ਟੀਕਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਟੀਕਾ [ ਨਾਂਪੁ ] ਸੂਆ , ਇੰਜੈੱਕਸ਼ਨ; ਮਾਤਾ ਜਾਂ ਪਲੇਗ ਆਦਿ ਦਾ ਲੋਦਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2761, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਟੀਕਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਟੀਕਾ . ਸੰਗ੍ਯਾ— ਇਸਤ੍ਰੀਆਂ ਦੇ ਮੱਥੇ ਦਾ ਗਹਿਣਾ. ਟੀਕਤ । ੨ ਤਿਲਕ. ਟਿੱਕਾ. “ ਪੁਨ ਟੀਕਾ ਕੋ ਪੂਤ ਹਕਾਰਾ.” ( ਚਰਿਤ੍ਰ ੨੫੯ ) ਰਾਜਤਿਲਕ ਲਈ ਪੁਤ੍ਰ ਬੁਲਾਇਆ । ੩ ਯੁਵਰਾਜ. ਵਲੀਅ਼ਹਿਦ. ਰਾਜਤਿਲਕ ਦਾ ਅਧਿਕਾਰੀ । ੪ ਗ੍ਰੰਥ ਦੀ ਵ੍ਯਾਖ੍ਯਾ. ਸ਼ਰਹ਼. “ ਮੁਖ ਤੇ ਪੜਤਾ ਟੀਕਾ ਸਹਿਤ.” ( ਰਾਮ ਮ : ੫ ) ਦੇਖੋ , ਟੀਕੑ ਧਾ । ੫ ਸਗਾਈ ਦੀ ਰਸਮ ਵੇਲੇ ਮੱਥੇ ਕੀਤਾ ਤਿਲਕ , ਅਤੇ ਉਸ ਸੰਬੰਧੀ ਰਸਮ. “ ਜੋ ਰਾਵਰ ਕੋ ਨੰਦਨ ਨੀਕਾ । ਤਿਸ ਉਮੈਦ ਹੈ ਆਵਨ ਟੀਕਾ.” ( ਗੁਪ੍ਰਸੂ ) ੬ ਵਿ— ਸ਼ਿਰੋਮਣਿ. ਮੁਖੀਆ. “ ਸਰਨ ਪਾਲਨ ਟੀਕਾ.” ( ਗੂਜ ਅ : ਮ : ੫ ) ਸ਼ਰਣਾਗਤਾਂ ਦੀ ਪਾਲਨਾ ਕਰਨ ਵਾਲਿਆਂ ਵਿੱਚੋਂ ਮੁਖੀਆ । ੭ ਸ਼ੀਤਲਾ ਆਦਿ ਰੋਗਾਂ ਤੋਂ ਰਖ੍ਯਾ ਲਈ ਉਨ੍ਹਾਂ ਦੇ ਚੇਪ ਤੋਂ ਕੀਤਾ ਲੋਦਾ. Vaccination.1  ਦੇਖੋ , ਸੀਤਲਾ ੩.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2593, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਟੀਕਾ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਟੀਕਾ : ਸੂਤ੍ਰਿਕ ਜਾਂ ਕਲਿਸ਼ਟ ਰਚਨਾਵਾਂ ਨੂੰ ਸਰਲ ਅਤੇ ਸੰਖੇਪ ਰੂਪ ਵਿਚ ਅਰਥ ਕਰਨ ਵਾਲੀ ਵਿਧਾ ਨੂੰ ‘ ਟੀਕਾ’ ਕਿਹਾ ਜਾਂਦਾ ਹੈ । ਵਿਸਤਾਰ ਲਈ ਵੇਖੋ ‘ ਟੀਕਾਕਾਰੀ— ਸਰੂਪ ਅਤੇ ਪਰੰਪਰਾ ’ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2565, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਟੀਕਾ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਟੀਕਾ ( ਸੰ. । ਸੰਸਕ੍ਰਿਤ ਟੀਕਾ । ਧਾਤੂ , ਟੀਕ = ਚਲਨਾ ) ਜਿਸ ਤੋਂ ਮੂਲ ਦਾ ਭਾਵ ਤੁਰ ਪਵੇ । ਅਰਥਾਂ ਦਾ ਨਿਰਣਾ ਕਰਨਾ , ਅਰਥ ਭਾਵ । ਯਥਾ-‘ ਮੁਖ ਤੇ ਪੜਤਾ ਟੀਕਾ ਸਹਿਤ’ । ਮੂੰਹੋਂ ( ਗ੍ਰੰਥਾਂ ) ਨੂੰ ਟੀਕਾ ਸੰਜੁਗਤ ਪੜ੍ਹਦਾ ਹੈ ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 2565, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਟੀਕਾ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਟੀਕਾ : ‘ ਟੀਕਾ’ ਸਾਹਿੱਤ ਦਾ ਇਕ ਅਜਿਹਾ ਰੂਪ ਹੈ ਜਿਸ ਵਿਚ ਕਿਸੇ ਸ਼ਾਸਤ੍ਰੀਯ , ਜਟਿਲ ਸੂਤ੍ਰਿਕ , ਸੂਖਮ ਭਾਵੀ , ਰਹੱਸਮਈ ਤੇ ਉਤਕ੍ਰਿਸ਼ਟ ਰਚਨਾ ਦੇ ਅਰਥ– ਬੋਧ ਨੂੰ ਜਾਣੂੰ ਕਰਵਾਇਆ ਜਾਂਦਾ ਹੈ । ਇਹ ਰਚਨਾ ਵਾਰਤਕ ਤੇ ਕਵਿਤਾ ਦੋਹਾਂ ਵਿਚ ਹੋ ਸਕਦੀ ਹੈ , ਭਾਵੇਂ ਆਮ ਤੌਰ ਤੇ ਇਹ ਵਾਰਤਕ ਵਿਚ ਹੀ ਹੁੰਦੀ ਹੈ । ਰਚਨਾ ਦੇ ਅਰਥ– ਸੰਚਾਰ ਲਈ ਭਾਰਤੀ ਸਾਹਿੱਤ ਵਿਚ ਕਈ ਵਿਧੀਆਂ ਹਨ ਜਿਵੇਂ ਟੀਕਾ , ਵਿਆਖਿਆ , ਭਾਸ਼ਾ , ਪਰਮਾਰਥ , ਆਦਿ ।

                  ‘ ਟੀਕਾ’ ਸ਼ਬਦ ਦੀ ਵਿਉਤਪੱਤੀ ਸੰਸਕ੍ਰਿਤ ਭਾਸ਼ਾ ਦੀ ‘ ਟੀਕੑ’ ਧਾਤੂ ਤੋਂ ਹੋਈ ਹੈ ਅਤੇ ਇਸ ਦੇ ਅਰਥ ਹਨ– – ਕਿਸੇ ਵਸਤੂ ਜਾਂ ਤੱਥ ਦਾ ਬੋਧ ਅਥਵਾ ਪ੍ਰਕਾਸ਼ਣ ਕਰਵਾਉਣ ਵਾਲਾ ਵਾਕ ਸਾਧਨ– ‘ ਟੀਕੑਯਤੇ ਗਮੑਯਤੇ ਬੁਧੑਯਤੇ ਵਾ ਅਨਯਾ’ । ਪੰਡਿਤ ਤਾਰਾ ਸਿੰਘ ਨਰੋਤਮ ਟੀਕੇ ਦੀ ਪਰਿਭਾਸ਼ਾ ਇਸ ਪ੍ਰਕਾਰ ਲਿਖਦੇ ਹਨ– – “ ਗ੍ਰੰਥਕਾਰ ਦਾ ਪਰਮ ਹਾਰਦ ਭਾਵ ਉਸ ਗ੍ਰੰਥਕਾਰ ਦੇ ਸਿਧਾਂਤ ਮੇਂ ਫਰਕ ਨਾ ਆਵੇ ਤਬ ਟੀਕਾ ਸਮਯਕ ਹੈ , ਟੀਕਾ ਨਾਮ ਏਕ ਪਦ ਕਾ ਦੂਸਰੇ ਪਦੋਂ ਸੇ ਅਰਬ ਔ ਤਾਤਪਰਯਾਰਥ ਕਾਥਨ ਕੀ ਹੈ । ਸੋ ਦੋ ਪ੍ਰਕਾਰ ਦੀ ਹੋਵੇ । ਏਕ ਪਿੰਜਕਾ , ਏਕ ਅਪਿੰਜਕਾ । ਗ੍ਰੰਥ ਦੇ ਸਰਬ ਪਦੋਂ ਦੀ ਬਯਾਖਯਾ ਦੋ ਪਿੰਜਰ ਕਹੇ ਹੈ । ਕਹੀਂ ਕਹੀਂ ਬਯਾਖਯਾ ਕੋ ਅਪਿੰਜਕਾ ਕਹੇ ਹੈ । ”

          ਕਿਸੇ ਰਚਨਾ ਦਾ ਟੀਕਾ ਕਰਨ ਸਮੇਂ ਟੀਕਾਕਾਰ ਰਚਨਾ ਦੀ ਭਾਸ਼ਾ ਤੇ ਵਿਆਕਰਣ– ਸੰਜਮ ਅਨੁਸਾਰ ਅਰਥ ਕਰਦਾ ਹੈ । ‘ ਵਿਆਖਿਆ’ ਕਰਨ ਦੀ ਵਿਧੀ ਟੀਕਾ ਤੋਂ ਵੱਖਰੀ ਹੈ । ਇਸ ਵਿਚ ਵਿਚਾਰ ਨੂੰ ਸਮਝਾਉਣ , ਪਾਠ ਦੇ ਸ਼ਬਦਾਂ ਤੋਂ ਵੱਧ ਵਿਸਤਾਰ ਵਿਚ ਜਾਇਆ ਜਾਂਦਾ ਹੈ । ‘ ਭਾਸ਼ਾ’ ਵਿਚ ਰਚਨਾ ਵਿਚ ਲੁੱਕੇ ਹੋਏ ਵਿਚਾਰਾਂ ਦੀ ਭਾਸ਼ਕਾਰ ਆਪਣੇ ਦ੍ਰਿਸ਼ਟੀਕੋਣ ਅਨੁਸਾਰ ਨਵੀਂ ਵਿਆਖਿਆ ਕਰਦਾ ਸੀ । ‘ ਗੀਤਾ’ ਉੱਤੇ ਬਹੁਤ ਸਾਰੇ ਭਾਸ਼ ਲਿਖੇ ਗਏ ਹਨ । ਇਕੋ ਰਚਨਾ ਦੇ ਵੱਖਰੇ ਵੱਖਰੇ ਭਾਸ਼ ਪਾਠਕ ਨੂੰ ਵੱਖਰੇ ਵੱਖਰੇ ਵਿਚਾਰ ਤੇ ਭਾਵ ਲੋਕ ਵਿਚ ਲੈ ਜਾਂਦੇ ਹਨ । ਪਰਮਾਰਥ ਵਿਚ ਮੂਲ– ਰਚਨਾ ਵਿਚ ਅਧਿਆਤਮਿਕ ਤੱਥਾਂ ਦੇ ਵਿਸ਼ੇਸ਼ ਫਲ ਦਾ ਵਿਸ਼ਲੇਸ਼ਣ ਕੀਤਾ ਜਾਂਦਾ ਹੈ ।

                  ਟੀਕਾ ਅਤੇ ਅਨੁਵਾਦ ਵਿਚ ਅੰਤਰ ਹੈ । ਟੀਕਾ ਮੂਲ ਰਚਨਾ ਦੀ ਸਮਾਨ ਭਾਸ਼ਾ ਜਾਂ ਕਿਸੇ ਹੋਰ ਭਾਸ਼ਾ ਵਿਚ ਵੀ ਹੋ ਸਕਦਾ ਹੈ , ਜਦ ਕਿ ਅਨੁਵਾਦ ਲਈ ਪਾਠ ਦੀ ਮੂਲ ਭਾਸ਼ਾ ਤੋਂ ਬਿਨਾ ਕਿਸੇ ਹੋਰ ਭਾਸ਼ਾ ਵਿਚ ਹੋਣਾ ਲਾਜ਼ਮੀ ਹੈ ।

                  ਟੀਕਾਕਾਰੀ ਭਾਰਤੀ ਸਾਹਿੱਤ ਖੇਤਰ ਵਿਚ ਬੁਹਤ ਪੁਰਾਤਨ ਤੇ ਮਹੱਤਵਪੂਰਣ ਸਾਹਿਤਿਕ ਪਰੰਪਰਾ ਹੈ । ਸੰਸਕ੍ਰਿਤ , ਬ੍ਰਜ ਭਾਸ਼ਾ , ਦੀਆਂ ਗੂੜ੍ਹ ਰਚਨਾਵਾਂ ਦੇ ਟੀਕੇ ਕਰਨ ਦੀ ਪਰੰਪਰਾ ਮੌਜੂਦ ਹੈ । ਟੀਕਾ ਸਾਧਾਰਣ ਵਾਰਤਕ ਵਿਚ ਵੀ ਹੁੰਦਾ ਹੈ ਅਤੇ ਸ਼ਾਸਤ੍ਰੀ– ਸ਼ੈਲੀ ਵਿਚ ਵੀ । ਸ਼ਾਸਤ੍ਰੀ ਸ਼ੈਲੀ ਵਿਚ ਸੁਆਮੀ ਆਨੰਦ ਘਨ ਦਾ ਕੀਤਾ ‘ ਜਪੁਜੀ’ ਦਾ ਟੀਕਾ ਹੈ । ‘ ਟੀਕਾ’ ਵਿਚ ਮੂਲ ਰਚਨਾ ਦੇ ਕੇਵਲ ਔਖੇ ਸ਼ਬਦਾਂ ਦੇ ਅਰਥ ਹੀ ਨਹੀਂ ਸਗੋਂ ਨਿਰੰਤਰ ਵਿਆਖਿਆ ਹੁੰਦੀ ਹੈ । ਸੰਸਕ੍ਰਿਤ ਦੇ ਟੀਕਾ ਸਾਹਿੱਤ ਵਿਚ ਮੌਲਿਕਤਾ ਦਾ ਪ੍ਰਭਾਵ ਵੀ ਦਿਖਾਈ ਦਿੰਦੀ ਹੈ ।

                  ਟੀਕਾਕਾਰੀ ਬੜਾ ਜਟਿਲ , ਅਕਾਊ , ਅਤਿ ਕਠੋਰ ਪਰ ਵਿਦਵੱਤਾ– ਭਰਪੂਰ ਕਾਰਜ ਹੈ , ਕਿਉਂਕਿ ਟੀਕਾਕਾਰ ਨੂੰ ਮੂਲ ਲੇਖਕ ਦੇ ਮੂਲ ਸ਼ਬਦ ਦੇ ਸਹੀ ਮਰਮ ਨੂੰ ਸਮਝਣਾ ਪੈਂਦਾ ਹੈ । ਸ਼ਬਦ ਦੇ ਅਨੇਕ ਅਰਥ ਤੇ ਸ਼ਕਤੀਆਂ ਹੁੰਦੀਆਂ ਹਨ । ਟੀਕਾਕਾਰ ਨੂੰ ਇਨ੍ਹਾਂ ਅਰਥਾਂ ਅਤੇ ਸ਼ਕਤੀਆਂ ਦੀ ਸੂਝ ਹੋਣੀ ਆਵੱਸ਼ਕ ਹੈ । ਵਿਸ਼ੇ ਦੀ ਗੰਭੀਰ ਅਧਿਐਨ ਭਾਸ਼ਾ ਦੀ ਪਕੜ , ਵਿਆਕਰਣ ਉੱਤੇ ਪੂਰਣ– ਅਧਿਆਕਰ , ਪਿੰਗਲ ਦਾ ਗਿਆਨ , ਮੂਲ ਲੇਖਕ ਦੀਆਂ ਬਾਕੀ ਸਾਹਿਤਿਕ ਕ੍ਰਿਤੀਆਂ ਦਾ ਅਧਿਐਨ ਅਤੇ ਮੂਲ ਲੇਖਕ ਦੇ ਸਮੇਂ ਦੀ ਸੰਸਕ੍ਰਿਤ ਚਿੱਤ– ਵ੍ਰਿਤੀ ( ਸਾਈਕੀ ) ਦਾ ਵੀ ਗਿਆਨ ਹੋਣਾ ਚਾਹੀਦਾ ਹੈ । ਉਸ ਨੂੰ ਪੂਰਵ ਨਿਸ਼ਚਿਤ ਧਾਰਣਾਵਾਂ ਅਨੁਸਾਰ ਅਰਥ ਦਾ ਅਨਰਥ ਨਹੀਂ ਕਰਨਾ ਚਾਹੀਦਾ । ਸਾਹਿਤਿਕ ਈਮਾਨਦਾਰੀ ਚੰਗੇ ਟੀਕਾਕਾਰ ਬਣਨ ਲਈ ਜ਼ਰੂਰੀ ਹੈ ।

                  ਇਸ ਰਚਨਾ ਦੇ ਇਕ ਤੋਂ ਵਧੇਰੇ ਟੀਕੇ ਹੋ ਸਕਦੇ ਹਨ । ਗੁਰੂ ਨਾਨਕ ਰਚਿਤ ‘ ਜਪੁਜੀ’ ਦੇ ਡੇਢ ਸੌ ਤੋਂ ਵੱਧ ਟੀਕੇ ਵੱਖ ਵੱਖ ਵਿਦਵਾਨਾਂ ਨੇ ਕੀਤੇ ਹਨ ।

                  ਪੰਜਾਬੀ ਵਿਚ ਟੀਕਾ– ਪਰੰਪਰਾ ਬਹੁਤ ਪੁਰਾਣੀ ਹੈ । ਪੰਜਾਬੀ ਵਿਚ ਸਭ ਤੋਂ ਪਹਿਲੇ ‘ ਜਪੁਜੀ’ ਦੇ ਟੀਕੇ ਕੀਤੇ ਗਏ । ‘ ਜਪੁਜੀ’ ਦਾ ਸਭ ਤੋਂ ਪੁਰਾਣਾ ਟੀਕਾ ਸੋਢੀ ਮਿਹਰਬਾਨ ਦਾ ਕੀਤਾ ਮਿਲਦਾਦ ਹੈ । ਭਾਈ ਗੁਰਦਾਸ ਨੇ ਗੁਰਬਾਣੀ ਦੇ ਕਈ ਸ਼ਬਦਾਂ ਦੀ ਜੋ ਕਾਵਿ– ਵਿਆਖਿਆ ਕੀਤੀ ਹੈ , ਉਹ ‘ ਟੀਕਾਕਾਰੀ’ ਦੇ ਖੇਤਰ ਵਿਚ ਨਹੀਂ ਆਉਂਦੀ । ਪੰਜਾਬੀ ਟੀਕਾਕਾਰੀ ਟੀਕਾ , ਵਿਆਖਿਆ , ਭਾਸ਼ਾ ਤੇ ਪਰਮਾਰਥ ਦਾ ਮਿਲਿਆ ਜੁਲਿਆ ਰੂਪ ਹੈ । ਪੰਜਾਬੀ ਵਿਚ ਟੀਕੇ ਲਿਖਣ ਦੀ ਪ੍ਰੇਰਣ ਗੁਰਬਾਣੀ ਦਾ ਆਮ ਪਾਠਕ ਨੂੰ ਬੋਧ ਕਰਵਾਉਣ ਦੀ ਬਿਰਤੀ ਵਿਚੋਂ ਪੈਦਾ ਹੋਈ । ਇਸ ਲਈ ਵਧੇਰੇ ਟੀਕੇ ਗੁਰਬਾਣੀ ਦੀਆਂ ਰਚਨਾਵਾਂ ਦੇ ਹੋਏ ਹਨ ।

                  ਹਰ ਇਕ ਸੰਪ੍ਰਦਾਇਕ ਸ਼ਾਖਾ ਦੇ ਵਿਦਵਾਨ ਅਤੇ ਸੰਪ੍ਰਦਾਇਕ ਮੱਤ ਅਨੁਸਾਰ ਰਚਨਾ ਦੇ ਟੀਕੇ ਕਰਦੇ ਸਨ ਜਿਵੇਂ ਗਿਆਨੀ , ਉਦਾਸੀ , ਨਿਰਮਲੇ , ਸੇਵਾ– ਪੰਥੀ ਵਿਦਵਾਨਾਂ ਨੇ ਇਕੋ ਰਚਨਾ ਦੇ ਟੀਕੇ ਆਪਣੇ ਆਪਣੇ ਢੰਗ ਅਤੇ ਦ੍ਰਿਸ਼ਟੀਕੋਣ ਅਨੁਸਾਰ ਕੀਤੇ ਹਨ ।

                  [ ਸਹਾ. ਗ੍ਰੰਥ– – ਰਤਨ ਸਿੰਘ ਜੱਗੀ ਡਾ. : ‘ ਗੁਰਬਾਣੀ ਟੀਕੇ ਆਨੰਦਘਨ’ ; ਮ. ਕੋ.; ਹਿ. ਸ. ਕੋ. ( 1 ) ; ਪੰ.               ਤਾਰਾ ਸਿੰਘ ਨਰੋਤਮ : ‘ ਗੁਰਮਤਿ ਨਿਰਣਯ ਸਾਗਰ’ ]                                                                                          


ਲੇਖਕ : ਡਾ. ਅਜਮੇਰ ਸਿੰਘ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 1315, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.