ਧੁੰਦ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਧੁੰਦ (ਨਾਂ,ਇ) ਸੀਤ ਕਾਰਨ ਹਵਾ ਵਿੱਚ ਜੰਮੇ ਹੋਏ ਜਲ ਕਣ; ਹਵਾ ਵਿੱਚ ਧੂੰਆ ਅਤੇ ਗਰਦ ਮਿਲ ਕੇ ਹੋਇਆ ਹਨੇਰਾ; ਕੁਹਰਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3591, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਧੁੰਦ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Garua (ਗਾਰੂਆ) ਧੁੰਦ: ਪੀਰੂ ਵਿੱਚ ਐਨਡੀਜ਼ (Andies) ਪਹਾੜ ਦੇ ਪੱਛਮੀ ਢਲਾਣ ਤੇ ਸਰਦ ਰੁੱਤ ਵਿੱਚ ਪੈਣ ਵਾਲੀ ਸੰਘਣੀ ਧੁੰਦ ਅਤੇ ਹਲਕੀ ਬੂੰਦਾ-ਬਾਂਦੀ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3591, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਧੁੰਦ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਧੁੰਦ [ਨਾਂਇ] ਸਰਦ ਰੁੱਤ ਵਿੱਚ ਧਰਤੀ ਨੇੜਲੀ ਹਵਾ ਵਿੱਚ ਸੰਘਣੇ ਜਲਵਾਸ਼ਪਾਂ ਕਾਰਨ ਬਣਿਆ ਧੁੰਦਲਾ ਵਾਤਾਵਰਨ , ਕੁਹਰਾ; ਗ਼ੁਬਾਰ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3584, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਧੁੰਦ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਧੁੰਦ. ਸੰਗ੍ਯਾ—ਧੂਮ ਕਰਕੇ ਅੰਧਕਾਰ. ਹਵਾ ਵਿੱਚ ਧੂੰਆਂ ਅਤੇ ਗਰਦ ਮਿਲਕੇ ਹੋਇਆ ਹਨੇਰਾ । ੨ ਸੀਤ ਦੇ ਕਾਰਣ ਹਵਾ ਵਿੱਚ ਜਮੇ ਹੋਏ ਜਲਕਣ. ਕੁਹਰਾ (mist). ੩ ਦੇਖੋ, ਧੁੰਧ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3509, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-01, ਹਵਾਲੇ/ਟਿੱਪਣੀਆਂ: no

ਧੁੰਦ ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਦੂਜੀ

ਧੁੰਦ : ਕਿਸੇ ਥਾਂ ਉੱਤੇ ਜਦੋਂ ਵਾਯੂਮੰਡਲੀ ਜਲ-ਵਾਸ਼ਪ ਸੰਘਣਨ ਕਿਰਿਆ ਦੁਆਰਾ ਪ੍ਰਿਥਵੀ ਦੀ ਸਤਹ ਨੇੜੇ ਹਵਾ ਵਿੱਚ ਮਹੀਨ ਜਲ ਕਣਾਂ ਵਿੱਚ ਪਰਿਵਰਤਿਤ ਹੋ ਕੇ ਦ੍ਰਿਸ਼ਟਤਾ ਘਟਾ ਦੇਂਦੇ ਹਨ ਤਾਂ ਹਵਾ ਦੀ ਅਜਿਹੀ ਹਾਲਤ ਨੂੰ ਧੁੰਦ ਕਿਹਾ ਜਾਂਦਾ ਹੈ। ਅੰਤਰਰਾਸ਼ਟਰੀ ਮਿਆਰ ਅਨੁਸਾਰ ਜਦੋਂ ਵਾਯੂਮੰਡਲ ਵਿੱਚ ਜਲ ਕਣਾਂ ਕਰਕੇ ਦ੍ਰਿਸ਼ਟਤਾ ਇੱਕ ਕਿਲੋਮੀਟਰ ਤੋਂ ਘੱਟ ਜਾਂਦੀ ਹੈ ਤਾਂ ਅਜਿਹੀ ਹਾਲਤ ਨੂੰ ਧੁੰਦ ਆਖਿਆ ਜਾਂਦਾ ਹੈ। ਇਹ ਹਮੇਸ਼ਾ ਨੀਵੇਂ ਬੱਦਲਾਂ ਵਾਂਗ ਦਿਖਾਈ ਦੇਂਦੀ ਹੈ। ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਜਿਵੇਂ ਵਾਯੂਮੰਡਲ ਦੀ ਹੇਠਲੀ ਪਰਤ ਅੰਦਰ ਮਹੀਨ ਜਲ ਕਣਾਂ ਦਾ ਸੰਘਣਾ ਹਜ਼ੂਮ ਛਾ ਗਿਆ ਹੋਵੇ। ਧੁੰਦ ਹਲਕੇ ਬੱਦਲਾਂ ਵਰਗੀ ਦਿਖਾਈ ਦੇਂਦੀ ਹੈ, ਪਰੰਤੂ ਸਥਿਤੀ ਅਤੇ ਉਤਪਤੀ ਪੱਖੋਂ ਬੱਦਲਾਂ ਵਰਗੀ ਨਹੀਂ ਹੁੰਦੀ। ਪਤਲੀ ਧੁੰਦ ਵਿੱਚ ਇੱਕ ਕਿਲੋਮੀਟਰ ਤੱਕ ਦਿਖਾਈ ਦੇ ਸਕਦਾ ਹੈ, ਪਰੰਤੂ ਸੰਘਣੀ ਧੁੰਦ ਵਿੱਚ ਕੁਝ ਮੀਟਰਾਂ ਤੱਕ ਹੀ ਦਿਖਾਈ ਦੇਂਦਾ ਹੈ।

ਧੁੰਦ ਦੇ ਬਣਨ ਲਈ ਲੋੜੀਂਦੀਆਂ ਭੌਤਿਕੀ ਦਸ਼ਾਵਾਂ ਲਗਪਗ ਉਹੀ ਹਨ, ਜੋ ਤਰੇਲ  (dew)  ਦੇ ਪੈਣ ਵਿੱਚ ਸਹਾਇਕ ਸਿੱਧ ਹੁੰਦੀਆਂ ਹਨ। ਧੁੰਦ ਪੈਣ ਲਈ ਸ਼ਾਂਤ ਮੌਸਮ, ਹਲਕੀ ਪੌਣ, ਸਾਫ਼ ਅਕਾਸ਼, ਨਿੱਘਾ ਦਿਨ, ਚੰਗੀ ਠੰਢੀ ਰਾਤ ਅਤੇ ਵਾਯੂਮੰਡਲ ਵਿੱਚ ਜਲ-ਵਾਸ਼ਪਾਂ ਦੀ ਵਧੇਰੇ ਮਾਤਰਾ ਹੋਣਾ ਜ਼ਰੂਰੀ ਹੈ। ਸਰਦੀ ਦੀ ਰੁੱਤੇ ਇਹ ਸਵੇਰੇ ਦਿਖਾਈ ਦੇਂਦੀ ਹੈ, ਪਰੰਤੂ ਸੂਰਜ ਚੜ੍ਹਨ ਨਾਲ ਲੁਪਤ ਹੋ ਜਾਂਦੀ ਹੈ। ਪਰੰਤੂ ਕਈ ਵਾਰੀ ਸਰਦੀਆਂ ਵਿੱਚ ਇੱਕ ਹਫ਼ਤਾ ਜਾਂ ਦੋ ਹਫ਼ਤੇ ਤੱਕ ਲਗਾਤਾਰ ਇਸ ਦਾ ਧੁੰਦੂਕਾਰ ਛਾਇਆ ਰਹਿੰਦਾ ਹੈ। ਇਹ ਆਮ ਖੇਤਰਾਂ ਵਿੱਚ ਸਫ਼ੈਦ ਰੰਗ ਦੀ ਦਿਖਾਈ ਦੇਂਦੀ ਹੈ, ਪਰੰਤੂ ਵੱਡੇ ਸ਼ਹਿਰਾਂ ਅਤੇ ਵਿਸ਼ੇਸ਼ ਕਰਕੇ ਉਦਯੋਗਿਕ ਨਗਰਾਂ ਵਿੱਚ ਇਹ ਭੂਰੇ ਰੰਗ ਦੀ ਵੀ ਦਿਖਾਈ ਦੇਂਦੀ ਹੈ, ਕਿਉਂਕਿ ਇਸ ਵਿੱਚ ਧੂੰਏ ਅਤੇ ਧੂੜ ਦੇ ਮਹੀਨ ਕਣਾਂ ਦਾ ਮਿਸ਼ਰਨ ਹੁੰਦਾ ਹੈ। ਅਲੱਗ-ਅੱਲਗ ਮੌਸਮ ਅਤੇ ਜਲਵਾਯੂ ਵਿਗਿਆਨੀਆਂ ਨੇ ਧੁੰਦ ਦੇ ਵਰਗੀਕਰਨ ਸੰਬੰਧੀ ਕਈ ਤਰ੍ਹਾਂ ਦੇ ਆਧਾਰ ਅਪਣਾਏ ਹਨ, ਜਿਵੇਂ ਕਿ ਧੁੰਦ ਪੈਦਾ ਹੋਣ ਦੀ ਪ੍ਰਕਿਰਿਆ  (process) , ਵਾਯੂਮੰਡਲੀ ਦ੍ਰਿਸ਼ਟਤਾ  (visibility), ਧੁੰਦ ਵਜੂਦਗੀ  (appearance) ਆਦਿ। ਧੁੰਦ ਦੀ ਉਤਪਤੀ ਦੀ ਪ੍ਰਕਿਰਿਆ ਦੇ ਆਧਾਰ ਉੱਤੇ ਇਸ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਜਾਂਦਾ ਹੈ, ਜਿਵੇਂ ਕਿ ਵਿਕੀਰਨ ਧੁੰਦ (radiation fog), ਅਭਿਵਹਿਣ ਧੁੰਦ  (advection fog)  ਅਤੇ ਅਗ੍ਰਭਾਗੀ ਧੁੰਦ (frontal fog)।

ਵਿਕੀਰਨ ਧੁੰਦ : ਇਹ ਧਰਾਤਲੀ ਜਾਂ ਸਤਹੀ ਧੁੰਦ ਹੁੰਦੀ ਹੈ। ਰਾਤ ਦੇ ਸਮੇਂ ਭੂਮੀ ਦੀ ਗਰਮੀ ਖ਼ਾਰਜ ਹੋਣ ਨਾਲ ਧਰਾਤਲ ਠੰਢਾ ਹੋ ਜਾਂਦਾ ਹੈ ਅਤੇ ਇਸ ਨਾਲ ਲੱਗਦੀ ਨਮੀਦਾਰ ਹਵਾ ਠੰਢੀ ਹੋ ਕੇ ਧੁੰਦ ਦਾ ਰੂਪ ਧਾਰਨ ਕਰ ਲੈਂਦੀ ਹੈ। ਇਸ ਤਰ੍ਹਾਂ ਦੀ ਧੁੰਦ ਦੀ ਉਤਪਤੀ ਲਈ ਹਲਕੀ ਪੌਣ ਚੱਲਣੀ ਵੀ ਜ਼ਰੂਰੀ ਹੈ, ਜਿਸ ਨਾਲ ਹਵਾ ਦਾ ਮਿਸ਼ਰਨ ਚੰਗੀ ਤਰ੍ਹਾਂ ਹੋ ਜਾਂਦਾ ਹੈ ਅਤੇ ਧੁੰਦ ਦੀ ਮੋਟੀ ਪਰਤ ਹੋਂਦ ਵਿੱਚ ਆਉਂਦੀ ਹੈ। ਲੰਬੀਆਂ ਸ਼ੀਤ ਰਾਤਾਂ, ਧਰਾਤਲੀ ਗਰਮੀ ਖ਼ਾਰਜ ਹੋਣ ਲਈ ਬੱਦਲ ਰਹਿਤ ਸਾਫ਼ ਅਕਾਸ਼ ਅਤੇ ਸੂਰਜ ਡੁੱਬਣ ਸਮੇਂ ਵਾਯੂ ਵਿੱਚ ਭਰਪੂਰ ਸਿੱਲ੍ਹ ਆਦਿ ਦਾ ਹੋਣਾ ਅਜਿਹੀ ਧੁੰਦ ਪੈਦਾ ਹੋਣ ਲਈ ਅਨੁਕੂਲ ਪਰਿਸਥਿਤੀਆਂ ਹਨ। ਨੀਵੇਂ ਸਥਾਨਾਂ, ਜਿਵੇਂ ਕਿ ਘਾਟੀਆਂ, ਜਿੱਥੇ ਠੰਢੀ ਹਵਾ ਢਲਾਣਾਂ ਨਾਲ ਹੇਠਾਂ ਉੱਤਰਦੀ ਹੈ, ਅਜਿਹੀ ਧੁੰਦ ਪੈਣ ਲਈ ਅਨੁਕੂਲ ਸਥਾਨ ਹੁੰਦੇ ਹਨ।

ਅਭਿਵਹਿਣ ਧੁੰਦ : ਸ਼ਬਦ ‘ਅਭਿਵਹਿਣ’  (advection)  ਦਾ ਅਰਥ ਪੌਣ ਦਾ ਲੇਟਵੇਂ ਦਾਅ ਗਤੀਸ਼ੀਲ ਹੋਣਾ। ਇਸ ਪ੍ਰਕਾਰ ਦੀ ਧੁੰਦ ਦੀ ਹੋਂਦ ਲਈ ਹਵਾ ਦਾ ਗਤੀਸ਼ੀਲ ਹੋਣਾ ਜ਼ਰੂਰੀ ਹੈ। ਇਹ ਦੋ ਤਰ੍ਹਾਂ ਦੀਆਂ ਪ੍ਰਕਿਰਿਆਵਾਂ ਦੁਆਰਾ ਉਤਪੰਨ ਹੁੰਦੀ ਹੈ, ਜਿਵੇਂ ਕਿ (1) ਠੰਢੀ ਹਵਾ ਦਾ ਗਰਮ ਸਾਗਰੀ ਸਤਹ ਦੇ ਉੱਤੋਂ ਪਾਰ ਕਰਨਾ ਅਤੇ ਉੱਥੋਂ ਦੀ ਗਰਮ ਹਵਾ ਨਾਲ ਰਲ-ਮਿਲ ਜਾਣਾ; ਅਤੇ (2) ਗਰਮ ਸਿੱਲ੍ਹੀ ਵਾਯੂ ਦਾ ਠੰਢੀ ਸੀਤ ਸਤਹ ਦੇ ਉੱਤੋਂ ਪਾਰ ਕਰਦਿਆਂ, ਉੱਥੋਂ ਦੀ ਸ਼ੀਤ ਵਾਯੂ ਨਾਲ ਰਲ-ਮਿਲ ਜਾਣਾ। ਇਹਨਾਂ ਦੋਨਾਂ ਸੂਰਤਾਂ ਵਿੱਚ ਲੇਟਵੇਂ ਦਾਅ ਤਾਪਮਾਨ ਵਿੱਚ ਅੰਤਰਤਾ ਅਭਿਵਹਿਣ ਧੁੰਦ ਦੀ ਉਤਪਤੀ ਲਈ ਇੱਕ ਮਹੱਤਵਪੂਰਨ ਕਾਰਕ ਹੈ। ਇਹ ਧੁੰਦ ਤਿੰਨ ਪ੍ਰਕਾਰ ਦੀ ਹੁੰਦੀ ਹੈ, ਜਿਵੇਂ ਕਿ ਸਾਗਰੀ ਧੁੰਦ, ਊਸ਼ਣ ਕੱਟੀਬੰਧ ਧੁੰਦ ਅਤੇ ਭਾਫ਼ ਧੁੰਦ।

ਅਗ੍ਰਭਾਗੀ ਧੁੰਦ : ਦੋ ਵੱਖ-ਵੱਖ ਤਰ੍ਹਾਂ ਦੀਆਂ ਠੰਢੀਆਂ ਅਤੇ ਗਰਮ ਹਵਾ ਪੁੰਜਾਂ  (air masses)  ਦੇ ਆਪਸੀ ਸੰਪਰਕ ਨਾਲ ਵੀ ਧੁੰਦ ਉਤਪੰਨ ਹੁੰਦੀ ਹੈ, ਜਿਸ ਨੂੰ ਫਰੰਟਲ ਧੁੰਦ ਜਾਂ ਅਗ੍ਰਭਾਗੀ ਧੁੰਦ (frontal fog) ਕਿਹਾ ਜਾਂਦਾ ਹੈ। ਇਸ ਤਰ੍ਹਾਂ ਦੀ ਧੁੰਦ ਚੱਕਰਵਾਤੀ ਕਿਰਿਆ ਨਾਲ ਸੰਬੰਧ ਰੱਖਦੀ ਹੈ, ਜਿਸ ਵਿੱਚ ਗਰਮ ਅਤੇ ਸਿੱਲ੍ਹੀ ਹਵਾ ਪੁੰਜ, ਠੰਢੀ ਅਤੇ ਖ਼ੁਸ਼ਕ ਹਵਾ ਪੁੰਜ ਦੇ ਉੱਪਰ ਚੜ੍ਹਦੀ ਹੈ, ਜਿਸ ਨਾਲ ਫਰੰਟ ਬਣਦਾ ਹੈ। ਉੱਪਰ ਉੱਠ ਰਹੀ ਗਰਮ ਅਤੇ ਸਿੱਲ੍ਹੀ ਹਵਾ ਵਰਖਾ ਕਰਦੀ ਹੈ, ਜੋ ਹੇਠਲੀ ਠੰਢੀ ਹਵਾ ਨੂੰ ਸੰਤ੍ਰਿਪਤ ਕਰ ਦਿੰਦੀ ਹੈ, ਜਿਸ ਤੋਂ ਧੁੰਦ ਉਤਪੰਨ ਹੁੰਦੀ ਹੈ।

ਦ੍ਰਿਸ਼ਟਤਾ  (visibility)  ਦੇ ਆਧਾਰ ਉੱਤੇ ਵੀ ਧੁੰਦ ਦਾ ਵਰਗੀਕਰਨ ਕੀਤਾ ਗਿਆ ਹੈ। ਜਿਵੇਂ ਕਿ (1) ਸੰਘਣੀ ਧੁੰਦ  (dense fog)  ਜਿਸ ਅੰਦਰ ਇਮਾਰਤਾਂ ਅਤੇ ਦਰਖ਼ਤ 45 ਮੀਟਰ ਤੱਕ ਵੀ ਦਿਖਾਈ ਨਹੀਂ ਦੇਂਦੇ; (2) ਮੋਟੀ ਧੁੰਦ  (thick fog)  ਜਿਸ ਵਿੱਚ ਦ੍ਰਿਸ਼ਟਤਾ 180 ਮੀਟਰ ਤੱਕ ਹੁੰਦੀ ਹੈ; (3) ਧੁੰਦ  (fog)  ਜਿਸ ਵਿੱਚ 450 ਮੀਟਰ ਤੱਕ ਦਿਖਾਈ ਦੇ ਸਕਦਾ ਹੈ; (4) ਦਰਮਿਆਨੀ ਧੁੰਦ  (moderate fog)  ਜਿਸ ਵਿੱਚ ਦ੍ਰਿਸ਼ਟਤਾ ਦੀ ਸੀਮਾ 900 ਮੀਟਰ ਤੱਕ ਹੁੰਦੀ ਹੈ ਅਤੇ (5) ਪਤਲੀ ਧੁੰਦ  (thin fog)  ਜਿਸ ਵਿੱਚ ਦ੍ਰਿਸ਼ਟਤਾ 1-2 ਕਿਲੋਮੀਟਰ ਤੱਕ ਹੁੰਦੀ ਹੈ।

ਧੁੰਦ ਦੇ ਸਾਡੇ ਜੀਵਨ ਉੱਤੇ ਚੰਗੇ ਅਤੇ ਮਾੜੇ ਦੋਵੇਂ ਤਰ੍ਹਾਂ ਦੇ ਅਸਰ ਪੈਂਦੇ ਹਨ। ਜਿਨ੍ਹਾਂ ਖੇਤਰਾਂ ਵਿੱਚ ਖੇਤੀ ਲਈ ਉਚਿਤ ਮਾਤਰਾ ਵਿੱਚ ਵਰਖਾ ਨਹੀਂ ਹੁੰਦੀ ਅਤੇ ਸਿੰਜਾਈ ਸੁਵਿਧਾਵਾਂ ਵੀ ਉਪਲਬਧ ਨਹੀਂ, ਉੱਥੇ ਸਰਦੀ ਰੁੱਤ ਦੀਆਂ ਅਨੇਕ ਪ੍ਰਕਾਰ ਦੀਆਂ ਫ਼ਸਲਾਂ, ਜਿਵੇਂ ਕਿ ਕਣਕ, ਜੌਂ, ਛੋਲੇ, ਮਟਰ, ਟਮਾਟਰ, ਮਿਰਚਾਂ ਆਦਿ ਅਸਾਨੀ ਨਾਲ ਪੈਦਾ ਹੋ ਜਾਂਦੀਆਂ ਹਨ, ਕਿਉਂਕਿ ਧੁੰਦ ਤੋਂ ਲੋੜੀਂਦੀ ਸਿੱਲ੍ਹ ਪ੍ਰਾਪਤ ਹੁੰਦੀ ਰਹਿੰਦੀ ਹੈ। ਇਸੇ ਤਰ੍ਹਾਂ, ਸੰਸਾਰ ਦੇ ਕਈ ਮਾਰੂਥਲਾਂ ਅੰਦਰ ਹੁਣ ਤੱਕ ਪੀਣ ਲਈ ਪਾਣੀ ਧੁੰਦ ਤੋਂ ਪ੍ਰਾਪਤ ਕੀਤਾ ਜਾਂਦਾ ਰਿਹਾ ਹੈ।

ਧੁੰਦ ਦੇ ਕਈ ਪ੍ਰਤਿਕੂਲ ਪ੍ਰਭਾਵ ਵੀ ਹਨ, ਜਿਵੇਂ ਕਿ ਧੁੰਦ ਹਰ ਤਰ੍ਹਾਂ ਦੇ ਆਵਾਜਾਈ ਦੇ ਸਾਧਨਾਂ ਵਿੱਚ ਰੁਕਾਵਟ ਪੈਦਾ ਕਰਦੀ ਹੈ। ਕਈ ਵਾਰੀ ਰੇਲਾਂ, ਮੋਟਰ ਗੱਡੀਆਂ ਆਦਿ ਦੇ ਹਾਦਸੇ ਧੁੰਦ ਕਾਰਨ ਹੁੰਦੇ ਹਨ, ਕਿਉਂਕਿ ਧੁੰਦ ਦ੍ਰਿਸ਼ਟਤਾ ਵਿੱਚ ਵਿਘਨ ਪਾਉਂਦੀ ਹੈ। ਇੱਥੇ ਇਹ ਦੱਸਣਾ ਉੱਚਿਤ ਹੋਵੇਗਾ ਕਿ ਜਿੱਥੇ ਧੁੰਦ ਫ਼ਸਲਾਂ ਨੂੰ ਨਮੀ ਪ੍ਰਦਾਨ ਕਰਦੀ ਹੈ, ਉੱਥੇ ਜੇਕਰ ਇਸ ਦੀ ਹੋਂਦ 10-15 ਦਿਨ ਲਗਾਤਾਰ ਬਣੀ ਰਹੇ ਤਾਂ ਖੜ੍ਹੀਆਂ ਫ਼ਸਲਾਂ ਸੂਰਜ ਦੀ ਰੋਸ਼ਨੀ ਤੋਂ ਵੰਚਿਤ ਰਹਿੰਦੀਆਂ ਹਨ। ਇਸ ਕਰਕੇ, ਉਹਨਾਂ ਦਾ ਵਧਣਾ-ਫੁਲਣਾ ਰੁੱਕ ਜਾਂਦਾ ਹੈ ਅਤੇ ਕਈ ਵਾਰੀ ਕਈ ਫ਼ਸਲੀ ਬਿਮਾਰੀਆਂ ਵੀ ਪੈਦਾ ਹੋ ਜਾਂਦੀਆਂ ਹਨ।


ਲੇਖਕ : ਐੱਸ. ਐੱਸ. ਢਿਲੋਂ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਦੂਜੀ, ਹੁਣ ਤੱਕ ਵੇਖਿਆ ਗਿਆ : 1546, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-03-25-10-49-28, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.