ਤੁੜਾਉ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Dissolution _ ਤੁੜਾਉ : ਬਰਤਾਨਵੀ ਤਰਜ਼ ਦੀ ਸੰਸਦੀ ਪ੍ਰਕਾਰ ਦੀ ਸਰਕਾਰ ਵਿਚ ਤੁੜਾਉ ਇਕ ਤਕਨੀਕੀ ਸ਼ਬਦ ਬਣ ਗਿਆ ਹੈ । ਇੰਗਲੈਂਡ ਵਿਚ ਪਾਰਲੀਮੈਂਟ ਦੇ ਤੁੜਾਉ ਨੂੰ ਕਈ ਵਾਰੀ ਸੰਸਦ ਦੀ ਸਿਵਲ ਮੌਤ ਕਿਹਾ ਜਾਂਦਾ ਹੈ । ਇਸ ਨਾਲ ਸੰਸਦ ਅੱਗੇ ਲੰਬਤ ਬਿਲ ਬੀਤ ਜਾਂਦੇ ਹਨ । ਉਥੇ ਸੰਸਦ ਦਾ ਤੁੜਾਉ ਸ਼ਾਹੀ ਫ਼ਰਮਾਨ ਨਾਲ ਹੁੰਦਾ ਹੈ ਅਤੇ ਉਦੋਂ ਤਕ ਪਾਸ ਨ ਹੋਏ ਬਿਲ ਸਲੇਟ ਤੋਂ ਪੂਰੀ ਤਰ੍ਹਾਂ ਸਾਫ਼ ਹੋ ਜਾਂਦੇ ਹਨ । ਸੰਸਦ ਦਾ ਤੁੜਾਉ ਅਤੇ ਸੰਸਦ ਨੂੰ ਉਠਾਉਣਾ ਦੋ ਵਖ ਵਖ ਚੀਜ੍ਹਾਂ ਹਨ । ਸੰਸਦ ਨੂੰ ਉਠਾਉਣ ਦਾ ਮਤਲਬ ਹੈ ਕਿਸੇ ਇਕ ਸਮਾਗਮ ਦਾ ਅੰਤ ਕਰਨਾ ਜਦ ਕਿ ਤੁੜਾਉ ਦਾ ਮਤਲਬ ਹੈ ਉਸ ਸੰਸਦ ਵਿਸ਼ੇਸ਼ ਨੂੰ ਖ਼ਤਮ ਕਰਨਾ । ਤੁੜਾਉ ਤੋਂ ਬਾਦ ਚੋਣ ਕਰਵਾਈ ਜਾਂਦੀ ਹੈ ਅਤੇ ਨਵੀਂ ਸੰਸਦ ਹੋਂਦ ਵਿਚ ਆਉਂਦੀ ਹੈ ।

            ਭਾਰਤੀ ਸੰਸਦ ਦੋ ਸਦਨਾਂ ਅਰਥਾਤ ਲੋਕ ਸਭਾ , ਰਾਜ ਸਭਾ ਅਤੇ ਰਾਸ਼ਟਰਪਤੀ ਤੋਂ ਮਿਲ ਕੇ ਬਣਦੀ ਹੈ । ਲੋਕ ਸਭਾ ਦੀ ਮਿਆਦ ਉਸ ਦੀ ਪਹਿਲੀ ਬੈਠਕ ਤੋਂ ਪੰਜ ਸਾਲ ਤਕ ਹੁੰਦੀ ਹੈ , ਪਰ ਰਾਸ਼ਟਰਪਤੀ ਲੋਕ ਸਭਾ ਨੂੰ ਉਸ ਤੋਂ ਪਹਿਲਾਂ ਵੀ ਤੋੜ ਸਕਦਾ ਹੈ । ਸਾਧਾਰਨ ਤੌਰ ਤੇ ਲੋਕ ਸਭਾ ਦਾ ਤੁੜਾਉ ਪ੍ਰਧਾਨ ਮੰਤਰੀ ਦੀ ਸਿਫ਼ਾਰਸ਼ ਤੇ ਹੁੰਦਾ ਹੈ ਅਤੇ ਇਸ ਦਾ ਮਨੋਰਥ ਅੰਤਮ ਪ੍ਰਭਤਾਧਾਰੀ ਅਰਥਾਤ ਜਨਤਾ ਦਾ ਫ਼ੈਸਲਾ ਲੈਣਾ ਹੁੰਦਾ ਹੈ । ਚੌਧਰੀ ਚਰਨ ਸਿੰਘ ਘਟ ਗਿਣਤੀ ਸਰਕਾਰ ਦੇ ਪ੍ਰਧਾਨ ਮੰਤਰੀ ਸਨ ਅਤੇ ਉਨ੍ਹਾਂ ਨੇ ਸੰਸਦ ਦਾ ਵਿਸ਼ਵਾਸ ਪ੍ਰਾਪਤ ਕਰਨ ਲਈ ਸਮਾਗਮ ਵੀ ਬੁਲਾਇਆ ਸੀ । ਪਰ ਸੰਸਦ ਦੇ ਸਾਹਮਣੇ ਜਾਣ ਤੋਂ ਪਹਿਲਾਂ ਹੀ ਉਨ੍ਹਾਂ ਨੇ ਸੰਸਦ ਨੂੰ ਤੋੜ ਦੇਣ ਦੀ ਸਿਫ਼ਾਰਸ਼ ਕਰ ਦਿੱਤੀ ਅਤੇ ਉਸ ਅਨੁਸਾਰ ਸੰਸਦ ਤੋੜ ਦਿੱਤੀ ਗਈ ।

            ਸੰਸਦ ਦਾ ਸਮਾਗਮ ਬੁਲਾਉਣ ਅਤੇ ਉਸ ਨੂੰ ਉਠਾਉਣ ਦਾ ਇਖ਼ਤਿਆਰ ਰਾਸ਼ਟਰਪਤੀ ਨੂੰ ਪ੍ਰਾਪਤ ਹੈ । ਸਮਾਗਮ ਉਠਾ ਦੇਣ ਨਾਲ ਸੰਸਦ ਅੱਗੇ ਲੰਬਤ ਬਿਲ ਬੀਤ ਨਹੀਂ ਜਾਂਦੇ ਜਦ ਕਿ ਤੁੜਾਉ ਨਾਲ ਲੋਕ ਸਭਾ ਅੱਗੇ ਲੰਬਤ ਬਿਲ ਬੀਤ ਜਾਂਦੇ ਹਨ । ਜਿਹੜੇ ਬਿਲ ਲੋਕ ਸਭਾ ਪਾਸ ਕਰ ਚੁੱਕੀ ਹੋਵੇ ਅਤੇ ਰਾਜ ਸਭਾ ਅੱਗੇ ਲੰਬਤ ਹੋਣ ਉਹ ਲੋਕਸਭਾ ਦੇ ਤੁੜਾਉ ਨਾਲ ਵੀ ਨਹੀਂ ਬੀਤਦੇ ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 725, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.