ਤਰਖਾਣਾ ਧੰਦਾ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਤਰਖਾਣਾ ਧੰਦਾ: ਲੱਕੜ ਦੇ ਕੰਮ ਨੂੰ ਤਰਖਾਣਾ ਧੰਦਾ ਕਿਹਾ ਜਾਂਦਾ ਹੈ। ਇਸ ਕੰਮ ਵਿੱਚ ਕਿਰਸਾਣੀ ਸਮਾਨ ਤਿਆਰ ਕਰਨਾ ਮੁੱਢਲੇ ਤੌਰ ਤੇ ਸ਼ਾਮਲ ਸੀ। ਕਿਰਸਾਣ ਲਈ ਹਲ, ਪੰਜਾਲੀ, ਸੁਹਾਗਾ, ਦੁਸਾਂਗਾ, ਕਹੀਆਂ, ਖੁਰਪਿਆਂ, ਦਾਤੀਆਂ ਦੇ ਦਸਤੇ, ਗੱਡੇ ਲਈ ਜੂਲੇ ਤੋਂ ਲੈ ਕੇ ਘਰੇਲੂ ਕੰਮਾਂ ਲਈ ਚਰਖਾ, ਅਟੇਰਨ, ਵੜੇਵੇਂ ਕੱਢਣ ਵਾਲੀਆਂ ਮਸ਼ੀਨਾਂ, ਉੱਖਲੀਆਂ ਦੇ ਮੂਹਲੇ, ਡੰਗਰ ਬੰਨ੍ਹਣ ਲਈ ਕਿੱਲ੍ਹੇ, ਖੁਰਲੀਆਂ, ਵਰਤੋਂ ਲਈ ਮੰਜੇ, ਪੀੜ੍ਹੇ, ਪੀੜ੍ਹੀਆਂ, ਪਲੰਘ, ਹਲਟਾਂ ਦੀਆਂ ਗਾਧੀਆਂ ਆਦਿ ਬਣਾਉਣਾ ਇਸੇ ਧੰਦੇ ਵਿੱਚ ਸ਼ਾਮਲ ਹੈ।

     ਪੁਰਾਤਨ ਮਿਸਰ ਸੱਭਿਅਤਾ ਤੋਂ ਪਹਿਲਾਂ ਮਨੁੱਖ ਚਟਾਨਾਂ ਦੀਆਂ ਕੰਦਰਾਂ ਵਿੱਚ ਰਹਿੰਦਾ ਸੀ ਫੇਰ ਬਾਂਸ, ਸਰਕੰਡਾ, ਝਾੜੀਆਂ ਰਾਹੀਂ ਛੱਪਰ ਬਣਾ ਕੇ ਰਹਿਣ ਲੱਗਾ।

     ਜਿੱਥੇ ਲੱਕੜ ਵਧੇਰੇ ਸੀ ਉੱਥੇ ਮਨੁੱਖ ਨੇ ਨਿੱਘੇ ਮੌਸਮਾਂ ਲਈ ਆਇਤਕਾਰ ਘਰ ਬਣਾਉਣੇ ਸ਼ੁਰੂ ਕੀਤੇ। ਇਸ ਲਈ ਲੱਕੜ ਦੇ ਫੱਟਿਆਂ ਦੀ ਵਰਤੋਂ ਆਮ ਹੋਣ ਲੱਗੀ। ਕਮਰਿਆਂ ਨੂੰ ਵੰਡਣ ਲਈ ਵੀ ਲੱਕੜ ਦੇ ਫੱਟਿਆਂ ਦੀ ਵਰਤੋਂ ਹੁੰਦੀ ਸੀ। ਯੂਰਪ ਵਿੱਚ ਫੱਟਿਆਂ ਦੀਆਂ ਕੱਧਾਂ ਦਾ ਪ੍ਰਚਲਨ ਆਮ ਸੀ। ਗਿਆਰ੍ਹਵੀਂ ਸਦੀ ਦੇ ਚਰਚ ਸਾਰੇ ਲੱਕੜ ਦੇ ਹੀ ਬਣੇ ਹੋਏ ਹਨ। ਉਸ ਵੇਲੇ ਫੱਟਿਆਂ ਨੂੰ ਜੋੜਨ ਲਈ ਲੱਕੜ ਦੀਆਂ ਹੀ ਗੁੱਲੀਆਂ ਬਣਾ ਕੇ ਅਤੇ ਝਿਰੀਆਂ ਮਾਰ ਕੇ ਜੋੜਿਆ ਜਾਂਦਾ ਸੀ। ਇਸ ਕੰਮ ਲਈ ਸਿੱਧੇ ਤੇ ਲੰਮੇ ਤਣੇ ਵਾਲੇ ਦਰਖ਼ਤ ਜਿਵੇਂ ਚੀਲ੍ਹ, ਕੈਲ, ਦਿਆਰ ਅਤੇ ਸਫ਼ੈਦੇ ਦੇ ਫੱਟੇ ਵਰਤੇ ਜਾਂਦੇ ਸਨ।

     ਜਿੱਥੇ ਲੱਕੜ ਦੀ ਘਾਟ ਹੁੰਦੀ ਸੀ ਉੱਥੇ ਪੋਰੀਆਂ ਦੇ ਵੱਡੇ-ਵੱਡੇ ਢਾਂਚੇ ਬਣਾ ਕੇ ਖ਼ਾਲੀ ਥਾਂਵਾਂ ਨੂੰ ਪੱਤਿਆਂ ਤੇ ਗਾਰੇ ਮਿੱਟੀ ਦੇ ਲੇਪ ਕੀਤੇ ਜਾਂਦੇ, ਸੋ ਸਸਤੇ ਪੈਂਦੇ ਸਨ।

     ਸਤਾਰ੍ਹਵੀਂ ਸਦੀ ਵਿੱਚ ਘਰਾਂ ਦੀਆਂ ਛੱਤਾਂ ਵੀ ਲੱਕੜ ਦੀਆਂ ਹੀ ਹੁੰਦੀਆਂ ਸਨ। ਇਹ ਛੱਤਾਂ ਢਾਲਵੀਆਂ, ਇਸ ਪਾਸੇ ਢਲਾਈਦਾਰ, ਗੁਲਾਈਦਾਰ ਤੇ ਪੱਧਰੀਆਂ ਪਰ ਵਿਚਕਾਰੋਂ ਲਗਪਗ ਉੱਚੀਆਂ ਹੁੰਦੀਆਂ ਸਨ। ਇਸ ਤਰ੍ਹਾਂ ਲੱਕੜ ਦੇ ਦਰਵਾਜ਼ੇ ਖਿੜਕੀਆਂ, ਚੁਗਾਠਾਂ, ਫ਼ਰਸ਼, ਕੰਧਾਂ ਆਦਿ ਵੀ ਬਣਾਈਆਂ ਜਾਂਦੀਆਂ ਹਨ।

     ਲੱਕੜ ਦਾ ਕੰਮ ਕਰਨ ਲਈ ਇੱਕ ਤਰਖਾਣ ਨੂੰ ਜਿਹੜੇ ਸੰਦਾਂ/ਔਜ਼ਾਰਾਂ ਦੀ ਲੋੜ ਹੁੰਦੀ ਹੈ ਉਸ ਵਿੱਚ ਸਭ ਤੋਂ ਪਹਿਲਾਂ ਆਰੀ ਆਉਂਦੀ ਹੈ, ਜੋ ਲੱਕੜ ਨੂੰ ਲੋੜ ਅਨੁਸਾਰ ਢੁੱਕਵੇਂ ਸਾਈਜ਼ ਲਈ ਕੱਟਣ ਵਿੱਚ ਸਹਾਈ ਹੁੰਦੀ ਹੈ। ਅੱਜ-ਕੱਲ੍ਹ ਲੱਕੜ ਦੇ ਮੋਛਿਆਂ ਨੂੰ ਚੀਰਨ ਲਈ ਫਰਨਾਹੀ (ਦੋ ਬੰਦਿਆਂ ਵੱਲੋਂ ਵਰਤਿਆ ਜਾਣ ਵਾਲਾ ਆਰਾ) ਦੀ ਲੋੜ ਹੁੰਦੀ ਹੈ। ਵੱਡੀਆਂ-ਵੱਡੀਆਂ ਪੋਰੀਆਂ ਨੂੰ ਚੀਰਨ ਲਈ ਆਰਾ ਮਸ਼ੀਨ, ਜੋ ਬਿਜਲੀ ਨਾਲ ਜਾਂ ਇੰਜਣਾਂ ਨਾਲ ਚਲਾਈ ਜਾਂਦੀ ਹੈ, ਵਰਤੀ ਜਾਂਦੀ ਹੈ। ਆਰਾ ਮਸ਼ੀਨ ਨਾਲ ਵੱਡੀਆਂ-ਵੱਡੀਆਂ ਲੱਕੜਾਂ/ ਪੋਰੀਆਂ ਦੀ ਸਿਧਾਈ ਵੀ ਕੀਤੀ ਜਾਂਦੀ ਹੈ। ਘਰਾਂ ਦੀਆਂ ਛੱਤਾਂ ਲਈ ਬਾਲੇ, ਸ਼ਤੀਰਾਂ, ਫੱਟੀਆਂ ਦੀ ਰੰਦਾਈ ਵੀ ਤਰਖਾਣ ਹੀ ਕਰਦਾ ਹੈ। ਨਿੱਕੀ ਲੱਕੜ ਨੂੰ ਛਿੱਲਣ ਅਤੇ ਤਰਾਸ਼ਣ ਲਈ ਤੇਸੇ ਦੀ ਵਰਤੋਂ ਕੀਤੀ ਜਾਂਦੀ ਹੈ।

     ਸਭ ਤੋਂ ਪਹਿਲਾਂ ਕਾਰੀਗਰ ਆਪਣਾ ਅੱਡਾ ਬਣਾਉਂਦਾ ਹੈ ਜਿਸ ਤੇ ਉਹ ਕੰਮ ਕਰਦਾ ਹੈ। ਹਰ ਤਰ੍ਹਾਂ ਦਾ ਵਿਤ ਅਨੁਸਾਰ ਦਾ ਕੰਮ ਇਸ ਅੱਡੇ ਤੇ ਹੀ ਕਰਦਾ ਹੈ। ਜਿੱਥੇ ਲੱਕੜ ਚੀਰਨ ਲਈ ਆਰੀ ਅਤੇ ਲੱਕੜ ਨੂੰ ਤਰਾਸ਼ਣ ਲਈ ਤੇਸੇ ਤੋਂ ਕੰਮ ਲਿਆ ਜਾਂਦਾ ਹੈ ਉੱਥੇ ਲੱਕੜ ਵਿੱਚ ਸੁਰਾਖ਼/ਛੇਕ ਕਰਨ ਲਈ ਗਿਰਮਟ (ਲੋਹੇ ਦਾ ਵਰਮਾ ਹੁੰਦਾ ਹੈ ਜੋ ਹੱਥਾਂ ਨਾਲ ਘੁਮਾ ਕੇ ਵਰਤਿਆ ਜਾਂਦਾ ਹੈ। ਛੋਟੇ-ਛੋਟੇ ਸੁਰਾਖ਼ਾਂ ਲਈ ਵਰਮੀ ਕਮਾਣਚੀ ਵਰਤੀ ਜਾਂਦੀ ਹੈ। ਅੱਜ-ਕੱਲ੍ਹ ਬਿਜਲੀ ਨਾਲ ਚੱਲਣ ਵਾਲੀ ਡਰਿਲ ਮਸ਼ੀਨ ਵਰਤੀ ਜਾਣ ਲੱਗੀ ਹੈ ਜਿਸ ਅੱਗੇ ਲੋੜੀਂਦੇ ਸਾਈਜ਼ ਦਾ ਬਿੱਝ ਜਾਂ ਫ਼ਲ ਲਾਇਆ ਜਾਂਦਾ ਹੈ। ਸੁਰਾਖ਼ ਨੂੰ ਚੋਰਸ ਕਰਨ ਲਈ ਸੱਥਰੇ/ਸੱਥਰੀ ਦੀ ਵਰਤੋਂ ਕੀਤੀ ਜਾਂਦੀ ਹੈ। ਦਰਵਾਜ਼ਿਆਂ ਦੇ ਫ਼ਰੇਮ ਬਣਾਉਣ ਲਈ ਚੂਲਾਂ ਜੋੜਨ ਲਈ ਸੁਰੇਸ਼/ਫੈਵੀਕੋਲ ਲਾ ਕੇ ਲੱਕੜ ਦੀਆਂ ਲਰਾਂ ਨੂੰ ਲੋਹੇ ਦੇ ਸਕੰਜ਼ੇ ਵਿੱਚ ਕੱਸ ਕੇ ਬਾਂਸ ਦੇ ਗੁੱਝੇ ਲਾਏ ਜਾਂਦੇ ਹਨ। ਚੁਗਾਠਾਂ ਨੂੰ ਜੋੜਨ ਲਈ ਕਿੱਲਾਂ ਦੀ ਵਰਤੋਂ ਆਮ ਕੀਤੀ ਜਾਂਦੀ ਹੈ। ਮੇਜ਼ ਜਾਂ ਦਰਵਾਜ਼ੇ ਦੀਆਂ ਦੋ ਲੱਕੜਾਂ ਨੂੰ ਜੋੜਨ ਲਈ ਸੁਰਸੁਰੇ (ਦੋਹਾਂ ਪਾਸਿਆਂ ਤੋਂ ਤਿੱਖੇ ਮੂੰਹ ਵਾਲੀ ਕਿੱਲ/ਮੇਖ) ਵਰਤੇ ਜਾਂਦੇ ਹਨ। ਦਰਵਾਜ਼ੇ ਨੂੰ ਅੰਦਰ ਵਾਰ ਬੰਦ ਕਰਨ ਲਈ ਜਿੱਥੇ ਅੱਜ-ਕੱਲ੍ਹ ਚਿਟਕਣੀਆਂ ਲਾਈਆਂ ਜਾਂਦੀਆਂ ਹਨ ਉੱਥੇ ਪਹਿਲਾਂ ਲੱਕੜ ਦਾ ਹੀ ਹੋੜਾ ਲੱਗਦਾ ਸੀ। ਫੱਟੀਆਂ ਨੂੰ ਜੋੜਨ ਲਈ ਨਿੱਕੀਆਂ- ਨਿੱਕੀਆਂ ਚੀਰੀਆਂ ਹੋਈਆਂ ਚੂਲਾਂ ਕੰਘੀਆਂ ਦੀ ਲੋੜ ਪੈਂਦੀ ਹੈ।

     ਲੱਕੜ ਦਾ ਕੰਮ ਕਰਨ ਵਾਲਾ ਕਾਰੀਗਰ/ਤਰਖਾਣ ਦੋ ਲੱਕੜਾਂ ਦੀ ਲੰਬਾਈ ਵਧਾਉਣ ਲਈ ਕਲਮ ਵਾਲਾ ਜੋੜ ਲਾਉਂਦਾ ਹੈ। ਲੱਕੜ ਨੂੰ ਰੰਦਣ ਲਈ ਲੰਮਾ ਰੰਦਾ, ਗੁੱਟਕਾ- ਰੰਦਾ ਵਰਤਿਆ ਜਾਂਦਾ ਹੈ, ਪੱਕੀ (ਸਖ਼ਤ) ਲੱਕੜ ਨੂੰ ਰੰਦਣ ਲਈ, ਦੂਜੇ ਬੰਦੇ ਦੀ ਮੱਦਦ ਲਈ ਖੱਬੀ ਦੀ ਵਰਤੋਂ ਕਰਨੀ ਪੈਂਦੀ ਹੈ।

     ਦੋ ਲੱਕੜਾਂ ਦੇ ਆਡੇ ਪਾਸੇ (ਰੁਖ਼) ਲੱਗੀ ਚੌੜੀ ਫੱਟੀ ਨੂੰ ਖੁਰਜੀ ਅਤੇ ਲੰਬਾਈ ਵਾਲੇ ਪਾਸੇ ਦੀ ਲੱਕੜ ਨੂੰ ਬਾਹੀ (ਬਾਜਸ਼) ਆਖਦੇ ਹਨ। ਲੱਕੜ ਦੇ ਦੋ ਸਿਰਿਆਂ ਨੂੰ ਇੱਕ ਦੂਜੇ ਉੱਤੇ ਚੜ੍ਹਾ ਕੇ ਜੋੜੇ ਵਾਲੇ ਜੋੜ ਨੂੰ ਗਿੱਚੀ-ਵੱਢ੍ਹ ਜੋੜ ਆਖਦੇ ਹਨ। ਲੋਹੇ ਦੀ ਤੇਗ/ਫਲ ਨੂੰ ਤਿੱਖਾ ਕਰਨ ਲਈ ਪੱਥਰੀ/ਸਾਣ ਵਰਤੀ ਜਾਂਦੀ ਹੈ। ਜੋੜ ਨੂੰ ਸਮਕੋਣ (right angle) ਵਿੱਚ ਕਰਨ ਲਈ ਗੁਣੀਆ (ਲੋਹੇ ਦਾ ਜਾਂ ਲੱਕੜ ਦੀਆਂ ਪੱਚਰਾਂ ਦਾ ਬਣਿਆ) ਵਰਤਿਆ ਜਾਂਦਾ ਹੈ। ਲੱਕੜ ਵਿੱਚ ਅੱਧਾ ਛੇਕ ਕਰ ਕੇ ਲਾਈ ਜਾਣ ਵਾਲੀ ਚੂਲ ਨੂੰ ਗੁੰਮਚੂਲ ਆਖਿਆ ਜਾਂਦਾ ਹੈ ਸੋ ਦੂਜੇ ਪਾਸਿਓਂ ਨਜ਼ਰ ਨਹੀਂ ਆਉਂਦੀ। ਪੁਰਾਣੇ ਸਮੇਂ ਕਿਲ੍ਹਿਆਂ ਦੇ ਵੱਡੇ-ਵੱਡੇ ਦਰਵਾਜ਼ੇ, ਦਰਵਾਜ਼ਿਆਂ ਦੇ ਉਪਰਲੇ ਤੇ ਹੇਠਲੇ ਪਾਸੇ ਗੋਲ ਖੁੱਲ੍ਹਾ ਸੁਰਾਖ਼ ਕੀਤਾ ਜਾਂਦਾ ਸੀ ਜਿਸ ਵਿੱਚ ਦਰਵਾਜ਼ੇ ਦੀ ਚੂਲ ਘੁੰਮਦੀ ਸੀ ਇਸ ਨੂੰ ਚੂਥੀ ਕਹਿੰਦੇ ਹਨ। ਚੂਲ ਦਰਵਾਜ਼ੇ ਦੇ ਹੇਠਲੇ ਤੇ ਉਪਰਲੇ ਪਾਸੇ ਲਾਈ ਹੁੰਦੀ ਹੈ। ਲੱਕੜ ਨੂੰ ਰਗੜ ਕੇ ਸਾਫ਼ ਕਰਨ ਵਾਲਾ ਰੇਤੀ ਵਰਗਾ ਸੰਦਾ ਚੋਸਾ ਅਖਵਾਉਂਦਾ ਹੈ।

     ਅੱਜ-ਕੱਲ੍ਹ ਜਿੱਥੇ ਦਰਵਾਜ਼ਿਆਂ ਦੇ ਉਪਰਲੇ ਪਾਸੇ ਇੱਟਾਂ ਜਾਂ ਸਰੀਏ ਸੀਮਿੰਟ ਦਾ ਲੈਂਟਰ ਪਾਇਆ ਜਾਂਦਾ ਹੈ, ਉੱਥੇ ਪਹਿਲਾਂ ਲੱਕੜ ਦਾ ਮੋਟਾ ਫੱਟਾ ਰੱਖ ਦਿੱਤਾ ਜਾਂਦਾ ਸੀ ਕਿਉਂਕਿ ਉਸ ਵੇਲੇ ਸੀਮਿੰਟ ਵਰਗੀ ਮਜ਼ਬੂਤ ਕੋਈ ਸ਼ੈਅ ਨਹੀਂ ਸੀ। ਫੱਟਿਆਂ ਉਪਰ ਵੀ ਡਾਟਾਂ ਦੀ ਚਿਣਾਈ ਕੀਤੀ ਜਾਂਦੀ ਸੀ। ਉਸ ਨੂੰ ਛੱਤਣ ਕਿਹਾ ਜਾਂਦਾ ਹੈ। ਲੱਕੜ ਚੀਰਨ ਲਈ ਜਿਹੜੀ ਆਰੀ ਵਰਤੀ ਜਾਂਦੀ ਹੈ ਉਸ ਦੇ ਦੰਦਿਆਂ ਨੂੰ ਤਿੱਖਾ ਕਰਨ ਲਈ ਟਕੋਰਾ/ਤਿਕੋਣੀ ਰੇਤੀ ਵਰਤੀ ਜਾਂਦੀ ਹੈ। ਅੱਡੇ ਤੇ ਲੱਕੜ ਦੀ ਰੰਦਾਈ ਕਰਦਿਆਂ ਲੱਕੜ ਨੂੰ ਖਿਸਕਣ ਜਾਂ ਹਿੱਲਣ ਤੋਂ ਰੋਕਣ ਲਈ ਅੱਡੇ ਦੇ ਇੱਕ ਪਾਸੇ ਅੜਤਲ/ਫੱਟੀ/ਰੋਕ ਲਾਈ ਜਾਂਦੀ ਹੈ ਜੋ ਲੱਕੜ ਦੀ ਹੀ ਹੁੰਦੀ ਹੈ ਜਿਸ ਨੂੰ ਫ਼ਲ ਵੀ ਆਖਦੇ ਹਨ।

     ਮੱਧ-ਕਾਲੀ ਸਮੇਂ ਵਿੱਚ ਦਰਵਾਜ਼ਿਆਂ ਵਿੱਚ ਵਿੱਥ/ ਵਿਰਲ ਨੂੰ ਖ਼ਤਮ ਕਰਨ ਲਈ ਪੱਲਿਆਂ (ਦੋ ਪਾਸਿਆਂ) ਨੂੰ ਇੱਕ ਦੂਜੇ ਉੱਤੇ ਚੜ੍ਹਾ ਕੇ ਜੋੜਣ ਦੀ ਵਿਧੀ ਨੂੰ ਡਿਓਢ ਕਿਹਾ ਜਾਂਦਾ ਸੀ। ਲੰਮੀਆਂ ਲੱਕੜਾਂ ਜਾਂ ਦਰਵਾਜ਼ਿਆਂ ਦੀਆਂ ਲਰਾਂ ਦੀਆਂ ਚੂਲਾਂ ਚੀਰਨ ਲਈ ਬਣਾਈ ਤਿੰਨ ਲੱਤਾਂ ਵਾਲੀ ਘੋੜੀ ਨੂੰ ਢੰਗੀ ਕਹਿੰਦੇ ਹਨ। ਲੱਕੜ ਦੇ ਮੁੱਢਲੇ ਪੜਾਅ ਤੇ ਤਰਾਸ਼ਣ ਨੂੰ ਤੱਛਣਾ ਕਿਹਾ ਜਾਂਦਾ ਹੈ। ਇਹ ਕੰਮ ਆਮ ਕਰ ਕੇ ਤੇਸੇ ਜਾਂ ਕੁਹਾੜੇ ਨਾਲ ਕੀਤਾ ਜਾਂਦਾ ਹੈ। ਜਦੋਂ ਦਰਵਾਜ਼ੇ ਦਾ ਇੱਕ ਪੱਲਾ ਹੁੰਦਾ ਸੀ ਤਾਂ ਉਸ ਇੱਕ ਪੱਲੇ ਨੂੰ ਤਾਕ ਕਿਹਾ ਜਾਂਦਾ ਸੀ।

     ਰਾਜਾਸ਼ਾਹੀ ਤੇ ਜਗੀਰਦਾਰਾਂ ਦੇ ਸਮੇਂ ਵੱਡੇ-ਵੱਡੇ ਮਹੱਲਾਂ ਦੇ ਦਰਵਾਜ਼ਿਆਂ ਤੇ ਲੱਕੜ ਦੀ ਨੱਕਾਸ਼ੀ ਹੁੰਦੀ ਸੀ ਜਿਸ ਨੂੰ ਦਰਸ਼ ਆਖਦੇ ਹਨ। ਅੱਜ-ਕੱਲ੍ਹ ਦੀ ਪਲਾਈ ਬੋਰਡ ਦੀ ਥਾਂ ਪਹਿਲਾਂ ਦਰਵਾਜ਼ਿਆਂ ਦੇ ਪੱਲਿਆਂ ਦੇ ਛੋਟੇ-ਛੋਟੇ ਖ਼ਾਨੇ ਬਣਾ ਕੇ ਵਿੱਚ ਦਿੱਲ੍ਹੇ ਭਰੇ ਜਾਂਦੇ ਸਨ ਜਿਨ੍ਹਾਂ ਤੇ ਨੱਕਾਸ਼ੀ ਕੀਤੀ ਹੁੰਦੀ ਸੀ। ਤਰਖਾਣ ਨੇ ਜਿਸ ਅੱਡੇ ਤੇ ਕੰਮ ਕਰਨਾ ਹੁੰਦਾ ਹੈ ਉੱਥੇ ਲੱਕੜ ਨੂੰ ਘੜਨ ਲਈ ਕਿਸੇ ਲੱਕੜ ਦੇ ਟੁਕੜੇ ਵਿੱਚ ਵੱਢ ਪਾ ਕੇ ਵਰਤਿਆ ਜਾਂਦਾ ਹੈ ਉਸ ਨੂੰ ਨਿਉੜ ਆਖਦੇ ਹਨ। ਪੁਰਾਣੇ ਸਮਿਆਂ ਵਿੱਚ ਜਦੋਂ ਛੱਤਾਂ ਬਾਲਿਆਂ ਆਦਿ ਦੀਆਂ ਹੁੰਦੀਆਂ ਸਨ ਉਸ ਵੇਲੇ ਸ਼ਤੀਰਾਂ/ਲੈਟਣਾਂ ਨੂੰ ਪੂਰੀ ਤਰ੍ਹਾਂ ਤਰਾਸ਼ਿਆ ਨਹੀਂ ਸੀ ਜਾਂਦਾ ਸਿਰਫ਼ ਇੱਕ ਪਾਸੇ ਹੀ ਪੱਧਰੀ ਕੀਤੀ ਜਾਂਦੀ ਸੀ ਜਿਸ ਨੂੰ ਪਸੇਲਾ ਸ਼ਤੀਰੀ ਕਹਿੰਦੇ ਸਨ। ਅੱਜ-ਕੱਲ੍ਹ ਲੋਹੇ ਦੇ ਗਾਰਡਰ ਤੇ ਫੇਰ ਲੈਂਟਰ ਪਾਉਣ ਦਾ ਰਿਵਾਜ ਪ੍ਰਚਲਿਤ ਹੋ ਗਿਆ ਹੈ। ਪੱਲੇ ਦਾ ਦਿੱਲ੍ਹਾ ਫਸਾਉਣ/ਫਿੱਟ ਕਰਨ ਲਈ ਲਰਾਂ ਵਿੱਚ ਪਦਾਮ ਪਾਇਆ ਜਾਂਦਾ ਹੈ ਦਿੱਲ੍ਹਿਆਂ ਦੀ ਥਾਂ ਅੱਜ-ਕੱਲ੍ਹ ਪਲਾਈ ਬੋਰਡ ਦੀ ਵਰਤੋਂ ਹੋਣ ਲੱਗੀ ਹੈ। ਛੱਤਾਂ ਤੇ ਪਾਉਣ ਵਾਲੇ ਬਾਲਿਆਂ ਨੂੰ ਘੁੰਮਣ ਤੋਂ ਰੋਕਣ ਲਈ ਪਰਗਜ਼ਾ ਜਾਂ ਬਰਗਸ ਲਾਇਆ ਜਾਂਦਾ ਹੈ। ਬਰੀਕ ਜਾਂ ਗੁਲਾਈਦਾਰ ਲੱਕੜ ਦੀ ਕਟਾਈ ਲਈ ਫੰਦਰ (ਬਰੀਕ ਦੰਦਿਆਂ ਵਾਲੀ) ਆਰੀ ਵਰਤੀ ਜਾਂਦੀ ਹੈ। ਲੱਕੜ ਚੀਰਨ ਬਾਅਦ ਜੋ ਫਾਲਤੂ ਲੱਕੜ/ਪੱਚਰ ਬਚ ਜਾਂਦੀ ਹੈ ਉਸ ਨੂੰ ਫਰ੍ਹਾ ਆਖਦੇ ਹਨ। ਆਰੇ ਜਾਂ ਆਰੀ ਜਾਂ ਰੰਦੇ ਨਾਲ ਰੱਦਣ ਬਾਅਦ ਲੱਕੜ ਦੇ ਬਚੇ ਚੂਰੇ ਨੂੰ ਬੂਰਾ ਜਾਂ ਬੁਰਾਦਾ ਆਖਦੇ ਹਨ।

     ਦਰਵਾਜ਼ਿਆਂ ਖਿੜਕੀਆਂ ਦੀਆਂ ਬਰੀਕ-ਬਰੀਕ ਪਤਲੀਆਂ ਫੱਟੀਆਂ ਨੂੰ ਲੰਗੋਟ ਕਿਹਾ ਜਾਂਦਾ ਹੈ। ਲੱਕੜ ਨੂੰ ਰੰਦ ਕੇ ਪਤਲੀ ਕੀਤੀ ਨੁੱਕਰ ਨੂੰ ਲਾਪ ਕਿਹਾ ਜਾਂਦਾ ਹੈ। ਲੱਕੜ ਨੂੰ ਚੀਰਨ ਲਈ ਆਰੀ ਅਸਾਨੀ ਨਾਲ ਕੰਮ ਕਰੇ ਉਸ ਦੇ ਦੰਦਿਆਂ ਨੂੰ ਤਿੱਖਾ ਕਰ ਕੇ ਟਕੋਰੇ ਜਾਂ ਕਿਸੇ ਲੋਹੇ ਦੇ ਪੱਤੀ ਨਾਲ ਇੱਕ ਦੰਦਾ ਛੱਡ ਕੇ ਅਗਲੇ ਪਿਛਲੇ ਨੂੰ ਸੱਜੇ-ਖੱਬੇ ਵਿੰਗਾ/ਟੇਢਾ ਕਰਨ ਦੀ ਜੁਗਤ ਨੂੰ ਵਿਉਂਤ ਕਹਿੰਦੇ ਹਨ।

     ਤਰਖਾਣੇ ਧੰਦੇ ਵਿੱਚ ਜਮੂਰ, ਪਲਾਸ ਆਦਿ ਸੰਦ ਵੀ ਵਰਤੇ ਜਾਂਦੇ ਹਨ, ਪਰ ਸਭ ਤੋਂ ਮੁਢਲੀ ਗੱਲ ਤਰਖਾਣ ਕੋਲ ਲੱਕੜ ਚਾਹੀਦੀ ਹੈ। ਪੱਕੀ ਲੱਕੜ ਵਿੱਚ ਕਿੱਕਰ, ਟਾਹਲੀ, ਸਫ਼ੈਦਾ, ਸਾਲ, ਬੋਹੜ, ਅੰਬ, ਜਾਮੁਨ, ਆਦਿ ਆਉਂਦੀਆਂ ਹਨ ਅਤੇ ਕੱਚੀ ਲੱਕੜ ਵਿੱਚ ਚੀਲ੍ਹ, ਕੈਲ, ਦਿਆਰ, ਪੜਤਲ ਆਦਿ ਦਾ ਨਾਂ ਲਿਆ ਜਾ ਸਕਦਾ ਹੈ।

     ਮਸ਼ੀਨੀ ਯੁੱਗ ਵਿੱਚ ਤਰਖਾਣ ਦੀ ਵੱਡੇ-ਵੱਡੇ ਲੋਹੇ ਦੇ ਮਸ਼ੀਨੀ ਰੰਦੇ ਆਰੇ-ਆਰੀਆਂ, ਚੂਲਾਂ ਕੱਢਣ ਲਈ ਵਰਤਣ ਲੱਗ ਪਏ ਹਨ। ਲੱਕੜ ਰੰਦਣ ਲਈ ਮਸ਼ੀਨੀ ਰੰਦਿਆਂ ਦਾ ਪ੍ਰਚਲਨ ਆਮ ਹੋ ਗਿਆ ਹੈ। ਆਧੁਨਿਕ ਸਮੇਂ ਵਿੱਚ ਲੱਕੜ ਦੇ ਜੋੜੀਆਂ ਪੱਲੇ ਹੀ ਨਹੀਂ ਬਣਦੇ ਸਗੋਂ ਘਰਾਂ ਨੂੰ ਸਜਾਉਣ ਲਈ ਆਧੁਨਿਕ ਫ਼ਰਨੀਚਰ, ਸੋਫ਼ਾ-ਸੈੱਟ, ਮੇਜ਼, ਕੁਰਸੀਆਂ, ਅਲਮਾਰੀਆਂ, ਕਪਬੋਰਡ ਅਤੇ ਅਨੇਕ ਹੋਰ ਕਿਸਮ ਦੇ ਸਮਾਨ ਬਣਨ ਲੱਗ ਪਏ ਹਨ। ਦੂਜੇ ਪਾਸੇ ਕਿਰਸਾਣੀ ਨਾਲ ਸੰਬੰਧਿਤ ਕੰਮ ਤਰਖਾਣ ਕੋਲ ਨਹੀਂ ਰਹੇ ਕਿਉਂਕਿ ਮਸ਼ੀਨੀ ਯੁੱਗ ਕਾਰਨ ਕਿਰਸਾਣ ਨੇ ਆਪਣੇ ਔਜਾਰ ਲੋਹੇ ਦੇ ਵਰਤਣੇ ਸ਼ਰੂ ਕਰ ਦਿੱਤੇ ਹਨ।


ਲੇਖਕ : ਹਰਬੰਸ ਸਿੰਘ ਧੀਮਾਨ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 4046, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.