ਤਿਉਹਾਰ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਤਿਉਹਾਰ (ਨਾਂ,ਪੁ) ਉਤਸਵ ਪਰਬ ਆਦਿ ਮਨਾਉਣ ਦਾ ਦਿਨ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9830, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਤਿਉਹਾਰ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਤਿਉਹਾਰ [ਨਾਂਪੁ] ਪੁਰਬ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9823, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਤਿਉਹਾਰ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਤਿਉਹਾਰ. ਸੰਗ੍ਯਾ—ਤਿਥਿ-ਵਾਰ. ਉਤਸਵ ਮਨਾਉਣ ਦਾ ਦਿਨ. ਪਰਬ ਦਾ ਦਿਨ. ਤ੍ਯੋਹਾਰ. ਵੈਸਾਖੀ, ਹੋਲੀ , ੲ਼ੀਦ, ਅਤੇ Christmas day ਆਦਿ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9593, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no
ਤਿਉਹਾਰ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਬਾਰਵੀਂ, ਭਾਸ਼ਾ ਵਿਭਾਗ ਪੰਜਾਬ
ਤਿਉਹਾਰ : ਕੁਝ ਖਾਸ ਦਿਨ, ਤਿਥੀ, ਵਾਰ ਉਤਸਵ ਅਤੇ ਪੁਰਬ ਆਦਿ ਮਨਾਉਣ ਨੂੰ ਤਿਉਹਾਰ ਕਹਿੰਦੇ ਹਨ। ਤਿਉਹਾਰ ਜਾਂ ਉਸਤਵ ਨੂੰ ‘ਉਪਾਸਨਾ’ ‘ਉਪਵਾਸ’ ‘ਜਾਗਰਣ’ ‘ਇਸ਼ਨਾਨ’ ‘ਮੇਲੇ’ ‘ਮੰਤਰ’ ਰੌਸ਼ਨੀ ਕਰਕੇ ਬ੍ਰਾਹਮਣਾਂ ਨੂੰ ਭੇਟਾ ਦੇ ਕੇ ਮਨਾਇਆ ਜਾਂਦਾ ਹੈ।
ਸਾਰੇ ਤਿਉਹਾਰਾਂ ਬਾਰੇ ਮੁਕੰਮਲ ਜਾਣਕਾਰੀ ਦੇਣਾ ਕਾਫੀ ਮੁਸ਼ਕਲ ਹੈ ਕਿਉਂਕਿ ਹਰ ਥਾਂ ਅਤ ਹਰ ਸਮੁਦਾਇ ਦਾ ਤਿਉਹਾਰ ਵੱਖਰਾ ਹੁੰਦਾ ਹੈ। ਤਿਉਹਾਰਾਂ ਦਾ ਸਿੱਖਿਆ ਅਤੇ ਸਮਾਜਕ ਪੱਖ ਤੋਂ ਇਲਾਵਾ ਧਾਰਮਕ ਪੱਖ ਵੀ ਹੁੰਦਾ ਹੈ। ਇਹ ਧਾਰਮਕ ਭਾਈਚਾਰਿਆਂ ਵਿਚਕਾਰ ਏਕਤਾ ਪੈਦਾ ਕਰਦੇ ਹਨ।
ਬਹੁਤੇ ਤਿਉਹਾਰ ਮੌਸਮੀ ਹਨ। ਕਈ ਤਿਉਹਾਰ ਫਸਲ ਕਟਣ ਸਮੇਂ ਜਾਂ ਭੋਂ ਦੇ ਉਪਜਾਊਪਣ ਲਈ, ਕਈ ਜਨਮ ਦਿਨ ਮਨਾਉਣ ਲਈ ਅਤੇ ਕਈ ਦੇਵਤਿਆਂ ਜਾਂ ਯੋਧਿਆਂ ਦੀ ਜਿੱਤ ਦੀ ਖੁਸ਼ੀ ਮਨਾਉਣ ਲਈ ਮਨਾਏ ਜਾਂਦੇ ਹਨ। ਕਈ ਤਿਉਹਾਰ ਮਹੱਤਵਪੂਰਨ ਦਿਨਾਂ ਦੀ ਯਾਦ ਵਿਚ ਅਤੇ ਕਈ ਮਿਥਿਹਾਸ ਦੀਆਂ ਪ੍ਰਸਿੱਧ ਘਟਨਾਵਾਂ ਲਈ ਮਨਾਏ ਜਾਂਦੇ ਹਨ।
ਉੱਤਰੀ ਭਾਰਤ ਵਿਚ ਰੱਖੜੀ ਦਾ ਤਿਉਹਾਰ ਹੈ ਪਰ ਦੱਖਣ ਵਿਚ ਇਹ ਰਸਮ ਕਾਰਬੀਕਾਈ ਦੇ ਤਿਉਹਾਰ ਵੇਲੇ ਕੀਤੀ ਜਾਂਦੀ ਹੈ। ਪੰਜਾਬ ਅਤੇ ਉੱਤਰੀ ਭਾਗ ਵਿਚ ਲੋਹੜੀ ਮਨਾਈ ਜਾਂਦੀ ਹੈ ਪਰ ਦੱਖਣ ਵਿਚ ਇਸ ਤਿਉਹਾਰ ਨੂੰ ਪੋਂਗਲ ਵਜੋਂ ਮਨਾਉਂਦੇ ਹਨ। ਦੱਖਣ ਵਿਚ ਵਿਸਾਖੀ ਵਿਸੂ ਦਾ ਰੂਪ ਧਾਰਣ ਕਰ ਲੈਂਦੀ ਹੈ। ਬੰਗਾਲ ਵਿਚ ਦੁਸਹਿਰੇ ਨੂੰ ਦੁਰਗਾਪੂਜਾ, ਮਹਾਰਾਸ਼ਟਰ ਵਿਚ ਗਣੇਸ਼ ਪੂਜਾ ਤੇ ਦੱਖਣ ਵਿਚ ਨਵਰਾਤਰੀ ਦੇ ਰੂਪ ਵਿਚ ਮਨਾਇਆ ਜਾਂਦਾ ਹੈ ਜਦੋਂ ਕਿ ਪੰਜਾਬ, ਯੂ.ਪੀ. ਅਤੇ ਮੱਧ ਭਾਰਤ ਵਿਚ ਇਸ ਨੂੰ ਦੁਸਹਿਰੇ ਵਜੋਂ ਮਨਾਇਆ ਜਾਂਦਾ ਹੈ।
ਭਾਰਤ ਵਿਚ ਤਕਰੀਬਨ 80 % ਤਿਉਹਾਰ ਧਾਰਮਕ ਰੰਗਣ ਵਿਚ ਰੰਗ ਹੋਏ ਹਨ। ਮਹਾਰਾਸ਼ਟਰ, ਬੰਗਾਲ ਅਤੇ ਦੱਖਣ ਵਿਚ ਲੋਕ ਹਰ ਰੋਜ਼ ਕੋਈ ਨਾ ਕੋਈ ਦਿਨ ਤਿਉਹਾਰ ਵਜੋਂ ਮਨਾਉਂਦੇ ਹਨ।
ਸਿੱਖਾਂ ਦੇ ਸਭ ਤਿਉਹਾਰ ਧਰਮ ਨਾਲ ਸਬੰਧਤ ਹਨ। ਉਨ੍ਹਾਂ ਦੇ ਗੁਰਪੁਰਬ ਜਾਂ ਤਾਂ ਗੁਰੂਆਂ ਦੇ ਜਨਮ ਦਿਨ ਹਨ ਜਾਂ ਫਿਰ ਸ਼ਹੀਦੀ ਪ੍ਰਾਪਤ ਕਰਨ ਦੇ ਦਿਨ ਹਨ। ਮੁਸਲਮਾਨਾਂ ਦੇ ਵੀ ਬਹੁਤੇ ਉਸਤਵ ਮਜ਼ਹਬੀ ਹਨ। ਭਾਰਤ ਦੇ ਕੁਝ ਮਹੱਤਵਪੂਰਣ ਤਿਉਹਾਰ ਇਸ ਤਰ੍ਹਾਂ ਹਨ :–
1. ਵਿਸਾਖੀ –– ਇਹ ਤਿਉਹਾਰ ਪਹਿਲੀ ਵੈਸਾਖ ਨੂੰ ਅਰਥਾਤ 13 ਜਾਂ 14 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ। ਸਿੱਖਾਂ ਵਲੋਂ ਇਹ ਤਿਉਹਾਰ ਇਸ ਕਰਕੇ ਮਨਾਇਆ ਜਾਂਦਾ ਹੈ ਕਿਉਂਕਿ ਉਨ੍ਹਾਂ ਦੇ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਦਿਨ ਖਾਲਸਾ ਪੰਥ ਦੀ ਸਾਜਣਾ ਕੀਤੀ ਸੀ ਅਰਥਾਤ 1699 ਈ. ਵਿਚ ਆਨੰਦਪੁਰ ਸਾਹਿਬ ਵਿਚ ਕੇਸਗੜ੍ਹ ਵਾਲੇ ਸਥਾਨ ਤੇ ਖਾਲਸੇ ਦੀ ਸਾਜਨਾ ਕੀਤੀ। ਇਸੇ ਲਈ ਇਹ ਦਿਨ ਖਾਲਸੇ ਦੇ ਜਨਮ-ਦਿਵਸ ਵਜੋਂ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ।
ਇਸ ਤਿਉਹਾਰ ਦਾ ਸਬੰਧ ਮੌਸਮ ਨਾਲ ਵੀ ਹੈ। ਇਸ ਦਿਨ ਪੰਜਾਬੀ ਕਿਸਾਨ ਪੱਕੀ ਹੋਈ ਫ਼ਸਲ ਨੂੰ ਸਮੇਟਣ ਲਈ ‘ਦਾਤੀ ਪਾਉਣ’ ਦਾ ਸ਼ਗਨ ਵੀ ਕਰਦਾ ਹੈ। ਮੌਸਮ ਨਾਲ ਸੰਬੰਧਿਤ ਹੋਣ ਕਰਕੇ ਚਿਰਾਂ ਤੋਂ ਇਹ ਪੰਜਾਬੀਆਂ ਦਾ ਸਰਵ-ਸਾਂਝਾ ਕੌਮੀ ਤਿਉਹਾਰ ਰਿਹਾ ਹੈ।
ਇਸ ਦਿਨ ਮੇਲੇ ਲਗਦੇ ਹਨ ਅਤੇ ਲੋਕ ਵਹਿੰਦੇ ਪਾਣੀ ਵਿਚ ਨਹਾਉਣਾ ਸ਼ੁਭ ਸਮਝਦੇ ਹਨ। ਵਾਢੀਆਂ ਦੀ ਮੁਸ਼ੱਕਤ ਕਰਨ ਤੋਂ ਪਹਿਲਾਂ ਕਿਸਾਨ ਇਸ ਦਿਨ ਖੂਬ ਮੌਜ-ਮੇਲਾ ਮਨਾਉਂਦੇ ਹਨ।
2. ਬੁੱਧ ਪੂਰਨਿਮਾ – ਮਹਾਤਮਾ ਬੁੱਧ ਦਾ ਜਨਮ ਵਿਸਾਖ ਦੀ ਪੂਰਨਮਾਸ਼ੀ ਨੂੰ ਹੋਇਆ ਸੀ। ਇਸ ਦਿਨ ਨੂੰ ਬੁੱਧ ਜੈਅੰਤੀ ਕਰਕੇ ਬਹੁਤ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ।
ਭਗਵਾਨ ਬੁੱਧ ਨਿਰਵਾਣ ਦੇ ਮਾਰਗ ਦੀ ਤਲਾਸ਼ ਵਿਚ ਇਕ ਰਾਤ ਬੋਧੀ ਬ੍ਰਿਛ ਹੇਠਾਂ ਜਾ ਬੈਠੇ, ਉਥੇ ਉਨ੍ਹਾਂ ਨੂੰ ਸੱਚ ਦਾ ਚਾਨਣ ਦਿਸਿਆ। ਉਸ ਰਾਤ ਪੂਰਨਮਾਸ਼ੀ ਸੀ। ਇਸ ਕਾਰਨ ਇਸ ਦਿਨ ਦੀ ਦੂਹਰੀ ਮਹੱਤਤਾ ਹੈ।
ਇਸ ਸੱਚ ਦੇ ਪ੍ਰਗਟਾਵੇ ਦੀ ਰਾਤ ਦੀ ਮਨੌਤੀ ਅਜੇ ਤਕ ਬੋਧੀ ਲੋਕ ਕਰਦੇ ਹਨ। ਸਾਰੇ ਏਸ਼ੀਆਂ ਦੇ ਬੋਧੀ ਵਿਦਵਾਨ ਸਮਾਰੋਹ ਵਿਚ ਹਿੱਸਾ ਲੈਂਦੇ ਅਤੇ ਵਿਚਾਰ ਵਟਾਂਦਰਾ ਕਰਦੇ ਹਨ।
3.ਤੀਆਂ ਜਾਂ ਸਾਂਵੇਂ – ਇਹ ਤਿਉਹਾਰ ਸਾਵਣ ਸੁਦੀ ਤਿੰਨ ਨੂੰ ਮਨਾਇਆ ਜਾਂਦਾ ਹੈ। ਇਸ ਤਿਉਹਾਰ ਦੇ ਮੌਕੇ ਇਸਤਰੀਆਂ ਆਮ ਤੌਰ ਤੇ ਪਿੰਡ ਤੋਂ ਬਾਹਰ ਇਕੱਠੀਆਂ ਹੋ ਕੇ ਪੀਂਘਾਂ ਝੂਟਦੀਆਂ ਹਨ ਅਤੇ ਬੋਲੀਆਂ ਪਾਉਂਦੀਆਂ ਹਨ। ਤੀਜ, ਤਿੱਥੀ, ਅਤੇ ਤਿੰਨ ਦਿਨ ਉਤਸਵ ਰਹਿਣ ਕਰਕੇ ਇਸ ਦਾ ਨਾਂ ਤੀਆਂ ਪੈ ਗਿਆ।
4. ਰੱਖੜੀ – ਇਸ ਨੂੰ ਭੈਣਾਂ ਤੇ ਵੀਰਾਂ ਦਾ ਤਿਉਹਾਰ ਮੰਨਿਆ ਜਾਂਦਾ ਹੈ। ਜਿਹੜਾ ਸਾਵਣ ਦੀ ਪੂਰਨਮਾਸ਼ੀ ਦੇ ਦਿਨ ਮਨਾਇਆ ਜਾਂਦਾ ਹੈ। ਆਰੰਭ ਵਿਚ ਬ੍ਰਾਹਮਣ ਸਾਵਣ ਦੀ ਪੂਰਨਮਾਸ਼ੀ ਵਾਲੀ ਸਵੇਰ ਨੂੰ ਮੰਤਰ ਪੜ੍ਹਦੇ ਹੋਏ ਜਜਮਾਨਾਂ ਦੇ ਸੱਜੇ ਹੱਥ ਦੀ ਕਲਾਈ ਉੱਤੇ ਇਕ ਸੂਤਰ ਜਾ ਮੌਲੀ ਦੇ ਧਾਗੇ ਦੇ ਬੰਧਨ ਬੰਨ੍ਹ ਦਿੰਦੇ ਸਨ ਜਿਸ ਦਾ ਉਦੇਸ਼ ਸੀ ਕਿ ਦੁੱਖ ਜਾਂ ਭੀੜ ਬਣਨ ਤੇ ਜਜਮਾਨ ਆਪਣੇ ਪੁਰੋਹਿਤ ਦੀ ਰੱਖਿਆ ਕਰੇਗਾ। ਇਸ ਕਾਰਨ ਹੀ ਇਸ ਤਿਉਹਾਰ ਦਾ ਨਾਂ ਰਕਸ਼ਾ ਬੰਧਨ ਹੈ। ਸੰਭਵ ਹੈ ਕਿ ਇਹ ਰਿਵਾਜ ਉਸ ਸਮੇਂ ਸ਼ੁਰੂ ਹੋਇਆ ਹੋਵੇ ਜਦੋਂ ਖੱਤਰੀ ਬ੍ਰਾਹਮਣ ਜਾਤੀ ਦੀ ਰਕਸ਼ਾ ਕਰਨ ਦੇ ਧਰਮ ਤੋਂ ਉੱਕ ਗਏ ਸਨ। ਇਸ ਰਸਮ ਦੇ ਨਾਲ ਸਾਲ ਦੇ ਸਾਲ ਬ੍ਰਾਹਮਣ ਖੱਤਰੀ ਨੂੰ ਉਸ ਦਾ ਧਰਮ ਵੀ ਯਾਦ ਕਰਵਾ ਦਿੰਦੇ ਸਨ।
ਸਮਾਂ ਬੀਤਣ ਨਾਲ ਇਸ ਤਿਉਹਾਰ ਨਾਲ ਸਬੰਧਤ ਭਾਵ ਵੀ ਬਦਲ ਗਿਆ ਹੈ। ਖ਼ਾਸ ਤੌਰ ਤੇ ਪੰਜਾਬ ਵਿਚ ਹੁਣ ਇਹ ਭੈਣਾਂ ਦਾ ਤਿਉਹਾਰ ਹੀ ਰਹਿ ਗਿਆ ਹੈ।
5. ਝੂਲਣਾ ਇਕਾਦਸ਼ੀ – ਉੱਤਰੀ ਭਾਰਤ ਵਿਚ ਇਸ ਤਿਉਹਾਰ ਦੀ ਬਹੁਤ ਮਾਨਤਾ ਹੈ ਅਤੇ ਇਸ ਨੂੰ ਭਾਦੋਂ ਮਹੀਨੇ ਦੀ ਬਾਰਾਂ ਤਾਰੀਖ ਨੂੰ ਮਨਾਇਆ ਜਾਂਦਾ ਹੈ। ਹਰ ਮੰਦਰ ਵਿਚ ਝੂਲੇ ਪਾਏ ਜਾਂਦੇ ਹਨ ਅਤੇ ਉਨ੍ਹਾਂ ਨੂੰ ਸਜਾ ਕੇ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਨੂੰ ਉਸ ਵਿਚ ਟਿਕਾਇਆ ਜਾਂਦਾ ਹੈ। ਸ਼ਾਮ ਨੂੰ ਦੇਵੀ-ਦੇਵਤਿਆਂ ਨੂੰ ਜਲੂਸ ਦੀ ਸ਼ਕਲ ਵਿਚ ਸਾਰੇ ਸ਼ਹਿਰ ਵਿਚ ਘੁੰਮਾਇਆ ਜਾਂਦਾ ਹੈ ਅਤੇ ਰਾਤ ਨੂੰ ਫਿਰ ਵਿਸ਼ਰਾਮ ਲਈ ਮੰਦਰ ਵਿਚ ਲਿਜਾਇਆ ਜਾਂਦਾ ਹੈ।
6. ਕਰਵਾ ਚੌਥ – ਕੱਤਕ ਦੇ ਮਹੀਨੇ ਹਨੇਰੇ ਪੱਖ ਦੀ ਚੌਥੀ ਤਿੱਥ ਨੂੰ ਕਰਵਾ ਚੌਥ ਦਾ ਪੁਰਬ ਆਉਂਦਾ ਹੈ। ਇਹ ਇਸਤਰੀਆਂ ਦਾ ਸਭ ਤੋਂ ਵੱਡਾ ਤੇ ਮਹੱਤਵਪੂਰਨ ਵਰਤ ਅਤੇ ਤਿਉਹਾਰ ਹੈ। ਇਸ ਇਸਤਰੀਆਂ ਦਾ ਸਭ ਤੋਂ ਵੱਡਾ ਤੇ ਮਹੱਤਵਪੂਰਨ ਵਰਤ ਅਤੇ ਤਿਉਹਾਰ ਹੈ। ਇਸ ਦਿਨ ਸੁਹਾਗਣਾਂ ਨਿਰਜਲ ਵਰਤ ਰੱਖਕੇ ਪਤੀ ਦੀ ਲੰਮੀ ਉਮਰ ਦੀ ਕਾਮਨਾ ਕਰਦੀਆਂ ਹਨ। ਔਰਤਾਂ ਸਵੇਰੇ ਤਾਰਿਆਂ ਦੀ ਛਾਂ ਤੋਂ ਪਹਿਲਾਂ ਸਰਘੀ ਖਾ ਲੈਂਦੀਆਂ ਹਨ ਅਤੇ ਛਾਨਣੀ ਵਿਚੋਂ ਚੜ੍ਹਦੇ ਚੰਨ ਦੇ ਦਰਸ਼ਨ ਕਰਕੇ ਹੀ ਪਾਣੀ ਦਾ ਘੁੱਟ ਭਰਦੀਆਂ ਹਨ।
ਕਈ ਕੁਆਰੀਆਂ ਕੁੜੀਆਂ ਵੀ ਚੰਗੇ ਵਰ ਦੀ ਆਸ ਵਿਚ ਇਹ ਵਰਤ ਰੱਖਦੀਆਂ ਹਨ। ਇਸ ਵਰਤ ਨੂੰ ਠੂਠੀ ਰੱਖਣਾ ਆਖਦੇ ਹਨ।
8. ਦੁਸਹਿਰਾ – ਇਹ ਹਿੰਦੂਆਂ ਦਾ ਇਕ ਵੱਡਾ ਤਿਉਹਾਰ ਹੈ। ਇਸ ਦਾ ਧਾਰਮਕ ਤੇ ਰਾਜਸੀ ਮਹੱਤਵ ਵੀ ਹੈ। ਧਾਰਮਕ ਪੱਖੋਂ ਇਸ ਦੀ ਮਹੱਤਤਾ ਇਹ ਹੈ ਕਿ ਇਸ ਦਿਨ ਚੰਗਿਆਈ ਨੇ ਪਾਪ ਉੱਤੇ ਜਿੱਤ ਪ੍ਰਾਪਤ ਕੀਤੀ ਅਤੇ ਰਾਜਸੀ ਪੱਖੋਂ ਇਸ ਦੀ ਮਹੱਤਤਾ ਇਹ ਸੀ ਕਿ ਇਸ ਦਿਨ ਭਾਰਤ ਦੇ ਸਰਵ ਪ੍ਰਿਯ ਰਾਜੇ ਰਾਮਚੰਦਰ ਜੀ ਨੇ ਆਪਣੇ ਵੈਰੀ, ਰਾਵਣ ਨੂੰ ਜਿੱਤਿਆ। ਇਸ ਕਾਰਨ ਹੀ ਇਸ ਤਿਉਹਾਰ ਨੁੂੰ ਵਿਜੈ ਦਸ਼ਮੀ ਵੀ ਕਹਿੰਦੇ ਹਨ।
ਇਸ ਤਿਉਹਾਰ ਦਾ ਸਬੰਧ ਖ਼ਾਸ ਤੌਰ ਤੇ ਖੱਤਰੀਆਂ (ਕਸ਼ਤਰੀਆਂ) ਨਾਲ ਹੈ। ਇਸ ਦਿਨ ਉਹ ਹਥਿਆਰਾਂ ਦੀ ਪੂਜਾ ਕਰਦੇ ਅਤੇ ਦੁਰਗਾ ਦੇਵੀ ਅੱਗੇ ਬਲੀ ਦਿੰਦੇ ਹਨ। ਪੰਜਾਬ ਵਿਚ ਇਨ੍ਹਾਂ ਦਸਾਂ ਦਿਨਾਂ ਵਿਚ ਲੋਕ ਨਰਾਤਿਆਂ ਦਾ ਵਰਤ ਵੀ ਰੱਖਦੇ ਹਨ। ਬੰਗਾਲ ਵਿਚ ਇਸ ਤਿਉਹਾਰ ਨੂੰ ਦੁਰਗਾ ਪੂਜਾ ਦੇ ਨਾਂ ਨਾਲ ਮਨਾਇਆ ਜਾਂਦਾ ਹੈ।
9. ਦੀਵਾਲੀ – ਇਹ ਸਾਰੇ ਭਾਰਤ ਦਾ ਇਕ ਸਾਂਝਾ ਤਿਉਹਾਰ ਹੈ। ਜਿਹੜਾ ਭਾਰਤ ਦੀ ਸਭਿਆਚਾਰਕ ਏਕਤਾ ਦਾ ਚਿੰਨ੍ਹ ਹੈ। ਇਹ ਪੰਜ ਦਿਨਾਂ ਦਾ ਤਿਉਹਾਰ ਹੈ ਕੱਤਕ ਦੀ ਤੇਰ੍ਹਾਂ ਕ੍ਰਿਸ਼ਨ ਪੱਖ ਤੋਂ ਦੋ ਸ਼ੁਕਲ ਪੱਖ ਤਕ ਪਹਿਲੇ ਦਿਨ ਨੂੰ ਧਨ ਤ੍ਰੋਦਸ ਆਖਦੇ ਹਨ। ਲੋਕ ਆਪਣੇ ਬੂਹਿਆਂ ਉਤੇ ਦੀਵੇ ਜਗਾ ਕੇ ਰੱਖਦੇ ਹਨ ਤੇ ਯਮਰਾਜ ਦੀ ਪੂਜਾ ਕਰਦੇ ਹਨ। ਇਸ ਦਿਨ ਭਾਂਡੇ ਖਰੀਦਣਾ ਸ਼ਗਨ ਮੰਨਿਆ ਜਾਂਦਾ ਹੈ। ਦੂਜੇ ਦਿਨ ਨੂੰ ਨਰਕ ਚੌਦਸ ਆਖਦੇ ਹਨ ਭਾਵ ਲਹਿੰਦੇ ਪੱਖ ਦੀ ਚੌਦਵੀਂ ਜੋ ਮੱਸਿਆ ਤੋਂ ਇਕ ਦਿਨ ਪਹਿਲੇ ਆਉਂਦੀ ਹੈ। ਇਸ ਦਿਨ ਲੋਕ ਸੂਰਜ ਨਿਕਲਣ ਤੋਂ ਪਹਿਲਾਂ ਨਹਾ ਲੈਂਦੇ ਹਨ। ਲੋਕਾਂ ਦਾ ਵਿਸ਼ਵਾਸ਼ ਹੈ ਕਿ ਬਿਨਾਂ ਇਸ਼ਨਾਨ ਕੀਤੇ ਸੂਰਜ ਦਾ ਦਰਸ਼ਨ ਕਰਨ ਵਾਲਾ ਨਰਕ ਦਾ ਭਾਗੀ ਬਣਦਾ ਹੈ। ਤੀਜਾ ਦਿਨ ਲਕਸ਼ਮੀ ਪੂਜਾ ਅਰਥਾਤ ਦੀਵਾਲੀ ਦਾ ਹੈ। ਚੌਥਾ ਦਿਨ ਗੋਵਰਧਨ ਪੂਜਾ ਦਾ ਦਿਨ ਹੈ। ਇਸ ਦਿਨ ਗੋਹੇ ਦਾ ਪਹਾੜ ਬਣਾ ਕੇ ਉਸ ਦੀ ਪੂਜਾ ਕੀਤੀ ਜਾਂਦੀ ਹੈ। ਪੰਜਵਾਂ ਦਿਨ ਭਾਈ ਦੂਜ ਦਾ ਹੈ। ਇਸ ਦਿਨ ਭੈਣਾਂ ਸੁੱਚੇ-ਮੂੰਹ ਆਪਣੇ ਭਰਾਵਾਂ ਨੂੰ ਟਿੱਕਾ ਲਗਾਉਂਦੀਆਂ ਹਨ। ਵਿਸ਼ਵਾਸ ਪ੍ਰਚੱਲਤ ਹੈ ਕਿ ਇਸ ਦਿਨ ਜਮਨਾ ਵਿਚ ਇਸ਼ਨਾਨ ਕਰਨ ਵਾਲਾ ਵਿਅਕਤੀ ਜੂਨਾਂ ਦੇ ਗੇੜ ਤੋਂ ਮੁਕਤ ਹੋ ਜਾਂਦਾ ਹੈ।
ਇਸ ਦਿਨ ਸ੍ਰੀ ਰਾਮ ਚੰਦਰ ਜੀ ਦੇ ਚੌਦਾਂ ਸਾਲਾਂ ਦੇ ਬਨਵਾਸ ਤੋਂ ਵਾਪਿਸ ਅਯੁੱਧਿਆ ਆਉਣ ਦੀ ਖੁਸ਼ੀ ਵਿਚ ਇਹ ਤਿਉਹਾਰ ਮਨਾਇਆ ਜਾਂਦਾ ਹੈ। ਸਿੱਖਾਂ ਵਿਚ ਇਸ ਦਿਨ ਦੀਵੇ ਜਗਾਉਣ ਦੀ ਰਸਮ ਬਾਬਾ ਬੁੱਢਾ ਜੀ ਨੇ ਚਲਾਈ ਸੀ ਕਿਉਂਕਿ ਇਸ ਦਿਨ ਸਿੱਖਾਂ ਦੇ ਛੇਵੇਂ ਗੁਰੂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦਿਵਾਲੀ ਦੇ ਦਿਨ ਗਵਾਲੀਅਰ ਦੇ ਕਿਲੇ ਤੋਂ ਅੰਮ੍ਰਿਤਸਰ ਪਧਾਰੇ ਸਨ ਅਤੇ ਇਸ ਖੁਸ਼ੀ ਵਿਚ ਦੀਵੇ ਜਗਾਏ ਜਾਂਦੇ ਹਨ। ਅੰਮ੍ਰਿਤਸਰ ਵਿਚ ਦਿਵਾਲੀ ਉਤੇ ਲਗਦੇ ਭਰਵੇਂ ਮੇਲੇ ਦਾ ਇਹ ਪਿਛੋਕੜ ਹੈ ਕਿ ਇਸ ਦਿਨ ਸ੍ਰੀ ਗੁਰੂ ਰਾਮਦਾਸ ਜੀ ਨੇ ਅੰਮ੍ਰਿਤਸਰ ਸਰੋਵਰ ਦੀ ਨੀਂਹ ਰੱਖੀ ਸੀ।
10. ਲੋਹੜੀ ਤੇ ਮਾਘੀ – ਲੋਹੜੀ ਮੌਸਮੀ ਤਿਉਹਾਰ ਹੈ। ਇਹ ਜਨਵਰੀ ਦੇ ਮਹੀਨੇ ਦੇ ਵਿਚਕਾਰ 12 ਜਾਂ 13 ਜਨਵਰੀ ਅਰਥਾਤ ਦੇਸੀ ਮਹੀਨੇ ਪੋਹ ਦੇ ਅਖੀਰਲੇ ਦਿਨ ਮਨਾਇਆ ਜਾਂਦਾ ਹੈ। ਲੋਹੜੀ ਵਾਲੇ ਦਿਨ ਪਿੰਡਾਂ ਜਾਂ ਸ਼ਹਿਰਾਂ ਵਿਚ ਲੋਕੀ ਇਕੱਠੇ ਹੋ ਕੇ ਇਹ ਤਿਉਹਾਰ ਮਨਾਉਂਦੇ ਹਨ। ਲੋਹੜੀ ਦੇ ਤਿਉਹਾਰ ਤੋਂ ਕੁਝ ਦਿਨ ਪਹਿਲਾਂ ਛੋਟੇ ਬੱਚੇ ਟੋਲੀਆਂ ਬਣਾ ਕੇ ਸੁਰੀਲੀ ਆਵਾਜ਼ ਵਿਚ ਗੀਤ ਗਾਉਂਦੇ ਹੋਏ ਹਰ ਘਰ ਤੋਂ ਲੋਹੜੀ ਮੰਗਦੇ ਹਨ। ਲੋਹੜੀ ਦੇ ਤਿਉਹਾਰ ਬਾਰੇ ਸਭ ਤੋਂ ਵੱਧ ਗੀਤ ਮਿਲਦੇ ਹਨ ਜੋ ਇਸ ਗੱਲ ਦਾ ਸਬੂਤ ਹਨ ਕਿ ਇਸ ਤਿਉਹਾਰ ਨਾਲ ਲੋਕ-ਭਾਵਨਾ ਸਭ ਤੋਂ ਵਧ ਜੁੜੀ ਹੋਈ ਹੁੰਦੀ ਹੈ। ਲੋਹੜੀ ਵਾਲੀ ਰਾਤ ਉਂਜ ਤਾਂ ਹਰ ਗਲੀ ਮੁੱਹਲੇ ਵਿਚ ਹੀ ਲੋਹੜੀ ਬਾਲੀ ਜਾਂਦੀ ਹੈ, ਪਰ ਜਿਸ ਘਰ ਪੁੱਤਰ ਜੰਮਿਆ ਹੋਵੇ ਜਾਂ ਪੁੱਤਰ ਦੇ ਵਿਆਹ ਦੀ ਪਹਿਲੀ ਲੋਹੜੀ ਹੋਵੇ ਉਹ ਲੋਹੜੀ ਨੂੰ ਉਚੇਚੇ ਸ਼ਗਨਾਂ ਨਾਲ ਮਨਾਉਂਦੇ ਹਨ ਅਤੇ ਗਲੀ ਮੁਹੱਲੇ ਵਿਚ ਗੁੜ, ਰਿਉਂੜੀਆਂ, ਦਾਣੇ ਆਦਿ ਵੰਡਦੇ ਹਨ।
ਮਾਘੀ ਪੰਜਾਬ ਦਾ ਇਕ ਮਹੱਤਵਪੂਰਨ ਤਿਉਹਾਰ ਹੈ। ਇਸ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਚਾਲ੍ਹੀ ਸਿੱਖਾਂ ਜਿਨ੍ਹਾਂ ਨੂੰ ‘ਚਾਲ੍ਹੀ ਮੁਕਤੇ’ ਕਿਹਾ ਜਾਂਦਾ ਹੈ, ਨੂੰ ਖਿਮਾ ਦਾ ਦਾਨ ਦੇਣ ਲਈ ਉਨ੍ਹਾਂ ਵਲੋਂ ਲਿਖਿਆ ਹੋਇਆ ‘ਬੇਦਾਵਾ’ ਫਾੜਿਆ ਸੀ।
11. ਬਸੰਤ ਪੰਚਮੀ – ਬਸੰਤ ਪੰਚਮੀ ਵੀ ਮੌਸਮੀ ਤਿਉਹਾਰ ਹੈ। ਇਸ ਦਿਨ ਇਸ਼ਨਾਨ ਕਰਕੇ ਪੁੰਨਦਾਨ ਕਰਨਾ ਮਹਤੱਵਪੂਰਨ ਸਮਝਿਆ ਜਾਂਦਾ ਹੈ। ਪੰਜਾਬ ਵਿਚ ਉਂਜ ਤਾਂ ਅਨੇਕ ਥਾਵਾਂ ਤੇ ਇਸ ਦਿਨ ਮੇਲੇ ਲਗਦੇ ਹਨ ਪਰ ਛਿਹਰਟਾ ਅਤੇ ਪਟਿਆਲਾ (ਗੁਰਦੁਆਰਾ ਦੁਖ ਨਿਵਾਰਨ) ਵਿਚ ਭਾਰੀ ਮੇਲੇ ਲਗਦੇ ਹਨ ਜਿਨ੍ਹਾਂ ਵਿਚ ਭਗਤੀ-ਭਾਵ ਤੋਂ ਇਲਾਵਾ ਪੰਜਾਬੀ ਸਭਿਆਚਾਰ ਦੀ ਝਲਕ ਵੀ ਵੇਖਣ ਨੂੰ ਮਿਲਦੀ ਹੈ।
ਇਸ ਦਿਨ ਲੋਕ ਪਤੰਗਬਾਜ਼ੀ ਦਾ ਸ਼ੌਕ ਵੀ ਪੂਰਾ ਕਰਦੇ ਹਨ। ਲਾਹੌਰ ਦੀ ਪਤੰਗਬਾਜ਼ੀ ਬਹੁਤ ਮਸ਼ਹੂਰ ਹੈ। ਇਸ ਦਿਨ ਮਾਧੋ ਲਾਲ ਹੁਸੈਨ ਦੀ ਸਮਾਧ ਉੱਤੇ ਪਤੰਗਬਾਜ਼ਾਂ ਦਾ ਚੰਗਾ ਮੇਲਾ ਭਰ ਜਾਂਦਾ ਹੈ ਕਿਉਂਕਿ ਮਾਧੋ ਲਾਲ ਨੂੰ ਵੀ ਪਤੰਗਬਾਜ਼ੀ ਦਾ ਸ਼ੌਂਕ ਸੀ।
12. ਹੋਲੀ – ਇਸ ਤਿਉਹਾਰ ਨੂੰ ਫੱਗਣ ਦੇ ਮਹੀਨੇ ਦੀ ਪੂਰਨਮਾਸ਼ੀ ਦੇ ਦਿਨ ਮਨਾਇਆ ਜਾਂਦਾ ਹੈ ਪਰ ਪੂਰਨਮਾਸ਼ੀ ਤੋਂ ਸੱਤ ਦਿਨ ਪਹਿਲਾਂ ਹੀ ਇਸ ਤਿਉਹਾਰ ਦਾ ਉਸਤਵ ਸ਼ੁਰੂ ਹੋ ਜਾਂਦਾ ਹੈ। ਦੱਖਣੀ ਭਾਰਤ ਤੋਂ ਇਲਾਵਾ ਇਸਨੂੰ ਸਾਰੇ ਦੇਸ਼ ਵਿਚ ਵੀ ਮਨਾਇਆ ਜਾਂਦਾ ਹੈ।
ਇਸ ਤਿਉਹਾਰ ਦੇ ਵੀ ਕਈ ਪਿਛੋਕੜ ਹਨ ਪਰ ਸਭ ਤੋਂ ਪੁਰਾਤਨ ਪਿਛੋਕੜ ਹੋਲਿਕਾ ਅਤੇ ਭਗਤ ਪ੍ਰਹਿਲਾਦ ਦੀ ਕਹਾਣੀ ਹੈ। ਲਗਭਗ ਹਰ ਥਾਂ ਹੌਲੀ ਦੇ ਅੰਤਲੇ ਦਿਨ ਅਰਥਾਤ ਪੂਰਨਮਾਸ਼ੀ ਵਾਲੇ ਦਿਨ ਹੋਲੀ ਨੂੰ ਜਲਾ ਕੇ ਹੋਲਿਕਾ ਦੇ ਸੜਨ ਦੀ ਰਸਮ ਅਦਾ ਕੀਤੀ ਜਾਂਦੀ ਹੈ।
ਉੱਤਰ ਪ੍ਰਦੇਸ਼ ਵਿਚ ਇਸ ਤਿਉਹਾਰ ਨੂੰ ਦੇਵਰ ਭਰਜਾਈ ਦਾ ਤਿਉਹਾਰ ਮੰਨਦੇ ਹਨ। ਮਹਾਰਾਸ਼ਟਰ ਵਿਚ ਪੂਰਨਮਾਸ਼ੀ ਤੋਂ ਪਹਿਲੇ ਚਾਰ ਦਿਨ ਮਿੱਟੀ ਜਾਂ ਚਿੱਕੜ ਨਾਲ ਹੋਲੀ ਖੇਡੀ ਜਾਂਦੀ ਹੈ। ਇਸ ਨੂੰ ‘ਧੂਲਵੜ’ ਆਖਦੇ ਹਨ।
15. ਗੁਰੂ ਅਰਜਨ ਦੇਵ ਸ਼ਹੀਦੀ ਪੁਰਬ – 30 ਮਈ, 1606 ਨੂੰ ਸਿੱਖਾਂ ਦੇ ਪੰਜਵੇਂ ਗੁਰੂ ਸ੍ਰੀ ਅਰਜਨ ਦੇਵ ਜੀ ਨੇ ਸ਼ਹੀਦੀ ਪ੍ਰਾਪਤ ਕੀਤੀ ਸੀ। ਇਸ ਦਿਨ ਖਾਲਸਾ ਪ੍ਰਤਿਗਿਆ ਕਰਦਾ ਹੈ ਕਿ ਉਹ ਜਬਰ ਤੇ ਜ਼ੁਲਮ ਅੱਗੇ ਕਦੇ ਵੀ ਸੀਸ ਨਹੀਂ ਝੁਕਾਵੇਗਾ। ਲਾਹੌਰ ਵਿਚ ਡੇਹਰਾ ਸਾਹਿਬ ਵਿਖੇ ਇਸ ਦਿਨ ਖਾਸ ਮੇਲਾ ਲਗਦਾ ਹੈ।
16. ਗੁਰੂ ਨਾਨਕ ਦੇਵ ਜਨਮ ਉਤਸਵ – 1526 ਬਿਕ੍ਰਮੀ ਕੱਤਕ ਦੀ ਪੂਰਨਮਾਸ਼ੀ ਵਾਲੀ ਰਾਤੀ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ। ਗੁਰੂ ਘਰ ਦੇ ਸ਼ਰਧਾਲੂ ਉਨ੍ਹਾਂ ਦਾ ਜਨਮ ਦਿਵਸ ਬੜੇ ਆਦਰ ਅਤੇ ਚਾਅ ਨਾਲ ਮਨਾਉਂਦੇ ਹਨ। ਇਸ ਦਿਨ ਦੀਪਮਾਲਾ ਵੀ ਕੀਤੀ ਜਾਂਦੀ ਹੈ।
ਇਸ ਮੌਕੇ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਸਭ ਤੋਂ ਵੱਡਾ ਜੋੜ ਮੇਲਾ ਲਗਦਾ ਹੈ।
17. ਗੁਰੂ ਗੋਬਿੰਦ ਸਿੰਘ ਪ੍ਰਕਾਸ਼-ਉਤਸਵ – ਗੁਰੂ ਜੀ ਦਾ ਜਨਮ ਪਟਨਾ ਸਾਹਿਬ ਵਿਚ ਹੋਇਆ ਸੀ। ਇਥੇ ਇਸ ਦਿਨ ਖ਼ਾਸ ਦੀਵਾਨ ਲਗਦਾ ਹੈ। ਨਿਸ਼ਾਨ ਸਾਹਿਬ ਦਾ ਚੋਲਾ ਬਦਲਿਆ ਜਾਂਦਾ ਹੈ। ਕਈ ਲੋਕ ਇਸ ਦਿਨ ਉਚੇਚਾ ਪਟਨੇ ਪਹੁੰਚਦੇ ਹਨ। ਇਸ ਦਿਨ ਸਭ ਗੁਰਦੁਆਰਿਆਂ ਨੂੰ ਸਜਾਇਆ ਜਾਂਦਾ ਹੈ।
18. ਗੁਰੂ ਰਵਿਦਾਸ ਜਨਮ-ਉਤਸਵ – ਇਸ ਪ੍ਰਸਿੱਧ ਸੰਤ-ਕਵੀ ਦਾ ਜਨਮ ਦਿਹਾੜਾ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਅੰਮ੍ਰਿਤ ਵੇਲੇ ਪ੍ਰਭਾਤ-ਫੇਰੀਆਂ ਕੱਢੀਆਂ ਜਾਂਦੀਆਂ ਹਨ। ਦਿਨ ਵੇਲੇ ਵਿਸ਼ਾਲ ਜਲੂਸ ਅਤੇ ਗੁਰੂ ਰਵਿਦਾਸ ਦਾ ਜੀਵਨ ਦਰਸਾਉਂਦੀਆਂ ਹੋਈਆਂ ਝਾਕੀਆਂ ਕੱਢੀਆਂ ਜਾਂਦੀਆਂ ਹਨ।
19. ਰਿਸ਼ੀ ਬਾਲਮੀਕ ਜਨਮ ਉਤਸਵ – ਸਰਦ ਪੂਰਨਿਮਾ ਵਾਲੇ ਦਿਨ ਲੋਕ ਬਾਲਮੀਕ ਪੁਰਬ ਮਨਾਉਂਦੇ ਹਨ। ਕਈ ਸ਼ਹਿਰਾਂ ਵਿਚ ਬਾਲਮੀਕ ਦਾ ਖਾਸ ਮੰਦਰ ਹਨ। ਇਸ ਦਿਨ ਮੰਦਰ ਅਤੇ ਘਰਾਂ ਵਿਚ ਰਮਾਇਣ ਦਾ ਆਖੰਡ ਪਾਠ ਹੁੰਦਾ ਹੈ ਅਤੇ ਬਾਲਮੀਕ ਦੀ ਉਸਤਤ ਵਿਚ ਭਜਨ ਗਾਏ ਜਾਂਦੇ ਹਨ।
20. ਜਨਮ ਅਸ਼ਟਮੀ – ਇਹ ਤਿਉਹਾਰ ਭਾਦੋਂ ਦੇ ਕ੍ਰਿਸ਼ਨ ਪੱਖ ਦੀ ਅਠਵੀਂ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਸ੍ਰੀ ਕ੍ਰਿਸ਼ਨ ਦਾ ਜਨਮ ਹੋਇਆ ਸੀ। ਸਾਰੇ ਭਾਰਤ ਵਿਚ ਇਹ ਤਿਉਹਾਰ ਬਹੁਤ ਧੂਮ-ਧਾਮ ਮਨਾਇਆ ਜਾਂਦਾ ਹੈ। ਇਸ ਦਿਨ ਲੋਕ ਵਰਤ ਰੱਖਦੇ, ਭਜਨ ਕੀਰਤਨ ਕਰਦੇ ਅਤੇ ਦੀਪ ਮਾਲਾ ਕਰਦੇ ਹਨ।
21.ਰਾਮਨੌਮੀ – ਇਸ ਦਿਨ ਸ੍ਰੀ ਰਾਮ ਚੰਦਰ ਜੀ ਦਾ ਜਨਮ ਹੋਇਆ ਸੀ। ਇਹ ਦਿਨ ਆਮ ਤੌਰ ਤੇ ਚੇਤਰ ਸੁਦੀ ਨੌਂ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਹਿੰਦੂ ਵਰਤ ਰਖਦੇ ਹਨ ਅਤੇ ਰਾਮ ਦੇ ਜਨਮ ਸਮੇਂ ਅਰਥਾਤ ਦੁਪਹਿਰ ਨੂੰ ਵਰਤ ਖੋਲ੍ਹਿਆ ਜਾਂਦਾ ਹੈ।
22. ਮਹਾਂਵੀਰ ਜਯੰਤੀ – ਇਹ ਤਿਉਹਾਰ ਚੇਤਰ ਦੀ ਤੇਰਾਂ ਤਾਰੀਖ ਨੂੰ ਆਉਂਦਾ ਹੈ। ਮਹਾਂਵੀਰ ਜੀ ਦਾ ਜਨਮ ਦਿਨ ਹੋਣ ਕਾਰਨ ਜੈਨ ਮਤ ਦੇ ਪੈਰੋਕਾਰ ਇਸ ਨੂੰ ਖ਼ਾਸ ਕਰਕੇ ਤੇ ਹਿੰਦੂ ਇਸ ਨੂੰ ਆਮ ਕਰਕੇ ਮਨਾਉਂਦੇ ਹਨ। ਥਾਂ-ਥਾਂ ਕਥਾਵਾਂ ਹੁੰਦੀਆਂ ਹਨ ਤੇ ਜੈਨੀ ਲੋਕ ਵਰਤ ਰੱਖ ਕੇ ਆਪਣੇ ਤਨ ਮਨ ਨੂੰ ਪਵਿੱਤਰ ਕਰਨ ਦਾ ਯਤਨ ਕਰਦੇ ਹਨ।
23. ਧੰਮਦੇਉ – ਧਰਤੀ ਦੇ ਕਾਮਿਆਂ ਤੇ ਕਿਰਸਾਨਾਂ ਦਾ ਇਹ ਤਿਉਹਾਰ ਹਾੜ ਦੇ ਮਹੀਨੇ ਦੀ ਪਹਿਲੀ ਨੂੰ ਮਨਾਇਆ ਜਾਂਦਾ ਹੈ। ਇਸ ਮੌਕੇ ਤੇ ਨਵੀਂ ਕਣਕ ਨੂੰ ਸ਼ਗਨਾਂ ਨਾਲ ਮੂੰਹ ਲਾਇਆ ਜਾਂਦਾ ਹੈ।
24. ਗੁੱਗਾਨੌਮੀ – ਗੁੱਗਾ ਪੀਰ ਬਾਰੇ ਕਈ ਕਹਾਣੀਆਂ ਪ੍ਰਚੱਲਤ ਹਨ। ਮੁਸਲਮਾਨ ਲੋਕ ਗੁੱਗੇ ਨੂੰ ਸੱਪਾਂ ਦਾ ਪੀਰ ਮੰਨਦੇ ਹਨ। ਇਸ ਦਿਨ ਕਈ ਭਗਤ ਛਪਾਰ ਵਿਚ ਗੁੱਗੇ ਦੀ ਮੜ੍ਹੀ ਉੱਤੇ ਜਾਕੇ ਮਿੱਟੀ ਕੱਢਦੇ ਹਨ। ਹਿੰਦੂ ਇਸ ਨੂੰ ‘ਲੱਖਦਾਤੀ’ ਦੇ ਨਾਂ ਨਾਲ ਪੁਕਾਰਦੇ ਹਨ ਤੇ ਪੂਜਦੇ ਹਨ। ਭਾਦੋਂ ਦੇ ਮਹੀਨੇ ਅਸ਼ਟਮੀ ਵਾਲੇ ਦਿਨ ਗੁੱਗੇ ਦੀ ਯਾਦ ਵਿਚ ਕੁਲੂ ਦੇ ਨੇੜੇ ਸਥਿਤ ਮੰਦਰ ਵਿਚ ਭਾਰੀ ਮੇਲਾ ਲਗਦਾ ਹੈ। ਕਰਨਾਲ ਅਤੇ ਅੰਬਾਲੇ ਵਿਚ ਵੀ ਇਸ ਦੀ ਬੜੀ ਮਾਨਤਾ ਹੈ। ਗੁੱਗੇ ਦੀ ਪੂਜਾ ਕੱਚੀ ਲੱਸੀ ਨਾਲ ਕੀਤੀ ਜਾਂਦੀ ਹੈ।
25. ਭਾਈ ਦੂਜ – ਦੀਵਾਲੀ ਤੋਂ ਤੀਜੇ ਦਿਨੇ ਭਾਈ ਦੂਜ ਮਨਾਈ ਜਾਂਦੀ ਹੈ। ਇਸ ਨੂੰ ਟਿੱਕੇ ਦਾ ਤਿਉਹਾਰ ਵੀ ਕਿਹਾ ਜਾਂਦਾ ਹੈ।
26. ਨਰਾਤੇ ਤੇ ਕੰਜਕਾਂ – ਇਹ ਤਿਉਹਾਰ ਸਾਲ ਵਿਚ ਦੋ ਵਾਰ, ਸਰਾਧਾਂ ਤੋਂ ਬਾਦ ਅੱਸੂ ਦੇ ਮਹੀਨੇ ਵਿਚ ਤੇ ਫਿਰ ਚੇਤਰ ਦੇ ਮਹੀਨੇ ਵਿਚ ਆਉਂਦਾ ਹੈ।
ਅੱਸੂ ਅਤੇ ਚੇਤ ਦੇ ਮਹੀਨੇ ਦੀ ਏਕਮ ਨੂੰ ਇਸਤਰੀਆਂ ਨਰਾਤਿਆਂ ਦਾ ਵਰਤ ਰੱਖਣਾ ਸ਼ੁਰੂ ਕਰਦੀਆਂ ਹਨ। ਵਰਤ ਤੋਂ ਪਹਿਲਾਂ ਉਹ ਇਕ ਭਾਂਡੇ ਵਿਚ ਮਿੱਟੀ ਪਾ ਕੇ ਜੌਂ ਬੀਜਦੀਆਂ ਹਨ ਅਤੇ ਪੂਜਾ ਤੋਂ ਬਾਅਦ ਵਰਤ ਸ਼ੁਰੂ ਹੁੰਦੇ ਹਨ। ਅਸ਼ਟਮੀ ਅਰਥਾਤ ਅੱਠਵੇਂ ਦਿਨ ਕੰਜਕਾਂ ਅਰਥਾਤ ਕੁਆਰੀਆਂ ਕੁੜੀਆਂ ਦੀ ਪੂਜਾ ਕੀਤੀ ਜਾਂਦੀ ਹੈ। ਅਗਲੇ ਦਿਨ ਜੌਆਂ ਦੀ ਖੇਤੀ ਪਾਣੀ ਵਿਚ ਪ੍ਰਵਾਹ ਕਰ ਦਿੱਤੀ ਜਾਂਦੀ ਹੈ।
27.ਸਾਂਝੀ – ਇਹ ਦੁਸਹਿਰੇ ਦੇ ਦਿਨਾਂ ਦੇ ਇਕ ਤਿਉਹਾਰ ਹੈ। ਪਹਿਲੇ ਨਰਾਤੇ ਦੇ ਨਾਲ ਸਾਂਝੀ ਦੇਵੀ ਦੀ ਪੂਜਾ ਸ਼ੁਰੂ ਹੁੰਦੀ ਹੈ। ਚੀਕਣੀ ਮਿੱਟੀ ਨਾਲ ਸਾਂਝੀ ਦੇਵੀ ਦੀਆਂ ਮੂਰਤੀਆਂ ਬਣਾ ਕੇ ਕੰਧਾਂ ਨਾਲ ਜੋੜ ਦਿੱਤੀਆਂ ਜਾਂਦੀਆਂ ਹਨ। ਪੂਰੇ ਨੌਂ ਦਿਨ ਕੁੜੀਆਂ ਪੰਜ ਵਾਰੀ ਸਾਂਝੀ ਦੇਵੀ ਦੀ ਆਰਤੀ ਉਤਾਰਦੀਆਂ ਹਨ। ਦਸਵੇਂ ਅਰਥਾਤ ਦੁਸਹਿਰੇ ਵਾਲੇ ਦਿਨ ਕੁੜੀਆਂ ਗੀਤਾਂ ਦੀ ਗੂੰਜ ਵਿਚ ਸਾਂਝੀ ਦੀਆਂ ਮੂਰਤੀਆਂ ਕੰਧਾਂ ਨਾਲੋਂ ਲਾਹ ਕੇ ਸੁੱਚੀ ਟੋਕਰੀ ਵਿਚ ਪਾ ਕੇ ਕਿਸੇ ਦਰਿਆ, ਨਦੀ ਜਾਂ ਨਾਲੇ ਵਿਚ ਪ੍ਰਵਾਹ ਕਰਦੀਆਂ ਹਨ।
28. ਪੰਜ ਭੀਸ਼ਮੀ – ਇਸਤਰੀਆਂ ਦਾ ਇਹ ਤਿਉਹਾਰ ਕੱਤੇ ਦੀ ਇਕਾਦਸ਼ੀ ਤੋਂ ਸ਼ੁਰੂ ਹੁੰਦਾ ਹੈ ਅਤੇ ਲਗਾਤਾਰ ਪੰਜ ਦਿਨ ਮਨਾਇਆ ਜਾਂਦਾ ਹੈ। ਪੰਜੇ ਦਿਨ ਹੀ ਇਸਤਰੀਆਂ ਵਰਤ ਰਖਦੀਆਂ ਹਨ ਤੇ ਭੀਸ਼ਮੀ ਤੇ ਕਹਾਣੀਆਂ ਸੁਣਾਉਂਦੀਆਂ ਹਨ।
29. ਸਕਰਾਂਤੀ ਦੇਵੀ – ਪੋਹ ਦੇ ਮਹੀਨੇ ਦੀ ਸੰਗਰਾਂਦ ਨੂੰ ਇਸਤਰੀਆਂ ਸਕਰਾਂਤੀ ਦੇਵੀ ਦੀ ਪੂਜਾ ਕਰਦੀਆਂ ਹਨ ਅਤੇ ਆਪਣੇ ਸੁਹਾਗ ਦੀ ਮੰਗਲ ਕਾਮਨਾ ਵਿਚ ਗਲਾਸ ਤੇ ਕਟੋਰੀਆਂ ਵੰਡਦੀਆਂ ਹਨ। ਇਸ ਦਿਨ ਤਿਲਾਂ ਦੇ ਹਲਵੇ ਨੂੰ ਵੰਡਣਾ ਜ਼ਰੂਰੀ ਸਮਝਿਆ ਜਾਂਦਾ ਹੈ।
30. ਸ਼ੀਤਲਾ ਅਸ਼ਟਮੀ :– ਇਹ ਤਿਉਹਾਰ ਮਾਰਚ ਦੇ ਮਹੀਨੇ ਦੀ ਅਸ਼ਟਮੀ ਨੂੰ ਮਨਾਇਆ ਜਾਂਦਾ ਹੈ। ਇਸ ਦਾ ਬਹੁਤਾ ਰਿਵਾਜ ਪੰਜਾਬ ਤੇ ਰਾਜਸਥਾਨ ਵਿਚ ਹੈ। ਲੋਕ ਆਪਣੇ ਬੱਚਿਆਂ ਤੇ ਪਰਿਵਾਰ ਨੂੰ ਸ਼ੀਤਲਾ ਮਾਤਾ ਦੀ ਕਰੋਪੀ ਤੋਂ ਬਚਾਉਣ ਲਈ ਉਸ ਅੱਗੇ ਮੱਥਾ ਟੇਕਦੇ ਅਤੇ ਬੇਨਤੀਆਂ ਕਰਦੇ ਹਨ।
31. ਗਣੇਸ਼ ਚਤੁਰਥੀ – ਇਸ ਤਿਉਹਾਰ ਨੂੰ ਅਗਸਤ-ਸਤੰਬਰ ਦੇ ਮਹੀਨੇ ਵਿਚ ਭਾਦੋਂ ਦੇ ਉਜਲੇ ਪੱਖ ਦੇ ਚੌਥੇ ਦਿਨ (ਚਤੁਰਥੀ) ਨੂੰ ਗਣੇਸ਼ ਜੀ ਦੇ ਜਨਮ ਦਿਨ ਤੇ ਮਨਾਇਆ ਜਾਂਦਾ ਹੈ। ਇਸ ਦਿਨ ਚੰਦਰਮਾ ਦੇਖਣਾ ਚੰਗਾ ਨਹੀਂ ਸਮਝਿਆ ਜਾਂਦਾ। ਪੱਛਮੀ ਅਤੇ ਕੇਂਦਰੀ ਭਾਰਤ ਅਤੇ ਰਾਜਸਥਾਨ ਵਿਚ ਇਸ ਨੂੰ ਖ਼ਾਸ ਤੌਰ ਤੇ ਮਨਾਇਆ ਜਾਂਦਾ ਹੈ।
32. ਗੰਗਾ ਦਸ-ਹਾਰਾ – ਇਸ ਨੂੰ ਗੰਗਾ ਦੁਸਹਿਰਾ ਵੀ ਕਿਹਾ ਜਾਂਦਾ ਹੈ ਅਤੇ ਇਹ ਮਈ-ਜੂਨ ਦੇ ਮਹੀਨੇ ਵਿਚ ਜੇਠ ਦੇ ਉਜਲੇ ਅੱਧ ਦੇ ਦਸਵੇਂ ਦਿਨ ਮਨਾਇਆ ਜਾਂਦਾ ਹੈ। ਇਹ ਦਰਿਆ ਤੇ ਉਪਜ ਦਾ ਤਿਉਹਾਰ ਹੈ ਕਿਉਂਕਿ ਇਸ ਦਿਨ ਸਰੀਰ ਦੇ ਪੰਜ ਮੁੱਖ ਅਤੇ ਪੰਜ ਗੌਣ ਪਾਪ ਗੰਗਾ ਵਿਚ ਵਹਿ ਜਾਂਦੇ ਹਨ। ਹਰਦੁਆਰ ਵਿਖੇ ਪੰਜ ਦਿਨ ਬਹੁਤ ਭਾਰੀ ਮੇਲਾ ਲਗਦਾ ਹੈ।
ਇਕ ਹੋਰ ਤਿਉਹਾਰ ਗੰਗਾ ਸਪਤਮੀ ਨੂੰ ਉੱਤਰੀ ਭਾਰਤ ਵਿਚ ਅਪ੍ਰੈਲ ਦੇ ਪਿਛਲੇ ਹਫ਼ਤੇ ਦੌਰਾਨ ਮਨਾਇਆ ਜਾਂਦਾ ਹੈ।
33.ਮਹਾਂ-ਸ਼ਿਵਰਾਤਰੀ – ਹਰ ਮਹੀਨੇ ਦੇ ਹਨੇਰੇ ਅੱਧ ਦੇ ਤੇਰਵੇਂ ਦਿਨ ਇਹ ਤਿਉਹਾਰ ਮਨਾਇਆ ਜਾਂਦਾ ਹੈ। ਇਸ ਦਿਨ ਲੋਕ ਰਾਤ ਨੂੰ ਸ਼ਿਵ ਲਿੰਗ ਦੀ ਪੂਜਾ ਕਰਦੇ ਹਨ।
ਇਸੇ ਤਰ੍ਹਾਂ ਕਈ ਹੋਰ ਤਿਉਹਾਰ ਹਨ ਜਿਨ੍ਹਾਂ ਦਾ ਧਰਤੀ, ਮੀਂਹ, ਪਸ਼ੂਆਂ, ਜਾਂ ਦਰਿਆਵਾਂ ਨਾਲ ਗੂੜ੍ਹਾ ਸਬੰਧ ਹੈ। ਗੋਪਾ ਅਸ਼ਟਮੀ ਵਾਲੇ ਦਿਨ ਗਊ ਦੀ ਪੂਜਾ ਹੁੰਦੀ ਹੈ। ਨਾਗ-ਪੰਚਮੀ ਵਾਲੇ ਦਿਨ ਨਾਗ ਦੀ ਪੂਜਾ ਹੁੰਦੀ ਹੈ। ਇਨ੍ਹਾਂ ਤੋਂ ਇਲਾਵਾ ਮਕਰ-ਸੰਕਰਾਂਤੀ, ਸ੍ਰਾਵਣੀ ਪੂਰਣਿਮਾ, ਸ੍ਰੀ ਪੰਚਮੀ, ਤ੍ਰਿਪੂਰੀ-ਪੂਰਣਿਮਾ ਆਦਿ ਤਿਉਹਾਰ ਵੀ ਮਨਾਏ ਜਾਂਦੇ ਹਨ।
ਸਾਰੇ ਹਿੰਦੂ ਤਿਉਹਾਰਾਂ ਦੀ ਸੂਚੀ ਦੇਣਾ ਸੰਭਵ ਨਹੀਂ ਕਿਉਂਕਿ ਹਰ ਥਾਂ ਤੇ ਹਰ ਭਾਈਚਾਰੇ ਦੇ ਤਿਉਹਾਰ ਵੱਖਰੇ ਵੱਖਰੇ ਹੁੰਦੇ ਹਨ।
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਬਾਰਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 7774, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-03-16-02-45-39, ਹਵਾਲੇ/ਟਿੱਪਣੀਆਂ: ਹ. ਪੁ. –ਹਿੰ. ਵਿ. ਕੋ. 1: 351; ਸਾਡੇ ਤਿਉਹਾਰ; ਐਨ. ਬ੍ਰਿ. ਮਾ. 4:708
ਵਿਚਾਰ / ਸੁਝਾਅ
Please Login First