ਝੰਗ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਝੰਗ (ਨਾਂ,ਪੁ) ਜੰਗਲ; ਬੇਲਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9875, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਝੰਗ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਝੰਗ [ਨਾਂਪੁ] ਬੇਲਾ , ਜੰਗਲ , ਰੁੱਖਾਂ ਦਾ ਇਕੱਠ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9868, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਝੰਗ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਝੰਗ. ਮੁਲਤਾਨ ਦੀ ਕਮਿਸ਼ਨਰੀ ਵਿੱਚ ਇੱਕ ਜਿਲਾ ਅਤੇ ਉਸਦਾ ਪ੍ਰਧਾਨ ਨਗਰ ‘ਝੰਗ ਮਘਿਆਣਾ’, ਜੋ N.W. Ry. ਦਾ ਸਟੇਸ਼ਨ ਹੈ. ਮਹਾਰਾਜਾ ਰਣਜੀਤ ਸਿੰਘ ਨੇ ਸਨ ੧੮੦੫ ਵਿੱਚ ਝੰਗ ਪੁਰ ਕ਼ਬਜਾ ਕੀਤਾ ਸੀ। ੨ ਸਿੰਧੀ. ਜੰਗਲ. ਵਨ (ਬਣ).


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9590, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਝੰਗ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਝੰਗ  :  ਇਹ ਪੰਜਾਬ ਰਾਜ (ਪਾਕਿਸਤਾਨ) ਦਾ ਇਕ ਜ਼ਿਲ੍ਹਾ ਹੈ ਜਿਸ ਦੇ ਉੱਤਰ ਪੱਛਮ ਵੱਲ ਸ਼ਾਹਪੁਰ ਅਤੇ ਉੱਤਰ ਪੂਰਬ ਵੱਲ ਸ਼ਾਹਪੁਰ ਅਤੇ ਗੁਜਰਾਂਵਾਲਾ ਜ਼ਿਲ੍ਹੇ, ਦੱਖਣ-ਪੂਰਬ ਵੱਲ ਮੁਲਤਾਨ ਅਤੇ ਮੁਜ਼ੱਫਰਗੜ੍ਹ ਅਤੇ ਪੱਛਮ ਵੱਲ ਮਿਆਂਵਾਲੀ ਜ਼ਿਲ੍ਹੇ ਹਨ। ਇਸ ਜ਼ਿਲ੍ਹੇ ਦਾ ਆਕਾਰ ਤਿਕੋਨਾ ਹੈ। ਇਸ ਦੀ ਕਰਨ ਰੂਪੀ ਲੰਬਾਈ ਲਗਭਗ 200 ਕਿ.ਮੀ. ਹੈ। ਇਸ ਦਾ ਰਕਬਾ 16929 ਵ .ਕਿ. ਮੀ.ਹੈ। ਚਨਾਬ ਦਰਿਆ ਇਸੇ ਜ਼ਿਲ੍ਹੇ ਦੇ ਅੱਧ ਵਿਚਕਾਰੋਂ ਲੰਘਦਾ ਹੈ।ਜਿਹਲਮ ਦਰਿਆ ਇਸੇ ਜ਼ਿਲ੍ਹੇ ਵਿਚ ਹੀ ਚਨਾਬ ਵਿਚ ਜਾ ਮਿਲਦਾ ਹੈ।

      ਇਸ ਇਲਾਕੇ ਦੀ ਭੌਂ ਦੀ ਬਣਤਰ ਦਰਿਆਵਾਂ ਦੇ ਬੇਟ ਦੀ ਕਿਸਮ ਦੀ ਹੀ ਹੈ। ਭੂਗੋਲਿਕ ਦ੍ਰਿਸ਼ਟੀ ਤੋਂ ਇਸ ਜ਼ਿਲ੍ਹੇ ਨੂੰ ਤਿੰਨ ਭਾਗਾਂ ਵਿਚ ਵੰਡਿਆ ਹੋਇਆ ਹੈ। ਚਨਾਬ ਤੋਂ ਪੂਰਬ ਵੱਲ ਦੇ ਇਲਾਕੇ ਨੂੰ ਸੰਦਲ ਬਾਰ, ਚਨਾਬ ਅਤੇ ਜਿਹਲਮ ਦੇ ਵਿਚਕਾਰ ਦੇ ਇਲਾਕੇ ਨੂੰ ਕਿਰਾਨਾ ਬਾਰ ਅਤੇ ਜਿਹਲਮ ਤੋਂ ਪੱਛਮ ਵੱਲ ਦੇ ਇਲਾਕੇ ਨੂੰ ਥਲ ਕਿਹਾ ਜਾਂਦਾ ਹੈ। ਬਾਰਾਂ ਅਤੇ ਥਲ ਦੇ ਵਿਚਕਾਰ ਇਕ ਨੀਵੀਂ ਧਰਤੀ ਹੁੰਦੀ ਹੈ ਜਿਸ ਨੂੰ ਹਿਠਾੜ ਅਤੇ ਉੱਚੀ ਭੌਂ ਨੂੰ ਉਤਾੜ ਕਹਿੰਦੇ ਹਨ। ਦੋਵੇਂ ਬਾਰਾਂ ਦੀ ਜ਼ਮੀਨ ਉਪਜਾਊ ਹੈ ਪਰ ਦੱਖਣੀ ਹਿੱਸੇ ਵਿਚ ਕੁੱਝ ਕੱਲਰ ਹਨ। ਥਲ ਦੀ ਜ਼ਮੀਨ ਰੇਤਲੇ ਟਿੱਬਿਆਂ ਨਾਲ ਢਕੀ ਹੋਣ ਕਰ ਕੇ ਅਣਉਪਜਾਊ ਅਤੇ ਪਾਣੀ ਬਹੁਤ ਡੂੰਘਾ ਹੈ। ਇਸ ਲਈ ਇਥੇ ਕੋਈ ਖੇਤੀ ਨਹੀਂ ਹੁੰਦੀ ਸਿਰਫ ਪੀਲੂਆਂ ਦੀ ਹਰਿਆਲੀ ਹੀ ਵੇਖੀ ਜਾ ਸਕਦੀ ਹੈ।

     ਝੰਗ ਦੇ ਜ਼ਿਲ੍ਹੇ ਵਿਚ ਦੱਖਣੀ ਪੰਜਾਬ ਵਾਂਗ ਹੀ ਗਰਮੀ ਪੈਂਦੀ ਹੈ। ਮੱਧ ਜੁਲਾਈ ਤੋਂ ਪਿੱਛੋਂ ਹੀ ਬਾਰਸ਼ਾਂ ਹੋਣ ਨਾਲ ਮੌਸਮ ਖੁਸ਼ਗਵਾਰ ਹੁੰਦਾ ਹੈ। ਕਿੱਕਰ ਆਮ ਹੈ ਅਤੇ ਟਾਹਲੀ,ਸੁਹਾਂਜਣਾਂ ਅਤੇ ਕਰੀਰ ਦੇ ਰੁੱਖ ਵੇਖੇ ਜਾਂਦੇ ਹਨ। ਇਸ ਜ਼ਿਲ੍ਹੇ ਵਿਚ ਬੇਰਾਂ ਅਤੇ ਪੀਲੂਆਂ ਦੀ ਫਲਾਂ ਦੇ ਰੂਪ ਵਿਚ ਵਰਤੋਂ ਕੀਤੀ ਜਾਂਦੀ ਹੈ। ਸਰਕਾਨੇ ਦੀਆਂ ਝਾੜੀਆਂ ਆਮ ਹਨ ਜਿਨ੍ਹਾਂ ਤੋਂ ਛਪਰ, ਸਿਰਕੀਆਂ ਅਤੇ ਮੁੰਜ ਦਾ ਵਾਣ ਤਿਆਰ ਕੀਤਾ ਜਾਂਦਾ ਹੈ।

    ਇਥੋਂ ਦੇ ਲੋਕਾਂ ਦਾ ਜੀਵਨ ਇਥੋਂ ਦੀਆਂ ਚਰਾਂਦਾਂ ਉੱਤੇ ਕਾਫ਼ੀ ਨਿਰਭਰ ਕਰਦਾ ਹੈ। ਇਥੇ ਕਈ ਕਿਸਮ ਦਾ ਘਾਹ ਉਗਦਾ ਹੈ ਜਿਵੇਂ ਲੰਬ, ਕੂਰਈਆਂ, ਲੂਨਨ, ਗਰਾਮ, ਧਾਮਣ, ਪਿਲਾਂ,ਛਿੰਬਰ, ਦਭ ਅਤੇ ਪੰਨੀ ਆਦਿ।

      ਇਥੋਂ ਦੇ ਜੰਗਲਾਂ ਵਿਚ ਬਘਿਆੜ, ਲੱਕੜਬੱਗਾ, ਜੰਗਲੀ ਬਿੱਲੀ, ਬਾਘੜ ਬਿੱਲਾ, ਲੂੰਬੜ, ਗਿੱਦੜ ਅਤੇ ਖਰਗੋਸ਼ ਮਿਲਦੇ ਹਨ। ਸੰਦਲ ਬਾਰ ਦੇ ਅੰਦਰੂਨੀ ਭਾਗਾਂ ਵਿਚ ਜੰਗਲੀ ਟੱਟੂਆਂ ਦੀਆਂ ਡਾਰਾਂ ਵੀ ਹਨ।

    ਇਸ ਇਲਾਕੇ ਵਿਚ ਬੜੇ ਜ਼ਹਿਰੀਲੇ ਸੱਪ ਪਾਏ ਜਾਂਦੇ ਹਨ ਜਿਵੇਂ ਕਿ ਕਰੂੰਡੀਆ, ਪਖਰਾ, ਖਾਨ ਸੰਗਚੂਰ, ਫਨੀਅਰ ਜਾਂ ਛਜਲੀ ਵਾਲਾ ਕੋਬਰਾ ਅਤੇ ਬਿੰਡੋਰਾ।

         ਝੰਗ ਨਗਰ ਦਾ ਇਤਿਹਾਸ ਸਿਆਲਾਂ ਦੇ ਨਾਲ ਸ਼ੁਰੂ ਹੁੰਦਾ ਹੈ। ਸਿਆਲਾਂ ਦਾ ਵਡੇਰਾ ਸਿਆਲ ਨਾਂ ਦਾ ਰਾਜਪੂਤ ਜੌਨਪੁਰ ਦੇ ਰਾਇ ਸ਼ੰਕਰ ਦਾ ਪੁੱਤਰ ਸੀ। ਰਾਇ ਸ਼ੰਕਰ ਦੇ ਮਰਨ ਤੋਂ ਪਿੱਛੋਂ, ਇਹ ਅਲਾਉਦੀਨ ਗੌਰੀ ਦੇ ਰਾਜ ਵਿਚ ਪੰਜਾਬ ਆਇਆ ਅਤੇ ਬਾਬਾ ਫਰੀਦ ਜੀ ਤੋਂ ਪ੍ਰੇਰਿਤ ਹੋ ਕੇ ਪਾਕਪਟਨ ਵਿਚ ਇਸ ਨੇ ਇਸਲਾਮ ਧਰਮ ਗ੍ਰਹਿਣ ਕਰ ਲਿਆ। ਇਹ ਅਤੇ ਇਸ ਦੇ ਪੈਰੋਕਾਰ ਕਾਫ਼ੀ ਚਿਰ ਰਚਨਾ ਅਤੇ ਚਜ ਦੁਆਬ ਵਿਚ ਵਿਚਰਦੇ ਰਹੇ ਅਤੇ ਕਾਫ਼ੀ ਦੇਰ ਸਥਾਈ ਤੌਰ ਤੇ ਜਿਹਲਮ ਦੇ ਸੱਜੇ ਕਿਨਾਰੇ ਟਿਕੇ। ਲਗਭਗ 1404 ਈ. ਵਿਚ ਸਿਆਲ ਤੋਂ ਨੌਵੀਂ ਪੀੜ੍ਹੀ ਵਿਚ ਮਾਲ ਖਾਂ ਨੇ ਚਨਾਬ ਦੇ ਕਿਨਾਰੇ ਝੰਗ ਨਗਰ ਵਸਾਇਆ। ਇਥੇ ਪਹਿਲਾਂ ਨੂਰ ਸ਼ਾਹ ਫ਼ਕੀਰ ਦਾ ਮਕਬਰਾ ਸੀ। ਮਕਬਰੇ ਕੋਲ ਦਰਖਤਾਂ ਦੀ ਝਿੜੀ ਸੀ ਜਿਸ ਨੂੰ ਝੰਗ ਕਿਹਾ ਜਾਂਦਾ ਸੀ ਅਤੇ ਇਸੇ ਕਰਕੇ ਇਸ ਨਗਰ ਦਾ ਨਾਂ ਝੰਗ ਪੈ ਗਿਆ। ਪੁਰਾਣਾ ਸ਼ਹਿਰ ਦਰਿਆ ਨੇ ਰੋੜ੍ਹ ਦਿੱਤਾ ਸੀ। ਸੰਨ 1688 ਵਿਚ ਫ਼ਰੀਦ ਲਾਲਾ ਨਾਥ ਨੇ ਇਸ ਸ਼ਹਿਰ ਦੀ ਦੁਬਾਰਾ ਨੀਂਹ ਰੱਖੀ। ਅਠਾਰ੍ਹਵੀਂ ਸਦੀ ਵਿਚ ਝੰਗ ਦੇ ਮੁਖੀ ਵਲੀਦਾਦ ਖ਼ਾਨ ਦਾ ਭਾਣਜਾ ਤੇ ਜਵਾਈ ਝੰਗ ਦਾ ਮੁਖੀ ਬਣਿਆ। ਇਸ ਦੇ ਸਮੇਂ ਵਿਚ ਸਿੱਖਾਂ ਦੀ ਸ਼ਕਤੀ ਵਿਚ ਉਭਾਰ ਆਉਣਾ ਸ਼ੁਰੂ ਹੋ ਗਿਆ ਸੀ ਅਤੇ ਇਹ ਸਿੱਖਾਂ ਦੇ ਦਬਦਬੇ ਦਾ ਸਾਹਮਣਾ ਨਾ ਕਰ ਸਕਿਆ। ਸੰਨ 1787 ਵਿਚ ਇਸ ਦੀ ਮੌਤ ਤਕ ਝੰਗ ਦੀ ਚੜ੍ਹਤ ਘਟਣੀ ਸ਼ੁਰੂ ਹੋ ਗਈ ਸੀ।

    ਸੰਨ 1801 ਵਿਚ ਮਹਾਰਾਜਾ ਰਣਜੀਤ ਸਿੰਘ ਨੇ ਚਿਨਿਓਟ ਉੱਤੇ ਕਬਜ਼ਾ ਕਰਨ ਤੋਂ ਪਿੱਛੋਂ ਝੰਗ ਨੂੰ ਵੀ ਆਪਣੇ ਅਧੀਨ ਕਰ ਲਿਆ। ਮਘਿਆਣੇ ਦੀ ਵਸੋਂ ਵੀ ਇਸ ਨਾਲ ਮਿਲ ਜਾਣ ਕਰ ਕੇ ਇਸ ਨੂੰ ਝੰਗ ਮਘਿਆਣਾ ਕਿਹਾ ਜਾਂਦਾ ਹੈ। ਝੰਗ ਦੇ ਦਿਹਾਤੀ ਇਲਾਕੇ ਵਿਚ ਚਿਨਿਓਟ ਤਹਿਸੀਲ ਨੂੰ ਛੱਡ ਕੇ ਪਿੰਡਾਂ ਵਿਚ ਇਕੱਠੇ ਹੋ ਕੇ ਰਹਿਣ ਦੀ ਥਾਂ ਲੋਕ ਆਪੋ ਆਪਣੇ ਖੇਤਾਂ ਵਿਚ ਰਹਿੰਦੇ ਹਨ।

        ਇਥੋਂ ਦੇ ਪਹਿਰਾਵੇ ਵਿਚ ਲੱਕ ਨੂੰ ਬੰਨ੍ਹੀ ਇਕ ਚਾਦਰ (ਮਝਲਾ) ਅਤੇ ਕੁੜਤੇ ਦੀ ਥਾਂ ਇਕ ਚਾਦਰ ਮੋਢਿਆਂ ਤੇ ਲੈ ਲਈ ਜਾਂਦੀ ਹੈ। ਸਿਰ ਤੇ ਪੱਗ ਇਸ ਤਰ੍ਹਾਂ ਵਲੇਟੀ ਜਾਂਦੀ ਹੈ ਕਿ ਵਿਚਾਲਿਉਂ ਸਿਰ ਨੰਗਾ ਰਹੇ। ਇਸਤਰੀਆਂ ਵੀ ਖ਼ਾਨੇਦਾਰ ਲੁੰਗੀਆਂ ਜਾਂ ਮਝਲਾ ਹੀ ਲੱਕ ਨੂੰ ਬੰਨ੍ਹਦੀਆਂ ਹਨ। ਇਨ੍ਹਾਂ ਦਾ ਮਝਲਾ ਕੁੱਝ ਲੰਮਾ ਅਤੇ ਤੰਗ ਹੁੰਦਾ ਹੈ। ਇਹ ਕੰਗਣ, ਵਾਲੀਆਂ, ਹੱਸੀ ਆਦਿ ਪਹਿਨਦੀਆਂ ਹਨ। ਨੱਥ ਪਹਿਨਣ ਦਾ ਰਿਵਾਜ ਘੱਟ ਹੈ। ਮਰਦਾਂ ਵਿਚ ਗਹਿਣੇ ਪਹਿਨਣ ਦਾ ਰਿਵਾਜ ਘੱਟ ਹੈ। ਇਥੋਂ ਦੀ ਮੁੱਖ ਖੁਰਾਕ ਦੁੱਧ ਜਾਂ ਇਸ ਤੋਂ ਬਣੇ ਪਦਾਰਥ ਹਨ। ਇਥੇ ਕਣਕ, ਜੌਂ, ਮੱਕੀ, ਕਪਾਹ, ਗੰਨਾ, ਚਾਵਲ, ਮਟਰ, ਮੂੰਗੀ, ਕੰਗਣੀ ਚੀਣਾ, ਮਿਰਚਾਂ, ਸਰ੍ਹੋਂ, ਤਿਲ ਆਦਿ ਦੀਆਂ ਫ਼ਸਲਾਂ ਬੀਜੀਆਂ ਜਾਂਦੀਆਂ ਹਨ।

   ਇਸ ਇਲਾਕੇ ਵਿਚ ਰਹਿਣ ਵਾਲੇ ਲੋਕਾਂ ਦੀਆਂ ਮੁੱਖ ਜਾਤਾਂ ਸਿਆਲ, ਚੰਧੜ, ਭੱਟੀ, ਬਲੋਚ, ਪਠਾਣ, ਸੱਯਦ, ਕੁਰੈਸ਼ੀ, ਜੱਟ, ਹਿੰਦੂ ਆਦਿ ਹਨ। ਹੀਰ ਇਸੇ ਇਲਾਕੇ ਦੇ ਜ਼ਿਮੀਂਦਾਰ ਚੂਚਕ, ਜੋ ਸਿਆਲ ਕੌਮ ਤੇ ਚਚਮਾਨਾ ਗੋਤ ਦਾ ਸੀ, ਦੀ ਧੀ ਸੀ। ਇਹ ਪਿੰਡ ਪਿਪਲ ਵਾਲਾ, ਤਮਾਲਰਾ ਵਾੜਾ ਦਾ ਰਹਿਣ ਵਾਲਾ ਸੀ। ਰਾਂਝਾ ਜਿਸ ਦਾ ਅਸਲ ਨਾਂ ਧੀਦੋ ਸੀ ਪਿੰਡ ਤਖ਼ਤ ਹਜ਼ਾਰਾ, ਤਹਿਸੀਲ ਕਾਨੂੰ ਵਾਲਾ, ਜ਼ਿਲ੍ਹਾ ਸ਼ਾਹਪੁਰ ਦਾ ਜੱਟ ਸੀ। ਹੀਰ ਦਾ ਮਕਬਰਾ ਮਘਿਆਣੇ ਵਿਚ ਬਣਿਆ ਹੋਇਆ ਹੈ। ਇਥੇ ਇਕ ਮਾਘ ਨੂੰ ਮੇਲਾ ਲੱਗਦਾ ਹੈ। ਇਹ ਮੇਲਾ ਪਿੰਡ ਅਠਾਰਾਂ ਹਜ਼ਾਰੀ ਵਿਚ ਪੀਰ ਤਾਜ-ਉਦ-ਦੀਨ ਦੀ ਦਰਗਾਹ ਉੱਤੇ ਚੇਤਰ ਦੇ ਸ਼ੁਕਰਵਾਰ ਨੂੰ ਲੱਗਦਾ ਹੈ। ਇਹ ਮੇਲਾ ਪਿੰਡ ਉੱਚ ਵਿਚ ਰੋਡੂ ਸੁਲਤਾਨ ਦੀ ਖਾਨਗਾਹ ਅਤੇ ਗੁਲ ਇਮਾਮ ਦੇ ਰੋਜ਼ੇ ਤੇ 7 ਕੱਤਕ ਨੂੰ ਲੱਗਦਾ ਹੈ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 6255, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-09-04-12-53-13, ਹਵਾਲੇ/ਟਿੱਪਣੀਆਂ: ਹ. ਪੁ. –ਗ. ਆ. ਝੰਗ ; ਪੰਜਾਬ. ਦੀ ਸੈਰ-ਬਲਬੀਰ ਸਿੰਘ ਕੰਵਰ: 151; ਇੰਪ. ਗਜ਼. ਇੰਡ. 14:124.

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.