ਤਿਲੋਕ ਸਿੰਘ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਤਿਲੋਕ ਸਿੰਘ (ਮ. 1710 ਈ.): ਬਾਬੇ ਫੂਲ ਦਾ ਵੱਡਾ ਸੁਪੁੱਤਰ, ਜਿਸ ਦਾ ਵਿਆਹ ਮਾਈ ਭਗਤੋ ਨਾਲ ਹੋਇਆ ਅਤੇ ਜਿਸ ਦੀ ਕੁੱਖੋਂ ਦੋ ਪੁੱਤਰਾਂ—ਗੁਰਦਿਤ ਸਿੰਘ ਅਤੇ ਸੁਖਚੈਨ ਸਿੰਘ—ਨੇ ਜਨਮ ਲਿਆ। ਗੁਰਦਿਤ ਸਿੰਘ ਤੋਂ ਨਾਭੇ ਦਾ ਰਾਜਵੰਸ਼ ਚਲਿਆ ਅਤੇ ਸੁਖਚੈਨ ਸਿੰਘ ਤੋਂ ਜੀਂਦ ਰਿਆਸਤ ਦੀ ਰਾਜ-ਗੱਦੀ ਤੁਰੀ। ਬਡਰੁਖਾਂ ਅਤੇ ਦਿਆਲਪੁਰਾ ਦੇ ਰਈਸਾਂ ਦੇ ਵੰਸ਼ ਵੀ ਇਸੇ ਤੋਂ ਚਲੇ ਹਨ।
ਗੁਰੂ ਗੋਬਿੰਦ ਸਿੰਘ ਜੀ ਦੀ ਇਸ ਅਤੇ ਇਸ ਦੇ ਛੋਟੇ ਭਰਾ ਰਾਮ ਸਿੰਘ ਉਤੇ ਮਿਹਰ ਦੀ ਦ੍ਰਿਸ਼ਟੀ ਸੀ। ਪਹਾੜੀ ਰਾਜਿਆਂ ਨਾਲ ਹੋਏ ਯੁੱਧ ਵੇਲੇ ਇਨ੍ਹਾਂ ਦੋਹਾਂ ਦੇ ਨਾਂ ਹੁਕਮਨਾਮਾ ਭੇਜ ਕੇ ਆਪਣੇ ਬੰਦਿਆਂ ਅਤੇ ਘੋੜਿਆਂ ਸਮੇਤ ਪਹੁੰਚਣ ਲਈ ਲਿਖਿਆ ਸੀ—
ੴ ਸਤਿਗੁਰੂ ਜੀ
ਸਿਰੀ ਗੁਰੂ ਜੀਉ ਕੀ ਆਗਿਆ ਹੈ ਭਾਈ ਤੇਲੋਕਾ ਭਾਈ ਰਾਮਾ ਸਰਬਤ ਸੰਗਤ ਗੁਰੂ ਰਖੈਗਾ ਤੁਧ ਜਮੀਅਤ ਲੈ ਕੇ ਅਸਾਡੇ ਹਜੂਰ ਆਵਣਾ ਮੇਰੀ ਤੇਰੇ ਉਪਰਿ ਬਹੁਤ ਖੁਸੀ ਹੈ ਤੇਰਾ ਘਰੁ ਮੇਰਾ ਹੈ ਤੁਧੁ ਹੁਕਮ ਦੇਖਦਿਆ ਹੀ ਛੇਤੀ ਅਸਾਡੇ ਹਜੂਰ ਆਵਣਾ ਤੇਰਾ ਘਰ ਮੇਰਾ ਅਸੈ ਤੁਧੁ ਸਿਤਾਬੀ ਹੁਕਮ ਦੇਖਦਿਆ ਹੀ ਆਵਣਾ ਤੁਸਾਂ ਅਸਵਾਰ ਲੈ ਕੇ ਆਵਣਾ ਜਰੂਰ ਆਵਣਾ ਤੇਰੇ ਉਤੈ ਅਸਾਡੀ ਭਾਰੀ ਮਿਹਰਵਾਨਗੀ ਅਸੈ ਤੈ ਆਵਣਾ ਇਕ ਜੋੜਾ ਭੇਜਾ ਹੈ ਰਖਾਵਣਾ ਭਾਦੋਂ 2 ਸੰਮਤ 53।
ਸਿੱਖ ਇਤਿਹਾਸ ਅਨੁਸਾਰ ਇਨ੍ਹਾਂ ਨੇ ਚਮਕੌਰ ਸਾਹਿਬ ਵਿਚ ਸ਼ਹੀਦ ਹੋਏ ਦੋ ਵੱਡੇ ਸਾਹਿਬਜ਼ਾਦਿਆਂ ਦੇ ਸਸਕਾਰ ਦੀ ਵਿਵਸਥਾ ਕੀਤੀ ਅਤੇ ਖਿਦਰਾਣੇ ਦੀ ਢਾਬ ਵਾਲੀ ਲੜਾਈ ਵਿਚ ਵੀ ਮਦਦ ਕੀਤੀ। ਇਨ੍ਹਾਂ ਦੋਹਾਂ ਨੇ ਗੁਰੂ ਜੀ ਤੋਂ ਦਮਦਮਾ ਸਾਹਿਬ (ਤਲਵੰਡੀ ਸਾਬੋ) ਦੀ ਠਹਿਰ ਦੌਰਾਨ ਅੰਮ੍ਰਿਤ ਪਾਨ ਕੀਤਾ ਅਤੇ ਤਿਲੋਕੇ ਤੇ ਰਾਮੇ ਤੋਂ ਤਿਲੋਕ ਸਿੰਘ ਅਤੇ ਰਾਮ ਸਿੰਘ ਅਖਵਾਏ। ਜਦੋਂ ਬਾਬਾ ਬੰਦਾ ਬਹਾਦਰ ਨੇ ਗੁਰੂ-ਪੁੱਤਰਾਂ ਨੂੰ ਸ਼ਹੀਦ ਕੀਤੇ ਜਾਣ ਦੀ ਸਜ਼ਾ ਵਜੋਂ ਸਰਹਿੰਦ ਦੇ ਸੂਬੇ ਵਜ਼ੀਰ ਖ਼ਾਨ ਉਤੇ ਹਮਲਾ ਕੀਤਾ ਤਾਂ ਇਨ੍ਹਾਂ ਨੇ ਵੀ ਆਪਣੇ ਯੋਧਿਆਂ ਸਹਿਤ ਭਾਗ ਲਿਆ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2510, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਤਿਲੋਕ ਸਿੰਘ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਬਾਰਵੀਂ, ਭਾਸ਼ਾ ਵਿਭਾਗ ਪੰਜਾਬ
ਤਿਲੋਕ ਸਿੰਘ : ਇਹ ਪੰਜਾਬ ਦੀਆਂ ਪੁਰਾਣੀਆਂ ਸਿੱਖ ਰਿਆਸਤਾਂ ਵਿਚੋਂ ਨਾਭਾ ਤੇ ਜੀਂਦ ਦੇ ਰਾਜ-ਘਰਾਣਿਆਂ ਦਾ ਵਡੇਰਾ ਅਤੇ ਬਾਬੇ ਫੂਲ ਦਾ ਵੱਡਾ ਸਪੁੱਤਰ ਸੀ। ਇਸ ਨੇ ਆਪਣੇ ਛੋਟੇ ਭਰਾ, ਭਾਈ ਰਾਮ ਸਿੰਘ ਨਾਲ ਰਲ ਕੇ ਦਮਦਮਾ ਸਾਹਿਬ ਦੇ ਸਥਾਨ ਤੇ ਦਸਮ ਪਾਤਸ਼ਾਹ ਤੋਂ ਅੰਮ੍ਰਿਤ ਛਾਕਿਆ ਅਤੇ ਸਿੰਘ ਸੱਜ ਗਿਆ। ਗੁਰੂ ਸਾਹਿਬ ਦੋਹਾਂ ਭਰਾਵਾਂ ਤੇ ਬਹੁਤ ਖੁਸ਼ ਹੋਏ ਅਤੇ ‘ਤੇਰਾ ਘਰੁ ਮੇਰਾ ਅਸੈ’ ਹੁਕਮਨਾਮੇ ਰਾਹੀਂ ਅਪਾਰ ਬਖਸ਼ਸ਼ ਕੀਤੀ। ਇਹ ਪੂਰਾ ਅਤੇ ਅਸਲ ਹੁਕਮਨਾਮਾ ਬਾਬਾ ਆਲਾ ਸਿੰਘ ਦੇ ਬੁਰਜ ਪਟਿਆਲਾ ਵਿਖੇ ਸਾਂਭਿਆ ਹੋਇਆ ਹੈ ਅਤੇ ਇਸ ਦੀਆਂ ਨਕਲਾਂ ਨਾਭੇ ਅਤੇ ਸੰਗਰੂਰ ਵਿਖੇ ਵੀ ਰੱਖੀਆਂ ਹੋਈਆਂ ਹਨ।
ਤਿਲੋਕ ਸਿੰਘ, ਜਿਸਨੂੰ ‘ਚੌਧਰੀ ਤਿਲੋਕ ਸਿੰਘ’ ਕਹਿ ਕੇ ਸਤਿਕਾਰਿਆ ਜਾਂਦਾ ਸੀ, ਦੇ ਪੁੱਤਰ ਗੁਰਦਿਤ ਨੇ ਨਾਭਾ ਰਾਜ ਘਰਾਣੇ ਦੀ ਨੀਂਹ ਰੱਖੀ। ਇਸ ਕਰਕੇ ਨਾਭੇ ਨੂੰ ‘ਚੌਧਰੀ ਦਾ ਘਰ’ ਵੀ ਕਿਹਾ ਜਾਂਦਾ ਰਿਹਾ ਹੈ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1686 ਈ. (ਸੰਮਤ 1743) ਵਿਚ ਹੁਕਮਨਾਮਾ ਭੇਜ ਕੇ ਇਸ ਨੂੰ ਆਪਣੇ ਹਜੂਰ ਵੀ ਸਦਿਆ ਸੀ ਅਤੇ ਛੋਟੇ ਸਾਹਿਬਜ਼ਾਦਿਆਂ ਦੇ ਸੰਸਕਾਰ ਕਰਨ ਵਾਲਿਆਂ ਸਿੰਘਾਂ ਵਿਚੋਂ ਇਹ ਤੇ ਇਸਦਾ ਭਾਈ ਰਾਮ ਸਿੰਘ ਜੀ ਅੱਗੇ ਸਨ।
ਅੰਗਰੇਜ਼ ਇਤਿਹਾਸਕਾਰਾਂ ਅਨੁਸਾਰ ਇਸ ਦਾ ਦੇਹਾਂਤ 1687 ਈ. ਵਿਚ ਹੋਇਆ ਹੈ ਪਰ ਉਪਰੋਕਤ ਅਨੁਸਾਰ ਇਸ ਦੇ ਦੇਹਾਂਤ ਦੀ ਮਿਤੀ ਬਿਲਕੁਲ ਗਲਤ ਹੈ। ਇਕ ਅਨੁਮਾਨ ਅਨੁਸਾਰ ਇਸਦਾ ਦੇਹਾਂਤ 1706 ਈ. (ਸੰਮਤ 1763) ਦੇ ਨੇੜੇ ਤੇੜੇ ਹੋਇਆ ਸੀ।
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਬਾਰਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1718, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-03-21-10-25-12, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ. : 820
ਵਿਚਾਰ / ਸੁਝਾਅ
Please Login First