ਧਰਮਸ਼ਾਲਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਧਰਮਸ਼ਾਲਾ [ਨਾਂਇ] ਵੇਖੋ ਧਰਮਸ਼ਾਲ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2977, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਧਰਮਸ਼ਾਲਾ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Dharamshala_ਧਰਮਸ਼ਾਲਾ: ਧਰਮਸ਼ਾਲਾ ਦਾ ਮੁੱਖ ਅਰਥ ਵਿਸ਼ਰਾਮ ਅਸਥਾਨ ਜਾਂ ਆਰਾਮਗਾਹ ਤੋਂ ਹੈ। ਇਸ ਦਾ ਗੌਣ ਅਰਥ ਹਿੰਦੂਆਂ ਜਾਂ ਸਿੱਖਾਂ ਦਾ ਪੂਜਾ ਅਸਥਾਨ ਹੈ। [ਗੋਬਿੰਦ ਮਲ ਬਨਾਮ ਲਾਭ ਸਿੰਘ-ਏ ਆਈ ਆਰ 1932 ਲਾਹੌਰ 268]
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2740, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਧਰਮਸ਼ਾਲਾ ਸਰੋਤ :
ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ
ਧਰਮਸ਼ਾਲਾ : ਇਹ ਹਿਮਾਚਲ ਪ੍ਰਦੇਸ਼ ਰਾਜ ਦੇ ਕਾਂਗੜੇ ਜ਼ਿਲ੍ਹੇ ਵਿਚ ਧੌਲਾਧਾਰ ਪਹਾੜ ਦੀ ਟੀਸੀ (ਮੁਢਲੀ ਢਲਾਣ) ਤੇ ਵਸਿਆ ਇਕ ਸ਼ਹਿਰ ਹੈ ਜਿਹੜਾ ਕਾਂਗੜਾ ਸ਼ਹਿਰ ਤੋਂ 26 ਕਿ. ਮੀ. (16 ਮੀਲ) ਦੂਰ ਸਥਿਤ ਹੈ ।
ਇਹ ਦੋ ਭਾਗਾਂ ਵਿਚ ਵੰਡਿਆ ਹੋਇਆ ਹੈ-ਉਪਰਲਾ ਧਰਮਸ਼ਾਲਾ ਤੇ ਹੇਠਲਾ ਧਰਮਸ਼ਾਲਾ । ਇਤਿਹਾਸ ਤੋਂ ਪਤਾ ਲਗਦਾ ਹੈ ਕਿ ਸਭ ਤੋਂ ਪਹਿਲਾਂ 1849 ਈ. ਵਿਚ ਇਹ ਥਾਂ ਕਾਂਗੜੇ ਦੀਆਂ ਫ਼ੌਜਾਂ ਦੀ ਛਾਉਣੀ ਲਈ ਚੁਣੀ ਗਈ । ਇਹ ਧੌਲਾਧਾਰ ਪਹਾੜ ਦੀ ਢਲਾਨ ਤੇ ਪਈ ਬੇਕਾਰ ਥਾਂ ਸੀ ਜਿਸ ਉੱਤੇ ਕੇਵਲ ਇਕ ਹਿੰਦੂ ਵਿਸ਼ਰਾਮ ਘਰ ਭਾਵ ਧਰਮਸ਼ਾਲਾ ਬਣੀ ਹੋਈ ਸੀ । ਇਸ ਧਰਮਸ਼ਾਲਾ ਤੋਂ ਹੀ ਇਸ ਨਵੀਂ ਫ਼ੌਜੀ ਛਾਉਣੀ ਦਾ ਨਾਂ ਧਰਮਸ਼ਾਲਾ ਰੱਖਿਆ ਗਿਆ । ਸਿਵਲ ਅਧਿਕਾਰੀ ਇਸ ਥਾਂ ਤੇ ਖ਼ੂਬਸੂਰਤੀ ਤੇ ਜਲਵਾਯੂ ਤੋਂ ਬਹੁਤ ਪ੍ਰਭਾਵਤ ਹੋਏ ਤੇ ਉਨ੍ਹਾਂ ਨੇ ਛਾਉਣੀ ਦੇ ਆਸੇ ਪਾਸੇ ਆਪਣੀ ਰਿਹਾਇਸ਼ ਲਈ ਮਕਾਨ ਬਣਾ ਲਏ । ਸੰਨ 1855 ਵਿਚ ਇਸ ਨਵੇਂ ਸਟੇਸ਼ਨ ਨੂੰ ਜ਼ਿਲ੍ਹੇ ਦੇ ਸਦਰਮੁਕਾਮ ਵਜੋਂ ਮਾਨਤਾ ਦੇ ਦਿੱਤੀ ਗਈ । ਸੰਨ 1905 ਦੇ ਭੁਚਾਲ ਤੋਂ ਪਹਿਲਾਂ ਇਸ ਥਾਂ ਦੇ ਉਪਰਲੇ ਭਾਗ (ਹੇਠਲੇ ਧਰਮਸ਼ਾਲਾ) ਵਿਚ ਜੋ ਕਿ 2,167 ਮੀ. (7,112 ਫੁੱਟ) ਦੀ ਉਚਾਈ ਤੇ ਹੈ, ਕੁਝ ਯੂਰਪੀਅਨ ਘਰ, ਚਰਚ, ਆਫੀਸਰ ਮੈੱਸ, ਬਾਗ਼, ਫੌਰਸਿਥਗੰਜ ਤੇ ਮੈਕਲੋਡਗੰਜ ਦੋ ਬਾਜ਼ਾਰ ਬਣ ਗਏ ਸਨ । ਲੋਅਰ ਧਰਮਸ਼ਾਲਾ ਜੋ 1,372 ਮੀ. (4,500 ਫੁੱਟ) ਦੀ ਉਚਾਈ ਤੇ ਹੈ, ਵਿਚ ਵੀ ਦਫ਼ਤਰ, ਬਾਜ਼ਾਰ ਤੇ ਕੁਝ ਯੂਰਪੀਅਨ ਮਕਾਨ ਬਣੇ ਹੋਏ ਹਨ । ਉਪਰਲਾ ਤੇ ਹੇਠਲਾ ਧਰਮਸ਼ਾਲਾ ਦੇ ਸਟੇਸ਼ਨ ਕਈ ਸੜਕਾਂ ਰਾਹੀਂ ਇਕ ਦੂਜੇ ਨਾਲ ਜੁੜੇ ਹੋਏ ਹਨ । ਇਨ੍ਹਾਂ ਵਿਚੋਂ ਕੁਝ ਸੜਕਾਂ ਦੀ ਢਲਾਨ ਹੇਠਾਂ ਵੱਲ ਸਿੱਧੀ ਹੈ । ਉਪਰਲਾ ਧਰਮਸ਼ਾਲਾ ਸਟੇਸ਼ਨ ਤੇ ਪਹਾੜੀ ਦੇ ਸਮਾਨਾਂਤਰ ਤਿੰਨ ਸੜਕਾਂ ਹਨ ਜਿਨ੍ਹਾਂ ਵਿਚ ਹੇਠਾਂ ਵਾਲੀ ਨੂੰ ਮਾਲ ਰੋਡ ਆਖਿਆ ਜਾਂਦਾ ਹੈ ਜੋ ਲਗਭਗ 3 ਕਿ. ਮੀ. (2 ਮੀਲ) ਲੰਬੀ ਹੈ। ਇਸ ਦਾ ਇਕ ਪਾਸਾ ਸਰਕਾਰੀ ਬਾਗ਼ ਅਤੇ ਗੋਰਖਾ ਰੈਜਮੈਂਟ ਦੀ ਮੈੱਸ ਨਾਲ ਜਾ ਲਗਦਾ ਹੈ ਜਦੋਂ ਕਿ ਦੂਜਾ ਮੈਕਲੋਡਗੰਜ ਬਾਜ਼ਾਰ ਨਾਲ । ਇਸ ਬਾਜ਼ਾਰ ਦਾ ਨਾਂ ਇਸ ਇਲਾਕੇ ਦੇ ਪਹਿਲੇ ਲੈਫ਼ਟੀਨੈਂਟ ਗਵਰਨਰ ਸਰ ਡੀ. ਮੈਕਲੋਡ ਦੇ ਨਾਂ ਤੇ ਪਿਆ । ਭੁਚਾਲ ਤੋਂ ਪਹਿਲਾਂ ਇਥੇ ਬੜੇ ਸ਼ੌਕ ਨਾਲ ਬਾਗ਼ ਬਣਵਾਇਆ ਗਿਆ ਜਿਸ ਵਿਚ ਖ਼ੂਬਸੂਰਤ ਬਗੀਚਾ, ਵਧੀਆ ਕਿਸਮ ਦੇ ਦੇਸੀ ਰੁੱਖ, ਫੁੱਲਦਾਰ ਬੂਟੇ ਆਦਿ ਤੋਂ ਇਲਾਵਾ ਹਾਲ, ਲਾਇਬ੍ਰੇਰੀ, ਰੀਡਿੰਗ ਰੂਮ, ਬਿਲੀਅਰਡ ਖੇਡਣ ਲਈ ਬਿਲੀਅਰਡ ਰੂਮ ਆਦਿ ਵੀ ਬਣਵਾਏ ਗਏ। ਪਹਾੜੀ ਤੇ ਇਕ ਖ਼ੂਬਸੂਰਤ ਚਰਚ ਬਣਾਇਆ ਗਿਆ । ਇਸ ਚਰਚ ਦੇ ਅਹਾਤੇ ਵਿਚ ਲਾਰਡ ਐਲਗਨ ਦੀ ਯਾਦ ਵਿਚ ਇਕ ਸਮਾਰਕ ਹੈ । ਲਾਰਡ ਐਲਗਨ ਦਾ 1863 ਈ. ਵਿਚ ਇਥੇ ਸੁਰਗਵਾਸ ਹੋਇਆ ਸੀ । 4 ਅਪ੍ਰੈਲ, 1905 ਨੂੰ ਇਥੇ ਇਕ ਭੁਚਾਲ ਵਿਚ 112 ਗੋਰਖਾ ਰਖਿਅਕ ਸੈਨਿਕ, 25 ਯੂਰਪੀਅਨਾਂ ਸਮੇਤ ਕੁਲ 1,625 ਜਾਨਾਂ ਗਈਆਂ । ਮਕਾਨ ਬੁਰੀ ਤਰ੍ਹਾਂ ਢਹਿਢੇਰੀ ਹੋ ਗਏ ।
ਸਮੁੱਚੇ ਤੌਰ ਤੇ ਧਰਮਸ਼ਾਲਾ ਦਾ ਪਹਾੜੀ ਖੇਤਰ ਕੁਦਰਤ ਵਲੋਂ ਫੁੱਲਦਾਰ ਝਾੜੀਆਂ, ਚੀਲ ਤੇ ਬਲੂਤ (ਓਕ) ਦੇ ਰੁੱਖਾਂ ਨਾਲ ਸ਼ਿੰਗਾਰਿਆ ਗਿਆ ਹੈ। ਇਥੇ ਇਕ ਸਵਰਗ ਆਸ਼ਰਮ ਹੈ ਜਿਥੇ ਕਿਸੇ ਸਮੇਂ ਦਲਾਈ ਲਾਮਾ ਠਹਿਰਿਆ ਕਰਦਾ ਸੀ । ਠੰਡੇ ਪਾਣੀ ਦਾ ‘ਭਾਗਸੂ ਨਾਗ' ਝਰਨਾ ਹੈ ਜਿਹੜਾ ਸੈਲਾਨੀਆਂ ਲਈ ਮੁੱਖ ਆਕਰਸ਼ਣ ਕੇਂਦਰ ਹੈ । ਮੈਕਲੋਡਗੰਜ ਤੋਂ ਧਰਮਕੋਟ ਰਾਹੀਂ ਜਾਣ ਵਾਲੇ ਰਸਤੇ ਤੇ ਟਿਰੰਡ (Tirund) ਨਾਂ ਦਾ ਇਕ ਹੋਰ ਸੈਰਸਪਾਟਾ ਕੇਂਦਰ ਹੈ। ਇਹ ਥਾਂ 2,743 ਮੀ. (9,000 ਫੁੱਟ) ਦੀ ਉਚਾਈ ਤੇ ਹੈ। ਇਥੇ ਇਕ ਜੰਗਲਾਤ ਦਾ ਰੈਸਟ ਹਾਊਸ ਵੀ ਹੈ। ਫੌਰਸਿਥਗੰਜ ਤੋਂ ਡੇਢ ਕੁ ਕਿ. ਮੀ. ਤੇ ਡਲ ਝੀਲ ਹੈ ਜਿਥੇ ਸਤੰਬਰ ਦੇ ਮਹੀਨੇ ਵਿਚ ਭਾਰੀ ਮੇਲਾ ਲਗਦਾ ਹੈ। ਗੱਦੀ ਅਤੇ ਹੋਰ ਜਾਤਾਂ ਦੇ ਲੋਕ ਹੁਮ ਹੁਮਾ ਕੇ ਇਸ ਮੇਲੇ ਵਿਚ ਭਾਗ ਲੈਂਦੇ ਹਨ । ਇਸ ਤੋਂ ਬਿਨ੍ਹਾਂ ਥੋੜ੍ਹੀ ਹੋਰ ਉਚਾਈ ਤੇ ਕਰੇਰੀ ਅਤੇ ਲਮ ਡਲ ਨਾਂ ਦੀਆਂ ਕੁਝ ਹੋਰ ਝੀਲਾਂ ਵੀ ਹਨ । ਹੇਠਲਾ ਧਰਮਸ਼ਾਲਾ ਤੋ ਛੇ ਕਿ. ਮੀ. ਤੇ ਘਨਿਆਰਾ (Ghaniara) ਨਾਂ ਦਾ ਇਕ ਸਥਾਨ ਹੈ। ਇਥੇ ਵੀ ਹਰ ਸਾਲ ਮਾਰਚ ਦੇ ਅੰਤ ਵਿਚ ਮੇਲਾ ਭਰਦਾ ਹੈ ।
ਇਸ ਖੇਤਰ ਵਿਚ ਵਰਖਾ ਕਾਫ਼ੀ ਹੁੰਦੀ ਹੈ ਜਿਸ ਕਰਕੇ ਬਰਸਾਤ ਦੇ ਤਿੰਨ ਮਹੀਨੇ, ਵਾਤਾਵਰਣ ਵਿਚ ਖਾ਼ਸ ਤੌਰ ਤੇ ਨਮੀ ਰਹਿੰਦੀ ਹੈ। ਇਥੇ ਔਸਤਨ 320 ਸੈਂ. ਮੀ. (126 ਇੰਚ) ਸਲਾਨਾ ਵਰਖਾ ਹੁੰਦੀ ਹੈ ਜੋ ਆਸੇ ਪਾਸੇ ਦੇ ਸਾਰੇ ਇਲਾਕਿਆਂ ਨਾਲੋਂ ਵਧੇਰੇ ਹੁੰਦੀ ਹੈ। ਇਥੇ ਵਧੇਰੇ ਕਰਕੇ ਗੱਦੀ ਤੇ ਗੋਰਖਿਆਂ ਦੀ ਆਬਾਦੀ ਹੈ । ਗੱਦੀ ਲੋਕ ਬੜੇ ਸਿੱਧੇ ਸਾਦੇ ਤੇ ਭੋਲੇ ਭਾਲੇ ਹੁੰਦੇ ਹਨ । ਇਸ ਖੇਤਰ ਵਿਚ ਇਨ੍ਹਾਂ ਦਾ ਮੁੱਖ ਕੰਮ ਭੇਡਾਂ ਪਾਲਣਾ ਹੈ । ਇਹ ਭੇਡਾਂ ਦੇ ਇੱਜੜਾਂ ਸਮੇਤ ਗਰਮੀਆਂ ਉਪਰ ਪਹਾੜਾਂ ਤੇ ਰਹਿੰਦੇ ਹਨ ਤੇ ਸਰਦੀਆਂ ਵਿਚ ਮੈਦਾਨਾਂ ਵਿਚ ਆ ਜਾਂਦੇ ਹਨ ।
ਇਥੇ 1867 ਈ. ਤੋਂ ਨਗਰਪਾਲਕਾ ਬਣੀ ਹੋਈ ਹੈ । ਇਥੇ ਦੋ ਸਿਵਲ ਹਸਪਤਾਲ ਤੇ ਇਕ ਬੱੜੂਸ਼ਾਹ ਆਯੁਰਵੈਦਿਕ ਚੈਰੀਟੇਬਲ ਹਸਪਤਾਲ ਹੈ। ਇਥੇ ਇਕ ਡੰਗਰ ਹਸਪਤਾਲ ਵੀ ਹੈ ਜਿਥੇ ਪਸ਼ੂਆਂ ਦੀ ਚੰਗੀ ਨਸਲ ਤਿਆਰ ਕਰਨ ਦਾ ਪ੍ਰਬੰਧ ਹੈ। ਸ਼ਹਿਰ ਵਿਚ ਕਈ ਵਿਦਿਅਕ ਸੰਸਥਾਵਾਂ ਹਨ ਜਿਨ੍ਹਾਂ ਵਿਚ ਡਿਗਰੀ ਕਾਲਜ, ਜੂਨੀਅਰ ਤੇ ਸੀਨੀਅਰ ਬੇਸਿਕ ਟ੍ਰੇਨਿੰਗ ਕਾਲਜ (ਲੜਕੇ ਤੇ ਲੜਕੀਆਂ ਲਈ ), ਗੌਰਮਿੰਟ ਇੰਡਸਟ੍ਰੀਅਲ ਟ੍ਰੇਨਿੰਗ ਸਕੂਲ ਫਾਰ ਗਰਲਜ਼ । ਇਸ ਤੋਂ ਇਲਾਵਾ ਚਾਰ ਤਿਬਤੀ ਨਰਸਰੀਆਂ ਹਨ । ਕੋਤਵਾਲੀ ਬਾਜ਼ਾਰ ਦੇ ਨੇੜੇ ਜ਼ਿਲ੍ਹਾ ਲਾਇਬ੍ਰੇਰੀ ਵੀ ਹੇੈ। ਮਨੋਰੰਜਨ ਦੇ ਸਾਧਨਾਂ ਵਜੋਂ ਰਘਬੀਰ ਸਿੰਘ ਕਲੱਬ ਤੇ ਹਿਮਾਲੀਆ ਸਿਨੇਮਾ ਹੈ। ਇਸ ਤੋਂ ਇਲਾਵਾ ਇਥੇ ਪੁਲਿਸ ਗਰਾਊਂਡ, ਧੌਲਾ ਧਾਰ ਸਟੇਡੀਅਮ ਤੇ ਪੁਲਿਸ ਹਸਪਤਾਲ ਦੇ ਸਾਹਮਣੇ ਪਾਰਕ ਵੀ ਹਨ । ਇਸ ਦਾ ਕੁੱਲ ਰਕਬਾ 4.49 ਵ. ਮੀ. ਹੈ।
ਆਬਾਦੀ – 17,493 (1991)
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1632, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-29-02-43-21, ਹਵਾਲੇ/ਟਿੱਪਣੀਆਂ: ਹ. ਪੁ. –ਡਿ. ਸੈਂ. ਹੈਂ . ਬੁ–ਕਾਂਗੜਾ: 20-21: ਇੰਪ. ਗਜ. ਇੰਡ. 11: 301. 302
ਵਿਚਾਰ / ਸੁਝਾਅ
Please Login First