱਲਪ ਖੇਤਰ ਵਿਚ ਵੀ ਇਸ ਦੀ ਅਮਿਟ ਛਾਪ ਹੈ। ਇਸ ਨੇ ਇਸਤਰੀ ਦੀ ਦੁਰਦਸ਼ਾ ਦੇ ਵਿਸ਼ੇ ਤੇ ਕਹਾਣੀਆਂ ਲਿਖ ਕੇ ਇਸਤਰੀ ਨੂੰ ਚੇਤਨ ਤੇ ਜਾਗ੍ਰਿਤ ਕਰਨ ਲਈ ਪੂਰੀ ਕੋਸ਼ਿਸ਼ ਕੀਤੀ ਹੈ। ਇਸ ਦੀ ਬੁਨਿਆਦੀ ਹਮਦਰਦੀ ਪੇਂਡੂ ਤੇ ਸ਼ਹਿਰੀ ਸਮਾਜ ਦੇ ਪਛੜੇ ਵਰਗਾਂ ਨਾਲ ਹੈ, ਜਿਨ੍ਹਾਂ ਦੀਆਂ ਦੱਬੀਆਂ ਤੇ ਮੂਕ ਭਾਵਨਾਵਾਂ ਨੂੰ ਇਸ ਨੇ ਜ਼ੋਰਦਾਰ ਢੰਗ ਨਾਲ ਬਿਆਨਿਆ ਹੈ। ਆਪਣੀਆਂ ਨਵੀਆਂ ਰਚਨਾਵਾਂ ਵਿਚ ਇਸ ਨੇ ਸਮਾਜ ਦੇ ਪਲ-ਪਲ ਬਦਲ ਰਹੇ ਰੂਪਾਂ ਨੂੰ ਬੜੀ ਸੁਹਿਰਦਤਾ ਤੇ ਕਲਾਤਮਕ ਢੰਗ ਨਾਲ ਪੇਸ਼ ਕੀਤਾ ਹੈ। ਇਸ ਦੀ ਹਰ ਸਾਹਿਤਕ ਰਚਨਾ ਵਿਚ ਕਾਨੂੰਨੀ ਖੇਤਰ ਦੀ ਬਾਰੀਕਬੀਨੀ ਅਤੇ ਨਿਆਂ ਲਈ ਲੋੜੀਂਦੀਆਂ ਕੋਮਲ ਭਾਵਨਾਵਾਂ ਵੇਖੀਆਂ ਜਾ ਸਕਦੀਆਂ ਹਨ।

          ਕਾਨੂੰਨੀ ਖੇਤਰ ਵਿਚ ਇਹ ਦਿੱਲੀ ਹਾਈਕੋਰਟ ਦੇ ਜੱਜ ਦੀ ਉੱਚੀ ਪਦਵੀ ਤੇ ਪਹੁੰਚ ਕੇ ਰਿਟਾਇਰ ਹੋਇਆ।

          ਇਸ ਨੇ ਕਈ ਕਹਾਣੀ ਸੰਗ੍ਰਹਿ, ਨਾਵਲ ਅਤੇ ਹਿੰਦੀ ਕਹਾਣੀਆਂ ਲਿਖੀਆਂ। ‘ਪ੍ਰੀਤਾਂ ਤੇ ਪਰਛਾਵੇਂ’, ‘ਤੋਟਾਂ ਤੇ ਤ੍ਰਿਪਤੀਆਂ’, ‘ਦਿਲ ਤੋਂ ਦੂਰ’, ‘ਕਿਰਨਾਂ ਦੀ ਰਾਖ’, ’ਸੌਂਹ ਮੈਨੂੰ ਆਪਣੀ’, ‘ਬਰਫ਼ ਦੇ ਦਾਗ’, ‘ਦਰੋਪਦੀ ਦਾ ਦੋਸ਼’, ‘ਸ਼ਾਮ ਬੀਤਦੀ ਗਈ’, ‘ਫੂਸ ਦੀ ਅੱਗ’ ਅਤੇ ਮੇਰੀਆਂ ਸ਼੍ਰੇਸ਼ਠ ਕਹਾਣੀਆਂ ਆਦਿ ਇਸ ਦੇ ਉੱਤਮ ਕਹਾਣੀ ਸੰਗ੍ਰਹਿ ਅਤੇ ‘ਤੀਸਰਾ ਪੰਨਾ’ ਅਤੇ ‘ਦਿਲ ਸੇ ਦੂਰ’ ਇਸ ਦੀਆਂ ਹਿੰਦੀ ਕਹਾਣੀਆਂ ਅਤੇ ‘ਤਾਰਿਆਂ ਦੇ ਪੈਰ ਚਿੰਨ੍ਹ’ ‘ਮੋੜ ਤੋਂ ਪਾਰ’ ਇਸ ਦੇ ਸੁਚੱਜੇ ਨਾਵਲ ਹਨ। ਇਨ੍ਹਾਂ ਤੋਂ ਇਲਾਵਾ ਇਸ ਨੇ ਆਮ ਵਾਕਫ਼ੀ ਲਈ ‘ਅਗਿਆਨ ਵਰਦਾਨ ਨਹੀਂ’ ਨਾਮੀ ਪੁਸਤਕ ਅਤੇ ‘ਮੇਰੇ ਪੱਤੇ ਮੇਰੀ ਖੇਡ’ ਨਾਂ ਹੇਠ ਸਵੈ-ਜੀਵਨੀ ਲਿਖੀ ਹੈ।

          ਆਪਣੇ ਵਿਸ਼ਾਲ ਅਨੁਭਵ, ਕਹਾਣੀ ਕਹਿਣ ਦੇ ਅਨੋਖੇ ਅੰਦਾਜ਼, ਮਾਂਜੀ ਸੰਵਾਰੀ ਭਾਸ਼ਾ ਤੇ ਕਾਵਿ-ਮਈ ਸ਼ੈਲੀ ਕਾਰਨ ਹੀ ਇਸ ਨੂੰ ਪੰਜਾਬੀ ਦੇ ਸਾਹਿਤਕ ਖੇਤਰ ਵਿਚ ਉੱਘਾ ਸਥਾਨ ਪ੍ਰਾਪਤ ਹੋਇਆ। ਪੰਜਾਬੀ ਸਾਹਿਤ ਦੇ ਖੇਤਰ ਵਿਚ ਯੋਗਦਾਨ ਕਾਰਨ ਹੀ ਭਾਸ਼ਾ ਵਿਭਾਗ, ਪੰਜਾਬ ਵੱਲੋਂ 1986 ਈ. ਵਿਚ ਇਸ ਨੂੰ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਵਜੋਂ ਸਨਮਾਨਿਤ ਕੀਤਾ ਗਿਆ।

          ਹ. ਪੁ.––ਸੁਵਿਨਰ ਸਾ. ਸਨ. ਸਮਾ. 1986


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 384, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-05-31, ਹਵਾਲੇ/ਟਿੱਪਣੀਆਂ: no

ਜੋਸ਼ੀ ਮਹਿੰਦਰ ਸਿੰਘ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਜੋਸ਼ੀ, ਮਹਿੰਦਰ ਸਿੰਘ :  ਪੰਜਾਬੀ ਸਾਹਿਤ ਦੇ ਇਸ ਉੱਘੇ ਲੇਖਕ ਅਤੇ ਕਾਨੂੰਨੀ ਖੇਤਰ ਦੇ ਪ੍ਰਸਿੱੱਧ ਵਿਅਕਤੀ ਦਾ ਜਨਮ 10 ਅਕਤੂਬਰ, 1919 ਨੂੰ ਬਹਾਵਲਪੁਰ (ਪਾਕਿਸਤਾਨ) ਦੇ ਚੱਕ ਬੋਦਲਾ ਵਿਖੇ ਸ. ਹਾਕਮ ਸਿੰਘ ਦੇ ਘਰ ਹੋਇਆ। ਇਸ ਨੇ ਐਮ.ਏ. ਐਲ.ਐਲ.ਬੀ. ਤਕ ਸਿੱਖਿਆ ਪ੍ਰਾਪਤ ਕੀਤੀ।

  ਇਸ ਨੇ ਭਾਵੇਂ ਆਪਣਾ ਸਾਹਿਤਕ ਸਫ਼ਰ ਦੇਸ਼ ਪਿਆਰ ਦੀ ਕਵਿਤਾ ਨਾਲ ਆਰੰਭ ਕੀਤਾ ਪਰ ਹੌਲੀ ਹੌਲੀ ਗਲਪ ਸਾਹਿਤ ਨਾਲ ਜੁੜਦਾ ਗਿਆ ਅਤੇ ਹੁਣ ਇਸ ਖੇਤਰ ਵਿਚ ਇਸ ਦੀ ਅਮਿੱਟ ਛਾਪ ਹੈ। ਇਸ ਨੇ ਇਸਤਰੀ ਦੀ ਦੁਰਦਸ਼ਾ ਦੇ ਵਿਸ਼ੇ ਤੇ ਕਹਾਣੀਆਂ ਲਿਖ ਕੇ ਉਸ ਨੂੰੰ ਜਾਗ੍ਰਿਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਨੇ ਪੇਂਡੂ ਅਤੇ ਸ਼ਹਿਰੀ ਸਮਾਜ ਦੇ ਪੱਛੜੇ ਵਰਗਾਂ ਨਾਲ ਹਮਦਰਦੀ ਜਤਾਉਂਦਿਆਂ ਉਨ੍ਹਾਂ ਦੀਆਂ ਦੱਬੀਆਂ ਭਾਵਨਾਵਾਂ ਨੂੰ ਜ਼ੋਰਦਾਰ ਸ਼ਬਦਾਂ ਵਿਚ ਬਿਆਨਿਆ ਹੈ। ਸਮਾਜ ਦੇ ਬਦਲਦੇ ਰੂਪਾਂ ਦਾ ਕਲਾਤਮਕ ਚਿਤਰਣ ਇਸ ਨੇ ਆਪਣੀਆਂ ਨਵੀਆਂ ਰਚਨਾਵਾਂ ਵਿਚ ਕੀਤਾ ਹੈ।ਇਸ ਦੀ ਹਰ ਸਾਹਿਤਕ ਕਿਰਤ ਵਿਚ ਕਾਨੂੰਨੀ ਬਾਰੀਕਬੀਨੀ ਅਤੇ ਨਿਆਂ ਦੀ ਭਾਵਨਾ ਵੇਖੀ ਜਾ ਸਕਦੀ ਹੈ।

    ਪ੍ਰੀਤਾਂ ਦੇ ਪਰਛਾਵੇਂ, ਤੋਟਾਂ ਤੇ ਤ੍ਰਿਪਤੀਆਂ, ਦਿਲਾਂ ਤੋਂ ਦੂਰ, ਕਿਰਨਾਂ ਦੀ ਰਾਖ, ਸੌਂਹ ਮੈਨੂੰ ਆਪਣੀ, ਬਰਫ਼ ਦੇ ਦਾਗ, ਦਰਪੋਦੀ ਦਾ ਦੋਸ਼, ਸ਼ਾਮ ਬੀਤਦੀ ਗਈ, ਫੂਸ ਦੀ ਅੱਗ ਆਦਿ ਇਸ ਦੇ ਵਧੀਆ ਕਹਾਣੀ ਸੰਗ੍ਰਹਿ ਹਨ। ਤਾਰਿਆਂ ਦੇ ਪੈਰ ਚਿੰਨ੍ਹ ਅਤੇ ਮੋੜ ਤੋਂ ਪਾਰ ਇਸ ਦੁਆਰਾ ਰਚਿਤ ਨਾਵਲ ਹਨ। ਇਸ ਨੇ ਆਮ ਵਾਕਫੀ ਲਈ ‘ਅਗਿਆਨ ਵਰਦਾਨ ਨਹੀਂ' ਨਾਮਕ ਪੁਸਤਕ ਲਿਖੀ ਅਤੇ ‘ਮੇਰੇ ਪੱਤੇ ਮੇਰੀ ਖੇਡ' ਇਸ ਦੀ ਸ੍ਵੈ-ਜੀਵਨੀ ਹੈ।

   ਆਪਣੇ ਵਿਸ਼ਾਲ ਅਨੁਭਵ, ਕਹਾਣੀ ਕਹਿਣ ਦੇ ਅਨੋਖੇ ਅੰਦਾਜ਼, ਅਲੰਕਾਰਕ ਭਾਸ਼ਾ ਅਤੇ ਕਾਵਿਮਈ ਸ਼ੈਲੀ ਕਾਰਨ ਇਸ ਨੂੰ ਪੰਜਾਬੀ ਦੇ ਸਾਹਿਤਿਕ ਖੇਤਰ ਵਿਚ ਉੱਘਾ ਸਥਾਨ ਪ੍ਰਾਪਤ ਹੋਇਆ। ਕਾਨੂੰਨੀ ਖੇਤਰ ਵਿਚ ਵੀ ਇਹ ਦਿੱਲੀ ਹਾਈ ਕੋਰਟ ਦੇ ਜੱਜ ਵੱਜੋਂ ਰਿਟਾਇਰ ਹੋਇਆ।

         ਸੰਨ 1986 ਵਿਚ ਇਸ ਨੂੰ ਭਾਸ਼ਾ ਵਿਭਾਗ, ਪੰਜਾਬ ਵੱਲੋਂ ਸ਼੍ਰੋਮਣੀ ਸਾਹਿਤਕਾਰ ਵੱਜੋਂ ਸਨਮਾਨਿਤ ਕੀਤਾ ਗਿਆ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 328, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-09-04-11-23-07, ਹਵਾਲੇ/ਟਿੱਪਣੀਆਂ: ਹ. ਪੁ. –ਸ. ਸੁ. -ਭਾ. ਵਿ. ਪੰ.(1986)

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.