ਤੁਰਕ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਤੁਰਕ [ ਨਾਂਪੁ ] ਤੁਰਕਮੇਨਿਸਤਾਨ ਦਾ ਵਸਨੀਕ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5352, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਤੁਰਕ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਤੁਰਕ . ਫ਼ਾ ਤੁਰੁ੄ੑਕ. ਸੰਗ੍ਯਾ— ਤੁਰਕਿਸਤਾਨ ਦਾ ਵਸਨੀਕ । ੨ ਸਿੱਖਗ੍ਰੰਥਾਂ ਵਿੱਚ ਮੁਸਲਮਾਨ ਮਾਤ੍ਰ ਵਾਸਤੇ ਤੁਰਕ ਸ਼ਬਦ ਆਉਂਦਾ ਹੈ. “ ਕੋਈ ਕਹੈ ਤੁਰਕ , ਕੋਈ ਕਹੈ ਹਿੰਦੂ.” ( ਰਾਮ ਮ : ੫ )


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5110, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਤੁਰਕ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਤੁਰਕ : ਸਾਧਾਰਣ ਤੌਰ ’ ਤੇ ਮੱਧ-ਏਸ਼ੀਆ ਦੇ ਇਕ ਦੇਸ਼ ‘ ਤੁਰਕਿਸਤਾਨ’ ਦੇ ਨਿਵਾਸੀਆਂ ਨੂੰ ‘ ਤੁਰਕ’ ਕਿਹਾ ਜਾਂਦਾ ਹੈ । ਤੁਰਕੀ ਭਾਸ਼ੀ ਲੋਕ ਵੀ ‘ ਤੁਰਕ’ ਅਖਵਾਉਂਦੇ ਹਨ । ਇਹ ਸ਼ੁਰੂ ਵਿਚ ਖ਼ਾਨਾਬਦੋਸ਼ ਸਨ । ਇਨ੍ਹਾਂ ਦੇ ਕੁਝ ਕਬੀਲੇ ਯੋਰੁਪ ਵਲ ਅਤੇ ਕੁਝ ਏਸ਼ੀਆ ਵਿਚ ਫੈਲੇ ਸਨ । ਇਨ੍ਹਾਂ ਦੀ ਹੋਂਦ ਈਸਾ-ਪੂਰਬ ਦੇ 1300 ਵਰ੍ਹਿਆਂ ਤੋਂ ਪਿਛੇ ਨਹੀਂ ਜਾਂਦੀ । ਸਹਿਜੇ ਸਹਿਜੇ ਸੰਗਠਿਤ ਹੋ ਕੇ ਇਨ੍ਹਾਂ ਨੇ ਆਪਣੀ ਹੋਂਦ ਕਾਇਮ ਕੀਤੀ । ਸ਼ੁਰੂ ਵਿਚ ਕੁਝ ਕਬੀਲੇ ਆਕਾਸ਼-ਪੂਜਾ ਕਰਦੇ ਸਨ ਅਤੇ ਕੁਝ ਅਗਨੀ-ਪੂਜਕ ਸਨ । ਕਾਲਾਂਤਰ ਵਿਚ ਇਨ੍ਹਾਂ ਦੇ ਕੁਝ ਕਬੀਲਿਆਂ ਨੇ ਬੌਧ-ਮਤ ਧਾਰਣ ਕੀਤਾ , ਕੁਝ ਈਸਾਈ ਬਣੇ ਪਰ ਬਾਦ ਵਿਚ ਸਾਰਿਆਂ ਨੇ ਇਸਲਾਮ ਧਰਮ ਵਿਚ ਪ੍ਰਵੇਸ਼ ਕੀਤਾ ।

                      ਖ਼ਾਨਾਬਦੋਸ਼ ਹੋਣ ਕਰਕੇ ਇਹ ਲੋਕ ਬਹੁਤ ਕਠੋਰ , ਦ੍ਰਿੜ੍ਹ ਅਤੇ ਨਿਰਦਈ ਸਨ । ਇਨ੍ਹਾਂ ਦੇ ਮਨ ਵਿਚ ਕਿਸੇ ਕਿਸਮ ਦੇ ਤਰਸ ਦੀ ਭਾਵਨਾ ਪੈਦਾ ਨਹੀਂ ਹੁੰਦੀ ਸੀ । ਇਸੇ ਲਈ ਕਿਹਾ ਜਾਂਦਾ ਹੈ ਕਿ ਜਿਧਰੋਂ ਤੁਰਕ ਲਿੰਘ ਜਾਂਦੇ ਉਧਰ ਉਜਾੜਾ ਹੋ ਜਾਂਦਾ । ਚੰਗੇਜ਼ ਖ਼ਾਂ ਦੇ ਹਮਲਿਆਂ ਦੌਰਾਨ ਇਹ ਕੁਝ ਉਖੜੇ ਸਨ , ਪਰ ਬਾਦ’ ਤੇ ਫਿਰ ਸੰਗਠਿਤ ਹੋ ਗਏ । ਇਨ੍ਹਾਂ ਵਿਚ ਕੁਝ ਕਬੀਲਿਆਂ ਦੇ ਸਰਦਾਰਾਂ ਨੇ ਇਕੱਠੇ ਹੋ ਕੇ ਹਿੰਦੁਸਤਾਨ ਉਤੇ ਹਮਲੇ ਕਰਨੇ ਸ਼ੁਰੂ ਕੀਤੇ ਅਤੇ ਆਪਣਾ ਰਾਜ ਕਾਇਮ ਕੀਤਾ । ਇਹ ਬਾਦਸ਼ਾਹ ਲਈ ‘ ਸੁਲਤਾਨ’ ਸ਼ਬਦ ਵਰਤਦੇ ਸਨ । ਇਨ੍ਹਾਂ ਦੇ ਤੁਗ਼ਲਕ , ਖ਼ਿਲਜੀ ਆਦਿ ਕਬੀਲਿਆਂ ਨੇ ਹਿੰਦੁਸਤਾਨ ਵਿਚ ਆਪਣੀਆਂ ਹਕੂਮਤਾਂ ਕਾਇਮ ਕੀਤੀਆਂ । ਇਨ੍ਹਾਂ ਦਾ ਹਿੰਦੂਆਂ ਪ੍ਰਤਿ ਰਵੈਯਾ ਤਾਂ ਬਹੁਤ ਕਠੋਰ ਸੀ ਹੀ , ਪਰ ਇਨ੍ਹਾਂ ਤੋਂ ਪਹਿਲਾਂ ਹਿੰਦੁਸਤਾਨ ਵਿਚ ਵਸ ਚੁੱਕੇ ਮੁਸਲਮਾਨਾਂ ਨੂੰ ਵੀ ਇਹ ਨੀਵਾਂ ਸਮਝਦੇ ਸਨ ।

                      ਤੁਰਕ ਚੂੰਕਿ ਵਿਦੇਸ਼ੀ ਸਨ , ਇਸ ਲਈ ਪੱਛਮੀ ਅਤੇ ਉੱਤਰ ਪੱਛਮੀ ਦੇਸ਼ਾਂ ਤੋਂ ਆਉਣ ਵਾਲਿਆਂ ਸਾਰਿਆਂ ਲਈ ਪੰਜਾਬ ਵਿਚ ਸਮੁੱਚੇ ਤੌਰ’ ਤੇ ‘ ਤੁਰਕ’ ਸ਼ਬਦ ਵਰਤਿਆ ਜਾਣ ਲਗਿਆ । ਚੂੰਕਿ ਤੁਰਕ ਮੁਸਲਮਾਨ ਸਨ , ਇਸ ਲਈ ਸਾਰਿਆਂ ਮੁਸਲਮਾਨਾਂ ਨੂੰ ‘ ਤੁਰਕ’ ਪਦ ਨਾਲ ਵਿਸ਼ਿਸ਼ਟ ਕੀਤਾ ਜਾਣ ਲਗਿਆ , ਜਿਵੇਂ ਸੰਤ ਕਬੀਰ ਨੇ ਲਿਖਿਆ ਹੈ— ਹਿੰਦੂ ਤੁਰਕ ਕਹਾ ਤੇ ਆਏ ਕਿਨਿ ਏਹ ਰਾਹ ਚਲਾਈ ( ਗੁ.ਗ੍ਰੰ.477 ) । ਗੁਰੂ ਅਰਜਨ ਦੇਵ ਜੀ ਨੇ ਰਾਮਕਲੀ ਰਾਗ ਵਿਚ ਕਿਹਾ ਹੈ— ਕੋਈ ਕਹੈ ਤੁਰਕੁ ਕੋਈ ਕਹੈ ਹਿੰਦੂ ( ਗੁ. ਗ੍ਰੰ.885 ) । ਇਸ ਤੋਂ ਇਲਾਵਾ ਸਾਰਿਆਂ ਮੁਸਲਮਾਨਾਂ ਦੀ ਭਾਸ਼ਾ ਨੂੰ ਵੀ ‘ ਤੋਰਕੀ’ ਕਿਹਾ ਜਾਣ ਲਗਿਆ । ‘ ਪੁਰਾਤਨ -ਜਨਮਸਾਖੀ’ ਵਿਚ ਗੁਰੂ ਨਾਨਕ ਦੇਵ ਜੀ ਨੂੰ ਤੋਰਕੀ ਪੜ੍ਹਨ ਲਈ ਮੁੱਲਾ ਪਾਸ ਭੇਜਿਆ ਗਿਆ ਲਿਖਿਆ ਹੈ । ਇਥੇ ਇਹ ਸ਼ਬਦ ‘ ਫ਼ਾਰਸੀ ’ ਦਾ ਵਾਚਕ ਹੈ । ਗੁਰੂ ਗੋਬਿੰਦ ਸਿੰਘ ਜੀ ਨੇ ‘ ਅਕਾਲ ਉਸਤਤਿ ’ ਵਿਚ ਇਸ ਸ਼ਬਦ ਨੂੰ ਮੁਸਲਮਾਨ ਦੇ ਵਾਚਿਕ ਵਜੋਂ ਵਰਤਿਆ ਹੈ— ਹਿੰਦੂ ਤੁਰਕ ਕੋਊ ਰਾਫਿਜ਼ੀ ਇਮਾਮ ਸਾਫ਼ੀ ਮਾਨਸ ਕੀ ਜਾਤਿ ਸਬੈ ਏਕੈ ਪਹਚਾਨਬੋ ( 85 ) ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5080, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.