ਦੁਹਾਗਣ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਦੁਹਾਗਣ ( ਨਾਂ , ਇ ) ਖੋਟੇ ਭਾਗਾਂ ਵਾਲੀ ਵਿਧਵਾ ਇਸਤਰੀ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 854, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਦੁਹਾਗਣ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਦੁਹਾਗਣ : ਦੁਹਾਗਿਣ ਦੇ ਸ਼ਾਬਦਿਕ ਅਰਥ ਹਨ ਮੰਦਭਾਗਣ ਜਾਂ ਮੰਦੇ ਭਾਗਾਂ ਵਾਲੀ ਉਹ ਇਸਤਰੀ ਜਿਸ ਨੂੰ ਉਸ ਦੇ ਪਤੀ ਨੇ ਤਿਆਗ ਦਿੱਤਾ ਹੋਵੇ , ਜੋ ਦੁਰਆਚਰਣ ਵਾਲੀ ਹੋਵੇ । ਦੁਰਭਾਗਨੀ , ਡੋਹਾਗਣ , ਕੁਲਹਿਣੀ , ਕੁਲੱਖਣੀ , ਕੁਨਾਰ , ਛੁੱਟੜ , ਬਦਚਲਣ , ਆਦਿ ਇਸ ਦੇ ਪਰਿਆਇਵਾਚੀ ਸ਼ਬਦ ਹਨ । ਅਧਿਆਤਮਕ ਸਾਧਨਾਂ ਵਿਚ ਇਸ ਸ਼ਬਦ ਦੀ ਵਰਤੋਂ ਦੁਸ਼ਟ ਜਾਂ ਅਧਰਮੀ ਮਨੁੱਖ ਲਈ ਹੁੰਦੀ ਹੈ । ਗੁਰਬਾਣੀ ਵਿਚ ਜਿੱਥੇ ‘ ਸੁਹਾਗਣ’ ( ਵੇਖੋ ) ਦੇ ਲੱਛਣ ਦੱਸੇ ਗਏ ਹਨ ਉੱਥੋ ਦੋਹਾਗਣ ਦੇ ਲੱਛਣਾਂ ਉੱਤੇ ਵੀ ਪ੍ਰਕਾਸ਼ ਪਾਇਆ ਗਿਆ ਹੈ । ਅਸਲ ਵਿਚ , ਦੁਹਾਗਣ ਸੁਹਾਗਣ ਤੋਂ ਉਲਟ ਗੁਣਾਂ ਵਾਲੀ ਇਸਤਰੀ ਹੈ । ਗੁਰਮਤਿ ਅਨੁਸਾਰ ਸੁਹਾਗਣ ਗੁਰਮੁਖ ਜਾਂ ਸਨਮੁਖ ਵਿਅਕਤੀ ਦਾ ਪ੍ਰਤੀਕ ਹੈ ਅਤੇ ਦੁਹਾਗਣ ਮਨਮੁਖ ਜਾਂ ਸ਼ਾਕਤ ਵਿਅਕਤੀ ਦਾ । ਗੁਰੂ ਨਾਨਕ ਦੇਵ ਦੇ ਮੱਤ ਅਨੁਸਾਰ :

                                    ਦੋਹਾਗਣਿ ਕਿਆ ਨਿਸਾਣੀਆ ਖਸਮਹੁ ਘੁਥੀਆ ਫਿਰਹਿ ਨਿਮਾਣੀਆਂ ।

                                    ਮੈਲੇ ਵੇਸ ਤਿਨਾ ਕਾਮਣੀ ਦੁਖੀ ਰੈਣਿ ਵਿਸਾਇ ਜੀਉ ।

                  ਇਸੇ ਤਰ੍ਹਾਂ ਸਿਰੀ ਰਾਗ ਵਿਚ ਗੁਰੂ ਨਾਨਕ ਦੇਵ ਜੀ ਵਹਿਮਾਂ ਭਰਮਾਂ ਵਿਚ ਪਈ ਹੋਈ ਇਸਤਰੀ ਨੂੰ ‘ ਡੋਹਾਗਣ’ ਆਖਦੇ ਹਨ– ‘ ਭਰਮਿ ਭੁਲੀ ਡੋਹਾਗਣਿ ਨਾ ਪਿਰੁ ਅੰਕੁ ਸਮਾਇ’ ( ਸਿਰੀ , ਅਸ਼ਟ , ਆ. ਮ. ੧ ) । ਗੁਰੂ ਅਰਮਦਾਸ ਜੀ ਸਿਰੀ ਰਾਮ ਵਿਚ ਅਜਿਹੀ ਇਸਤ੍ਰੀ ਦੇ ਲੱਛਣ ਇਉਂ ਦੱਸਦੇ ਹਨ :

                                    ਮਨਮੁਖ ਮੈਲੀ ਕਾਮਣੀ , ਕੁਲਖਣੀ ਕੁਨਾਰਿ ।

                                    ਪਿਰ ਛੋਡਿਆ ਘਰਿ ਆਪਣਾ , ਪਰ ਪੁਰਖੈ ਨਾਲ ਪਿਆਰੁ ।

                                    ਤ੍ਰਿਬਨਾ ਕਦੇ ਨਾ ਚੁਕਦੀ , ਜਲਦੀ ਕਰੈ ਪੁਕਾਰ ।

                                    ਨਾਨਕ ਬਿਨ ਨਾਵੈ ਕੁਰੂਪਿ ਕੁਸੋਹਣੀ , ਪਰਹਿਰ ਛੋਡੀ ਭਤਾਰਿ ।

                  ਬਾਬਾ ਫਰੀਦ ਜੀ ਆਪਣੇ ਸ਼ਲੋਕਾਂ ਵਿਚ ਜਿੱਥੇ ਸੁਹਾਗਣ ਦੇ ਲੱਛਣ ਦੱਸਦੇ ਹਨ ਉੱਥੇ ਦੁਹਾਗਣ ( ਡੋਹਾਗਣਿ ) ਦਾ ਜ਼ਿਕਰ ਵੀ ਕਰਦਿਆਂ ਇਸ ਗੱਲ ਦੀ ਚਿੰਤਾ ਪ੍ਰਗਟਾਉਂਦੇ ਹਨ ਕਿ ਉਨ੍ਹਾਂ ਦਾ ਸਮਾਂ ਪ੍ਰਭੂ ਸਿਮਰਨ ਤੋਂ ਬਿਨਾ ਕਿਵੇਂ ਲੰਘਦਾ ਹੈ :

                                    ਅਜ ਨਾ ਸੁਤੀ ਕੰਤਿ ਸਿਉ ਅੰਗ ਮੁੜੇ ਮੁੜ ਜਾਇ ।

                                    ਜਾਇ ਪੁਛਹੁ ਡੋਹਾਗਣਿ ਤੁਮ ਕਿਉ ਰੈਨ ਬਿਹਾਇ ।

                  ਸ਼ਾਹ ਹੁਸੈਨ ਵੀ ਆਪਣੀਆਂ ਕਾਫ਼ੀਆਂ ਵਿਚ ਸੁਹਾਗਣ ਤੇ ਦੁਹਾਗਣ ਦਾ ਅੰਤਰ ਸਮਝਾਉਂਦਿਆਂ ਲਿਖਦਾ ਹੈ :

                                    ਸੁਤੀ ਰਹੀ ਕੁਲਖਣੀ ਜਾਗੀ ਵਡਭਾਗੀ ।                                                                                   – – ( ਕਾਫੀ ੬੯ )

                  [ ਸਹਾ. ਗ੍ਰੰਥ– – ਮ. ਕੋ; ਗੁ. ਮਾ. , ਗੁ. ਪ੍ਰ : ਡਾ. ਮੋਹਨ ਸਿੰਘ ਉਬਰਾ : ‘ ਸ਼ਾਹ ਹੁਸੈਨ’ ; ਭਾਈ ਗੁਰਦਾਸ :               ‘ ਕਬਿੱਤ ਸਵੈਯੇ’ ; ‘ ਸ਼ਬਦਾਰਥ ਗੁਰੂ ਗ੍ਰੰਥ ਸਾਹਿਬ’ ]


ਲੇਖਕ : ਪ੍ਰੋ. ਮੇਵਾ ਸਿੰਘ ਸਿਧੂ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 280, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.