ਦਾਨ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਦਾਨ (ਨਾਂ,ਪੁ) ਪੁੰਨ-ਅਰਥ ਧਨ ਜਾਂ ਕੋਈ ਵਸਤੂ ਦੇਣ ਦਾ ਕਰਮ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10304, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਦਾਨ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਦਾਨ [ਨਾਂਪੁ] ਪੁੰਨਅਰਥ ਕੁਝ ਦੇਣ ਦਾ ਭਾਵ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10299, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਦਾਨ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਦਾਨ. ਸੰ. ਸੰਗ੍ਯਾ—ਦੇਣ ਦਾ ਕਰਮ. ਖ਼ੈਰਾਤ. “ਦਾਨ ਦਾਤਾਰਾ ਅਪਰ ਅਪਾਰਾ.” (ਰਾਮ ਛੰਤ ਮ: ੫) “ਘਰਿ ਘਰਿ ਫਿਰਹਿ ਤੂੰ ਮੂੜੇ! ਦਦੈ ਦਾਨ ਨ ਤੁਧੁ ਲਇਆ.” (ਆਸਾ ਪਟੀ ਮ: ੩) ਦਾਨ ਕਰਨ ਦਾ ਗੁਣ ਤੈਂ ਅੰਗੀਕਾਰ ਨਹੀਂ ਕੀਤਾ. ਦੇਖੋ, ਨਾਮ ਦਾਨ ਇਸਨਾਨ। ੨ ਉਹ ਵਸਤੁ ਜੋ ਦਾਨ ਵਿੱਚ ਦਿੱਤੀ ਜਾਵੇ। ੩ ਮਹਿ਼ਲ. ਕਰ. ਟੈਕਸ. “ਰਾਜਾ ਮੰਗੈ ਦਾਨ.” (ਆਸਾ ਅ: ਮ: ੧) ੪ ਹਾਥੀ ਦਾ ਟਪਕਦਾ ਹੋਇਆ ਮਦ. “ਦਾਨ ਗਜਗੰਡ ਮਹਿ ਸੋਭਤ ਅਪਾਰ ਹੈ.” (ਨਾਪ੍ਰ) ੫ ਯਗ੍ਯ. “ਸਹੰਸਰ ਦਾਨ ਦੇ ਇੰਦ੍ਰ ਰੋਆਇਆ.” (ਮ: ੧ ਵਾਰ ਰਾਮ ੧) ੬ ਰਾਜ ਨੀਤਿ ਦਾ ਇੱਕ ਅੰਗ. ਕੁਝ ਧਨ ਆਦਿ ਦੇਕੇ ਵੈਰੀ ਨੂੰ ਵਸ਼ ਕਰਨ ਦਾ ਉਪਾਉ । “ਸਾਮ ਦਾਨ ਅਰੁ ਦੰਡ ਭੇਦ.” (ਗੁਪ੍ਰਸੂ) ੭ ਫ਼ਾ ਦਾਨਹ (ਦਾਣਾ) ਦਾ ਸੰਖੇਪ. ਕਣ. ਅੰਨ ਦਾ ਬੀਜ । ੮ ਦਾਨਿਸਤਨ ਮਦਰ ਤੋਂ ਅਮਰ ਹ਼ਾਰ ਦਾ ਗ਼ਾ. ਵਿ—ਜਾਣਨ ਵਾਲਾ। ੯ ਫ਼ਾ ਪ੍ਰਤ੍ਯ—ਜੋ ਸ਼ਬਦਾਂ ਦੇ ਅੰਤ ਲਗਕੇ ਰੱਖਣ ਵਾਲਾ, ਵਾਨ ਆਦਿ ਅਰਥ ਦਿੰਦਾ ਹੈ, ਜਿਵੇਂ—ਕ਼ਲਮਦਾਨ. ਜੁਜ਼ਦਾਨ, ਆਤਿਸ਼ਦਾਨ ਆਦਿ। ੧੦ ਕਾਸ਼. ਬੈਲ. ਬਲਦ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9843, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no
ਦਾਨ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਦਾਨ: ਭਾਰਤੀ ਸੰਸਕ੍ਰਿਤੀ ਵਿਚ ਦਾਨ ਨੂੰ ਨੈਤਿਕ ਨਿਯਮਾਂ ਵਿਚ ਸ਼ਾਮਲ ਕੀਤਾ ਗਿਆ ਹੈ। ਇਸ ਦੇ ਮੁੱਖ ਤੌਰ ’ਤੇ ਦੋ ਰੂਪ ਹਨ— ਨਿੱਤ ਅਤੇ ਨੈਮਿਤਿਕ (ਜੋ ਕਿਸੇ ਵਿਸ਼ੇਸ਼ ਕਾਰਣ ਕਰਕੇ ਕੀਤਾ ਗਿਆ ਹੋਵੇ)। ਚੌਹਾਂ ਵਰਣਾਂ ਲਈ ਦਾਨ ਕਰਨਾ ਲਾਜ਼ਮੀ ਹੈ। ਦਾਨ ਲੈਣ ਦਾ ਅਧਿਕਾਰੀ ਕੇਵਲ ਬ੍ਰਾਹਮਣ ਹੈ। ਗ਼ਰੀਬਾਂ, ਦੀਨ-ਦੁਖੀਆਂ, ਰੋਗੀਆਂ ਆਦਿ ਨੂੰ ਦਿੱਤਾ ਗਿਆ ਦਾਨ ‘ਦੀਨ ਰਕੑਸ਼ਣ ਦਾਨ’ ਅਖਵਾਉਂਦਾ ਹੈ। ‘ਕ੍ਰਿਤੑਯਕਲੑਪਤਰੁ’ (ਦਾਨ-ਕਾਂਡ) ਅਤੇ ਬੱਲਾਲਸੇਨ ਰਚਿਤ ‘ਦਾਨ-ਸਾਗਰ’ ਵਿਚ ਅਨੇਕ ਤਰ੍ਹਾਂ ਦੇ ਦਾਨਾਂ ਦੀ ਵਿਧੀ ਅਤੇ ਉਨ੍ਹਾਂ ਤੋਂ ਪ੍ਰਾਪਤ ਹੋਣ ਵਾਲੇ ਫਲਾਂ ਦਾ ਉੱਲੇਖ ਹੈ। ਇਸੇ ਤਰ੍ਹਾਂ ‘ਵਿਸ਼ੑਣੁਧਰੑਮੋੱਤਰ-ਪੁਰਾਣ’ (3/317) ਵਿਚ ਹਰ ਪ੍ਰਕਾਰ ਦੇ ਦਾਨਾਂ ਤੋਂ ਪ੍ਰਾਪਤ ਹੋਣ ਵਾਲੇ ਪੁੰਨਾਂ ਦੀ ਵਿਆਖਿਆ ਕੀਤੀ ਗਈ ਹੈ।
ਪਰ ਮੱਧ-ਯੁਗ ਦੀ ਨਿਰਗੁਣ ਧਰਮ-ਸਾਧਨਾ ਵਿਚ ਇਸ ਤਰ੍ਹਾਂ ਦੇ ਦਾਨਾਂ ਨੂੰ ਮਹੱਤਵ ਨਹੀਂ ਦਿੱਤਾ ਗਿਆ। ਭਗਤ ਨਾਮਦੇਵ ਇਸ ਪ੍ਰਕਾਰ ਦੇ ਸਾਰੇ ਦਾਨਾਂ ਨੂੰ ਰਾਮ ਨਾਮ ਦੇ ਬਰਾਬਰ ਬਿਲਕੁਲ ਨਹੀਂ ਸਮਝਦੇ—ਅਸੁਮੇਧੁ ਜਗੁ ਕੀਜੈ ਸੋਨਾ ਗਰਭ ਦਾਨੁ ਦੀਜੈ ਰਾਮ ਨਾਮ ਸਰਿ ਤਊ ਨ ਪੂਜੈ।... ਗੰਗਾ ਜਉ ਗੋਦਾਵਰਿ ਜਾਈਐ ਕੁੰਭਿ ਜਉ ਕੇਦਾਰ ਨ੍ਹਾਈਐ ਗੋਮਤੀ ਸਹਸ ਗਊ ਦਾਨੁ ਕੀਜੈ।... ਅਸੁ ਦਾਨ ਗਜ ਦਾਨ ਸਿਹਜਾ ਨਾਰੀ ਭੂਮਿ ਦਾਨ ਐਸੋ ਦਾਨੁ ਨਿਤ ਨਿਤਹਿ ਕੀਜੈ। ਆਤਮ ਜਉ ਨਿਰਮਾਇਲੁ ਕੀਜੈ ਆਪ ਬਰਾਬਰਿ ਕੰਚਨੁ ਦੀਜੈ ਰਾਮ ਨਾਮ ਸਰਿ ਤਉ ਨ ਪੂਜੈ। (ਗੁ.ਗ੍ਰੰ.973)। ਬੌਧ ਅਤੇ ਜੈਨ ਮਤਾਂ ਵਿਚ ਦਾਨ ਦੇਣ ਦੀ ਗੱਲ ਹੋਈ ਹੈ, ਪਰ ਕੇਵਲ ਬ੍ਰਾਹਮਣ ਨੂੰ ਹੀ ਦਾਨ ਲੈਣ ਵਾਲਾ ਉਚਿਤ ਪਾਤਰ ਨਹੀਂ ਮੰਨਿਆ ਗਿਆ।
ਗੁਰੂ ਗ੍ਰੰਥ ਸਾਹਿਬ ਵਿਚ ਦਾਨ ਦੇਣ ਦੇ ਕਿਸੇ ਸਿੱਧਾਂਤ ਜਾਂ ਮਾਨਤਾ ਦਾ ਪ੍ਰਤਿਪਾਦਨ ਨਹੀਂ ਹੋਇਆ। ਪਰ ਇਸ ਗ੍ਰੰਥ ਵਿਚ ਦਰਸਾਈ ਗਈ ਮਨੁੱਖ ਦੀ ਜੀਵਨ-ਜਾਚ ਵਿਚ ਦਾਨ ਦਾ ਉਚੇਚਾ ਮਹੱਤਵ ਦਰਸਾਇਆ ਗਿਆ ਹੈ, ਬਸ ਸ਼ਰਤ ਇਹ ਹੈ ਕਿ ਜੋ ਵੀ ਦਾਨ ਦਿੱਤਾ ਜਾਏ, ਉਹ ਦਾਨ ਦੇਣ ਵਾਲੇ ਦੀ ਆਪਣੀ ਕਿਰਤ-ਕਮਾਈ ਵਿਚੋਂ ਹੋਣਾ ਚਾਹੀਦਾ ਹੈ—ਘਾਲਿ ਖਾਇ ਕਿਛੁ ਹਥਹੁ ਦੇਇ। ਨਾਨਕ ਰਾਹੁ ਪਛਾਣਹਿ ਸੇਇ। (ਗੁ.ਗ੍ਰੰ.1245)। ਗੁਰੂ ਤੇਗ ਬਹਾਦਰ ਜੀ ਦੇ ਗੁਮਾਨ ਜਾਂ ਹਉਮੈ ਭਾਵ ਨਾਲ ਕੀਤਾ ਗਿਆ ਦਾਨ ਹਾਥੀ ਦੇ ਇਸ਼ਨਾਨ ਵਾਂਗ ਨਿਰਰਥਕ ਹੈ—ਤੀਰਥ ਬਰਤ ਅਰੁ ਦਾਨ ਕਰਿ ਮਨ ਮੈ ਧਰੈ ਗੁਮਾਨੁ। ਨਾਨਕ ਨਿਹਫਲ ਜਾਤ ਤਿਹ ਜਿਉ ਕੁੰਚਰੁ ਇਸਨਾਨੁ। (ਗੁ.ਗ੍ਰੰ.1428)।
ਸਿੱਖ ਧਰਮ ਵਿਚ ਦਾਨ ਲੈਣ ਲਈ ਕਿਸੇ ਖ਼ਾਸ ਵਰਗ ਨੂੰ ਅਧਿਕਾਰੀ ਵੀ ਨਹੀਂ ਦਸਿਆ ਗਿਆ ਅਤੇ ਨ ਹੀ ਦਾਨ ਦੇਣ ਲਈ ਵਖ ਵਖ ਅਵਸਰਾਂ ਉਤੇ ਭਿੰਨ ਭਿੰਨ ਵਸਤੂਆਂ ਦਾਨ ਕਰਨ ਦਾ ਉੱਲੇਖ ਹੈ। ਧਰਮ-ਅਰਥ ਕਾਰਜਾਂ ਲਈ ‘ਦਸਵੰਧ ’ ਦੀ ਵਿਧੀ ਦਾ ਪਾਲਨ ਜ਼ਰੂਰੀ ਹੈ ਅਤੇ ਗ਼ਰੀਬ ਦਾ ਮੂੰਹ ‘ਗੁਰੂ ਦੀ ਗੋਲਕ’ ਹੈ। ਇਸ ਆਸ਼ੇ ਨਾਲ ਕੀਤਾ ਦਾਨ ਵਿਖਾਵੇ ਤੋਂ ਮੁਕਤ ਅਤੇ ਪ੍ਰਾਪਤ ਕਰਨ ਵਾਲੇ ਲਈ ਲੋੜੀਂਦਾ ਹੈ। ਪਰ ਜੇ ਚਟੀ-ਬੱਧਾ ਦਾਨ ਦਿੱਤਾ ਜਾਏ ਤਾਂ ਨ ਉਸ ਦਾ ਕੋਈ ਗੁਣ ਹੈ ਨ ਹੀ ਲਾਭ—ਬਧਾ ਚਟੀ ਜੋ ਭਰੇ ਨਾ ਗੁਣੁ ਨਾ ਉਪਕਾਰੁ। (ਗੁ.ਗ੍ਰੰ.787)।
ਗੁਰਮਤਿ ਅਨੁਸਾਰ ਸਾਧਕ ਨੂੰ ਰੱਬ ਤੋਂ ਕਿਹੋ ਜਿਹੇ ਦਾਨ ਦੀ ਆਸ ਕਰਨੀ ਚਾਹੀਦੀ ਹੈ। ‘ਆਸਾ ਕੀ ਵਾਰ ’ ਵਿਚ ਗੁਰੂ ਨਾਨਕ ਦੇਵ ਜੀ ਨੇ ਅਜਿਹੇ ਦਾਨ ਬਾਰੇ ਦਸਦਿਆਂ ਕਿਹਾ ਹੈ—ਦਾਨੁ ਮਹਿੰਡਾ ਤਲੀ ਖਾਕੁ ਜੇ ਮਿਲੈ ਤ ਮਸਤਕਿ ਲਾਈਐ। (ਗੁ.ਗ੍ਰੰ.468)। ਸਪੱਸ਼ਟ ਹੈ ਕਿ ਗੁਰਮਤਿ ਵਿਚ ਦਾਨ ਦੇਣ ਦੀ ਮਨਾਹੀ ਨਹੀਂ, ਪਰ ਪਰੰਪਰਾਗਤ ਵਿਧੀਆਂ ਅਤੇ ਅਨੁਸ਼ਠਾਨਿਕ ਰੀਤਾਂ ਨਾਲ ਦਾਨ ਦੇਣ ਨੂੰ ਕਿਤੇ ਵੀ ਸਵੀਕ੍ਰਿਤੀ ਨਹੀਂ ਦਿੱਤੀ ਗਈ। ਬਸ ਕਿਰਤ ਕਮਾਈ ਵਿਚ ਨਿਰਾਭਿਮਾਨ ਹੋ ਕੇ ਦਾਨ ਕਰਨਾ ਹੀ ਉਚਿਤ ਹੈ। ਅਧਿਆਤਮਿਕਤਾ ਵੇਲੇ ਰਾਮ-ਨਾਮ ਦਾ ਦਾਨ, ਲੋਕਾਂ ਨੂੰ ਹਰਿ-ਭਗਤੀ ਵਲ ਜੋੜਨ ਦਾ ਉਪਰਾਲਾ ਹੀ ਸ੍ਰੇਸ਼ਠ ਦਾਨ ਹੈ—ਹਰਿ ਕਾ ਨਾਮੁ ਧਿਆਇ ਸੁਣਿ ਸਭਨਾ ਨੋ ਕਰਿ ਦਾਨੁ। (ਗੁ.ਗ੍ਰੰ.135)।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9769, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਦਾਨ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Donation_ਦਾਨ: ਜਦ ਕੋਈ ਵਿਅਕਤੀ ਕਿਸੇ ਹੋਰ ਵਿਅਕਤੀ ਨੂੰ ਕਿਸੇ ਪਦਾਰਥਕ ਲਾਭ ਤੋਂ ਬਿਨਾਂ ਧਨ ਦਿੰਦਾ ਹੈ ਤਾਂ ਉਸ ਬਾਰੇ ਕਿਹਾ ਜਾਂਦਾਹੈ ਕਿ ਉਸ ਨੇ ਉਹ ਰਕਮ ਦਾਨ ਕੀਤੀ ਹੇ। ਇਸ ਤਰ੍ਹਾਂ ਦਾਨ ਅਜਿਹਾ ਕਾਰਜ ਹੈ ਜਿਸ ਦੁਆਰਾ ਕਿਸੇ ਚੀਜ਼ ਦਾ ਮਾਲਕ ਸਵੈ-ਇੱਛਾ ਨਾਲ , ਬਿਨਾਂ ਕਿਸੇ ਬਦਲ ਤੋਂ ਕਿਸੇ ਹੋਰ ਵਿਅਕਤੀ ਨੂੰ ਦਿੰਦਾ ਹੈ, ਉਸ ਦਾ ਕਬਜ਼ਾ ਦਿੰਦਾ ਹੈ ਜਾਂ ਉਸ ਦੇ ਨਾਂ ਕਰਦਾ ਹੈ। ਕਿਸੇ ਹਿਬੇ ਜਾਂ ਬਿਨਾਂ ਬਦਲ ਅਦਾਇਗੀ ਨੂੰ ਦਾਨ ਕਿਹਾ ਜਾਂਦਾ ਹੈ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9768, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਦਾਨ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਦਾਨ (ਸੰ.। ਸੰਸਕ੍ਰਿਤ) ੧. ਪੁੰਨ , ਬਖਸ਼ਿਸ਼। ਪੁੰਨ ਕਰਨ ਦੀ ਕ੍ਰਿਯਾ। ਯਥਾ-‘ਤੀਰਥੁ ਤਪੁ ਦਇਆ ਦਤੁ ਦਾਨੁ ’।
੨. (ਸੰਸਕ੍ਰਿਤ) ਮਸੂਲ ਜਾਂ ਕਰ ਜੋ ਕਾਨੂੰਨਨ ਦੇਣਾ ਪਵੇ। ਡੰਨ , ਜੁਰਮਾਨਾ। ਯਥਾ-‘ਸਹੰਸਰ ਦਾਨ ਦੇ ਇੰਦ੍ਰੁ ਰੋਆਇਆ’ ਹਜ਼ਾਰ ਭਗ ਦਾ ਡੰਨ ਦੇਕੇ ਇੰਦ੍ਰ ਨੂੰ ਬੀ ਸਮੇਂ ਨੇ ਰੁਆ ਦਿਤਾ ਹੈ। ਤਥਾ-‘ਪੰਚ ਤਤੁ ਮਿਲਿ ਦਾਨੁ ਨਿਬੇਰਹਿ’ ਏਥੇ ਪੁੰਨ ਤੇ ਡੰਨ ਦੋਨੋਂ ਅਰਥ ਹਨ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 9768, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਦਾਨ ਸਰੋਤ :
ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਦੂਜੀ
ਦਾਨ : ਦਾਨ ਧਰਮ ਦਾ ਅਰਥ, ਕੀਤਾ ਗਿਆ ਇੱਕ ਅਜਿਹਾ ਕਾਰਜ ਹੈ, ਜਿਸ ਰਾਹੀਂ ਦੂਸਰੇ ਨੂੰ ਕੁਝ ਦੇਣਾ ਹੈ ਪਰੰਤੂ ਉਸ ਦੇ ਬਦਲੇ ਵਿੱਚ ਨਾ ਕੁਝ ਲੈਣਾ ਹੁੰਦਾ ਹੈ ਅਤੇ ਨਾ ਹੀ ਕੋਈ ਆਸ ਰੱਖਣੀ ਹੁੰਦੀ ਹੈ। ਇਸ ਕਾਰਜ ਵਿੱਚ ਕਿਸੇ ਦੂਸਰੇ ਨੂੰ ਸ਼ਰਧਾ ਜਾਂ ਦਇਆ ਪੂਰਵਕ ਧਨ ਆਦਿ ਦਿੱਤਾ ਜਾਂਦਾ ਹੈ। ਦਾਨ ਨਾਲ ਕਿਸੇ ਦੂਸਰੇ ਨੂੰ ਆਪਣੀ ਵਸਤੂ ਦਾ ਸੁਆਮੀ ਜਾਂ ਮਾਲਕ ਬਣਾ ਦਿੱਤਾ ਜਾਂਦਾ ਹੈ। ਦਾਨ ਤਾਂ ਹੀ ਪ੍ਰਭੂ ਦਰ ਤੇ ਪ੍ਰਵਾਨ ਹੁੰਦਾ ਹੈ, ਜੇਕਰ ਉਹ ਸ਼ੁੱਧ ਕਿਰਤ ਕਮਾਈ ਵਿੱਚੋਂ ਦਿੱਤਾ ਜਾਵੇ। ਭਾਰਤੀ ਧਰਮਾਂ ਵਿੱਚ ਇਸ ਦੇ ਮਹੱਤਵ ਨੂੰ ਸ੍ਵੀਕਾਰ ਕੀਤਾ ਗਿਆ ਹੈ।
ਪ੍ਰਾਚੀਨ ਸੰਸਕ੍ਰਿਤ ਧਾਰਮਿਕ ਸਾਹਿਤ ਵਿੱਚ ਦਾਨ ਦੀ ਬਹੁਤ ਮਹਿਮਾ ਆਖੀ ਗਈ ਹੈ। ਦਾਨ ਦੇਣ ਦਾ ਚਾਹਵਾਨ ਜੇਕਰ ਦਾਨ ਦੇਣ ਤੋਂ ਅਸਮਰਥ ਹੈ ਤਾਂ ਉਸ ਦੀ ਇਹ ਇੱਛਾ ਵੀ ਮਹੱਤਵਪੂਰਨ ਹੈ। ਦਾਨੀ ਦਾ ਸ੍ਵਰਗ ਲੋਕ ਵਿੱਚ ਵੀ ਸਤਿਕਾਰ ਹੁੰਦਾ ਹੈ ਅਤੇ ਉਹ ਦੇਵਤਿਆਂ ਦੇ ਦਰਬਾਰ ਵਿੱਚ ਵੀ ਪਹੁੰਚ ਜਾਂਦਾ ਹੈ। ਦਾਨੀ ਨੂੰ ਦਾਨ ਕਰਨ ਨਾਲ ਲੰਮੀ ਉਮਰ ਮਿਲਦੀ ਹੈ ਤੇ ਪਾਪ ਆਦਿ ਉਸ ਪਾਸੋਂ ਦੂਰ ਰਹਿੰਦੇ ਹਨ। ਦਾਨੀ ਨੂੰ ਸਰੀਰਕ ਤੌਰ ਤੇ ਕੋਈ ਨੁਕਸਾਨ ਨਹੀਂ ਪਹੁੰਚਾ ਸਕਦਾ। ਦਾਨੀ ਨੂੰ ਕਦੀ ਧਨ ਦੀ ਕਮੀ ਨਹੀਂ ਹੁੰਦੀ। ਉਸ ਦੀ ਕਾਲ ਹਰ ਵੇਲੇ ਰੱਖਿਆ ਕਰਦਾ ਹੈ। ਉਹ ਦੁੱਖ ਤੋਂ ਬਚਿਆ ਰਹਿੰਦਾ ਹੈ ਤੇ ਦਲਿੱਦਰ ਉਸ ਦੇ ਨੇੜੇ ਨਹੀਂ ਆ ਸਕਦਾ। ਉਹਨਾਂ ਨੂੰ ਦੁੱਧ ਘਿਉ ਦੇਣ ਵਾਲੀ ਗਾਂ ਅਤੇ ਸੁੰਦਰ, ਸੁਸ਼ੀਲ ਪਤਨੀ ਪ੍ਰਾਪਤ ਹੁੰਦੀ ਹੈ। ਉਸ ਨੂੰ ਸੁੰਦਰ ਘਰ ਮਿਲਦਾ ਹੈ। ਯੁੱਧ ਵਿੱਚ ਦੇਵਤੇ ਉਸਦੀ ਰੱਖਿਆ ਕਰਦੇ ਹਨ ਅਤੇ ਜੋ ਦਾਨ ਦੇਣ ਦੇ ਸਮਰੱਥ ਹੋਣ ਦੇ ਬਾਵਜੂਦ ਦਾਨ ਨਹੀਂ ਦਿੰਦੇ, ਉਹਨਾਂ ਨੂੰ ਤਿੰਨੇ ਤਾਪ ਕਸ਼ਟ ਦਿੰਦੇ ਹਨ। ਦੇਵਤਿਆਂ ਦੀ ਉਹਨਾਂ ਵੱਲ ਪਿੱਠ ਰਹਿੰਦੀ ਹੈ। ਦਾਨ ਸ਼ਰਧਾ ਸਹਿਤ ਦਿੱਤਾ ਜਾਵੇ ਤਾਂ ਹੀ ਉਹ ਦਰਗਾਹ ਵਿੱਚ ਪ੍ਰਵਾਨ ਹੁੰਦਾ ਹੈ। ਦਾਨ ਗੁਪਤ ਹੋਣਾ ਚਾਹੀਦਾ ਹੈ। ਸੱਜੇ ਹੱਥ ਨਾਲ ਦਿੱਤੇ ਦਾਨ ਦੀ ਖ਼ਬਰ ਖੱਬੇ ਹੱਥ ਨੂੰ ਨਹੀਂ ਹੋਣੀ ਚਾਹੀਦੀ।
ਪੁਰਾਣਾਂ ਵਿੱਚ ਛੇ ਪ੍ਰਕਾਰ ਦੇ ਦਾਨ ਦਾ ਜ਼ਿਕਰ ਹੈ-ਧਰਮ ਦਾਨ, ਅਰਥ ਦਾਨ, ਕਾਮ ਦਾਨ, ਲੱਜਾ ਦਾਨ, ਹਰਸ਼ ਦਾਨ ਅਤੇ ਭਯ ਦਾਨ। ਇਹਨਾਂ ਤੋਂ ਇਲਾਵਾ ਹੋਰ ਵੀ ਕਈ ਪ੍ਰਕਾਰ ਦੇ ਦਾਨ ਮੰਨੇ ਗਏ ਹਨ। ਦਾਨੀ ਦੇ ਹਿਰਦੇਗਤ ਭਾਵਾਂ ਦੇ ਆਧਾਰ ਤੇ ਦਾਨ ਤਿੰਨ ਪ੍ਰਕਾਰ ਦਾ ਹੈ: ਉੱਤਮ-ਜੋ ਪਰਮਾਰਥਿਕ ਕਲਿਆਣ ਦੇ ਭਾਵ ਨਾਲ ਦਿੱਤਾ ਜਾਂਦਾ ਹੈ, ਮਧਿਅਮ-ਸਭ ਜੀਵਾਂ ਪ੍ਰਤਿ ਕਰੁਣਾ ਦੀ ਭਾਵਨਾ ਨਾਲ ਦਿੱਤਾ ਜਾਵੇ, ਕਨਿਸ਼ਟ-ਜੋ ਸ੍ਵਾਰਥ ਸਿੱਧੀ ਲਈ ਦਿੱਤਾ ਜਾਵੇ। ਇਸ ਤੋਂ ਇਲਾਵਾ ਹੋਰ ਚਾਰ ਪ੍ਰਕਾਰ ਦਾ ਦਾਨ ਮੰਨਿਆ ਹੈ :
1. ਨਿਤ ਦਾਨ : ਜੋ ਦਿਨ ਰਾਤ ਆਪਣੇ ਉੱਪਰ ਉਪਕਾਰ ਕਰਨ ਵਾਲੇ ਪੁਰਸ਼ਾਂ ਨੂੰ ਬਿਨਾਂ ਫਲ ਦੀ ਇੱਛਾ ਤੋਂ ਦਿੱਤਾ ਜਾਵੇ।
2. ਨੈਮਿਤਕ ਦਾਨ : ਜੋ ਪਾਪਾਂ ਨੂੰ ਦੂਰ ਕਰਨ ਲਈ ਸਤਿ ਦੀ ਮਰਿਆਦਾ ਦੇ ਜਾਣਨ ਵਾਲੇ ਗਿਆਨੀ ਨੂੰ ਦਿੱਤਾ ਜਾਵੇ।
3. ਕਾਮਯ ਦਾਨ : ਜੋ ਦਾਨ ਧਨ, ਜਿੱਤ, ਪੁੱਤਰ, ਸ੍ਵਰਗ ਤੇ ਹੋਰ ਪਦਾਰਥਾਂ ਨੂੰ ਪ੍ਰਾਪਤ ਕਰਨ ਦੀ ਇੱਛਾ ਨਾਲ ਦਿੱਤਾ ਜਾਵੇ।
4. ਵਿਮਲ ਦਾਨ : ਜੋ ਪਰਮੇਸ਼ਵਰ ਦੀ ਪ੍ਰਸੰਨਤਾ ਲਈ ਬ੍ਰਹਮ ਵੇਤਾਵਾਂ ਨੂੰ ਸ਼ੁੱਧ ਚਿੱਤ ਨਾਲ ਦਿੱਤਾ ਜਾਵੇ।
ਵਸਤੂਆਂ ਦੇ ਆਧਾਰ ਤੇ ਦਾਨ ਅਨੇਕ ਪ੍ਰਕਾਰ ਦੇ ਹੋ ਸਕਦੇ ਹਨ-ਅੰਨ, ਤਿਲ, ਘਿਉ, ਪਾਣੀ, ਗਊ, ਸੋਨਾ, ਧਰਤੀ, ਕੰਨਿਆ, ਵਿੱਦਿਆ, ਹਾਥੀ, ਦਾਸੀ, ਘਰ, ਰਥ, ਮਣੀ, ਦੀਵਾ, ਭੋਜਨ, ਕੱਪੜੇ, ਘੋੜਾ, ਬੈਲ, ਪਾਲਕੀ, ਪਲੰਘ ਆਦਿ ਵਸਤੂਆਂ ਦੇ ਦਾਨ ਦਾ ਉਲੇਖ ਪ੍ਰਾਚੀਨ ਧਾਰਮਿਕ ਸਾਹਿਤ ਵਿੱਚ ਮਿਲਦਾ ਹੈ। ਪਰਵ ਦੇ ਅਵਸਰ ਤੇ ਦਿੱਤਾ ਦਾਨ ਦੁੱਗਣਾ, ਰੁੱਤ ਦੇ ਅਰੰਭ ਹੋਣ ਸਮੇਂ ਦਿੱਤਾ ਗਿਆ ਦਾਨ ਦਸ ਗੁਣਾ ਅਤੇ ਗ੍ਰਹਿਣ ਦੇ ਦਿਨ ਦਿੱਤਾ ਗਿਆ ਦਾਨ ਹਜ਼ਾਰ ਗੁਣਾ ਫਲ ਦਿੰਦਾ ਹੈ। ਦਾਨ ਦੇ ਪਾਤਰ ਬਾਰੇ ਵੀ ਪ੍ਰਾਚੀਨ ਸਾਹਿਤ ਵਿੱਚ ਵਿਸਤ੍ਰਿਤ ਚਰਚਾ ਕੀਤੀ ਗਈ ਹੈ। ਜਨਮ ਤੇ ਕਰਮ ਦੋਨਾਂ ਤੋਂ ਸ਼ੁੱਧ ਵੇਦ-ਵੇਤਾ ਬ੍ਰਾਹਮਣ ਨੂੰ ਦਾਨ ਦੇਣਾ ਉੱਤਮ ਮੰਨਿਆ ਗਿਆ ਹੈ।
ਬੁੱਧ ਧਰਮ ਵਿੱਚ ਵੀ ਦਾਨ ਨੂੰ ਧਾਰਮਿਕ ਜੀਵਨ ਦਾ ਹਿੱਸਾ ਮੰਨਿਆ ਗਿਆ ਹੈ। ਸਭ ਵਸਤੂਆਂ ਦਾ ਸਭ ਜੀਵਾਂ ਲਈ ਦਾਨ ਤੇ ਦਾਨ ਫਲ ਦਾ ਤਿਆਗ, ਦਾਨ ਪਾਰਮਿਤਾ ਹੈ। ਦਾਨ ਕਰਨ ਵਾਲਾ ਅਨੰਤ ਕਾਲ ਤੱਕ ਸ੍ਵਰਗ ਦਾ ਸੁਖ ਭੋਗਦਾ ਹੈ। ਨਾਥ ਤੇ ਭਗਤੀ ਮੱਤ ਵਿੱਚ ਵੀ ਦਾਨ ਦਾ ਮਹੱਤਵ ਸ੍ਵੀਕਾਰ ਕੀਤਾ ਗਿਆ ਹੈ।
ਇਸਲਾਮ ਦੇ ਪੰਜ ਥੰਮ੍ਹਾਂ ਵਿੱਚੋਂ ਇੱਕ ਜ਼ਕਾਤ ਹੈ, ਜਿਸ ਦਾ ਭਾਵ ਅਰਥ ਆਮ ਤੌਰ ਤੇ ਧਾਰਮਿਕ ਕਰ ਲਿਆ ਜਾਂਦਾ ਹੈ। ਇਸ ਅਧੀਨ ਮੁਸਲਮਾਨ ਧਾਰਮਿਕ ਕਾਰਜਾਂ ਲਈ ਆਪਣੀ ਮਾਲੀਅਤ ਜਾਂ ਆਮਦਨ ਵਿੱਚੋਂ ਕੁਝ ਹਿੱਸਾ ਵੱਖ ਕੱਢਦੇ ਹਨ। ਜ਼ਕਾਤ ਸ਼ਬਦ ਦਾ ਅਰਥ ਪਵਿੱਤਰਤਾ, ਸ਼ੁੱਧੀ ਆਦਿ ਹੈ। ਧਾਰਮਿਕ ਵਿਸ਼ਵਾਸ ਅਨੁਸਾਰ ਆਮਦਨ ਵਿੱਚੋਂ ਜ਼ਕਾਤ ਕੱਢ ਦਿੱਤੇ ਜਾਣ ਨਾਲ ਬਾਕੀ ਧਨ ਮਾਲ ਪਵਿੱਤਰ ਤੇ ਸ਼ੁੱਧ ਹੋ ਜਾਂਦਾ ਹੈ। ਹਦੀਸਾਂ ਵਿੱਚ ਇਸ ਬਾਰੇ ਕਾਫ਼ੀ ਥਾਂਈਂ ਜ਼ਿਕਰ ਹੈ ਕਿ ਜ਼ਕਾਤ ਉਸ ਮਾਲ ਨਾਲ ਲਗਾਈ ਜਾਂਦੀ ਹੈ, ਜੋ ਘੱਟੋ-ਘੱਟ ਇੱਕ ਸਾਲ ਕਿਸੇ ਮੁਸਲਮਾਨ ਪਾਸ ਰਿਹਾ ਹੋਵੇ। ਹਰ ਵਸਤੂ ਉੱਪਰ ਜ਼ਕਾਤ ਲਗਾਉਣ ਵੇਲੇ ਕੁਝ ਛੋਟਾਂ ਦਾ ਵੀ ਵਿਧਾਨ ਹੈ, ਜਿਵੇਂ ਜਿਸ ਮੁਸਲਮਾਨ ਪਾਸ ਚਾਰ ਊਠ ਹੋਣ ਉਸ ਉੱਪਰ ਕੋਈ ਜ਼ਕਾਤ ਨਹੀਂ ਪਰ ਜਿਸ ਪਾਸ ਪੰਜ ਹੋਣ ਉਸ ਨੂੰ ਜ਼ਕਾਤ ਵਜੋਂ ਇੱਕ ਭੇਡ ਜਾਂ ਬੱਕਰਾ ਦੇਣਾ ਪੈਂਦਾ ਹੈ। ਇਵੇਂ ਹੋਰ ਪਸ਼ੂਆਂ ਬਾਰੇ ਜ਼ਕਾਤ ਨਿਸ਼ਚਿਤ ਹੈ। 200 ਦਿਰਮਾਂ ਤੱਕ ਜ਼ਕਾਤ ਮਾਫ਼ ਹੈ ਪਰ ਇਸ ਤੋਂ ਵੱਧ ਹੋਣ ਤਾਂ ਪੰਜ ਪ੍ਰਤਿਸ਼ਤ ਜ਼ਕਾਤ ਦੇਣੀ ਪੈਂਦੀ ਹੈ। ਇਸ ਤਰ੍ਹਾਂ ਹੋਰਨਾਂ ਵਸਤੂਆਂ ਦੀ ਮਾਲੀਅਤ ਤੇ ਮਲਕੀਅਤ ਬਾਰੇ ਵੱਖ-ਵੱਖ ਦਰ ਨਿਸ਼ਚਿਤ ਹੈ। ਜ਼ਕਾਤ ਨੂੰ ਮੁੱਖ ਤੌਰ ਤੇ ਸੱਤ ਭਾਗਾਂ ਵਿੱਚ ਵੰਡਿਆ ਜਾਂਦਾ ਹੈ। ਇੱਕ ਹਿੱਸਾ ਫਕੀਰਾਂ ਵਿੱਚ, ਇੱਕ ਅਨਾਥਾਂ ਵਿੱਚ, ਇੱਕ ਹਿੱਸਾ ਜ਼ਕਾਤ ਤੇ ਉਗਰਾਹੁਣ ਵਾਲਿਆਂ ਵਿੱਚ, ਇੱਕ ਹਿੱਸਾ ਗ਼ੁਲਾਮਾਂ ਨੂੰ ਮੁਕਤ ਕਰਵਾਉਣ ਵਾਲਿਆਂ ਵਿੱਚ, ਕਰਜ਼ਦਾਰਾਂ ਦਾ ਕਰਜ਼ ਚੁਕਾਉਣ ਵਾਲਿਆਂ ਵਿੱਚ, ਜਹਾਦ (ਧਰਮ ਯੁੱਧ) ਤੇ ਧਨ ਹੀਣ ਮੁਸਾਫਰਾਂ ਵਿੱਚ। ਹੁਣ ਪ੍ਰਚਲਿਤ ਰਵਾਇਤ ਅਨੁਸਾਰ ਆਮਦਨ ਦਾ ਚਾਲ੍ਹੀਵਾਂ ਹਿੱਸਾ ਜ਼ਕਾਤ ਵਜੋਂ ਕੱਢਿਆ ਜਾਂਦਾ ਹੈ।
ਸਿੱਖ ਧਰਮ ਵਿੱਚ ਦਾਨ ਦਾ ਮਹੱਤਵ ਹੈ। ਇਹ ਪ੍ਰਥਾ ਗੁਰੂ ਨਾਨਕ ਦੇਵ ਜੀ ਦੇ ਸਮੇਂ ਅਰੰਭ ਹੋ ਗਈ ਸੀ ਤੇ ਬਾਅਦ ਵਿੱਚ ਦਸਵੰਧ ਦਾ ਵਿਧਾਨ ਕਰ ਦਿੱਤਾ ਗਿਆ ਕਿ ਹਰ ਸਿੱਖ ਆਪਣੀ ਕਿਰਤ ਕਮਾਈ ਦਾ ਦਸਵਾਂ ਹਿੱਸਾ ਧਰਮ ਅਰਥ ਦਾਨ ਦੇਵੇ। ਅਜਿਹੇ ਦਾਨ ਨਾਲ ਜਿੱਥੇ ਲੰਗਰ ਚੱਲਦੇ ਹਨ, ਸਕੂਲ ਕਾਲਜ, ਯਤੀਮਖ਼ਾਨੇ ਤੇ ਹੋਰ ਸੰਸਥਾਵਾਂ ਦਾ ਖ਼ਰਚ ਚੱਲਦਾ ਹੈ ਉੱਥੇ ਸਮਾਜ ਵਿੱਚੋਂ ਗ਼ਰੀਬੀ, ਭੁਖ ਨੰਗ ਤੇ ਰੋਗ ਸੋਗ ਆਦਿ ਖ਼ਤਮ ਕਰਨ ਲਈ ਇਸ ਦੀ ਵਰਤੋਂ ਹੁੰਦੀ ਹੈ। ਬ੍ਰਾਹਮਣ ਜਾਂ ਕਿਸੇ ਸਿੱਖ ਪੁਜਾਰੀ ਨੂੰ ਦਾਨ ਪਾਤਰ ਨਹੀਂ ਮੰਨਿਆ ਗਿਆ ਸਗੋਂ ‘ਗ਼ਰੀਬ ਕੇ ਮੂੰਹ ਕੋ ਗੁਰੂ ਕੀ ਗੋਲਕ ਜਾਣ’ ਆਖਿਆ ਗਿਆ ਹੈ।
ਲੇਖਕ : ਗੁਰਮੁਖ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਦੂਜੀ, ਹੁਣ ਤੱਕ ਵੇਖਿਆ ਗਿਆ : 3274, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-03-24-04-39-04, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First