ਟਾਰਨੈਡੋ ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ

ਟਾਰਨੈਡੋ : ਟਾਰਨੈਡੋ ਦੁਨੀਆ ਵਿੱਚ ਸਭ ਤੋਂ ਛੋਟੇ , ਪਰੰਤੂ ਸਭ ਤੋਂ ਪ੍ਰਚੰਡ ਅਤੇ ਸਭ ਤੋਂ ਜ਼ਿਆਦਾ ਵਿਨਾਸ਼ਕਾਰੀ ਗਰਜ਼ਦਾਰ ਤੁਫ਼ਾਨ ਹਨ । ਟਾਰਨੈਡੋ ਸਪੈਨਿਸ਼ ਭਾਸ਼ਾ ਦੇ ਸ਼ਬਦ ‘ ਟ੍ਰਨਾਰ’ ਤੋਂ ਬਣਿਆ ਹੈ , ਜਿਸ ਦਾ ਅਰਥ ਹੈ ਗਰਜ਼ ਵਾਲੇ । ਟਾਰਨੈਡੋ ਵਿੱਚ ਗੂੜ੍ਹੇ ਕਾਲੇ ਰੰਗ ਦੇ ਬੱਦਲ ਹੁੰਦੇ ਹਨ , ਬਿਜਲੀ ਚਮਕਦੀ ਹੈ ਅਤੇ ਬਹੁਤ ਗਰਜ਼ਦਾਰ ਅਵਾਜ਼ ਆਉਂਦੀ ਹੈ । ਹਵਾਵਾਂ ਏਨੀਆਂ ਤੇਜ਼ ਚੱਲਦੀਆਂ ਹਨ ਕਿ ਇਹਨਾਂ ਦੇ ਰਸਤੇ ਵਿੱਚ ਜੋ ਵੀ ਇਮਾਰਤਾਂ ਆਉਂਦੀਆਂ ਹਨ , ਉਹ ਢਹਿ ਢੇਰੀ ਹੋ ਜਾਂਦੀਆਂ ਹਨ । ਦਰਖ਼ਤ , ਬਿਜਲੀ ਦੇ ਖੰਬੇ , ਆਦਿ ਪੁੱਟੇ ਜਾਂਦੇ ਹਨ । ਬਿਜਲੀ ਫ਼ੇਲ੍ਹ ਹੋ ਜਾਂਦੀ ਹੈ । ਚਾਰ-ਚੁਫੇਰੇ ਹਨੇਰਾ ਹੋ ਜਾਂਦਾ ਹੈ ਅਤੇ ਕੁਝ ਦਿਖਾਈ ਨਹੀਂ ਦਿੰਦਾ । ਆਵਾਜਾਈ ਦੇ ਸਾਧਨ ਠੱਪ ਹੋ ਜਾਂਦੇ ਹਨ । ਮਨੁੱਖ ਅਤੇ ਪਸੂ-ਪੰਛੀ ਹਜ਼ਾਰਾਂ ਦੀ ਗਿਣਤੀ ਵਿੱਚ ਮਰ ਜਾਂਦੇ ਹਨ । ਫ਼ਸਲਾਂ ਤਬਾਹ ਹੋ ਜਾਂਦੀਆਂ ਹਨ ਅਤੇ ਚਾਰ-ਚੁਫੇਰੇ ਬਰਬਾਦੀ ਦੀ ਲਹਿਰ ਦੌੜ ਜਾਂਦੀ ਹੈ । ਚੰਗੀ ਗੱਲ ਇਹ ਹੈ ਕਿ ਇਹ 20-25 ਕਿਲੋਮੀਟਰ ਚੱਲ ਕੇ ਖ਼ਤਮ ਹੋ ਜਾਂਦੇ ਹਨ ।

ਟਾਰਨੈਡੋ ਦੀ ਉਤਪਤੀ : ਟਾਰਨੈਡੋ ਦੀ ਉਤਪਤੀ ਦੀ ਕਿਰਿਆ ਬਹੁਤ ਗੁੰਝਲਦਾਰ ਹੈ , ਪਰੰਤੂ ਇੱਕ ਗੱਲ ਉੱਤੇ ਸਭ ਲੋਕ ਸਹਿਮਤ ਹਨ ਕਿ ਅਸਥਿਰ ਹਵਾ ਦੇ ਪੁੰਜ ( column )   ਵਿੱਚ ਤੀਬਰ ਸੰਵਹਿਣ ਦੀ ਕਿਰਿਆ ਇਸ ਦੇ ਜਨਮ ਦਾ ਮੁੱਖ ਕਾਰਨ ਹੈ ।

ਜਦੋਂ ਠੰਡੀ ਅਤੇ ਖ਼ੁਸ਼ਕ ਧਰੁਵੀ ਹਵਾ ਵਾਯੂ-ਪੁੰਜ ਕਿਸੇ ਗਰਮ ਅਤੇ ਸਿੱਲ੍ਹੀ ਊਸ਼ਣ ਕਟੀਬੰਧੀ ਵਾਯੂ-ਪੁੰਜ ਨੂੰ ਧੱਕਾ ਮਾਰਦੀ ਹੈ ਤਾਂ ਹਵਾ ਵਿੱਚ ਅਸਥਿਰਤਾ ਪੈਦਾ ਹੋ ਜਾਂਦੀ ਹੈ । ਭਾਫ਼ ਦੇ ਦ੍ਰਵੀਕਰਨ ਨਾਲ ਜਿਹੜੀ ਗਰਮੀ ਬਾਹਰ ਨਿਕਲਦੀ ਹੈ , ਉਹ ਅਸਥਿਰ ਹਵਾ ਨੂੰ ਬਹੁਤ ਉੱਪਰ ਉੱਠਾ ਦਿੰਦੀ ਹੈ । ਇਹ ਹਵਾ ਵਲ-ਵਲੇਵੇਂ ਖਾਂਦੀ ਉੱਪਰ ਉੱਠਦੀ ਹੈ । ਇਸ ਕਰਕੇ , ਹਵਾ ਪੁੰਜ ਦੇ ਵਿਚਕਾਰ ਬਹੁਤ ਨੀਵਾਂ ਦਾਬ ਪੈਦਾ ਹੋ ਜਾਂਦਾ ਹੈ । ਇਸ ਨਾਲ ਘੁੰਮਦੀ ਹਵਾ ਦੀ ਉਚਾਈ ਉੱਪਰ ਵੱਲ ਹੋਰ ਵੱਧ ਜਾਂਦੀ ਹੈ । ਇਸ ਤੋਂ ਤੁਫ਼ਾਨੀ ਬੱਦਲ ਇੱਕ ਪੀਕ ( funnel ) ਦੇ ਰੂਪ ਵਿੱਚ ਵਿਕਸਿਤ ਹੋਣ ਲੱਗ ਪੈਂਦੇ ਹਨ । ਇਹ ਹਵਾ ਇੱਕ ਖੜ੍ਹੇ ਧੁਰੇ ( vertical axis ) ਦੇ ਆਲੇ-ਦੁਆਲੇ ਘੁੰਮਦੀ ਹੋਈ ਤੇਜ਼ੀ ਨਾਲ ਉੱਪਰ ਉੱਠਦੀ ਰਹਿੰਦੀ ਹੈ ।

ਟਾਰਨੈਡੋ ਇੱਕ ਪੀਕ ( funnel ) ਵਰਗਾ ਹੁੰਦਾ ਹੈ ਜਿਸ ਦਾ ਹੇਠਲਾ ਪਤਲਾ ਭਾਗ ਧਰਤੀ ਨੂੰ ਛੂੰਹਦਾ ਰਹਿੰਦਾ ਹੈ । ਜਦੋਂ ਅਸੀਂ ਇਸ ਨੂੰ ਹੇਠ ਤੋਂ ਉੱਪਰ ਵੱਲ ਵੇਖਦੇ ਹਾਂ ਤਾਂ ਇਹ ਇੱਕ ਕਾਲੇ ਰੰਗ ਦਾ ਥੰਮ੍ਹ ਵਰਗਾ ਜਾਪਦਾ ਹੈ । ਕਾਲੇ ਰੰਗਾਂ ਦਾ ਕਾਰਨ ਉਹ ਪਾਣੀ ਦੀ ਭਾਫ਼ ਹੁੰਦੀ ਹੈ , ਜਿਹੜੀ ਉੱਪਰ ਪਹੁੰਚ ਕੇ ਠੰਡੀ ਹੋ ਕੇ ਸੰਘਣੀ ਹੋ ਜਾਂਦੀ ਹੈ । ਧਰਤੀ ਦੀ ਧੂੜ ( dust ) ਵੀ ਇਸ ਵਿੱਚ ਮਿਲੀ ਹੁੰਦੀ ਹੈ । ਪੀਕ ਦਾ ਉੱਪਰਲਾ ਫੈਲਿਆ ਹੋਇਆ ਭਾਗ ਕਪਾਹੀ ਰੰਗ ਦੇ ਵਰਖਾ ਕਰਨ ਵਾਲੇ ਬੱਦਲਾਂ ਦਾ ਬਣਿਆ ਹੁੰਦਾ ਹੈ ।

ਟਾਰਨੈਡੋ ਇਕੱਲੇ ਜਾਂ ਪਰਿਵਾਰ ਵਿੱਚ ਚੱਲਦੇ ਹਨ , ਅਰਥਾਤ ਇੱਕ ਤੋਂ ਬਾਅਦ ਦੂਜਾ ਤੁਰਿਆ ਆਉਂਦਾ ਹੈ । ਜ਼ਿਆਦਾਤਰ ਇਹਨਾਂ ਦਾ ਚੱਲਣ ਮਾਰਗ ਇੱਕ ਸਰਲ ਰੇਖਾ ਹੁੰਦੀ ਹੈ । ਟਾਰਨੈਡੋ ਦਾ ਜ਼ਮੀਨੀ ਵਿਆਸ 150 ਤੋਂ 600 ਮੀਟਰ ਦੇ ਲਗਪਗ ਹੁੰਦਾ ਹੈ । ਇਹਨਾਂ ਦੇ ਅੰਦਰ ਹਵਾ ਦਾ ਬਹੁਤ ਘੱਟ ਦਾਬ ਹੁੰਦਾ ਹੈ । ਇਹ  ਵੇਖਿਆ ਗਿਆ ਹੈ ਕਿ ਇਹਨਾਂ ਦੇ ਮੱਧ ਦਾ ਦਾਬ ਬਾਹਰ ਨਾਲੋਂ ਲਗਪਗ 100 ਮਿਲੀਬਾਰ ਘੱਟ ਹੁੰਦਾ ਹੈ । ਇਸੇ ਕਾਰਨ , ਇਸ ਦੀ ਚਾਲ 650 ਕਿਲੋਮੀਟਰ ਪ੍ਰਤਿ ਘੰਟਾ ਤੱਕ ਮਾਪੀ ਗਈ ਹੈ ।

ਟਾਰਨੈਡੋ ਦੀ ਭੂਗੋਲਿਕ ਵੰਡ : ਧਰੁਵੀ ਖੇਤਰਾਂ ਅਤੇ ਸਰਦੀ ਦੀ ਰੁੱਤ ਵਿੱਚ ਮਹਾਂਦੀਪੀ ਉੱਤਰੀ ਭਾਗਾਂ ਨੂੰ ਛੱਡ ਕੇ ਟਾਰਨੈਡੋ ਦੁਨੀਆ ਵਿੱਚ ਕਿਤੇ ਵੀ ਪੈਦਾ ਹੋ ਸਕਦੇ ਹਨ । ਯੂ.ਐੱਸ.ਏ. ਵਿੱਚ ਸਭ ਤੋਂ ਜ਼ਿਆਦਾ ਟਾਰਨੈਡੋ ਜਨਮ ਲੈਂਦੇ ਹਨ । ਇੱਥੇ ਟਾਰਨੈਡੋ ਦੀ ਸਲਾਨਾ ਔਸਤ 700 ਹੈ , ਪਰੰਤੂ ਅਪ੍ਰੈਲ ਤੋਂ ਜੂਨ ਤੱਕ ਸਭ ਤੋਂ ਜ਼ਿਆਦਾ ਟਾਰਨੈਡੋ ਵਿਖਾਈ ਦਿੰਦੇ ਹਨ । ਟਾਰਨੈਡੋ ਦਾ ਖੇਤਰ ਜ਼ਿਆਦਾਤਰ ਉੱਤਰੀ ਮੈਦਾਨ ਅਤੇ ਮਹਾਨ ਝੀਲਾਂ ਦੇ ਖੇਤਰ ਤੋਂ ਲੈ ਕੇ ਮੱਧ ਖਾੜੀ ਦੇ ਰਾਜਾਂ ਤੱਕ ਸਰਕਦਾ ਹੈ । ਇਸ ਸਰਕਣ ਦਾ ਮੁੱਖ ਕਾਰਨ ਦੱਖਣ ਦੀ ਗਰਮ ਅਤੇ ਸਿੱਲ੍ਹੀ ਹਵਾ ਦਾ ਪ੍ਰਵੇਸ਼ ਅਤੇ ਉੱਤਰ ਤੋਂ ਠੰਡੀ ਅਤੇ ਖ਼ੁਸ਼ਕ ਹਵਾ ਦਾ ਦੱਖਣ ਵੱਲ ਸਰਕਣਾ ਹੈ । ਰਾਕੀ ਪਰਬਤ ਦੇ ਪੱਛਮ ਵਿੱਚ ਬਹੁਤ ਘੱਟ ਅਜਿਹੇ ਤੁਫ਼ਾਨ ਆਉਂਦੇ ਹਨ । ਅਜਿਹੀ ਗੱਲ ਵੀ ਨਹੀਂ ਹੈ ਕਿ ਦੁਨੀਆ ਦੇ ਹੋਰ ਪ੍ਰਦੇਸ਼ਾਂ ਵਿੱਚ ਟਾਰਨੈਡੋ ਤੂਫ਼ਾਨ ਨਹੀਂ ਆਉਂਦੇ । ਵੇਖਿਆ ਗਿਆ ਹੈ ਕਿ ਚੀਨ , ਭਾਰਤ ਦਾ ਪੂਰਬੀ ਭਾਗ , ਯੂਰਪ ਵਿੱਚ ਫ਼੍ਰਾਂਸ ਅਤੇ ਇਸ ਦੇ ਉੱਤਰ ਵਿੱਚ ਸਕੈਂਡੀਨੇਵੀਆ ਤੱਕ ਟਾਰਨੈਡੋ ਅਨੁਭਵ ਕੀਤੇ ਜਾਂਦੇ ਹਨ ।

ਟਾਰਨੈਡੋ ਦੇ ਆਉਣ ਦੀ ਭਵਿਖ-ਬਾਣੀ : ਟਾਰਨੈਡੋ ਏਨੇ ਭਿਆਨਕ ਅਤੇ ਤਬਾਹੀ ਕਰਨ ਵਾਲੇ ਹੁੰਦੇ ਹਨ ਕਿ ਇਹਨਾਂ ਤੋਂ ਬਚਣ ਲਈ ਕੁਝ ਸਮਾਂ ਪਹਿਲਾਂ ਪਤਾ ਲੱਗਣਾ ਜ਼ਰੂਰੀ ਹੈ । ਟਾਰਨੈਡੋ ਦੇ ਛੋਟੇ ਆਕਾਰ ਅਤੇ ਗੁੰਝਲਦਾਰ ਵਿਕਾਸ ਕਿਰਿਆ ਦੇ ਕਾਰਨ , ਇਹਨਾਂ ਦੇ ਆਉਣ ਦੀ ਭਵਿਖ-ਬਾਣੀ ਕਰਨੀ ਬਹੁਤ ਮੁਸ਼ਕਲ ਹੈ । ਅੱਜ-ਕੱਲ੍ਹ ਰੇਡਾਰ ਦੀ ਸਹਾਇਤਾ ਨਾਲ ਭਵਿਖ-ਬਾਣੀ ਕੀਤੀ ਜਾਂਦੀ ਹੈ । ਇਹ ਤਰੀਕਾ ਹੋਰ ਤਰੀਕਿਆਂ ਨਾਲੋਂ ਵਧੇਰੇ ਚੰਗਾ ਹੈ ਅਤੇ ਲਗਪਗ ਠੀਕ ਨਤੀਜੇ ਦਿੰਦਾ ਹੈ ।

ਟਾਰਨੈਡੋ ਦੇ ਪ੍ਰਭਾਵ : ਯੂ.ਐੱਸ.ਏ. ਵਿੱਚ ਟਾਰਨੈਡੋ ਜਾਨ ਅਤੇ ਮਾਲ ਦੀ ਬਹੁਤ ਹਾਨੀ ਕਰਦੇ ਹਨ । ਔਸਤ ਰੂਪ ਤੋਂ 150 ਮਨੁੱਖ ਅਤੇ 10 ਕਰੋੜ ਡਾਲਰਾਂ ਦਾ ਸਲਾਨਾ ਨੁਕਸਾਨ ਸਧਾਰਨ ਗੱਲ ਹੈ । ਇਹ ਇਮਾਰਤਾਂ ਦੀ ਬਹੁਤ ਤਬਾਹੀ ਕਰਦੇ ਹਨ । ਟਾਰਨੈਡੋ ਦੀ ਸ਼ਕਤੀ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇੱਕ ਸਾਲ ਟਕਸਾਸ ਰਾਜ ਵਿੱਚ ਟਾਰਨੈਡੋ ਨੇ ਲਗਪਗ 13 ਮੀਟਰ ਲੰਬਾ ਅਤੇ 12 ਮੀਟਰ ਚੌੜਾ ਇੱਕ ਟੈਂਕ ਆਪਣੀ ਥਾਂ ਤੋਂ 1.2 ਕਿਲੋਮੀਟਰ ਦੂਰ ਸੁੱਟ ਦਿੱਤਾ , ਜਿਸ ਦਾ ਭਾਰ 11 ਟਨ ਸੀ । ਟਾਰਨੈਡੋ ਉਸ ਵੇਲੇ ਤਬਾਹੀ ਅਰੰਭ ਕਰਦਾ ਹੈ , ਜਦੋਂ ਇਸ ਦਾ ਹੇਠਲਾ ਸਿਰਾ ਧਰਤੀ ਦੀ ਸਤ੍ਹਾ ਨਾਲ ਛੂਹਣ ਲੱਗ ਪੈਂਦਾ ਹੈ । ਇੱਕ ਵਾਰੀ ਸੰਨ 1984 ਵਿੱਚ ਯੂ.ਐੱਸ.ਏ. ਦੇ ਦੱਖਣ-ਪੂਰਬੀ ਭਾਗ ਉੱਤੇ 60 ਟਾਰਨੈਡੋ ਲਗਾਤਾਰ ਆਏ ਸਨ । ਇਸ ਦੇ ਕਾਰਨ ਲਗਪਗ 800 ਮਨੁੱਖ ਮਾਰੇ ਗਏ , 2 , 500 ਮਨੁੱਖ ਜ਼ਖ਼ਮੀ ਹੋ ਗਏ ਅਤੇ 10 , 000 ਇਮਾਰਤਾਂ ਨਸ਼ਟ ਹੋ ਗਈਆਂ । ਇਸ ਨਾਲ 30 ਤੋਂ 40 ਲੱਖ ਡਾਲਰਾਂ ਦਾ ਨੁਕਸਾਨ ਹੋਇਆ ਸੀ ਅਤੇ ਦਸ ਤੋਂ ਵੀਹ ਹਜ਼ਾਰ ਲੋਕ ਬੇਘਰ ਹੋ ਗਏ ਸਨ ।


ਲੇਖਕ : ਆਰ.ਐੱਨ. ਤਿੱਖਾ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ , ਹੁਣ ਤੱਕ ਵੇਖਿਆ ਗਿਆ : 9, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2019-03-28-10-19-57, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.