ਢੋਲ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਢੋਲ (ਨਾਂ,ਪੁ) 1 ਲੱਕੜੀ ਦੇ ਖਾਲੀ ਖੋਲ ਦੇ ਦੁਵੱਲੀ ਚਮੜਾ ਮੜ੍ਹ ਕੇ ਬਾਂਸ ਦੀ ਪਤਲੀ ਅਤੇ ਲੱਕੜ ਦੀ ਖ਼ਮਦਾਰ ਛਿਟੀ ਨਾਲ ਗਲ਼ ਵਿੱਚ ਪਾ ਕੇ ਵਜਾਇਆ ਜਾਣ ਵਾਲਾ ਸਾਜ਼ 2 ਹਲਟ ਦੇ ਢਾਂਚੇ ਦਾ ਖੜੇ ਰੁਖ਼ ਵਾਲਾ ਚਕਲਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7103, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਢੋਲ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਢੋਲ 1 [ਨਾਂਪੁ] ਲੱਕੜੀ ਦਾ ਇੱਕ ਲੰਬੂਤਰ ਗੋਲ ਸਾਜ਼ ਜਿਹੜਾ ਵਿੱਚੋਂ ਖੋਖਲਾ ਹੁੰਦਾ ਹੈ ਅਤੇ ਜਿਸ ਦੇ ਸਿਰਿਆਂ ਉੱਤੇ ਚਮੜੇ ਦੇ ਪੁੜ ਮੜ੍ਹੇ ਹੁੰਦੇ ਹਨ; ਹਲਟ ਦਾ ਗੋਲ਼ ਚੱਕਰ ਜੋ ਚੁਹੱਕਲੀ ਨੂੰ ਚਲਾਉਂਦਾ ਹੈ 2 ਪ੍ਰੇਮੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7098, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਢੋਲ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਢੋਲ. ਸੰ. ਸੰਗ੍ਯਾ—ਵਿੱਚੋਂ ਖੋਦੀ ਅਤੇ ਲੰਮੀ ਗੋਲ ਲਕੜੀ ਦੇ ਦੋਹੀਂ ਪਾਸੀਂ ਚਮੜਾ ਮੜ੍ਹਕੇ ਇਹ ਸਾਜ  ਬਣਾਇਆ ਜਾਂਦਾ ਹੈ. ਇਸ ਮ੍ਰਿਦੰਗ ਜੇਹੇ ਬਾਜੇ ਨੂੰ ਖ਼ਮਦਾਰ ਲੱਕੜ ਦੇ ਡੱਗਿਆਂ ਨਾਲ ਗਲ ਵਿੱਚ ਲਟਕਾਕੇ ਵਜਾਉਂਦੇ ਹਨ. ਫ਼ਾ ਦੁਹਲ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6715, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਢੋਲ ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਢੋਲ : ਇਹ ਇਕ ਤਾਲ ਵਾਦਯ (ਸਾਜ਼) ਹੈ। ਇਸ ਦੀ ਕਾਢ ਬਾਰੇ ਕਈ ਲੋਕ ਕਹਿੰਦੇ ਹਨ ਕਿ ਅਮੀਰ ਖੁਸਰੋ ਨੇ ਇਸ ਦੀ ਕਾਢ ਕੱਢੀ ਪਰ ਮੰਨਿਆ ਜਾਂਦਾ ਹੈ ਕਿ ਢੋਲ ਬਹੁਤ ਪ੍ਰਾਚੀਨ ਵਾਦਯ ਹੈ। ਇਸਦਾ ਪ੍ਰਯੋਗ ਆਮ ਸਥਾਨ ਤੋਂ ਲੈ ਕੇ ਰਾਜ-ਦਰਬਾਰ ਤਕ ਹੁੰਦਾ ਰਿਹਾ ਹੈ। ਢੋਲ ਕੇਵਲ ਪੰਜਾਬ ਵਿਚ ਜਾਂ ਭਾਰਤ ਵਿਚ ਹੀ ਨਹੀਂ ਬਲਕਿ ਦੁਨੀਆ ਦੇ ਸਾਰੇ ਦੇਸ਼ਾਂ ਵਿਚ ਪ੍ਰਚੱਲਤ ਸਾਜ਼ ਹੈ। ਢੋਲ ਦਾ ਇਸਤੇਮਾਲ ਵਿਸ਼ੇਸ਼ ਕਰ ਕੇ ਲੋਕ ਸੰਗੀਤ ਵਿਚ ਹੀ ਹੁੰਦਾ ਹੈ। ਢੋਲ ਇਕਾਂਕੀ ਵਾਦਨ ਅਤੇ ਸੰਗੀਤ ਵਾਦਨ ਦੋਹਾਂ ਵਿਚ ਹੀ ਪ੍ਰਯੋਗ ਕੀਤਾ ਜਾਂਦਾ ਹੈ।

ਇਹ ਲੱਕੜ ਦੇ ਖੋਲ ਤੋਂ ਤਿਆਰ ਕੀਤਾ ਜਾਂਦਾ ਹੈ। ਇਹ ਵਿਚੋਂ ਖੋਖਲਾ ਹੁੰਦਾ ਹੈ, ਇਸ ਕਾਰਨ ਇਸ ਨਾਲ ਇਕ ਕਹਾਵਤ “ਢੋਲ ਦਾ ਪੋਲ" ਜੁੜੀ ਹੋਈ ਹੈ। ਇਸ ਦੇ ਵਿਭਿੰਨ ਆਕਾਰ ਹੁੰਦੇ ਹਨ। ਇਸ ਦਾ ਆਕਾਰ 50 ਸੈਂ. ਮੀ. ਤੋਂ ਲੈ ਕੇ 60 ਸੈਂ. ਮੀ. ਤਕ ਹੁੰਦਾ ਹੈ। ਇਸ ਦੇ ਦੋਵੇਂ ਪਾਸੇ ਚਮੜੇ ਨਾਲ ਮੜ੍ਹੇ ਹੁੰਦੇ ਹਨ ਜਿਨ੍ਹਾਂ ਨੂੰ ਪੁੜ ਕਿਹਾ ਜਾਂਦਾ ਹੈ। ਇਹ ਪੁੜ 25 ਸੈਂ. ਮੀ. ਜਾਂ 30 ਸੈਂ. ਮੀ. ਆਕਾਰ ਦੇ ਹੁੰਦੇ ਹਨ। ਇਸ ਨੂੰ ਰੱਸੀ ਜਾਂ ਡੋਰੀ ਦੁਆਰਾ ਮੜ੍ਹਿਆ ਜਾਂਦਾ ਹੈ ਅਤੇ ਇਸ ਵਿਚ ਛੱਲੇ ਪਰੋਏ ਜਾਂਦੇ ਹਨ ਤਾਂ ਕਿ ਜ਼ਰੂਰਤ ਅਨੁਸਾਰ ਕਸਿਆ ਅਤੇ ਢਿੱਲਾ ਕੀਤਾ ਜਾ ਸਕੇ । ਕਈ ਢੋਲ ਵਾਦਕ ਰੰਗ ਬਰੰਗੀਆਂ ਡੋਰੀਆਂ, ਫੁੰਦਿਆਂ ਨਾਲ ਆਪਣੇ ਸਾਜ਼ ਨੂੰ ਸ਼ਿੰਗਾਰਦੇ ਹਨ।

ਇਸ ਨੂੰ ਕਮਾਨੀਆਂ ਨਾਲ ਵਜਾਇਆ ਜਾਂਦਾ ਹੈ । ਕਮਾਨੀ ਇਕ ਸਿੱਧੀ ਅਤੇ ਪਤਲੀ ਛਮਕ ਦੀ ਤਰ੍ਹਾਂ ਹੁੰਦੀ ਹੈ ਜੋ ਬਾਂਸ ਤੋਂ ਤਿਆਰ ਕੀਤੀ ਜਾਂਦੀ ਹੈ। ਦੂਜੀ ਕਮਾਨੀ ਜਿਸ ਨੂੰ ਡੱਗਾ ਵੀ ਕਿਹਾ ਜਾਂਦਾ ਹੈ ਥੋੜ੍ਹੀ ਜਿਹੀ ਖੁੰਡੀ ਦੀ ਤਰ੍ਹਾਂ ਮੁੜੀ ਹੁੰਦੀ ਹੈ। ਇਹ ਕਮਾਨੀ ਲੱਕੜੀ ਜਾਂ ਬੈਂਤ ਤੋਂ ਬਣਾਈ ਜਾਂਦੀ ਹੈ।

ਢੋਲ ਦਾ ਪ੍ਰਯੋਗ ਅਨੇਕ ਸਥਾਨਾਂ ਤੇ ਹੁੰਦਾ ਹੈ ਜਿਵੇਂ ਮੱਲ ਯੁੱਧ, ਅਖਾੜਾ, ਪੀਰਾਂ-ਫ਼ਕੀਰਾਂ ਦੀਆਂ ਸਮਾਧਾਂ, ਢੰਢੋਰਾ, ਮੁਨਾਦੀ, ਘੋੜਾ ਨਰਿਤ, ਯੁੱਧ ਦਾ ਕੋਈ ਸੰਕੇਤ , ਪਹਿਲਾਂ ਪਹਿਲ ਬਰਾਤ ਦੇ ਅੱਗੇ ਅੱਗੇ ਢੋਲ ਹੀ ਵਜਾਇਆ ਜਾਂਦਾ ਸੀ । ਅੱਜਕੱਲ੍ਹ ਵੀ ਖੁਸ਼ੀ ਦੇ ਮੌਕੇ ਤੇ ਢੋਲ ਵਜਾਏ ਜਾਣ ਦਾ ਰਿਵਾਜ ਹੈ। ਇਹ ਸਾਜ਼ ਅਖਾੜੇ ਵਿਚ ਜੋਸ਼ ਭਰਦਾ ਹੈ। ਦੰਗਲ ਵਿਚ ਦੋ, ਤਿੰਨ ਜਾਂ ਚਾਰ ਢੋਲ ਇਕੱਠੇ ਵੀ ਵਜਦੇ ਹਨ। ਪੰਜਾਬ ਦੇ ਪ੍ਰਸਿੱਧ ਲੋਕ ਨਾਚ ਭੰਗੜੇ ਦੀ ਜਿੰਦ ਜਾਨ ਢੋਲ ਹੀ ਹੈ। ਢੋਲ ਦੀ ਥਾਪ ਹੀ ਪੈਰ ਜਾਂ ਚਾਲ ਬਦਲਣ ਦਾ ਸੰਕੇਤ ਕਰਦੀ ਹੈ। ਇਸ ਦੀ ਥਾਪ ਤੇ ਹੁਲਾਰੇ ਨਾਲ ਲੋਕਾਂ ਦੇ ਸਿਰ, ਪੈਰ ਵੀ ਹਿਲਣੇ ਆਰੰਭ ਹੋ ਜਾਂਦੇ ਹਨ। ਢੋਲ ਵਾਦਕ ਨੂੰ ਢੋਲੀ ਕਿਹਾ ਜਾਂਦਾ ਹੈ ਅਤੇ ਉਸਦੀ ਪੋਸ਼ਾਕ ਵੀ ਭੰਗੜਾ ਨਰਤਕਾਂ ਦੀ ਤਰ੍ਹਾਂ ਦੀ ਹੁੰਦੀ ਹੈ।


ਲੇਖਕ : –ਡਾ. ਜੋਗਿੰਦਰ ਸਿੰਘ ਬਾਵਰਾ ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 945, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-19-11-38-55, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.