ਦਾਨ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਦਾਨ (ਨਾਂ,ਪੁ) ਪੁੰਨ-ਅਰਥ ਧਨ ਜਾਂ ਕੋਈ ਵਸਤੂ ਦੇਣ ਦਾ ਕਰਮ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5501, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਦਾਨ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਦਾਨ [ਨਾਂਪੁ] ਪੁੰਨਅਰਥ ਕੁਝ ਦੇਣ ਦਾ ਭਾਵ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5496, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਦਾਨ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਦਾਨ. ਸੰ. ਸੰਗ੍ਯਾ—ਦੇਣ ਦਾ ਕਰਮ. ਖ਼ੈਰਾਤ. “ਦਾਨ ਦਾਤਾਰਾ ਅਪਰ ਅਪਾਰਾ.” (ਰਾਮ ਛੰਤ ਮ: ੫) “ਘਰਿ ਘਰਿ ਫਿਰਹਿ ਤੂੰ ਮੂੜੇ! ਦਦੈ ਦਾਨ ਨ ਤੁਧੁ ਲਇਆ.” (ਆਸਾ ਪਟੀ ਮ: ੩) ਦਾਨ ਕਰਨ ਦਾ ਗੁਣ ਤੈਂ ਅੰਗੀਕਾਰ ਨਹੀਂ ਕੀਤਾ. ਦੇਖੋ, ਨਾਮ ਦਾਨ ਇਸਨਾਨ। ੨ ਉਹ ਵਸਤੁ ਜੋ ਦਾਨ ਵਿੱਚ ਦਿੱਤੀ ਜਾਵੇ। ੩ ਮਹਿ਼੉੤ਲ. ਕਰ. ਟੈਕਸ. “ਰਾਜਾ ਮੰਗੈ ਦਾਨ.” (ਆਸਾ ਅ: ਮ: ੧) ੪ ਹਾਥੀ ਦਾ ਟਪਕਦਾ ਹੋਇਆ ਮਦ. “ਦਾਨ ਗਜਗੰਡ ਮਹਿ ਸੋਭਤ ਅਪਾਰ ਹੈ.” (ਨਾਪ੍ਰ) ੫ ਯਗ੍ਯ. “ਸਹੰਸਰ ਦਾਨ ਦੇ ਇੰਦ੍ਰ ਰੋਆਇਆ.” (ਮ: ੧ ਵਾਰ ਰਾਮ ੧) ੬ ਰਾਜ ਨੀਤਿ ਦਾ ਇੱਕ ਅੰਗ. ਕੁਝ ਧਨ ਆਦਿ ਦੇਕੇ ਵੈਰੀ ਨੂੰ ਵਸ਼ ਕਰਨ ਦਾ ਉਪਾਉ । “ਸਾਮ ਦਾਨ ਅਰੁ ਦੰਡ ਭੇਦ.” (ਗੁਪ੍ਰਸੂ) ੭ ਫ਼ਾ   ਦਾਨਹ (ਦਾਣਾ) ਦਾ ਸੰਖੇਪ. ਕਣ. ਅੰਨ ਦਾ ਬੀਜ । ੮ ਦਾਨਿਸਤਨ ਮ੉ਦਰ ਤੋਂ ਅਮਰ ਹ਼ਾ੡੒ਰ ਦਾ ੉੢ਗ਼ਾ. ਵਿ—ਜਾਣਨ ਵਾਲਾ। ੯ ਫ਼ਾ   ਪ੍ਰਤ੍ਯ—ਜੋ ਸ਼ਬਦਾਂ ਦੇ ਅੰਤ ਲਗਕੇ ਰੱਖਣ ਵਾਲਾ, ਵਾਨ ਆਦਿ ਅਰਥ ਦਿੰਦਾ ਹੈ, ਜਿਵੇਂ—ਕ਼ਲਮਦਾਨ. ਜੁਜ਼ਦਾਨ, ਆਤਿਸ਼ਦਾਨ ਆਦਿ। ੧੦ ਕਾਸ਼. ਬੈਲ. ਬਲਦ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5040, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਦਾਨ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਦਾਨ: ਭਾਰਤੀ ਸੰਸਕ੍ਰਿਤੀ ਵਿਚ ਦਾਨ ਨੂੰ ਨੈਤਿਕ ਨਿਯਮਾਂ ਵਿਚ ਸ਼ਾਮਲ ਕੀਤਾ ਗਿਆ ਹੈ। ਇਸ ਦੇ ਮੁੱਖ ਤੌਰ ’ਤੇ ਦੋ ਰੂਪ ਹਨ— ਨਿੱਤ ਅਤੇ ਨੈਮਿਤਿਕ (ਜੋ ਕਿਸੇ ਵਿਸ਼ੇਸ਼ ਕਾਰਣ ਕਰਕੇ ਕੀਤਾ ਗਿਆ ਹੋਵੇ)। ਚੌਹਾਂ ਵਰਣਾਂ ਲਈ ਦਾਨ ਕਰਨਾ ਲਾਜ਼ਮੀ ਹੈ। ਦਾਨ ਲੈਣ ਦਾ ਅਧਿਕਾਰੀ ਕੇਵਲ ਬ੍ਰਾਹਮਣ ਹੈ। ਗ਼ਰੀਬਾਂ, ਦੀਨ-ਦੁਖੀਆਂ, ਰੋਗੀਆਂ ਆਦਿ ਨੂੰ ਦਿੱਤਾ ਗਿਆ ਦਾਨ ‘ਦੀਨ ਰਕੑਸ਼ਣ ਦਾਨ’ ਅਖਵਾਉਂਦਾ ਹੈ। ‘ਕ੍ਰਿਤੑਯਕਲੑਪਤਰੁ’ (ਦਾਨ-ਕਾਂਡ) ਅਤੇ ਬੱਲਾਲਸੇਨ ਰਚਿਤ ‘ਦਾਨ-ਸਾਗਰ’ ਵਿਚ ਅਨੇਕ ਤਰ੍ਹਾਂ ਦੇ ਦਾਨਾਂ ਦੀ ਵਿਧੀ ਅਤੇ ਉਨ੍ਹਾਂ ਤੋਂ ਪ੍ਰਾਪਤ ਹੋਣ ਵਾਲੇ ਫਲਾਂ ਦਾ ਉੱਲੇਖ ਹੈ। ਇਸੇ ਤਰ੍ਹਾਂ ‘ਵਿਸ਼ੑਣੁਧਰੑਮੋੱਤਰ-ਪੁਰਾਣ’ (3/317) ਵਿਚ ਹਰ ਪ੍ਰਕਾਰ ਦੇ ਦਾਨਾਂ ਤੋਂ ਪ੍ਰਾਪਤ ਹੋਣ ਵਾਲੇ ਪੁੰਨਾਂ ਦੀ ਵਿਆਖਿਆ ਕੀਤੀ ਗਈ ਹੈ।

            ਪਰ ਮੱਧ-ਯੁਗ ਦੀ ਨਿਰਗੁਣ ਧਰਮ-ਸਾਧਨਾ ਵਿਚ ਇਸ ਤਰ੍ਹਾਂ ਦੇ ਦਾਨਾਂ ਨੂੰ ਮਹੱਤਵ ਨਹੀਂ ਦਿੱਤਾ ਗਿਆ। ਭਗਤ ਨਾਮਦੇਵ ਇਸ ਪ੍ਰਕਾਰ ਦੇ ਸਾਰੇ ਦਾਨਾਂ ਨੂੰ ਰਾਮ ਨਾਮ ਦੇ ਬਰਾਬਰ ਬਿਲਕੁਲ ਨਹੀਂ ਸਮਝਦੇ—ਅਸੁਮੇਧੁ ਜਗੁ ਕੀਜੈ ਸੋਨਾ ਗਰਭ ਦਾਨੁ ਦੀਜੈ ਰਾਮ ਨਾਮ ਸਰਿ ਤਊ ਪੂਜੈ... ਗੰਗਾ ਜਉ ਗੋਦਾਵਰਿ ਜਾਈਐ ਕੁੰਭਿ ਜਉ ਕੇਦਾਰ ਨ੍ਹਾਈਐ ਗੋਮਤੀ ਸਹਸ ਗਊ ਦਾਨੁ ਕੀਜੈ... ਅਸੁ ਦਾਨ ਗਜ ਦਾਨ ਸਿਹਜਾ ਨਾਰੀ ਭੂਮਿ ਦਾਨ ਐਸੋ ਦਾਨੁ ਨਿਤ ਨਿਤਹਿ ਕੀਜੈ ਆਤਮ ਜਉ ਨਿਰਮਾਇਲੁ ਕੀਜੈ ਆਪ ਬਰਾਬਰਿ ਕੰਚਨੁ ਦੀਜੈ ਰਾਮ ਨਾਮ ਸਰਿ ਤਉ ਪੂਜੈ (ਗੁ.ਗ੍ਰੰ.973)। ਬੌਧ ਅਤੇ ਜੈਨ ਮਤਾਂ ਵਿਚ ਦਾਨ ਦੇਣ ਦੀ ਗੱਲ ਹੋਈ ਹੈ, ਪਰ ਕੇਵਲ ਬ੍ਰਾਹਮਣ ਨੂੰ ਹੀ ਦਾਨ ਲੈਣ ਵਾਲਾ ਉਚਿਤ ਪਾਤਰ ਨਹੀਂ ਮੰਨਿਆ ਗਿਆ।

            ਗੁਰੂ ਗ੍ਰੰਥ ਸਾਹਿਬ ਵਿਚ ਦਾਨ ਦੇਣ ਦੇ ਕਿਸੇ ਸਿੱਧਾਂਤ ਜਾਂ ਮਾਨਤਾ ਦਾ ਪ੍ਰਤਿਪਾਦਨ ਨਹੀਂ ਹੋਇਆ। ਪਰ ਇਸ ਗ੍ਰੰਥ ਵਿਚ ਦਰਸਾਈ ਗਈ ਮਨੁੱਖ ਦੀ ਜੀਵਨ-ਜਾਚ ਵਿਚ ਦਾਨ ਦਾ ਉਚੇਚਾ ਮਹੱਤਵ ਦਰਸਾਇਆ ਗਿਆ ਹੈ, ਬਸ ਸ਼ਰਤ ਇਹ ਹੈ ਕਿ ਜੋ ਵੀ ਦਾਨ ਦਿੱਤਾ ਜਾਏ, ਉਹ ਦਾਨ ਦੇਣ ਵਾਲੇ ਦੀ ਆਪਣੀ ਕਿਰਤ-ਕਮਾਈ ਵਿਚੋਂ ਹੋਣਾ ਚਾਹੀਦਾ ਹੈ—ਘਾਲਿ ਖਾਇ ਕਿਛੁ ਹਥਹੁ ਦੇਇ ਨਾਨਕ ਰਾਹੁ ਪਛਾਣਹਿ ਸੇਇ (ਗੁ.ਗ੍ਰੰ.1245)। ਗੁਰੂ ਤੇਗ ਬਹਾਦਰ ਜੀ ਦੇ ਗੁਮਾਨ ਜਾਂ ਹਉਮੈ ਭਾਵ ਨਾਲ ਕੀਤਾ ਗਿਆ ਦਾਨ ਹਾਥੀ ਦੇ ਇਸ਼ਨਾਨ ਵਾਂਗ ਨਿਰਰਥਕ ਹੈ—ਤੀਰਥ ਬਰਤ ਅਰੁ ਦਾਨ ਕਰਿ ਮਨ ਮੈ ਧਰੈ ਗੁਮਾਨੁ ਨਾਨਕ ਨਿਹਫਲ ਜਾਤ ਤਿਹ ਜਿਉ ਕੁੰਚਰੁ ਇਸਨਾਨੁ (ਗੁ.ਗ੍ਰੰ.1428)।

            ਸਿੱਖ ਧਰਮ ਵਿਚ ਦਾਨ ਲੈਣ ਲਈ ਕਿਸੇ ਖ਼ਾਸ ਵਰਗ ਨੂੰ ਅਧਿਕਾਰੀ ਵੀ ਨਹੀਂ ਦਸਿਆ ਗਿਆ ਅਤੇ ਨ ਹੀ ਦਾਨ ਦੇਣ ਲਈ ਵਖ ਵਖ ਅਵਸਰਾਂ ਉਤੇ ਭਿੰਨ ਭਿੰਨ ਵਸਤੂਆਂ ਦਾਨ ਕਰਨ ਦਾ ਉੱਲੇਖ ਹੈ। ਧਰਮ-ਅਰਥ ਕਾਰਜਾਂ ਲਈ ‘ਦਸਵੰਧ ’ ਦੀ ਵਿਧੀ ਦਾ ਪਾਲਨ ਜ਼ਰੂਰੀ ਹੈ ਅਤੇ ਗ਼ਰੀਬ ਦਾ ਮੂੰਹਗੁਰੂ ਦੀ ਗੋਲਕ’ ਹੈ। ਇਸ ਆਸ਼ੇ ਨਾਲ ਕੀਤਾ ਦਾਨ ਵਿਖਾਵੇ ਤੋਂ ਮੁਕਤ ਅਤੇ ਪ੍ਰਾਪਤ ਕਰਨ ਵਾਲੇ ਲਈ ਲੋੜੀਂਦਾ ਹੈ। ਪਰ ਜੇ ਚਟੀ-ਬੱਧਾ ਦਾਨ ਦਿੱਤਾ ਜਾਏ ਤਾਂ ਨ ਉਸ ਦਾ ਕੋਈ ਗੁਣ ਹੈ ਨ ਹੀ ਲਾਭ—ਬਧਾ ਚਟੀ ਜੋ ਭਰੇ ਨਾ ਗੁਣੁ ਨਾ ਉਪਕਾਰੁ (ਗੁ.ਗ੍ਰੰ.787)।

            ਗੁਰਮਤਿ ਅਨੁਸਾਰ ਸਾਧਕ ਨੂੰ ਰੱਬ ਤੋਂ ਕਿਹੋ ਜਿਹੇ ਦਾਨ ਦੀ ਆਸ ਕਰਨੀ ਚਾਹੀਦੀ ਹੈ। ‘ਆਸਾ ਕੀ ਵਾਰ ’ ਵਿਚ ਗੁਰੂ ਨਾਨਕ ਦੇਵ ਜੀ ਨੇ ਅਜਿਹੇ ਦਾਨ ਬਾਰੇ ਦਸਦਿਆਂ ਕਿਹਾ ਹੈ—ਦਾਨੁ ਮਹਿੰਡਾ ਤਲੀ ਖਾਕੁ ਜੇ ਮਿਲੈ ਮਸਤਕਿ ਲਾਈਐ (ਗੁ.ਗ੍ਰੰ.468)। ਸਪੱਸ਼ਟ ਹੈ ਕਿ ਗੁਰਮਤਿ ਵਿਚ ਦਾਨ ਦੇਣ ਦੀ ਮਨਾਹੀ ਨਹੀਂ, ਪਰ ਪਰੰਪਰਾਗਤ ਵਿਧੀਆਂ ਅਤੇ ਅਨੁਸ਼ਠਾਨਿਕ ਰੀਤਾਂ ਨਾਲ ਦਾਨ ਦੇਣ ਨੂੰ ਕਿਤੇ ਵੀ ਸਵੀਕ੍ਰਿਤੀ ਨਹੀਂ ਦਿੱਤੀ ਗਈ। ਬਸ ਕਿਰਤ ਕਮਾਈ ਵਿਚ ਨਿਰਾਭਿਮਾਨ ਹੋ ਕੇ ਦਾਨ ਕਰਨਾ ਹੀ ਉਚਿਤ ਹੈ। ਅਧਿਆਤਮਿਕਤਾ ਵੇਲੇ ਰਾਮ-ਨਾਮ ਦਾ ਦਾਨ, ਲੋਕਾਂ ਨੂੰ ਹਰਿ-ਭਗਤੀ ਵਲ ਜੋੜਨ ਦਾ ਉਪਰਾਲਾ ਹੀ ਸ੍ਰੇਸ਼ਠ ਦਾਨ ਹੈ—ਹਰਿ ਕਾ ਨਾਮੁ ਧਿਆਇ ਸੁਣਿ ਸਭਨਾ ਨੋ ਕਰਿ ਦਾਨੁ (ਗੁ.ਗ੍ਰੰ.135)।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4970, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਦਾਨ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Donation_ਦਾਨ: ਜਦ ਕੋਈ ਵਿਅਕਤੀ ਕਿਸੇ ਹੋਰ ਵਿਅਕਤੀ ਨੂੰ ਕਿਸੇ ਪਦਾਰਥਕ ਲਾਭ ਤੋਂ ਬਿਨਾਂ ਧਨ ਦਿੰਦਾ ਹੈ ਤਾਂ ਉਸ ਬਾਰੇ ਕਿਹਾ ਜਾਂਦਾਹੈ ਕਿ ਉਸ ਨੇ ਉਹ ਰਕਮ ਦਾਨ ਕੀਤੀ ਹੇ। ਇਸ ਤਰ੍ਹਾਂ ਦਾਨ ਅਜਿਹਾ ਕਾਰਜ ਹੈ ਜਿਸ ਦੁਆਰਾ ਕਿਸੇ ਚੀਜ਼ ਦਾ ਮਾਲਕ ਸਵੈ-ਇੱਛਾ ਨਾਲ , ਬਿਨਾਂ ਕਿਸੇ ਬਦਲ ਤੋਂ ਕਿਸੇ ਹੋਰ ਵਿਅਕਤੀ ਨੂੰ ਦਿੰਦਾ ਹੈ, ਉਸ ਦਾ ਕਬਜ਼ਾ ਦਿੰਦਾ ਹੈ ਜਾਂ ਉਸ ਦੇ ਨਾਂ ਕਰਦਾ ਹੈ। ਕਿਸੇ ਹਿਬੇ ਜਾਂ ਬਿਨਾਂ ਬਦਲ ਅਦਾਇਗੀ ਨੂੰ ਦਾਨ ਕਿਹਾ ਜਾਂਦਾ ਹੈ।  


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4969, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਦਾਨ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਦਾਨ (ਸੰ.। ਸੰਸਕ੍ਰਿਤ) ੧. ਪੁੰਨ , ਬਖਸ਼ਿਸ਼। ਪੁੰਨ ਕਰਨ ਦੀ ਕ੍ਰਿਯਾ। ਯਥਾ-‘ਤੀਰਥੁ ਤਪੁ ਦਇਆ ਦਤੁ ਦਾਨੁ ’।

੨. (ਸੰਸਕ੍ਰਿਤ) ਮਸੂਲ ਜਾਂ ਕਰ ਜੋ ਕਾਨੂੰਨਨ ਦੇਣਾ ਪਵੇ। ਡੰਨ , ਜੁਰਮਾਨਾ। ਯਥਾ-‘ਸਹੰਸਰ ਦਾਨ ਦੇ ਇੰਦ੍ਰੁ ਰੋਆਇਆ’ ਹਜ਼ਾਰ ਭਗ ਦਾ ਡੰਨ ਦੇਕੇ ਇੰਦ੍ਰ ਨੂੰ ਬੀ ਸਮੇਂ ਨੇ ਰੁਆ ਦਿਤਾ ਹੈ। ਤਥਾ-‘ਪੰਚ ਤਤੁ ਮਿਲਿ ਦਾਨੁ ਨਿਬੇਰਹਿ’ ਏਥੇ ਪੁੰਨ ਤੇ ਡੰਨ ਦੋਨੋਂ ਅਰਥ ਹਨ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 4969, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.