ਤਾਰਾ ਸਿੰਘ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਤਾਰਾ ਸਿੰਘ ( 1929– 1993 ) : ਪੰਜਾਬੀ ਸਾਹਿਤ ਜਗਤ ਵਿੱਚ ਤਾਰਾ ਸਿੰਘ ਇੱਕ ਜਾਣਿਆ-ਪਛਾਣਿਆ ਕਵੀ ਹੈ । ਉਸ ਨੇ ਵਾਰਤਕ ਵੀ ਰਚੀ ਤੇ ਵੱਖ-ਵੱਖ ਭਾਸ਼ਾਵਾਂ ਦੀਆਂ ਪ੍ਰਸਿੱਧ ਸਾਹਿਤ ਪੁਸਤਕਾਂ ਦੇ ਪੰਜਾਬੀ ਵਿੱਚ ਅਨੁਵਾਦ ਵੀ ਕੀਤੇ । ਕਾਵਿ-ਵਿਅੰਗ ਅਤੇ ਸੰਪਾਦਨ ਦਾ ਮਹੱਤਵਪੂਰਨ ਕੰਮ ਵੀ ਤਾਰਾ ਸਿੰਘ ਦੀ ਪ੍ਰਤਿਭਾ ਦਾ ਪ੍ਰਮਾਣ ਹੈ ।

        15 ਅਗਸਤ 1929 ਨੂੰ ਪਿੰਡ ਹੂਕੜਾਂ , ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਮਾਤਾ ਧੰਨ ਕੌਰ ਅਤੇ ਪਿਤਾ ਅਰਜਨ ਸਿੰਘ ਦੇ ਘਰ ਜਨਮੇ ਤਾਰਾ ਸਿੰਘ ਨੇ ਤਰਖਾਣਾ ਕੰਮ ਵੀ ਕੀਤਾ ਅਤੇ ਪੱਤਰਕਾਰੀ ਵੀ ਪਰ ਮੁੱਖ ਤੌਰ `ਤੇ ਤਾਰਾ ਸਿੰਘ ਸਾਰੀ ਉਮਰ ਸ਼ਬਦਾਂ ਨਾਲ ਜੁੜਿਆ ਰਿਹਾ ਤੇ ਸਾਹਿਤ ਰਚਨਾਵਾਂ ਰਾਹੀਂ ਆਪਣੇ ਵਿਚਾਰਾਂ ਨੂੰ ਲੋਕਾਂ ਨਾਲ ਸਾਂਝਾ ਕਰਦਾ ਰਿਹਾ । ਉਸ ਦੇ ਸਾਹਿਤ ਵਿੱਚੋਂ ਉਸ ਦੇ ਜੀਵਨ ਦੀ ਸਰਗਰਮੀ ਅਤੇ ਉਸ ਦੀ ਡੂੰਘੀ ਸੋਚ ਸਪਸ਼ਟ ਦਿਖਾਈ ਦਿੰਦੀ ਹੈ । ਤਾਰਾ ਸਿੰਘ 2 ਫ਼ਰਵਰੀ 1993 ਨੂੰ ਇਸ ਸੰਸਾਰ ਤੋਂ ਵਿਦਾ ਹੋਇਆ ਪਰ ਉਹ ਆਪਣੀਆਂ ਰਚਨਾਵਾਂ ਰਾਹੀਂ ਸਦਾ ਹਾਜ਼ਰ ਰਹੇਗਾ ।

        ਪੰਜਾਬੀ ਕਾਵਿ-ਸਾਹਿਤ ਨੂੰ ਤਾਰਾ ਸਿੰਘ ਨੇ ਛੇ ਕਾਵਿ- ਸੰਗ੍ਰਹਿ ਦਿੱਤੇ । 1956 ਵਿੱਚ ਉਸ ਦਾ ਪਹਿਲਾ ਕਾਵਿ-ਸੰਗ੍ਰਹਿ ਸਿੰਮਦੇ ਪੱਥਰ ਛਪਿਆ । ਇਸ ਸੰਗ੍ਰਹਿ ਦੀਆਂ ਪਰਿਪੱਕ ਕਵਿਤਾਵਾਂ ਨੇ ਹੀ ਪੰਜਾਬੀ ਸਾਹਿਤ ਵਿੱਚ ਤਾਰਾ ਸਿੰਘ ਦੀ ਉੱਘੀ ਪਛਾਣ ਸਥਾਪਿਤ ਕੀਤੀ ਕਿਉਂਕਿ ਇਸ ਸੰਗ੍ਰਹਿ ਵਿਚਲੀ ਉਸ ਦੀ ਕਵਿਤਾ ਨੇ ਉਸ ਵੇਲੇ ਦੀ ਕਵਿਤਾ ਤੋਂ ਵੱਖਰੇ ਸੁਭਾਅ ਵਾਲੀ ਹੋਣ ਕਾਰਨ ਵਧੇਰੇ ਧਿਆਨ ਖਿੱਚਿਆ । ਇਸ ਤੋਂ ਬਾਅਦ ਮੇਘਲੇ ( 1962 ) , ਅਸੀਂ ਤੁਸੀਂ ( 1971 ) , ਸੂਰਜ ਦਾ ਲੈਟਰ ਬਾਕਸ ( 1983 ) , ਕਹਿਕਸ਼ਾਂ ( 1991 ) ਅਤੇ ਡੋਲਦੇ ਪਾਣੀ ( 1996 ) ਉਸ ਦੀਆਂ ਮਹੱਤਵਪੂਰਨ ਪ੍ਰਕਾਸ਼ਿਤ ਕਾਵਿ-ਪੁਸਤਕਾਂ ਹਨ । ਤਾਰਾ ਸਿੰਘ ਦੀ ਕਵਿਤਾ ਨਵੇਕਲੀ ਦਿਸਦੀ ਹੈ । ਉਸ ਦਾ ਸਾਹਿਤ ਬਾਰੇ ਆਪਣਾ ਵਿਚਾਰ ਹੀ ਉਸ ਦੀ ਕਵਿਤਾ ਦੇ ਵੱਖਰੇ ਹੋਣ ਦਾ ਕਾਰਨ ਦੱਸ ਦਿੰਦਾ ਹੈ । ਉਹ ਅਸੀਂ ਤੁਸੀਂ ਪੁਸਤਕ ਦੀ ਭੂਮਿਕਾ ਵਿੱਚ ਲਿਖਦਾ ਹੈ , “ ਲੇਖਕ ਉਹੋ ਕੁਝ ਲਿਖ ਸਕਦਾ ਹੈ , ਜੋ ਕੁਝ ਉਹ ਲਿਖ ਸਕਦਾ ਹੈ । ਉਹ ਜੋ ਕੁਝ ਹੈ , ਉਹੀ ਰਹਿਣਾ ਉਸ ਦਾ ਨਸੀਬ ਹੈ । " ਤਾਰਾ ਸਿੰਘ ਦੇ ਇਹ ਵਿਚਾਰ ਇਸ ਗੱਲ ਨੂੰ ਸਪਸ਼ਟ ਕਰਦੇ ਹਨ ਕਿ ਲੇਖਕ ਦੀ ਸ਼ਖ਼ਸੀਅਤ ਅਤੇ ਸਮਰੱਥਾ ਹੀ ਲੇਖਕ ਦੀਆਂ ਰਚਨਾਵਾਂ ਵਿੱਚ ਢਲਦੀ ਹੈ । ਲੇਖਕ ਆਪਣੇ-ਆਪ ਤੋਂ ਪਰ੍ਹਾਂ ਜਾ ਕੇ ਨਹੀਂ ਲਿਖ ਸਕਦਾ , ਉਹ ਜੋ ਲਿਖਦਾ ਹੈ ਆਪਣੇ-ਆਪ ਉਹ ਲਿਖਤ ਉਸ ਲੇਖਕ ਦੇ ਆਪੇ ਦਾ ਪ੍ਰਗਟਾਅ ਹੁੰਦੀ ਹੈ । ਇਸ ਵਿਚਾਰ ਦੀ ਰੋਸ਼ਨੀ ਵਿੱਚ ਤਾਰਾ ਸਿੰਘ ਦੀ ਕਵਿਤਾ ਦੀ ਡੂੰਘਾਈ ਤੇ ਵਿਅਕਤਿਤਵ ਨੂੰ ਜਾਣਿਆ ਤੇ ਪਛਾਣਿਆ ਜਾ ਸਕਦਾ ਹੈ । ਉਸ ਦੀ ਕਵਿਤਾ ‘ ਖ਼ੁਦਕੁਸ਼ੀ ਤੋਂ ਪਹਿਲਾਂ ` ਦੀਆਂ ਇਹ ਸਤਰਾਂ ਦੇਖੀਆਂ ਜਾ ਸਕਦੀਆਂ ਹਨ “ ਉਹ/ਪਰਛਾਵਿਆਂ ਤੋਂ/ਰੂਪ ਪੁੱਛਦਾ ਸੀ/... ਅਗਨ ਦਾ ਕੀ ਰੂਪ ਹੈ ? / ਰੂਪ ਕਿਉਂ ਪੁੱਛਦੇ ਨੇ ਲੋਕੀਂ ? /ਮੈਂ ਤਾਂ ਗੁਣ ਹਾਂ/ਜਿਸ ਦਾ ਪਰਛਾਵਾਂ ਨਹੀਂ । "

        ਤਾਰਾ ਸਿੰਘ ਦੀ ਕਵਿਤਾ ਆਪਣੇ ਸਮੇਂ ਅਤੇ ਉਸ ਸਮੇਂ ਦੇ ਹਰ ਰੰਗ ਨਾਲ ਵਾਰਤਾਲਾਪ ਕਰਦੀ ਹੋਈ ਸਾਮ੍ਹਣੇ ਆਉਂਦੀ ਹੈ । ਤਾਰਾ ਸਿੰਘ ਪੰਜਾਬ ਦੇ ਦਰਦੀਲੇ ਦਿਨਾਂ ਵਿੱਚ ਵੀ ਆਪਣੀ ਕਵਿਤਾ ਰਾਹੀਂ ਲੋਕਾਂ ਦੇ ਮਨਾਂ ਨੂੰ ਢਾਰਸ ਤੇ ਚੰਗੇ ਦਿਨਾਂ ਦੇ ਆਉਣ ਦੇ ਦਿਲਾਸੇ ਵੀ ਦਿੰਦਾ ਰਿਹਾ । ਇਸੇ ਲਈ ਉਹ ਮਾਨਵ ਨੂੰ ਅਰਥਾਂ ਵਿੱਚ ਦੇਖਣ ਵਾਲਾ ਕੋਮਲ ਭਾਵੀ ਸਾਹਿਤਕਾਰ ਹੈ । “ ਅਜੇ ਬਾਲ ਨਾ ਬਨੇਰਿਆਂ ਤੇ ਮੋਮਬੱਤੀਆਂ/ਲੰਘ ਜਾਣ ਦੇ ਬਜ਼ਾਰ `ਚੋਂ ਹਵਾਵਾਂ ਤੱਤੀਆਂ" ਇਹ ਕਹਿਣ ਵਾਲਾ ਕਵੀ ਤਾਰਾ ਸਿੰਘ ਪੰਜਾਬੀ ਕਵਿਤਾ ਦਾ ਵੱਡਾ ਹਾਸਲ ਹੈ ।

        ਕਵਿਤਾ ਤੋਂ ਇਲਾਵਾ ਵਾਰਤਕ ਦੀਆਂ ਦੋ ਪੁਸਤਕਾਂ ਸਰਗੋਸ਼ੀਆਂ ਅਤੇ ਦਰਪਣ ਬੁਲਬੁਲਿਆਂ ਦੇ ਤਾਰਾ ਸਿੰਘ ਦੀ ਮਹੱਤਵਪੂਰਨ ਦੇਣ ਹਨ । ਇਸੇ ਤਰ੍ਹਾਂ ਨਾਥਬਾਣੀ ਕਾਵਿ-ਵਿਅੰਗ ਉਸ ਦੀ ਪ੍ਰਭਾਵਸ਼ਾਲੀ ਪੁਸਤਕ ਹੈ । ਤਾਰਾ ਸਿੰਘ ਨੇ ਵੀ ਰਾਜਿੰਦਰ ਸਿੰਘ ਬੇਦੀ ਦੇ ਸੱਤ ਉਰਦੂ ਇਕਾਂਗੀਆਂ ਨੂੰ ਸੱਤ ਖੇਲ ਸਿਰਲੇਖ ਹੇਠ ਅਨੁਵਾਦ ਕੀਤਾ । ਇਸੇ ਤਰ੍ਹਾਂ ਬੇਗ਼ਮ ਅਨੀਮ ਕਿਦਵਈ ਦੀ ਉਰਦੂ ਪੁਸਤਕ ਅਜ਼ਾਦੀ ਕੀ ਛਾਓਂ ਮੇਂ ਦਾ ਉਸ ਨੇ ਪੰਜਾਬੀ ਵਿੱਚ ਅਜ਼ਾਦੀ ਦੀ ਛਾਂ ਹੇਠ ਅਨੁਵਾਦ ਕੀਤਾ । ਤਾਰਾ ਸਿੰਘ 1956 ਤੋਂ ਲੈ ਕੇ 1964 ਤੱਕ ਰੋਜ਼ਾਨਾ ਖਾਲਸਾ ਸੇਵਕ ਦਾ ਸੰਪਾਦਨ ਕਰਦਾ ਰਿਹਾ । ਰੋਜ਼ਾਨਾ ਨਵਾਂ ਹਿੰਦੁਸਤਾਨ ਦਾ ਉਸ ਨੇ ਇੱਕ ਸਾਲ ਸੰਪਾਦਨ ਕੀਤਾ ਤੇ ਫਿਰ 1965 ਤੋਂ 1991 ਤੱਕ ਲਗਾਤਾਰ ਸਪਤਾਹਿਕ ਲੋਕ ਰੰਗ ਦਾ ਸੰਪਾਦਨ ਤਾਰਾ ਸਿੰਘ ਦੀ ਨਵੇਕਲੀ ਕਾਰਜ- ਕੁਸ਼ਲਤਾ ਦੀ ਗਵਾਹੀ ਰਿਹਾ ।

        ਤਾਰਾ ਸਿੰਘ ਦੇ ਬਹੁ-ਪੱਖੀ ਸ਼ਖ਼ਸੀਅਤ ਨੂੰ ਭਾਸ਼ਾ ਵਿਭਾਗ , ਪੰਜਾਬ ਵੱਲੋਂ ਸ਼੍ਰੋਮਣੀ ਪੱਤਰਕਾਰ ਵਜੋਂ ਸਨਮਾਨਿਆ ਗਿਆ । ਸਰਕਾਰ ( ਦਿੱਲੀ ) ਵੱਲੋਂ ਸ਼੍ਰੋਮਣੀ ਕਵੀ ਵਜੋਂ ਪੁਰਸਕਾਰ , ਇਸੇ ਤਰ੍ਹਾਂ ਭਾਰਤ ਸਰਕਾਰ ਵੱਲੋਂ ਕਹਿਕਸ਼ਾ ਪੁਸਤਕ ਉਪਰ ਰਾਸ਼ਟਰੀ ਪੁਰਸਕਾਰ ਵੀ ਦਿੱਤਾ ਗਿਆ ।

        ਤਾਰਾ ਸਿੰਘ ਪੰਜਾਬੀ ਦਾ ਉਹ ਕਵੀ ਹੈ ਜਿਸ ਨੇ ਪੰਜਾਬੀ ਕਵਿਤਾ ਵਿੱਚ ਆਪਣੇ ਨਵੇਕਲੇ ਰੰਗ ਰਾਹੀਂ ਆਪਣੀ ਪਛਾਣ ਬਣਾਈ । ਜਦੋਂ ਉਸ ਨੇ ਲਿਖਣਾ ਸ਼ੁਰੂ ਕੀਤਾ ਉਸ ਸਮੇਂ ਪੰਜਾਬੀ ਕਵਿਤਾ ਵਿੱਚ ਅੰਮ੍ਰਿਤਾ ਪ੍ਰੀਤਮ- ਮੋਹਨ ਸਿੰਘ ਦੀ ਕਵਿਤਾ ਦਾ ਦੌਰ ਆਪਣੇ ਸਿਖਰ ਉਪਰ ਸੀ ਪਰ ਤਾਰਾ ਸਿੰਘ ਦੀ ਕਵਿਤਾ ਨੇ ਆਪਣਾ ਨਵਾਂ ਮੁਹਾਵਰਾ ਲੈ ਕੇ ਪੰਜਾਬੀ ਕਵਿਤਾ ਵਿੱਚ ਪ੍ਰਵੇਸ਼ ਕੀਤਾ । ਉਸ ਦੀ ਕਵਿਤਾ ਨੂੰ ਇਸੇ ਲਈ ਸਿੱਧੇ ਤੌਰ `ਤੇ ਕਿਸੇ ਲਹਿਰ ਨਾਲ ਜੋੜ ਕੇ ਨਹੀਂ ਸਮਝਿਆ ਜਾ ਸਕਦਾ ਭਾਵੇਂ ਕਿ ਉਸ ਨੇ ਆਪਣੀ ਕਵਿਤਾ ਰਾਹੀਂ ਨਵੇਂ ਪ੍ਰਯੋਗ ਵੀ ਕੀਤੇ । ਨਵੀਂ ਸ਼ੈਲੀ ਵਿੱਚੋਂ ਸਾਮ੍ਹਣੇ ਆਉਂਦਾ ਨਵਾਂ ਕਾਵਿ- ਮੁਹਾਵਰਾ ਤਾਰਾ ਸਿੰਘ ਦੀ ਕਵਿਤਾ ਦਾ ਖ਼ਾਸਾ ਹੈ , ਇਸੇ ਲਈ ਉਸ ਦੇ ਸਾਹਿਤ `ਤੇ ਖ਼ਾਸ ਕਰ ਕਵਿਤਾ ਨੂੰ ਪੰਜਾਬੀ ਕਵਿਤਾ ਦੇ ਖੇਤਰ ਵਿੱਚ ਨਵੇਂ ਵਿਸਤਾਰ ਵਜੋਂ ਪਛਾਣਿਆ ਜਾਂਦਾ ਹੈ ।


ਲੇਖਕ : ਉਮਿੰਦਰ ਜੌਹਲ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 3772, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.