ਟਕਸਾਲੀ ਭਾਸ਼ਾ ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼

ਟਕਸਾਲੀ ਭਾਸ਼ਾ: ਇਸ ਸੰਕਲਪ ਦੀ ਵਰਤੋਂ ਸਮਾਜ ਭਾਸ਼ਾ ਵਿਗਿਆਨ ਵਿਚ ਕੀਤੀ ਜਾਂਦੀ ਹੈ। ਇਕ ਭਾਸ਼ਾ ਦੇ ਲੋਕ ਵੱਖੋ ਵੱਖਰੇ ਖਿੱਤਿਆਂ ਵਿਚ ਵੰਡੇ ਹੋਏ ਹੁੰਦੇ ਹਨ। ਇਸ ਵੰਡ ਦਾ ਅਧਾਰ ਸਥਾਨਾਂ ਦੀ ਦੂਰੀ ਜਾਂ ਕੁਦਰਤੀ ਰੁਕਾਵਟਾਂ ਨੂੰ ਮੰਨਿਆ ਜਾਂਦਾ ਹੈ। ਸਥਾਨਾਂ ਦੀ ਦੂਰੀ ਕਈ ਵਾਰ ਮੀਲਾਂ ਵਿਚ ਫੈਲੀ ਹੋਈ ਹੁੰਦੀ ਹੈ ਅਤੇ ਇਸ ਦਰਮਿਆਨ ਦਰਿਆ, ਸਮੁੰਦਰ, ਘਣੇ ਜੰਗਲ, ਪਹਾੜ ਆਦਿ ਕੁਦਰਤੀ ਰੋਕਾਂ ਕਾਰਨ ਇਕ ਭਾਸ਼ਾਈ ਖੇਤਰ, ਖਿੱਤਿਆਂ ਵਿਚ ਵੰਡਿਆ ਹੋਇਆ ਹੁੰਦਾ ਹੈ, ਜਿਸ ਕਰਕੇ ਇਕ ਖਿੱਤੇ ਦੇ ਲੋਕਾਂ ਦਾ ਸੰਪਰਕ ਦੂਜੇ ਖਿੱਤੇ ਦੇ ਲੋਕਾਂ ਨਾਲ ਬਹੁਤ ਘੱਟ ਹੁੰਦਾ ਹੈ। ਇਸ ਨਾਲ ਖਿੱਤੇ ਦੇ ਪੱਧਰ ’ਤੇ ਭਾਸ਼ਾਈ ਵਖਰੇਵੇਂ ਹੁੰਦੇ ਹਨ ਜਿਸ ਨੂੰ ਉਪਭਾਸ਼ਾ ਕਿਹਾ ਜਾਂਦਾ ਹੈ। ਭਾਸ਼ਾ ਵਿਗਿਆਨ ਦੀ ਦਰਿਸ਼ਟੀ ਤੋਂ ਕੋਈ ਵੀ ਉਪਭਾਸ਼ਾ ਵਧੀਆ ਜਾਂ ਘਟੀਆ ਨਹੀਂ ਹੁੰਦੀ ਅਤੇ ਕੋਈ ਵੀ ਉਪਭਾਸ਼ਾ ਸਮੂਹ ਸਮਾਜ ਦੀ ਟਕਸਾਲੀ ਭਾਸ਼ਾ ਬਣਨ ਦੀ ਸਮਰੱਥਾ ਰੱਖਦੀ ਹੈ ਪਰ ਇਹ ਰੁਤਬਾ ਉਸ ਉਪਭਾਸ਼ਾ ਨੂੰ ਮਿਲਦਾ ਹੈ ਜਿਸ ਖਿੱਤੇ ਦੇ ਲੋਕ ਆਰਥਿਕ ਪੱਖ ਤੋਂ ਪ੍ਰਗਤੀ ਕਰ ਚੁੱਕੇ ਹੁੰਦੇ ਹਨ ਅਤੇ ਉਹੀ ਲੋਕ ਰਾਜਨੀਤਿਕ ਫੈਸਲਿਆਂ ’ਤੇ ਪਰਭਾਵੀ ਹੁੰਦੇ ਹਨ। ਇਸ ਕਰਕੇ ਇਕ ਵਿਕਸਤ ਖਿੱਤੇ ਦੀ ਭਾਸ਼ਾ ਨੂੰ ਟਕਸਾਲੀ ਭਾਸ਼ਾ ਦਾ ਰੁਤਬਾ ਮਿਲਦਾ ਹੈ। ਸਰਕਾਰੀ ਕੰਮਾਂ-ਕਾਰਾਂ, ਵਿਦਿਅਕ ਅਦਾਰਿਆਂ ਅਤੇ ਕਨੂੰਨ ਸਬੰਧੀ ਆਦਿ ਖੇਤਰਾਂ ਵਿਚ ਭਾਸ਼ਾ ਦੀ ਇਕਸਾਰਤਾ ਦੀ ਲੋੜ ਕਾਰਨ ਟਕਸਾਲੀ ਭਾਸ਼ਾ ਦੀ ਸਿਰਜਨਾ ਹੁੰਦੀ ਹੈ। ਇਕ ਉਪਭਾਸ਼ਾ ਨੂੰ ਜਦੋਂ ਇਹ ਸਥਾਨ ਪ੍ਰਾਪਤ ਹੋ ਜਾਂਦਾ ਹੈ ਤਾਂ ਇਸ ਦੀ ਬਣਤਰ ’ਤੇ ਨਿਯਮਾਂ ਨੂੰ ਸੁਚੇਤ ਤੌਰ ਤੇ ਘੋਖਿਆ ਜਾਂਦਾ ਹੈ ਅਤੇ ਇਸ ਸਬੰਧੀ ਵਿਆਕਰਨਾਂ ਦੀ ਸਿਰਜਨਾ ਕੀਤੀ ਜਾਂਦੀ ਹੈ ਜਿਸ ਵਿਚ ਧੁਨੀ, ਰੂਪ, ਅਰਥ, ਵਾਕ, ਸ਼ਬਦ ਜੋੜ ਆਦਿ ਦੀ ਇਕਸਾਰਤਾ ਦੇ ਨਿਯਮ ਕਈ ਵਾਰ ਸੁਚੇਤ ਤੌਰ ’ਤੇ ਘੜੇ ਜਾਂਦੇ ਹਨ ਪਰ ਇਸ ਦੀ ਵਰਤੋਂ ਸਮੁੱਚੇ ਸਮਾਜ ਵਿਚ ਅਚੇਤ ਤੌਰ ’ਤੇ ਹੀ ਕੀਤੀ ਜਾਂਦੀ ਹੈ ਜਦੋਂ ਇਨ੍ਹਾਂ ਨਿਯਮਾਂ ਨੂੰ ਅਚੇਤ ਤੌਰ ਤੇ ਗ੍ਰਹਿਣ ਕਰ ਲਿਆ ਜਾਂਦਾ ਹੈ ਤਾਂ ਟਕਸਾਲੀ ਭਾਸ਼ਾ ਨੂੰ ਮਾਨਤਾ ਪ੍ਰਾਪਤ ਹੋ ਜਾਂਦੀ ਹੈ ਪਰ ਪਰਿਵਰਤਨ ਦੀ ਰਫਤਾਰ ਘੱਟ ਹੁੰਦੀ ਹੈ। ਫਿਰ ਵੀ ਸਾਲਾਂ ਦੀ ਵਿੱਥ ਤੋਂ ਪਤਾ ਚਲਦਾ ਹੈ ਕਿ ਇਕ ਸਮੇਂ ਦੀ ਭਾਸ਼ਾ ਨਾਲੋਂ ਦੂਜੇ ਸਮੇਂ ਦੀ ਭਾਸ਼ਾ ਵਿਚ ਅੰਤਰ ਹੁੰਦਾ ਹੈ। ਪਰਿਵਰਤਨ ਨੂੰ ਟਕਸਾਲੀ ਭਾਸ਼ਾ ਜੇ ਅਚੇਤ ਰੂਪ ਵਿਚ ਅਪਣਾ ਲਏ ਤਾਂ ਇਸ ਦਾ ਮੁਹਾਂਦਰਾ ਬਦਲਦਾ ਰਹਿੰਦਾ ਹੈ ਜੇ ਨਾ ਅਪਣਾਏ ਤਾਂ ਬੋਲਚਾਲ ਦੀ ਭਾਸ਼ਾ ਅਤੇ ਟਕਸਾਲੀ ਭਾਸ਼ਾ ਵਿਚਲਾ ਪਾੜਾ ਹੋਰ ਵਧ ਜਾਂਦਾ ਹੈ। ਕਿਸੇ ਇਕ ਸਮੇਂ ਵਿਚ ਅਪਣਾਈ ਗਈ ਟਕਸਾਲੀ ਭਾਸ਼ਾ ਲਈ ਜ਼ਰੂਰੀ ਨਹੀਂ ਕਿ ਉਹ ਹਰ ਸਮੇਂ ਵਿਚ ਉਹੀ ਭਾਸ਼ਾ ਟਕਸਾਲੀ ਭਾਸ਼ਾ ਰਹੇਗੀ ਸਗੋਂ ਇਸ ਦੇ ਰੂਪ ਬਦਲਦੇ ਰਹਿੰਦੇ ਹਨ। ਭਾਰਤ-ਪਾਕਿ ਵੰਡ ਤੋਂ ਪਹਿਲਾਂ ਮਾਝੀ, ਪੰਜਾਬੀ ਦੀ ਟਕਸਾਲੀ ਦੀ ਅਧਾਰ ਭਾਸ਼ਾ ਸੀ ਪਰ ਹੁਣ ਇਸ ਵਿਚ ਪਰਿਵਰਤਨ ਆ ਚੁੱਕਾ ਹੈ ਕਿਉਂਕਿ ਮਾਝੇ ਦੀ ਥਾਂ ਪੂਰਬੀ ਪੰਜਾਬੀ ਵਿਚ ਮਾਲਵੇ ਦਾ ਬੋਲਬਾਲਾ ਹੈ। ਲੋਕ ਪ੍ਰਵਾਨਗੀ ਟਕਸਾਲੀ ਭਾਸ਼ਾ ਦਾ ਮੂਲ ਹੈ। ਸ਼ਬਦਾਵਲੀ ਦੇ ਪੱਖ ਤੋਂ ਉਨ੍ਹਾਂ ਸ਼ਬਦਾਂ ਦੀ ਵਰਤੋਂ ਆਮ ਹੁੰਦੀ ਹੈ ਜਿਨ੍ਹਾਂ ਨੂੰ ਲੋਕ ਪ੍ਰਵਾਨਗੀ ਮਿਲ ਗਈ ਹੋਵੇ ਭਾਵੇਂ ਉਹ ਸ਼ਬਦ ਰੂਪ ਹੋਰਨਾਂ ਉਪਭਾਸ਼ਾਵਾਂ ਦੇ ਹੀ ਕਿਉਂ ਨਾ ਹੋਣ।


ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 18749, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.