ਜੌਹਲ ਗੰਢਾ ਸਿੰਘ ਰੁਸਤਮਿ ਹਿੰਦ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ

ਜੌਹਲ ਗੰਢਾ ਸਿੰਘ (ਰੁਸਤਮਿ ਹਿੰਦ) : ਪੰਜਾਬ (ਭਾਰਤ) ਦੇ ਇਸ ਪਹਿਲਵਾਨ ਦਾ ਜਨਮ 1899 ਨੂੰ ਤਰਨ ਤਾਰਨ ਦੇ ਨੇੜੇ ਪੱਖ ਪਿੰਡ ਵਿਖੇ ਸ. ਰੂੜ ਸਿੰਘ ਦੇ ਘਰ ਹੋਇਆ। ਕੁਸ਼ਤੀ ਦੀ ਮੁੱਢਲੀ ਵਿਦਿਆ ਇਸ ਨੇ ਆਪਣੇ ਹੀ ਪਿੰਡ ਦੇ ਗੁੱਤਾ ਸਿੰਘ ਪਹਿਲਵਾਨ ਕੋਲੋਂ ਪ੍ਰਾਪਤ ਕੀਤੀ। ਪਿਛੋਂ ਪਹਿਲਵਾਨ ਲਾਭ ਸਿੰਘ ਸਠਿਆਲਾ ਕੋਲੋਂ ਵੀ ਇਸ ਨੇ ਕਈ ਦਾਅ ਪੇਚ ਸਿੱਖੇ। ਇਸ ਦੀ ਪਹਿਲੀ ਵੱਡੀ ਕੁਸ਼ਤੀ ਸੰਦਰ ਪਹਿਲਵਾਨ ਨਾਲ ਗੋਇੰਦਵਾਲ ਵਿਖੇ ਹੋਈ। ਇਸ ਕੁਸ਼ਤੀ ਵਿਚ ਜਿੱਤ ਪ੍ਰਾਪਤ ਕਰਕੇ ਪਹਿਲਵਾਨ ਦਾ ਹੌਂਸਲਾ ਬਹੁਤ ਬੁਲੰਦ ਹੋ ਗਿਆ। ਪਿੱਛੋਂ 1928 ਵਿਚ ਇਹ ਟਾਈਗਰ ਦੌਲੇ (ਗੜ੍ਹਸ਼ੰਕਰ ਵਾਲਾ) ਨਾਲ ਲੜਿਆ, ਜਿਸ ਵਿਚ ਇਹ ਬਰਾਬਰ ਰਿਹਾ। ਪਿੱਛੋਂ ਇਸ ਨੇ ਹੈਦਰ ਅੰਮ੍ਰਿਤਸਰੀ, ਹਮੀਦੇ ਅਤੇ ਅੱਲਾ ਬਖ਼ਸ਼ ਨਾਲ ਕੁਸ਼ਤੀਆਂ ਲੜੀਆਂ। ਅੱਲਾ ਬਖ਼ਸ਼ ਨਾਲ ਇਸ ਦੀ ਕੁਸ਼ਤੀ 1932 ਵਿਚ ਹੋਈ। ਸੰਨ 1936 ਵਿਚ ਇਹ ਹਾਂਗਕਾਂਗ ਗਿਆ, ਜਿਥੇ ਇਸ ਦਾ ਬਹੁਤ ਸਵਾਗਤ ਕੀਤਾ ਗਿਆ। ਉਥੇ ਜਾ ਕੇ ਇਸ ਦੀ ਪਹਿਲੀ ਕੁਸ਼ਤੀ ਬਾਬ ਕਰੂਜੀ ਨਾਲ ਹੋਈ ਜਿਸ ਵਿਚ ਇਸ ਨੇ ਜਿੱਤ ਪ੍ਰਾਪਤ ਕੀਤੀ। ਪਿੱਛੋਂ ਇਸ ਨੇ ਡੇਵ ਜਾਹਨਸਨ ਨਾਲ ਕੁਸ਼ਤੀ ਲੜ ਕੇ ਜਿੱਤ ਪ੍ਰਾਪਤ ਕੀਤੀ।

          ਸੰਨ 1941 ਵਿਚ ਇਸ ਨੇ ਗੋਲਡ ਸਟੈਨ ਨੂੰ ਹਰਾ ਕੇ ਗੁਰਜ ਪ੍ਰਾਪਤ ਕੀਤੀ। 28 ਜੂਨ, 1942 ਨੂੰ ਲਾਹੌਰ ਵਿਚ ਬਰਕਤ ਪਹਿਲਵਾਨ ਨੂੰ ਢਾਕੇ ਗੁਰਜ ਪ੍ਰਾਪਤ ਕੀਤੀ। ਭਰ ਜੁਆਨੀ ਵਿਚ ਇਹ ਪਹਿਲਵਾਨ ਚਾਰ ਸੇਰ ਦੁੱਧ ਅਤੇ ਤਿੰਨ ਸੇਰ ਬੱਕਰੇ ਦੇ ਮਾਸ ਦੀ ਯੱਖਣੀ ਪੀਂਦਾ ਸੀ। ਡੇਢ ਸੇਰ ਮਾਸ ਇਸ ਦੀ ਰੋਜ਼ਾਨਾ ਦੀ ਖੁਰਾਕ ਵਿਚ ਸ਼ਾਮਲ ਸੀ।

          ਇਸ ਦਾ ਕੱਦ 6 ਫੁੱਟ ਸੀ। ਇਹ ਦੋ ਹਜ਼ਾਰ ਬੈਠਕਾਂ ਅਤੇ ਇਕ ਹਜ਼ਾਰ ਡੰਡ ਕੱਢਦਾ ਸੀ। ਕਸਰਤ ਕਰਨ ਪਿੱਛੋਂ ਅੱਠ ਦੱਸ ਪੱਠਿਆਂ ਨੂੰ ਜ਼ੋਰ ਕਰਵਾਉਂਦਾ ਸੀ।

          ਕਈ ਸਾਲ ਸ਼ਕਰ ਦੀ ਬੀਮਾਰੀ ਦਾ ਸ਼ਿਕਾਰ ਰਹਿ ਕੇ 4 ਜੁਲਾਈ, 1964 ਨੂੰ ਇਸ ਪਹਿਲਵਾਨ ਦੀ ਅੰਮ੍ਰਿਤਸਰ ਵਿਕਟੋਰੀਆ ਜੁਬਲੀ ਹਸਪਤਾਲ ਵਿਚ ਮੌਤ ਹੋ ਗਈ।

          ਹ. ਪੁ.––ਭਾ. ਪਹਿ.


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2581, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-05-31, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.