ਤਬਲਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਤਬਲਾ [ਨਾਂਪੁ] ਇੱਕ ਸਾਜ਼


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1870, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਤਬਲਾ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਬਾਰਵੀਂ, ਭਾਸ਼ਾ ਵਿਭਾਗ ਪੰਜਾਬ

ਤਬਲਾ : ਤਬਲੇ ਦੀ ਉਤਪਤੀ ਫ਼ਾਰਸੀ ਸ਼ਬਦ ‘ਤਬਲ’ ਤੋਂ ਹੋਈ ਹੈ ਜਿਸ ਦਾ ਅਰਥ ‘ਨਗਾਰਾ’ ਹੈ। ਸੰਗੀਤ ਵਿਚ ਤਾਲ ਸ਼ਬਦ ਬਹੁਤ ਪ੍ਰਾਚੀਨ ਹੈ। ਕੁਝ ਲੋਕ ਇਸ ਦੀ ਉਤਪਤੀ ਪਾਰਬਤੀ ਜੀ ਅਤੇ ਸ਼ੰਕਰ ਜੀ ਤੋਂ ਮੰਨਦੇ ਹਨ। ਤਾਲ ਵਜਾਉਣ ਲਈ ਪ੍ਰਾਚੀਨ ਕਾਲ ਵਿਚ ਤਬਲੇ ਦੀ ਕਾਢ ਨਹੀਂ ਕੱਢੀ ਗਈ ਸੀ। ਕਿਹਾ ਜਾਂਦਾ ਹੈ ਕਿ ਜਿਸ ਸਮੇਂ ਵ੍ਰਿਤਾਸੁਰ ਰਾਖਸ਼ ਨੂੰ ਸ਼ੰਕਰ ਭਗਵਾਨ ਨੇ ਮਾਰਿਆ ਸੀ, ਉਸ ਸਮੇਂ ਵ੍ਰਿਤਾਸੁਰ ਰਾਖਸ਼ ਨੂੰ ਸ਼ੰਕਰ ਭਗਵਾਨ ਨੇ ਮਾਰਿਆ ਸੀ, ਉਸ ਸਮੇਂ ਖੁਸ਼ੀ ਮਨਾਉਣ ਲਈ ਸ੍ਰੀ ਗਣੇਸ਼ ਜੀ ਨੇ ਧਰਤੀ ਤੇ ਟੋਇਆ ਪੁੱਟ ਕੇ ਉਸ ਉਤੇ ਵ੍ਰਿਤਾਸੁਰ ਰਾਖਸ਼ ਦੀ ਖੱਲ ਮੜ੍ਹਕੇ ਉਸ ਨੂੰ ਵਜਾਇਆ ਸੀ। ਇਸ ਤੋਂ ਤਾਲ ਵਾਲਿਆਂ ਦੀ ਉਤਪਤੀ ਦਾ ਅਨੁਮਾਨ ਲਾਇਆ ਜਾਂਦਾ ਹੈ।

ਕਿਹਾ ਜਾਂਦਾ ਹੈ ਕਿ ਅਮੀਰ ਖੁਸਰੋ ਨੇ ਤਬਲੇ ਨੂੰ ਉਸ ਦੀ ਵਰਤਮਾਨ ਸ਼ਕਲ ਦਾ ਰੂਪ ਦਿਤਾ ਸੀ। ਤਬਲੇ ਦੇ ਖੇਤਰ ਵਿਚ ਦੂਜਾ ਸਥਾਨ ਦਿੱਲੀ ਦੇ ਉਸਤਾਦ ਸੁਧਾਰ ਖ਼ਾਂ ਦਾ ਆਉਂਦਾ ਹੈ। ਉਸ ਨੇ ਤਬਲਾ-ਵਾਦਨ ਵਿਚ ਕਈ ਮਹੱਤਵਪੂਰਨ ਸੁਧਾਰ ਕੀਤੇ।

ਤਬਲੇ ਦੇ ਦੋ ਰੂਪ ਹੁੰਦੇ ਹਨ–ਪਹਿਲਾ ਸੱਜਾ ਤਬਲਾ ਜੋ ਟਾਹਲੀ, ਨਿੰਮ, ਚੰਦਨ ਅਤੇ ਸਾਗਵਾਨ ਆਦਿ ਲੱਕੜੀ ਦਾ ਖੋਖਲਾ ਹੁੰਦਾ ਹੈ ਅਤੇ ਜਿਸ ਉਤੇ ਖੱਲ ਮੜ੍ਹੀ ਹੁੰਦੀ ਹੈ ਅਤੇ ਦੂਜਾ ਖੱਬਾ ਤਬਲਾ ਜਾਂ ਡੁੱਗ੍ਹੀ ਜੋ ਮਿੱਟੀ ਜਾਂ ਕਿਸੇ ਧਾਤ ਦੀ ਬਣੀ ਹੁੰਦੀ ਹੈ। ਇਸ ਉਤੇ ਵੀ ਖੱਲ ਮੜ੍ਹੀ ਹੁੰਦੀ ਹੈ।

ਸੱਜੇ ਤਬਲੇ ਦੇ ਹੇਠ ਲਿਖੇ ਕੁਝ ਭਿੰਨ-ਭਿੰਨ ਅੰਗ ਹਨ–

ਪੁੜੀ – ਜਿਸ ਖੱਲ ਨਾਲ ਤਬਲੇ ਨੂੰ ਮੜ੍ਹਿਆ ਜਾਂਦਾ ਹੈ ਉਸ ਨੂੰ ਪੁੜੀ ਜਾਂ ਪੁੜਾ ਕਿਹਾ ਜਾਂਦਾ ਹੈ। ਪੁੜਾ ਆਮ ਤੌਰ ਤੇ ਬੱਕਰੇ ਦੀ ਖੱਲ ਦਾ ਬਣਿਆ ਹੁੰਦਾ ਹੈ। ਇਸ ਨੂੰ ਬੱਧਰੀ ਜਾਂ ਰੱਸੀ ਨਾਲ ਤਬਲੇ ਉਤੇ ਕੱਸਦੇ ਹਨ।

ਸਿਆਹੀ – ਪੁੜੇ ਦੇ ਵਿਚਕਾਰ ਕਾਲਾ ਮਸਾਲਾ ਜਮਾਇਆ ਹੁੰਦਾ ਹੈ ਜਿਸ ਨੂੰ ਸਿਆਹੀ ਕਿਹਾ ਜਾਂਦਾ ਹੈ। ਇਹ ਮਸਾਲਾ ਪੁੜੇ ਦੇ ਵਿਚਕਾਰ ਗੋਲ ਟਿੱਕੀ ਵਾਂਗ ਜਮਾਇਆ ਜਾਂਦਾ ਹੈ।

ਚਾਂਟੀ– ਪੁੜੇ ਤੇ ਚਾਰੇ ਪਾਸੇ ਕਿਨਾਰੇ ਉਤੇ ਇਕ ਦੁਹਰੀ ਪੱਟੀ ਹੁੰਦੀ ਹੈ ਜਿਸ ਨੂੰ ਚਾਂਟੀ ਕਹਿੰਦੇ ਹੈ। ਚਾਂਟੀ ਉਪਰ ਉਂਗਲੀ ਦੀ ਚੋਟ ਨਾਲ ਤਬਲੇ ਦੇ ਬੋਲ ਨਿਕਲਦੇ ਹਨ।

ਗਜਰਾ – ਪੁੜੇ ਦੇ ਚਾਰ ਚੁਫੇਰੇ ਦਾ ਗਜਰਾ ਹੁੰਦਾ ਹੈ। ਇਸ ਗਜਰੇ ਵਿਚ ਬਰਾਬਰ-ਬਰਾਬਰ ਛੇਕ ਹੁੰਦੇ ਹਨ। ਇਨ੍ਹਾਂ ਛੇਕਾਂ ਵਿਚੋਂ ਦੀ ਬੱਧਰੀ ਜਾਂ ਰੱਸੀ ਨੂੰ ਲੰਘਾ ਕੇ ਬੰਨ੍ਹਿਆ ਜਾਂਦਾ ਹੈ ਅਤੇ ਗਜਰੇ ਉਤੇ ਚੋਟ ਲਾ ਕੇ ਤਬਲੇ ਨੂੰ ਕੱਸਿਆ ਜਾਂ ਉਤਾਰਿਆ ਜਾਂਦਾ ਹੈ।

ਬੱਧਰੀ ਜਾਂ ਰੱਸੀ – ਪੁੜੇ ਨੂੰ ਤਬਲੇ ਉਤੇ ਕਸਣ ਲਈ ਜੋ ਚਮੜੇ ਦੀ ਡੋਰ ਵਰਤੀ ਜਾਂਦੀ ਹੈ, ਉਸ ਨੂੰ ਬੱਧਰੀ ਕਿਹਾ ਜਾਂਦਾ ਹੈ।

ਮੂੰਡਰੀ – ਤਬਲੇ ਦੇ ਹੇਠਾਂ ਚਮੜੇ ਜਾਂ ਪਤਲੀ ਰੱਸੀ ਦੀ ਇਕ ਮੀਢੀ ਹੁੰਦੀ ਹੈ ਜਿਸ ਨੂੰ ਮੂੰਡਰੀ ਜਾਂ ਕੁੰਡਲੀ ਕਿਹਾ ਜਾਂਦਾ ਹੈ। ਰੱਸੀ ਨੂੰ ਕੁੰਡਲੀ ਵਿਚੋਂ ਲੰਘਾ ਕੇ ਕੱਸਿਆ ਜਾਂਦਾ ਹੈ। ਖੱਬੇ ਤਬਲੇ ਜਾਂ ਡੁੱਗੀ ਦੇ ਵੀ ਦੋ ਇਹੋ ਅੰਗ ਹੁੰਦੇ ਹਨ। ਡੁੱਗੀ ਮਿੱਟੀ ਜਾਂ ਕਿਸੇ ਧਾਤੂ ਦੀ ਬਣੀ ਹੁੰਦੀ ਹੈ ਅਤੇ ਇਸ ਦਾ ਘੇਰਾ ਤਬਲੇ ਤੋਂ ਵੱਧ ਹੁੰਦਾ ਹੈ। ਇਸ ਵਿਚ ਲੱਕੜੀ ਦੇ ਗੱਟੇ ਨਹੀਂ ਹੁੰਦੇ।

ਸੱਜੇ ਤਬਲੇ ਨੂੰ ਆਮ ਤੌਰ ਤੇ ਸ਼ੜਜ ਜਾਂ ਪੰਚਮ ਸੁਰ ਨਾਲ ਮਿਲਾਇਆ ਜਾਂਦਾ ਹੈ। ਤਬਲੇ ਦੇ ਸੁਰ ਨੂੰ ਚੜ੍ਹਾਉਣ ਜਾਂ ਉਤਾਰਨ ਲਈ ਹਥੌੜੀ ਦੀ ਵਰਤੋਂ ਕੀਤੀ ਜਾਂਦੀ ਹੈ।

ਤਬਲੇ ਦੇ ਮੁੱਖ ਤਿੰਨ ਘਰਾਣੇ ਪ੍ਰਚੱਲਤ ਹਨ–ਦਿੱਲੀ ਦਾ ਘਰਾਣਾ, ਪੂਰਬ ਦਾ ਘਰਾਣਾ ਅਤੇ ਪੰਜਾਬ ਦਾ ਘਰਾਣਾ। ਇਨ੍ਹਾਂ ਤਿੰਨਾਂ ਘਰਾਣਿਆਂ ਤੋਂ ਬਿਨਾਂ ਹੋਰ ਘਰਾਣੇ ਵੀ ਪ੍ਰਚੱਲਤ ਹਨ, ਜਿਵੇਂ ਦਿੱਲੀ ਘਰਾਣੇ ਦੀ ਇਕ ਸ਼ਾਖ ਅਜਰਾੜਾ ਘਰਾਣੇ ਦੇ ਨਾਂ ਨਾਲ ਪ੍ਰਸਿੱਧ ਹੈ ਅਤੇ ਪੂਰਬ ਦੇ ਘਰਾਣੇ ਵਿਚੋਂ ਤਿੰਨ ਅੱਡ-ਅੱਡ ਘਰਾਣੇ ਹੋਏ ਹਨ–ਲਖਨਊ ਦਾ ਘਰਾਣਾ, ਬਨਾਰਸ ਦਾ ਘਰਾਣਾ ਅਤੇ ਫ਼ਰੂਖ਼ਾਬਾਦ ਦਾ ਘਰਾਣਾ। ਇਨ੍ਹਾਂ ਘਰਾਣਿਆਂ ਦੀ ਤਬਲਾ ਵਜਾਉਣ ਦੀ ਸ਼ੈਲੀ ਨੂੰ ਬਾਜ ਜਾਂ ਬਜੋਰੀ ਕਹਿੰਦੇ ਹਨ।

ਵਿਦਵਾਨਾਂ ਨੇ ਤਬਲੇ ਦਾ ਅਭਿਆਸ ਕਰਨ ਸਮੇਂ ਬੀਰ ਆਸਣ ਵਿਚ ਬੈਠਣਾ ਉੱਚਿਤ ਮੰਨਿਆ ਹੈ। ਸੱਜੇ ਪੈਰ ਨੂੰ ਪਿੱਛੇ ਨੂੰ ਮੋੜ ਕੇ ਅਤੇ ਖੱਬੇ ਪਾਸੇ ਕਰਕੇ ਖੱਬੇ ਪਾਸੇ ਖੱਬਾ ਤਬਲਾ ਅਤੇ ਸੱਜੇ ਪਾਸੇ ਸੱਜਾ ਤਬਲਾ ਰੱਖਣਾ ਚਾਹੀਦਾ ਹੈ।

ਤਬਲੇ ਦੇ ਦੱਸ ਵਰਣ ਜਾਂ ਬੋਲ ਹੁੰਦੇ ਜੋ ਧਾ, ਧਿਨ, ਤੇਰੇ ਨਾ, ਕ, ਧੀਂ, ਤਾ ਕਿਨ, ਕਤ ਕਹਾਉਂਦੇ ਹਨ। ਹੁਣ ਸੱਜੇ ਅਤੇ ਖੱਬੇ ਹੱਥਾਂ ਦੇ ਬੋਲਾਂ ਨੂੰ ਅੱਡ-ਅੱਡ ਲਿਖਿਆ ਜਾਂਦਾ ਹੈ।


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਬਾਰਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 576, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-03-07-09-53-15, ਹਵਾਲੇ/ਟਿੱਪਣੀਆਂ: ਹ. ਪੁ. –ਸੰਗੀਤ ਸ਼ਾਸਤਰ ਦਰਪਣ –ਸ਼ਾਤੀ ਗੋਵਰਧਨ

ਤਬਲਾ ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਤਬਲਾ : ਅਵਨੱਧ ਸਾਜ਼ਾਂ ਵਿਚੋਂ ਇਕ ਪ੍ਰਕਾਰ ਦਾ ਸਾਜ਼ ਜਿਸ ਦਾ ਸਬੰਧ ਤਾਲ ਨਾਲ ਹੈ। ਅਵਨੱਧ ਸਾਜ਼ ਚਮੜੇ ਨਾਲ ਮੜ੍ਹੇ ਹੋਏ ਸਾਜ਼ਾਂ ਨੂੰ ਕਹਿੰਦੇ ਹਨ ਅਤੇ ਇਨ੍ਹਾਂ ਦਾ ਸਿਰਜਣਹਾਰ ਬ੍ਰਹਮਾ ਜੀ ਨੂੰ ਮੰਨਿਆ ਜਾਂਦਾ ਹੈ । ਪ੍ਰਾਚੀਨ ਸਮੇਂ ਤੋਂ ਹੀ ਭਾਰਤੀ ਸੰਗੀਤ ਵਿਚ ਤਾਲ ਦਾ ਬੜਾ ਮਹੱਤਵ ਰਿਹਾ ਹੈ। ਸ਼ੁਰੂ ਤੋਂ ਹੀ ਗਾਇਨ ਆਦਿ ਦੀ ਸੰਗਤ ਲਈ ਤਾਲ ਸਾਜ਼ ਦੀ ਲੋੜ ਪੈਂਦੀ ਸੀ । ਭਾਰਤੀ ਤਾਲ ਸਾਜ਼ ਦੀ ਖੋਜ ਅਤੇ ਵਿਕਾਸ, ਗਾਇਨ ਦੀਆਂ ਸ਼ੈਲੀਆਂ ਦੇ ਨਾਲ ਹੀ ਹੋਇਆ । ਭਾਰਤ ਉੱਤੇ ਮੁਸਲਮਾਨਾਂ ਦਾ ਹਮਲਾ ਹੋਣ ਵੇਲੇ ਇਥੇ ਧਰੁਪਦ ਅਤੇ ਧਮਾਰ ਗਾਇਨ ਸ਼ੈਲੀਆਂ ਪ੍ਰਚੱਲਿਤ ਸਨ। ਇਨ੍ਹਾਂ ਗਾਇਨ ਸ਼ੈਲੀਆਂ ਲਈ ਪਖਾਵਜ ਸਾਜ਼ ਨੇ ਸਮੇਂ ਦੀ ਲੋੜ ਅਨੁਸਾਰ ਬੜਾ ਵਧੀਆ ਕੰਮ ਕੀਤਾ ਸੀ। ਮੁਸਲਮਾਨ ਆਪਣੇ ਨਾਲ ਗ਼ਜ਼ਲ ਅਤੇ ਕਵਾਲੀ ਦੀਆਂ ਗਾਉਣ ਸ਼ੈਲੀਆਂ ਵੀ ਲਿਆਏ ਜਿਨ੍ਹਾਂ ਦੇ ਸਾਥ ਲਈ ਪਖਾਵਜ ਸਾਜ਼ ਢੁਕਵਾਂ ਸਾਬਤ ਨਾ ਹੋ ਸਕਿਆ । ਇਸ ਲੋੜ ਦੀ ਪੂਰਤੀ ਲਈ ਤਬਲੇ ਦਾ ਜਨਮ ਹੋਇਆ ਅਤੇ ਅੱਗੇ ਚਲ ਕੇ ਖ਼ਿਆਲ ਗਾਇਕੀ ਦੇ ਬਾਅਦ ਟੱਪਾ ਤੇ ਠੁਮਰੀ ਦੀ ਹੋਂਦ ਦੇ ਨਾਲ ਨਾਲ ਤਬਲੇ ਦਾ ਲਗਾਤਾਰ ਵਿਕਾਸ ਹੁੰਦਾ ਰਿਹਾ ਜੋ ਅਜੋਕੇ ਰੂਪ ਤੇ ਪਹੁੰਚਿਆ ।

ਤਬਲੇ ਦੀ ਉਤਪਤੀ ਬਾਰੇ ਇਸ ਨਾਲ ਇਕ ਮਿਥਿਹਾਸਕ ਕਹਾਣੀ ਵੀ ਚਲਦੀ ਹੈ ਜਿਸ ਦਾ ਸਬੰਧ ਭਗਵਾਨ ਸ਼ਿਵ ਨਾਲ ਜੁੜਦਾ ਹੈ । ਪੁਰਤਾਨ ਸਮੇਂ ਇਸ ਤਬਲੇ ਦੀ ਕਾਢ ਨਹੀਂ ਸੀ ਕੱਢੀ ਗਈ । ਕਹਿੰਦੇ ਹਨ ਜਿਸ ਸਮੇਂ ਵ੍ਰਿਤਾਸੁਰ ਰਾਖਸ਼ ਨੂੰ ਭਗਵਾਨ ਸ਼ੰਕਰ ਨੇ ਮਾਰਿਆ ਤਾਂ ਉਸ ਸਮੇਂ ਸ੍ਰੀ ਗਣੇਸ਼ ਜੀ ਨੇ ਖੁਸ਼ੀ ਮਨਾਉਣ ਲਈ ਧਰਤੀ ਤੇ ਟੋਇਆ ਪੁੱਟ ਕੇ ਉਸ ਉੱਤੇ ਵ੍ਰਿਤਾਸੁਰ ਰਾਖ਼ਸ਼ ਦੀ ਖੱਲ ਮੜ੍ਹ ਕੇ ਉਸ ਨੂੰ ਵਜਾਇਆ ਸੀ। ਇਸ ਤੋਂ ਵੀ ਇਸ ਸਾਜ਼ ਦੀ ਉਤਪਤੀ ਦਾ ਅਨੁਮਾਨ ਲਾਇਆ ਜਾਂਦਾ ਹੈ।

ਤਬਲੇ ਦੀ ਉਤਪਤੀ ਅਰਬੀ ਸ਼ਬਦ ‘ਤਬਲ’ ਤੋਂ ਹੋਈ ਜਿਸ ਦਾ ਅਰਥ ਹੈ ‘ਨਗਾਰਾ’ । ਕਿਹਾ ਜਾਂਦਾ ਹੈ ਕਿ ਅਮੀਰ ਖ਼ੁਸਰੋ ਨੇ ਤਬਲੇ ਨੂੰ ਉਸ ਦੀ ਵਰਤਮਾਨ ਸ਼ਕਲ ਵਿਚ ਜਨਮ ਦਿੱਤਾ ਪਰ ਹੁਣ ਤਕ ਹੋਈ ਖੋਜ ਤੋਂ ਇਹ ਪਤਾ ਲਗਦਾ ਹੈ ਕਿ ਉਸਤਾਦ ਸੁਧਾਰ ਖ਼ਾਂ ਸਭ ਤੋਂ ਪਹਿਲੇ ਤਬਲਾ ਵਾਦਕ ਹੋਏ ਹਨ ਜਿਨ੍ਹਾਂ ਨੂੰ ਦਿੱਲੀ ਦਰਬਾਰ ਵਿਚ ਸਰਪ੍ਰਸਤੀ ਮਿਲੀ । ਦਿੱਲੀ ਰਹਿਣ ਕਰ ਕੇ ਉਸਤਾਦ ਸੁਧਾਰ ਖਾਂ ਨੂੰ ਦਿੱਲੀ ਘਰਾਣੇ ਦਾ ਮੂਲ ਪਰਵਰਤਕ ਮੰਨਿਆ ਜਾਂਦਾ ਹੈ।

    ਸੰਗੀਤ ਸਾਜ਼ਾਂ ਦੇ ਵਰਗੀਕਰਣ ਅਨੁਸਾਰ ਤਬਲਾ ਅਵਨੱਧ ਸਾਜ਼ ਦੇ ਵਰਗ ਵਿਚ ਆਉਂਦਾ ਹੈ ਜਿਨ੍ਹਾਂ ਵਿਚ ਆਵਾਜ਼ ਇਕ ਖੋਲ ਉੱਤੇ ਚਮੜਾ ਮੜ੍ਹ ਕੇ ਪੈਦਾ ਹੁੰਦੀ ਹੈ।

     ਬਣਤਰ : ਤਬਲੇ ਦੇ ਦੋ ਰੂਪ ਹੁੰਦੇ ਹਨ (1) ਸੱਜਾ ਤਬਲਾ ਤੇ (2) ਖੱਬਾ ਤਬਲਾ (ਡੁੱਗੀ) ।ਸਭ ਤੋਂ ਪਹਿਲਾਂ ਟਾਹਲੀ, ਨਿੰਮ, ਚੰਦਨ ਅਤੇ ਸਾਗਵਾਨ ਦੀਆਂ ਲੱਕੜਾਂ ਵਿਚੋਂ ਕਿਸੇ ਇਕ ਲੱਕੜ ਦਾ ਬਣਿਆ ਹੋਇਆ ਖੋਲ ਲਿਆ ਜਾਂਦਾ ਹੈ। ਖੱਬੇ ਤਬਲੇ ਲਈ ਧਾਤ ਦਾ ਖੋਲ ਵੀ ਵਰਤਿਆ ਜਾਂਦਾ ਹੈ । ਇਸ ਉਪਰੰਤ ਖੋਲ ਉੱਪਰ ਬਕਰੇ ਆਦਿ ਦੀ ਖੱਲ ਮੜ੍ਹੀ ਜਾਂਦੀ ਹੈ ਜਿਸ ਨੂੰ ‘ਪੁੜੀ’ ਜਾਂ ‘ਪੁੜਾ’ ਆਖਿਆ ਜਾਂਦਾ ਹੈ। ਇਸ ਪੁੜੇ ਦੇ ਵਿਚਕਾਰ ਗੋਲ ਟਿੱਕੇ ਵਾਂਗ ਕਾਲਾ ਮਸਾਲਾ ਜਮਾਇਆ ਜਾਂਦਾ ਹੈ ਜਿਸ ਨੂੰ ਸਿਆਹੀ ਕਿਹਾ ਜਾਂਦਾ ਹੈ । ਪੁੜੇ ਦੇ ਚਾਰ ਚੁਫ਼ੇਰੇ ਚਮੜੇ ਦਾ ਇਕ ਛੇਕਦਾਰ ਚੱਕਰ ਫਿਟ ਕੀਤਾ ਜਾਂਦਾ ਹੈ ਜਿਸ ਨੂੰ ਗਜਰਾ ਕਹਿੰਦੇ ਹਨ । ਤਬਲੇ ਦੇ ਹੇਠਲੇ ਪਾਸੇ ਚਮੜੇ ਜਾਂ ਪਤਲੀ ਰੱਸੀ ਦੀ ਇਕ ਮੀਢੀ ਬਣਾਉਂਦੇ ਹਨ ਜਿਸ ਨੂੰ ਮੁੰਡਰੀ ਜਾਂ ਕੁੰਡਲੀ ਕਿਹਾ ਜਾਂਦਾ ਹੈ। ਪੁੜੇ ਨੂੰ ਕੱਸਣ ਲਈ ਚਮੜੇ ਦੀ ਡੋਰੀ ਵਰਤੀ ਜਾਂਦੀ ਹੈ। ਚਮੜੇ ਦੀ ਇਹ ਡੋਰੀ ਗਜਰੇ ਦੇ ਛੇਕਾਂ ਵਿਚੋਂ ਦੀ ਲੰਘਾ ਕੇ ਹੇਠਾਂ ਮੁੰਡਰੀ ਨਾਲ ਜੋੜੀ ਜਾਂਦੀ ਹੈ। ਡੋਰੀ ਦੇ ਜੋੜਿਆਂ ਵਿਚ ਤਬਲੇ ਦੀ ਸੁਰ ਨੂੰ ਵੱਧ ਘੱਟ ਕਰਨ ਲਈ ਗੋਲਾਈਨੁਮਾ ਲੱਕੜ ਦੇ ਗੁੱਟੇ ਪਾਏ ਜਾਂਦੇ ਹਨ।

ਤਬਲੇ ਦੀ ਸੁਰ ਸੈਟ ਕਰਨ ਲਈ ਹਥੌੜੀ ਦੀ ਵਰਤੋਂ ਕੀਤੀ ਜਾਂਦੀ ਹੈ। ਸਭ ਤੋਂ ਪਹਿਲਾਂ ਤਬਲੇ ਨੂੰ ਵਜਾ ਕੇ ਵੇਖ ਲਿਆ ਜਾਂਦਾ ਹੈ। ਇਸ ਤੋਂ ਬਾਅਦ ਜੇ ਸੁਰ ਉੱਚਾ ਕਰਨਾ ਹੋਵੇ ਤਾਂ ਹਥੌੜੀ ਨਾਲ ਗੁੱਟਿਆਂ ਨੂੰ ਲੋੜ ਅਨੁਸਾਰ ਹੇਠਾਂ ਕੀਤਾ ਜਾਂਦਾ ਹੈ ਅਤੇ ਜੇ ਸੁਰ ਨੀਵਾਂ ਕਰਨਾ ਹੋਵੇ ਤਾਂ ਇਨ੍ਹਾਂ ਗੁੱਟਿਆਂ ਨੂੰ ਲੋੜ ਅਨੁਸਾਰ ਉੱਪਰ ਕੀਤਾ ਜਾਂਦਾ ਹੈ। ਗੁੱਟਿਆਂ ਨੂੰ ਤਰਤੀਬ ਵਾਰ ਇਕ ਇਕ ਕਰ ਕੇ ਠੋਕਿਆ ਜਾਂਦਾ ਹੈ । ਇਨ੍ਹਾਂ ਨੂੰ ਠੋਕਣ ਦੇ ਨਾਲ ਨਾਲ ਸੱਜੇ ਹੱਥ ਨਾਲ ਤਬਲੇ ਤੇ ਚੋਟ ਮਾਰਦੇ ਰਹਿੰਦੇ ਹਨ ਜਿਸ ਨਾਲ ਤਬਲੇ ਦੇ ਸੁਰ ਦਾ ਪਤਾ ਲਗਦਾ ਰਹਿੰਦਾ ਹੈ। ਇਸ ਤਰ੍ਹਾਂ ਤਬਲਾ ਨਿਸ਼ਚਿਤ ਸੁਰ ਉੱਤੇ ਆ ਜਾਂਦਾ ਹੈ ਤਾਂ ਗੁੱਟਿਆਂ ਨੂੰ ਠੀਕ ਕਰ ਕੇ ਗਜਰੇ ਉੱਤੇ ਚੋਟ ਲਾਉਂਦੇ ਹਨ । ਗਜਰੇ ਉੱਤੇ ਚੋਟ ਲਾਉਣ ਨਾਲ ਤਬਲੇ ਨੂੰ ਸਹੀ ਸੁਰ ਨਾਲ ਮਿਲਾਉਣ ਵਿਚ ਸਹਾਇਤਾ ਹੁੰਦੀ ਹੈ ।

ਅਜੋਕੇ ਸਮੇਂ ਵਿਚ ਸੰਗੀਤ ਦੇ ਖੇਤਰ ਵਿਚ ਇਸ ਸਾਜ਼ ਦੀ ਵਿਸ਼ੇਸ਼ ਮਹੱਤਤਾ ਹੈ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 343, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-19-02-42-48, ਹਵਾਲੇ/ਟਿੱਪਣੀਆਂ: ਹ. ਪੁ. –ਸੰਗੀਤ ਸ਼ਾਸਤਰ ਦਰਪਣ-ਭਾਗ ਪਹਿਲਾ ਤੇ ਦੂਜਾ-ਪੰਜਾਬੀ ਯੂਨੀ ਪਟਿਆਲਾ, ਰਵਾਇਤੀ ਤੇ ਨਵੀਨ ਸੰਗੀਤ ਸਾਜ਼ ਭਾ. ਵਿ. ਪੰ.

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.