ਝਿਊਰ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਝਿਊਰ ( ਨਾਂ , ਪੁ ) ਘਰਾਂ ਵਿੱਚ ਪਾਣੀ ਭਰਨ ਵਾਲਾ ਲਾਗੀ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2232, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਝਿਊਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਝਿਊਰ [ ਨਾਂਪੁ ] ਪਾਣੀ ਭਰਨ ਵਾਲ਼ੀ ਜਾਤ; ਮਹਿਰਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2226, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਝਿਊਰ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਗਿਆਰਵੀਂ, ਭਾਸ਼ਾ ਵਿਭਾਗ ਪੰਜਾਬ

ਝਿਊਰ : ਇਹ ਪੰਜਾਬ ਦੇ ਕੰਮੀਆਂ ਦੀ ਇਕ ਜਾਤ ਹੈ । ਝਿਊਰ ਨੂੰ ਝੀਵਰ , ਕਹਾਰ , ਮਹਿਰਾ ਅਤੇ ਮਾਛੀ ਵੀ ਕਿਹਾ ਜਾਂਦਾ ਹੈ । ਪੰਜਾਬ ਦੇ ਪਾਣੀ ਢੋਣ ਵਾਲੇ , ਮੱਛੀਆਂ ਫੜਨ ਵਾਲੇ ਅਤੇ ਟੋਕਰੀਆਂ ਬਣਾਉਣ ਵਾਲੇ ਸਾਰੇ ਇਸੇ ਜਾਤ ਵਿਚ ਆਉਂਦੇ ਹਨ । ਇਹ ਵਿਆਹਾਂ ਵਿਚ ਡੋਲੀਆਂ ਲਿਜਾਣ ਦਾ ਕੰਮ ਕਰਦੇ ਹਨ ।
ਇਨ੍ਹਾਂ ਦਾ ਮੁੱਖ ਪੇਸ਼ਾ ਪਾਣੀ ਨਾਲ ਸਬੰਧਤ ਹੈ । ਬਹੁਤ ਸਾਰੀਆਂ ਥਾਵਾਂ ਤੇ ਸੰਘਾੜਿਆਂ ਦੀ ਖੇਤੀ ਅਤੇ ਮੱਛੀਆਂ ਦੇ ਜਾਲ ਬਣਾਉਣ ਤੇ ਮੱਛੀਆਂ ਫੜਨ ਦਾ ਕੰਮ ਇਸੇ ਜਾਤ ਦੇ ਲੋਕ ਕਰਦੇ ਹਨ । ਇਸ ਖੂਹ-ਪੁੱਟਣ ਵਿਚ ਮਾਹਿਰ ਹੁੰਦੇ ਹਨ ਅਤੇ ਪਿੰਡਾਂ ਵਿਚ ਆਮ ਤੌਰ ਤੇ ਖੂਹ ਲਾਉਣ ਦਾ ਕੰਮ ਇਸੇ ਜਾਤ ਦੇ ਲੋਕ ਕਰਦੇ ਹਨ । ਪਿੰਡਾਂ ਵਿਚ ਵਿਆਹ-ਸ਼ਾਦੀਆਂ ਦੇ ਰਸਮੀ ਮੌਕਿਆਂ ਤੇ ਕੰਮ ਕਰਕੇ ਰਿਵਾਜ ਦੇ ਮੁਤਾਬਕ ਆਪਣਾ ਲਾਗ ਲੈਂਦੇ ਹਨ । ਵਿਆਹ-ਸ਼ਾਦੀਆਂ ਅਤੇ ਹੋਰ ਇਹੋ ਜਿਹੇ ਰਸਮੀ ਮੌਕਿਆਂ ਦੇ ਪਾਣੀ ਭਰਨ , ਪਾਣੀ ਪਿਲਾਉਣ ਅਤੇ ਖਾਣਾ ਬਣਾਉਣ ਦਾ ਕੰਮ ਵੀ ਕਰਦੇ ਹਨ ।
ਖੇਤਾਂ ਵਿਚ ਕੰਮ ਕਰਨ ਲਈ ਕਿਸਾਨਾਂ ਨੂੰ ਟੋਕਰੀਆਂ ਬਣਾ ਕੇ ਦੇਣ ਤੋਂ ਇਲਾਵਾ ਫ਼ਸਲਾਂ ਵੀ ਵਾਢੀ ਅਤੇ ਝੋਨੇ ਦੀ ਬੀਜਾਈ ਵੇਲੇ ਖੇਤਾਂ ਵਿਚ ਕੰਮ ਤੇ ਲੱਗੇ ਬੰਦਿਆਂ ਨੂੰ ਪਾਣੀ ਪਿਲਾਉਣ ਦਾ ਕੰਮ ਵੀ ਕਰਦੇ ਹਨ । ਕੇਂਦਰੀ ਅਤੇ ਪੱਛਮੀ ਪੰਜਾਬ ਵਿਚ ਮੁਸਲਮਾਨ ਝਿਊਰਾਂ ਨੂੰ ਹੀ ਮਾਛੀ ਕਿਹਾ ਜਾਂਦਾ ਹੈ । ਫ਼ਰਕ ਸਿਰਫ਼ ਇੰਨਾ ਹੈ ਕਿ ਪੱਛਮ ਅਤੇ ਕੇਂਦਰ ਦੇ ਮਾਛੀ ਖੇਤਾਂ ਵਿਚ ਖੇਤ ਮਜ਼ਦੂਰਾਂ ਦੇ ਤੌਰ ਤੇ ਕੰਮ ਕਰਦੇ ਹਨ ਜਦੋਂ ਕਿ ਪੂਰਬ ਵਿਚ ਝਿਊਰ ਖੇਤਾਂ ਵਿਚ ਕਦੇ ਘੱਟ ਵੱਧ ਹੀ ਕੰਮ ਕਰਦੇ ਹਨ ।
ਪੱਛਮ ਅਤੇ ਕੇਂਦਰ ਵਿਚ ਮਾਛੀ ਦਾਈ ਅਤੇ ਦਾਇਆ ਆਦਿ ਦਾ ਕੰਮ ਵੀ ਕਰਦੇ ਹਨ । ਦਾਈ-ਦਾਇਆ , ਭਠਿਆਰੇ , ਭੜਭੁੰਜੇ ਇਹ ਸਾਰੇ ਇਸੇ ਜਾਤ ਦੇ ਮੰਨੇ ਜਾਂਦੇ ਹਨ । ਭਠਿਆਰੇ ਆਮ ਤੌਰ ਤੇ ਕਾਫ਼ਲਿਆਂ ਦੇ ਨਾਲ ਜਿਥੇ ਡੇਰਾ ਲਗਦਾ ਹੈ ਤੰਦੂਰੀਏ ਦਾ ਕੰਮ ਕਰਦੇ ਹਨ ਅਤੇ ਖਾਣਾ ਬਣਾ ਕੇ ਵੇਚਦੇ ਹਨ । ਭੜਭੁੰਜੇ , ਜਿਹਾ ਕਿ ਇਨ੍ਹਾ ਦੇ ਨਾਂ ਤੋਂ ਹੀ ਭਾਸਦਾ ਹੈ , ਦਾਣੇ ਭੁੰਨਣ ਦਾ ਕੰਮ ਕਰਦੇ ਹਨ ।
ਦਿੱਲੀ ਦੇ ਹੇਠਲੇ ਪਾਸੇ ਜਮਨਾ ਦਰਿਆ ਦੇ ਖੱਬੇ ਕੰਢੇ ਤੇ ਵਸੇ ਹੋਏ ਥੋੜ੍ਹੇ ਜਿਹੇ ਲੋਕ ਆਪਣੇ ਆਪ ਨੂੰ ਧੀਵਰ ਸਦਾਉਂਦੇ ਹਨ । ਇਹ ਮੱਛੀਆਂ ਫੜਨ , ਮਲਾਹ , ਭੜਭੁੰਜਿਆਂ ਦਾ ਕੰਮ ਕਰਦੇ ਸਨ ਅਤੇ ਆਪਣੇ ਆਪ ਨੂੰ ਦੇਸੀ ਝਿਊਰਾਂ ਤੋਂ ਵੱਖ ਰੱਖਦੇ ਸਨ । ਚੋਰੀ ਦੀ ਆਦਤ ਕਰਕੇ ਇਸ ਜਾਤ ਨੂੰ ਅਪਰਾਧੀ ਜਾਤ ਕਿਹਾ ਗਿਆ ਹੈ । ਆਮ ਤੌਰ ਤੇ ਇਹ ਗਾਉਣ ਵਾਲਿਆਂ , ਭਿਖਾਰੀਆਂ ਆਦਿ ਦਾ ਭੇਸ ਧਾਰ ਕੇ ਫਿਰਦੇ ਸਨ ਅਤੇ ਮੌਕਾ ਤਾੜ ਕੇ ਸੰਨ ਆਦਿ ਲਾ ਕੇ ਵੱਡੇ ਪੈਮਾਨੇ ਤੇ ਚੋਰੀਆਂ ਕਰਦੇ ਸਨ । ਇਸ ਜਾਤ ਦੇ ਲੋਕ ਅਲੀਗੜ੍ਹ , ਬੁਲੰਦ ਸ਼ਹਿਰ ਅਤੇ ਉੱਤਰ ਪੱਛਮ ਪ੍ਰਾਂਤਾਂ ਦੇ ਹੋਰ ਜ਼ਿਲ੍ਹਿਆਂ ਵਿਚ ਵੀ ਦਰਿਆ ਦੇ ਕੰਢਿਆਂ ਤੇ ਵਸੇ ਹੋਏ ਸਨ ।
ਪਿੰਡਾਂ ਵਿਚ ਜਿਥੇ ਕਿਤੇ ਸਾਂਝਾ ਚੁੱਲ੍ਹਾ ਬਾਲਣ ਦੀ ਪ੍ਰਥਾ ਹੈ , ਕਿਸਾਨ-ਵਰਗ ਦੇ ਲੋਕ ਗਰਮੀਆਂ ਦੇ ਮੌਸਮ ਵਿਚ ਰਲ ਕੇ ਰੋਟੀ ਪਕਾਉਂਦੇ ਹਨ , ਉਥੇ ਮੁਸਲਮਾਨਾਂ ਵਿਚ ਮਾਛੀ ਅਤੇ ਹਿੰਦੂਆਂ ਅਤੇ ਸਿੱਖਾਂ ਵਿਚ ਝਿਊਰ ਜਾਤ ਦਾ ਕਾਫ਼ੀ ਮਹੱਤਵ ਹੈ ।
ਇਹ ਸਹੀ ਅਰਥਾਂ ਵਿਚ ਪਿੰਡ ਦੇ ਕੰਮੀ ਹਨ । ਸਮਾਜਕ ਪੱਖੋਂ ਇਨ੍ਹਾਂ ਦਾ ਦਰਜਾ ਕਾਫ਼ੀ ਉੱਚਾ ਹੈ । ਹਰ ਧਰਮ ਦੇ ਲੋਕ ਇਸ ਜਾਤ ਦੇ ਲੋਕਾਂ ਹੱਥੋਂ ਪਾਣੀ ਪੀਂਦੇ ਹਨ ਅਤੇ ਇਨ੍ਹਾਂ ਨੂੰ ਲਗਭਗ ਹਰ ਧਰਮ ਦੇ ਲੋਕਾਂ ਦੀ ਰਸੋਈ ਵਿਚ ਦਾਖ਼ਲ ਹੋਣ ਦੀ ਖੁਲ੍ਹ ਪ੍ਰਾਪਤ ਹੈ । ਇਸ ਦੇ ਬਾਵਜੂਦ ਇਹ ਲਾਗੀ ਹੀ ਮੰਨੇ ਜਾਂਦੇ ਹਨ ।


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਗਿਆਰਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 871, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-12-05-02-56-17, ਹਵਾਲੇ/ਟਿੱਪਣੀਆਂ: ਹ. ਪੁ.––ਪੰ. ਕਾ. : 306

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.