ਡੈੱਲਟਾ ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ

ਡੈੱਲਟਾ :   ਡੈੱਲਟਾ ਦਰਿਆ ਦੀ ਨਿਖੇਪਣ ( ਮਲ੍ਹਬੇ ਜਾਂ ਗਾਦ ਦਾ ਜਮ੍ਹਾਂ ਹੋਣਾ ) ਕਿਰਿਆ ਦੁਆਰਾ ਹੋਂਦ ਵਿੱਚ ਆਇਆ ਇੱਕ ਅਜਿਹਾ ਪ੍ਰਾਕ੍ਰਿਤਿਕ ਥਲ ਰੂਪ ਹੈ , ਜੋ ਦਰਿਆ ਪਹਾੜਾਂ ਤੋਂ ਲੈ ਕੇ ਸਮੁੰਦਰ ਤੱਕ ਦੇ ਸਫ਼ਰ ਦੌਰਾਨ ਆਪਣੇ ਆਖਰੀ ਪੜਾਅ , ਅਰਥਾਤ ਸਮੁੰਦਰ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਬਣਾਉਂਦਾ ਹੈ । ਜਦੋਂ ਦਰਿਆ ਪਹਾੜੀ ਅਤੇ ਮੈਦਾਨੀ ਸਫ਼ਰ ਤੈਅ ਕਰਕੇ ਸਮੁੰਦਰ ਵਿੱਚ ਡਿੱਗਦਾ ਹੈ ਤਾਂ ਇਸ ਦੁਆਰਾ ਲਿਆਂਦਾ ਹੋਇਆ ਮਲ੍ਹਬਾ ਕਈ ਵਾਰੀ ਦਰਿਆ ਦੇ ਮੁਹਾਣੇ ਉੱਤੇ ਇਕੱਠਾ ਹੋ ਜਾਂਦਾ ਹੈ ਜਿੱਥੇ ਇਹ ਨੀਵੇਂ ਜਿਹੇ ਦਲਦਲੀ ਮੈਦਾਨ ਦਾ ਨਿਰਮਾਣ ਕਰ ਦਿੰਦਾ ਹੈ । ਇਸ ਨਵੇਂ ਬਣੇ ਮੈਦਾਨੀ ਭਾਗ ਉੱਤੇ ਦਰਿਆ ਕਈ ਉਪ-ਸ਼ਾਖਾਵਾਂ ( distributaries ) ਵਿੱਚ ਵੀ ਵੰਡਿਆ ਜਾਂਦਾ ਹੈ । ਦਰਿਆ ਦੀਆਂ ਇਹਨਾਂ ਛੋਟੀਆਂ-ਛੋਟੀਆਂ ਉਪ-ਸ਼ਾਖਾਵਾਂ ਦੇ ਹੇਠ ਜੋ ਤਿਕੋਣੀ ਸ਼ਕਲ ਦਾ ਮੈਦਾਨ ਬਣ ਜਾਂਦਾ ਹੈ , ਉਸ ਨੂੰ ਡੈੱਲਟਾ ਆਖਦੇ ਹਨ । ਇਸ ਤਰ੍ਹਾਂ , ਡੈੱਲਟਾ ਦਰਿਆ ਦੇ ਅੰਤਲੇ ਪੜਾਅ ਵਿੱਚ ਬਣਿਆ ਉਹ ਸਮਤਲ ਮੈਦਾਨ ਹੈ ਜਿਸ ਦਾ ਨਿਰਮਾਣ ਸਮੁੰਦਰ ਵਿੱਚ ਹੁੰਦਾ ਹੈ । ਇਸ ਦੀ ਸ਼ਕਲ ਯੂਨਾਨੀ ( greek ) ਭਾਸ਼ਾ ਦੀ ਵਰਣਮਾਲਾ ਦੇ ਚੌਥੇ ਅੱਖਰ ( ਡੈੱਲਟਾ ) ਨਾਲ ਮਿਲਦੀ-ਜੁਲਦੀ ਹੈ , ਜਿਸ ਕਰਕੇ ਇਸ ਦਾ ਇਹ ਨਾਂ ਰੱਖਿਆ ਗਿਆ ਹੈ ।

ਡੈੱਲਟਾ ਬਣਨ ਲਈ ਯੋਗ ਹਾਲਤਾਂ : ਸਾਰੇ ਦਰਿਆ ਡੈੱਲਟਾ ਨਹੀਂ ਬਣਾਉਂਦੇ , ਕਿਉਂਕਿ ਇਸ ਦੇ ਨਿਰਮਾਣ ਲਈ ਕੁਝ ਵਿਸ਼ੇਸ਼ ਹੇਠ ਲਿਖੀਆਂ ਹਾਲਤਾਂ ਦਾ ਹੋਣਾ ਜ਼ਰੂਰੀ ਹੈ :

1.             ਦਰਿਆ ਦਾ ਜਨਮ ਪਹਾੜੀ ਖੇਤਰ ਵਿੱਚ ਹੋਣਾ ਚਾਹੀਦਾ ਹੈ ਅਤੇ ਮਾਰਗ ਵਿੱਚ ਅਨੇਕਾਂ ਹੀ ਉਪ-ਸ਼ਾਖਾਵਾਂ ਇਸ ਵਿੱਚ ਮਿਲਦੀਆਂ ਹੋਣੀਆਂ ਚਾਹੀਦੀਆਂ ਹਨ ਤਾਂ ਜੋ ਦਰਿਆ ਬਹੁਤ ਵੱਡੇ ਖੇਤਰ ਤੋਂ ਕਾਫ਼ੀ ਮਾਤਰਾ ਵਿੱਚ ਮਲ੍ਹਬਾ ਖੁਰਚ ਕੇ ਲਿਆ ਸਕਦਾ ਹੋਵੇ ।

2.           ਦਰਿਆ ਅਤੇ ਸਮੁੰਦਰ , ਜਿੱਥੇ ਮਿਲਦੇ ਹੋਣ , ਜੇਕਰ ਉਸ ਸਥਾਨ ਉੱਤੇ ਜਵਾਰ-ਭਾਟਾ ਨਾ ਆਉਂਦਾ ਹੋਵੇ ਅਤੇ ਸਮੁੰਦਰੀ ਰੋਆਂ ਵੀ ਨਾ ਹੋਣ ਤਾਂ ਡੈੱਲਟਾ ਬਣਨ ਲਈ ਯੋਗ ਹਾਲਤਾਂ ਬਣ ਜਾਂਦੀਆਂ ਹਨ ਕਿਉਂਕਿ ਜਵਾਰ-ਭਾਟੇ ਅਤੇ ਸਮੁੰਦਰੀ ਰੋਆਂ ਨਾਲ ਮਲ੍ਹਬਾ ਸਮੁੰਦਰ ਵਿੱਚ ਰੁੜ੍ਹ ਜਾਂਦਾ ਹੈ ।

3.           ਦਰਿਆ ਦੇ ਪਹਾੜ ਤੋਂ ਲੈ ਕੇ ਸਮੁੰਦਰ ਤੱਕ ਦੇ ਸਫ਼ਰ ਵਿੱਚ ਕੋਈ ਝੀਲ ਨਹੀਂ ਹੋਣੀ ਚਾਹੀਦੀ । ਜੇਕਰ ਦਰਿਆ ਦੇ ਰਸਤੇ ਵਿੱਚ ਕੋਈ ਝੀਲ ਆ ਜਾਵੇ ਤਾਂ ਮਲ੍ਹਬਾ ਝੀਲ ਵਿੱਚ ਬੈਠ ਜਾਂਦਾ ਹੈ ਅਤੇ ਡੈੱਲਟੇ ਦੀ ਹੋਂਦ ਲਈ ਦਰਿਆ ਕੋਲ ਮਲ੍ਹਬਾ ਨਹੀਂ ਬਚਦਾ ।

4.           ਦਰਿਆ ਦਾ ਮੈਦਾਨੀ ਸਫ਼ਰ ਜਿੰਨਾ ਸਮਤਲ ਅਤੇ ਲੰਬਾ ਹੁੰਦਾ ਹੈ , ਓਨਾ ਹੀ ਡੈੱਲਟੇ ਲਈ ਲਾਹੇਵੰਦ ਹੁੰਦਾ ਹੈ , ਕਿਉਂਕਿ ਲੰਮੇ ਸਮਤਲ ਮੈਦਾਨੀ ਭਾਗ ਵਿੱਚ ਦਰਿਆ ਦੀ ਰਫ਼ਤਾਰ ਬਹੁਤ ਜ਼ਿਆਦਾ ਘੱਟ ਜਾਂਦੀ ਹੈ । ਇਸ ਨਾਲ ਦਰਿਆ ਦੇ ਮੁਹਾਣੇ ਉੱਤੇ ਮਲ੍ਹਬਾ ਵੀ ਵਧੇਰੇ ਮਾਤਰਾ ਵਿੱਚ ਜਮ੍ਹਾਂ ਹੋ ਜਾਂਦਾ ਹੈ । ਕਿਉਂਕਿ ਦਰਿਆ ਵਿੱਚ ਮਲ੍ਹਬੇ ਨੂੰ ਅੱਗੇ ਡੂੰਘੇ ਸਮੁੰਦਰ ਵਿੱਚ ਲੈ ਜਾਣ ਦੀ ਸ਼ਕਤੀ ਨਹੀਂ ਰਹਿੰਦੀ । ਜਦੋਂ ਦਰਿਆ ਕਈ ਉਪ-ਸ਼ਾਖਾਵਾਂ ਵਿੱਚ ਵੰਡਿਆ ਜਾਂਦਾ ਹੈ ਤਾਂ ਇਹ ਸ਼ਕਤੀ ਹੋਰ ਵੀ ਘੱਟ ਜਾਂਦੀ ਹੈ ।

ਡੈੱਲਟੇ ਦੀਆਂ ਕਿਸਮਾਂ : ਆਮ ਤੌਰ ’ ਤੇ ਡੈੱਲਟਾ ਤਿਕੋਣੀ ਸ਼ਕਲ ਦਾ ਹੁੰਦਾ ਹੈ , ਪਰੰਤੂ ਫਿਰ ਵੀ ਕੁਝ ਸਥਾਨਿਕ ਕਾਰਨਾਂ , ਜਿਵੇਂ ਕਿ ਸਮੁੰਦਰੀ ਤੱਟ ਦੀ ਰੂਪ-ਰੇਖਾ ਅਤੇ ਸਮੁੰਦਰੀ ਲਹਿਰਾਂ ਦੀ ਕਿਰਿਆ ਆਦਿ ਕਰਕੇ ਇਹਨਾਂ ਦੀ ਸ਼ਕਲ ਕਿਸੇ ਹੋਰ ਅਕਾਰ ਵਿੱਚ ਵੀ ਹੋ ਸਕਦੀ ਹੈ । ਡੈੱਲਟਿਆਂ ਨੂੰ ਉਹਨਾਂ ਦੀ ਸ਼ਕਲ ਦੇ ਆਧਾਰ ਉੱਤੇ ਹੇਠ ਲਿਖੀਆਂ ਕਿਸਮਾਂ ਵਿੱਚ ਵੰਡਿਆ ਜਾ ਸਕਦਾ ਹੈ :

1. ਚਾਪ-ਅਕਾਰੀ ਡੈੱਲਟਾ ( arcuate delta ) ;

2. ਪੰਛੀ ਪੰਜਾ ਅਕਾਰੀ ਡੈੱਲਟਾ ( bird' s foot delta ) ;

3. ਜਵਾਲਾ-ਮੁਖੀ ਡੈੱਲਟਾ ( estuarine delta ) ; ਅਤੇ

4. ਝੀਲੀ ਡੈੱਲਟਾ ( lacustrine delta ) ।

1. ਚਾਪ-ਅਕਾਰੀ ਡੈੱਲਟਾ ( arcuate delta ) ਇਸ ਨੂੰ ਨਿਯਮਬੱਧ ( regular delta ) ਜਾਂ ਸਥਾਈ ਡੈੱਲਟਾ ਵੀ ਕਿਹਾ ਜਾਂਦਾ ਹੈ । ਅਜਿਹਾ ਡੈੱਲਟਾ ਚਾਪ ਅਤੇ ਪੱਖੇ ਦੇ ਅਕਾਰ ਵਿੱਚ ਫੈਲਿਆ ਨਜ਼ਰ ਆਉਂਦਾ ਹੈ । ਇਸ ਵਿੱਚ ਉਪ-ਸ਼ਾਖਾਵਾਂ ਦੀ ਗਿਣਤੀ ਜ਼ਿਆਦਾ ਹੁੰਦੀ ਹੈ । ਦਰਿਆ ਦੇ ਆਖ਼ਰੀ ਪੜਾਅ ਵਿੱਚ ਢਲਾਣ ਘੱਟ ਹੋਣ ਕਰਕੇ ਦਰਿਆ ਦੀ ਰਫ਼ਤਾਰ ਵੀ ਬਹੁਤ ਘੱਟ ਹੁੰਦੀ ਹੈ । ਦਰਿਆ ਦੀ ਖੁਰਚਣ ਸ਼ਕਤੀ ਵੀ ਖ਼ਤਮ ਹੋ ਚੁੱਕੀ ਹੁੰਦੀ ਹੈ ਅਤੇ ਦਰਿਆ ਵਿਚਲੀ ਮੋਟੀ ਰੇਤ ਅਤੇ ਗਾਦ ਮੁਹਾਣੇ ਉੱਤੇ ਜਮ੍ਹਾਂ ਹੋਣ ਲੱਗ ਜਾਂਦੀ ਹੈ । ਦਰਿਆ ਕਈ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ । ਡੈੱਲਟਾ ਤਿਕੋਣੇ ਅਕਾਰ ਦਾ ਹੁੰਦਾ ਹੈ । ਭਾਰਤ ਵਿੱਚ ਗੰਗਾ ਦਾ ਡੈੱਲਟਾ , ਚੀਨ ਵਿੱਚ ਹਵਾਂਗ ਹੋ ਦਾ ਡੈੱਲਟਾ , ਮਿਸਰ ਵਿੱਚ ਨੀਲ ਦਾ ਡੈੱਲਟਾ , ਇਟਲੀ ਵਿੱਚ ਪੋ ਦਾ ਡੈੱਲਟਾ ਅਜਿਹੇ ਡੈੱਲਟੇ ਦੀਆਂ ਮੁੱਖ ਉਦਾਹਰਨਾਂ ਹਨ ।

2. ਪੰਛੀ ਪੰਜਾ ਅਕਾਰੀ ਡੈੱਲਟਾ ( bird' s foot delta ) :   ਇਸ ਨੂੰ ਅਨਿਯਮਿਤ ( iregular delta ) ਡੈੱਲਟਾ ਵੀ ਕਿਹਾ ਜਾਂਦਾ ਹੈ । ਇਸ ਤਰ੍ਹਾਂ ਦੇ ਬਣੇ ਡੈੱਲਟੇ ਵਿੱਚ ਮਿੱਟੀ ਦੇ ਕਣ ਬਹੁਤ ਹੀ ਮਹੀਨ ਜਾਂ ਸੂਖ਼ਮ ਹੁੰਦੇ ਹਨ । ਦਰਿਆ ਮਾਰਗ ਕੁਝ ਕੁ ਉਪ-ਸ਼ਾਖਾਵਾਂ ਵਿੱਚ ਵੰਡਿਆ ਹੁੰਦਾ ਹੈ । ਸੰਯੁਕਤ ਰਾਜ ਅਮਰੀਕਾ ਦੇ ਮਿਸੀਸਿੱਪੀ ਦਰਿਆ ਦਾ ਡੈੱਲਟਾ ਇਸ ਕਿਸਮ ਦਾ ਹੈ । ਇਸ ਤਰ੍ਹਾਂ ਦੇ ਡੈੱਲਟੇ ਵਿੱਚ ਮੁੱਖ ਦਰਿਆ ਅਤੇ ਇਸ ਦੀਆਂ ਕੁਝ ਕੁ ਸ਼ਾਖਾਵਾਂ ਕੁਦਰਤੀ ਬੰਨ੍ਹਾਂ ( natural levees ) ਦੇ ਵਿਚਕਾਰ ਜਿਹੇ ਵਗ ਰਹੀਆਂ ਹੁੰਦੀਆਂ ਹਨ ਅਤੇ ਇਹਨਾਂ ਦੀ ਸ਼ਕਲ ਚਿੜੀ ਦੇ ਪੰਜੇ ਵਾਂਗ ਜਾਪਦੀ ਹੈ ।

3. ਜਵਾਰ-ਮੁਖੀ ਡੈੱਲਟਾ ( estuarine delta ) :   ਕਈ ਵਾਰ ਦਰਿਆ ਦਾ ਮੁਹਾਣਾ ਜਵਾਰਾਂ ਰਾਹੀਂ ਪਾਣੀ ਵਿੱਚ ਡੁੱਬਿਆ ਰਹਿੰਦਾ ਹੈ । ਇਸ ਤਰ੍ਹਾਂ ਦੇ ਡੈੱਲਟੇ ਵਿੱਚ ਦਰਿਆ ਦੇ ਮੁਹਾਣੇ ਦੇ ਆਰ-ਪਾ ਤੁੰਗ ਅਤੇ ਲੰਬੂਤਰੇ ਅਕਾਰ ਵਿੱਚ ਮਲਬਾ ਜਮ੍ਹਾਂ ਹੋ ਜਾਂਦਾ ਹੈ । ਇਸ ਤਰ੍ਹਾਂ , ਮਲ੍ਹਬੇ ਦੀਆਂ ਰੋਧਕਾਂ ( bars ) ਦਲਦਲੀ ਮੈਦਾਨ ਆਦਿ ਅਜਿਹੇ ਡੈੱਲਟੇ ਦੇ ਮੁੱਖ ਲੱਛਣ ਹਨ । ਜਰਮਨੀ ਦੇ ਐਲਬ ( elbe ) ਦਰਿਆ ਦਾ ਡੈੱਲਟਾ ਅਤੇ ਪੋਲੈਂਡ ਦੇ ਵਿਸਤੁਲਾ ( vistula ) ਦਰਿਆ ਦਾ ਡੈੱਲਟਾ ਇਸ ਤਰ੍ਹਾਂ ਦੇ ਡੈੱਲਟੇ ਦੀਆਂ ਪ੍ਰਮੁਖ ਉਦਾਹਰਨਾਂ ਹਨ ।

4. ਝੀਲੀ ਡੈੱਲਟਾ ( lacustrine delta ) ਜਦੋਂ ਬਹੁਤ ਭਾਰੀ ਮਲ੍ਹਬੇ ਨਾਲ ਭਰਿਆ ਦਰਿਆ ਕਿਸੇ ਝੀਲ ਵਿੱਚ ਡਿੱਗਦਾ ਹੈ ਤਾਂ ਲਗਾਤਾਰ ਮਲ੍ਹਬਾ ਜਮ੍ਹਾਂ ਹੋਣ ਨਾਲ ਡੈੱਲਟਾ ਬਣ ਜਾਂਦਾ ਹੈ । ਅਜਿਹੇ ਡੈੱਲਟੇ ਨੂੰ ਜੋ ਕਿਸੇ ਝੀਲ ਵਿੱਚ ਬਣਦਾ ਹੈ , ਝੀਲੀ ਡੈੱਲਟਾ ਕਿਹਾ ਜਾਂਦਾ ਹੈ । ਕੈਸਪੀਅਨ ਸਾਗਰ ( caspian sea ) ਵਿੱਚ ਵੋਲਗਾ ( volga ) , ਯੂਰਾਲ ( ural ) ਅਤੇ ਕਿਉਰਾ ( kura ) ਦਰਿਆਵਾਂ ਦੁਆਰਾ ਬਣਾਏ ਵਿਸ਼ਾਲ ਡੈੱਲਟੇ ਅਜਿਹੇ ਡੈੱਲਟੇ ਦੀਆਂ ਪ੍ਰਮੁਖ ਉਦਾਹਰਨਾਂ ਹਨ ।


ਲੇਖਕ : ਸ਼ੈਲਜਾ ਗੋਇਲ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ , ਹੁਣ ਤੱਕ ਵੇਖਿਆ ਗਿਆ : 6, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2019-03-28-10-51-19, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.