ਨਾਂਵ ਵਾਕੰਸ਼ ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼

ਨਾਂਵ ਵਾਕੰਸ਼ : ਕਿਸੇ ਵਾਕਾਤਮਕ ਬਣਤਰ ਵਿਚ ਜੋ ਇਕਾਈ ਨਾਂਵ ਦੇ ਕਾਰਜ ਨੂੰ ਪੂਰਿਆਂ ਕਰਦੀ ਹੈ ਅਤੇ ਨਾਂਵ ਦੇ ਸਥਾਨ ’ ਤੇ ਵਿਚਰਦੀ ਹੈ , ਉਸ ਇਕਾਈ ਨੂੰ ਨਾਂਵ ਵਾਕੰਸ਼ ਆਖਿਆ ਜਾਂਦਾ ਹੈ । ਪੰਜਾਬੀ ਨਾਂਵ ਵਾਕੰਸ਼ ਦੀ ਬਣਤਰ ਵਿਚ ਲਾਜ਼ਮੀ ਤੱਤ ਅਤੇ ਗੈਰ-ਲਾਜ਼ਮੀ ਤੱਤ ਵਿਚਰਦੇ ਹਨ । ਲਾਜ਼ਮੀ ਤੱਤਾਂ ਦੁਆਰਾ ਨਾਂਵ ਵਾਕੰਸ਼ ਦੀ ਸਿਰਜਨਾ ਹੁੰਦੀ ਹੈ ਅਤੇ ਗੈਰ-ਲਾਜ਼ਮੀ ਤੱਤਾਂ ਦੁਆਰਾ ਲਾਜ਼ਮੀ ਤੱਤ ਦੇ ਅਰਥਾਂ ਵਿਚ ਪਰਿਵਰਤਨ ਵਾਪਰਦਾ ਹੈ । ਪੰਜਾਬੀ ਨਾਂਵ ਵਾਕੰਸ਼ ਦੀ ਬਣਤਰ ਵਿਚ ਨਾਂਵ ਸ਼ਰੇਣੀ ਦੇ ਸ਼ਬਦ ਕੇਂਦਰੀ ਤੱਤਾਂ ਵਜੋਂ ਕਾਰਜ ਕਰਦੇ ਹਨ । ਨਾਂਵ ਵਾਕੰਸ਼ ਦੀ ਬਣਤਰ ਵਿਚ ਕੇਵਲ ਕੇਂਦਰੀ ਤੱਤ ਹੀ ਵਿਚਰਦਾ ਹੈ ਪਰ ਕੇਂਦਰੀ ਤੱਤਾਂ ਦੇ ਮੈਂਬਰਾਂ ਦੀ ਗਿਣਤੀ ਇਕ ਤੋਂ ਵਧੇਰੇ ਵੀ ਹੋ ਸਕਦੀ ਹੈ , ਜਿਵੇਂ : ‘ ਮੈਂ , ਤੂੰ ਤੇ ਉਹ ਸੈਰ ਲਈ ਜਾਵਾਂਗੇ’ ਵਿਚ ਕੇਂਦਰੀ ਤੱਤਾਂ ( ਸ਼ਬਦਾਂ ) ਦੀ ਗਿਣਤੀ ਚਾਰ ਹੈ । ਇਹ ਤੱਤ ਕੇਂਦਰੀ ਤੱਤਾਂ ਵਜੋਂ ਵਿਚਰਦੇ ਹਨ ਅਤੇ ਕੇਂਦਰੀ ਤੱਤ ਦੇ ਸਰੂਪ ਨੂੰ ਨਿਰਧਾਰਤ ਕਰਦੇ ਹਨ ਅਤੇ ਸਾਰੇ ਸ਼ਬਦ ਮਿਲ ਕੇ ਇਕ ਤੱਤ ਨੂੰ ਉਜਾਗਰ ਕਰਦੇ ਹਨ । ਦੂਜੇ ਸ਼ਬਦਾਂ ਵਿਚ ਕੇਂਦਰੀ ਤੱਤ ਇਕ ਸ਼ਬਦੀ ਵੀ ਹੋ ਸਕਦੇ ਹਨ ਅਤੇ ਇਕ ਤੋਂ ਵਧੇਰੇ ਸ਼ਬਦ ਰੂਪ-ਕੇਂਦਰੀ ਤੱਤ ਦੇ ਮੈਂਬਰ ਵੀ ਹੋ ਸਕਦੇ ਹਨ । ਇਹ ਸਾਰੇ ਰੂਪ ਮਿਲ ਕੇ ਇਕ ਕੇਂਦਰੀ ਤੱਤ ਦੀ ਸਿਰਜਨਾ ਕਰਦੇ ਹਨ । ਨਾਂਵ ਵਾਕੰਸ਼ ਦੀ ਬਣਤਰ ਵਿਚ ਭਾਵੇਂ ਕੇਂਦਰੀ ਤੱਤਾਂ ਦੀ ਗਿਣਤੀ ਇਕ ਹੋਵੇ ਤੇ ਭਾਵੇਂ ਇਕ ਤੋਂ ਵੱਧ , ਇਨ੍ਹਾਂ ਨੂੰ ਇਕ-ਸ਼ਬਦੀ ਵਾਕੰਸ਼ ਹੀ ਕਿਹਾ ਜਾਂਦਾ ਹੈ । ਦੂਜੇ ਪਾਸੇ ਜਦੋਂ ਕੇਂਦਰੀ ਤੱਤਾਂ ਦੇ ਨਾਲ ਨਾਲ ਬਾਹਰੀ ਤੱਤ ਵੀ ਨਾਂਵ ਵਾਕੰਸ਼ ਦੀ ਸਿਰਜਨਾ ਵਿਚ ਸ਼ਾਮਲ ਹੁੰਦੇ ਹਨ ਉਨ੍ਹਾਂ ਨੂੰ ਬਹੁ-ਸ਼ਬਦੀ ਨਾਂਵ ਵਾਕੰਸ਼ ਕਿਹਾ ਜਾਂਦਾ ਹੈ , ਜਿਵੇਂ : ‘ ਬਹੁਤ ਸੋਹਣਾ ਮੁੰਡਾ’ । ਨਾਂਵ ਵਾਕੰਸ਼ ਦਾ ਸਰੂਪ ਨਾਂਵ ਸ਼ਰੇਣੀ ਦੇ ਸ਼ਬਦ ’ ਤੇ ਅਧਾਰਤ ਹੁੰਦਾ ਹੈ ਭਾਵ ਜਿਸ ਵਾਕੰਸ਼ ਦਾ ਕੇਂਦਰੀ ਤੱਤ ਨਾਂਵ ਹੋਵੇ ਉਸ ਵਾਕੰਸ਼ ਨੂੰ ਨਾਂਵ ਵਾਕੰਸ਼ ਆਖਿਆ ਜਾਂਦਾ ਹੈ । ਬਣਤਰ ਦੇ ਪੱਖ ਤੋਂ ਪੰਜਾਬੀ ਨਾਂਵ ਵਾਕੰਸ਼ ਵਿਚ ਇਕ ਤੋਂ ਲੈ ਕੇ ਛੇ ਤੱਕ ਸ਼ਬਦ ਆ ਸਕਦੇ ਹਨ ਜਿਵੇਂ : ‘ ਇਕ ਬਹੁਤ ਹੀ ਸੋਹਣੇ ਮੁੰਡੇ ਨੇ’ ਪਰ ਇਸ ਤੋਂ ਇਲਾਵਾ ‘ ਦਾ’ ਵਰਗ ਦੇ ਸਬੰਧਕਾਂ ਦੀ ਵਰਤੋਂ ਨਾਲ ਨਾਂਵ ਵਾਕੰਸ਼ ਨੂੰ ਇਸ ਤੋਂ ਵੀ ਲੰਮਾ ਕੀਤਾ ਜਾ ਸਕਦਾ ਹੈ ਜਿਵੇਂ : ‘ ਸਾਡੇ ਪਿੰਡ ਦੇ ਮੁੰਡਿਆਂ ਦੇ ਮਾਪਿਆਂ ਦੀ....’ । ਨਾਂਵ ਵਾਕੰਸ਼ ਦੀ ਬਣਤਰ ਵਿਚ ‘ ਨਾਂਵ , ਪੜਨਾਂਵ , ਕਿਰਿਆ , ਵਿਸ਼ੇਸ਼ਣ , ਸਬੰਧਕ , ਯੋਜਕ , ਪਾਰਟੀਕਲਜ਼’ ਆਦਿ ਸ਼ਰੇਣੀਆਂ ਦੇ ਮੈਂਬਰ ਵਿਚਰ ਸਕਦੇ ਹਨ । ਨਾਂਵ \ ਪੜਨਾਂਵ ਤੋਂ ਬਿਨਾਂ ਸਾਰੇ ਸ਼ਬਦਾਂ ਨੂੰ ਵਿਸ਼ੇਸ਼ਕ ( Modifier ) ਆਖਿਆ ਜਾਂਦਾ ਹੈ । ਵਿਚਰਨ ਸਥਾਨ ਦੇ ਪੱਖ ਤੋਂ ਨਾਂਵ ਵਾਕੰਸ਼ ਦੀ ਬਣਤਰ ਵਿਚ ਨਾਂਵ ਦਾ ਸਥਾਨ ਵਾਕੰਸ਼ ਦੇ ਸੱਜੇ ਪਾਸੇ ਹੁੰਦਾ ਹੈ ਜਿਵੇਂ : ‘ ਇਕ ਬਹੁਤ ਹੀ ਛੋਟਾ ਕਾਲਾ ਸੱਪ ’ ਅਤੇ ਇਸ ਤੋਂ ਪਿਛੋਂ ਕੇਵਲ ਨੇ , ਨੂੰ , ਤੋਂ ਆਦਿ ਸਬੰਧਕ ਹੀ ਵਿਚਰ ਸਕਦੇ ਹਨ । ਪੰਜਾਬੀ ਨਾਂਵ ਵਾਕੰਸ਼ ਦੀ ਪਛਾਣ ਦੇ ਤਿੰਨ ਅਧਾਰ ਹਨ : ( i ) ਸ਼ਬਦ ਦੀ ਸ਼ਰੇਣੀ , ( ii ) ਸਬੰਧਕ ਅਤੇ ( iii ) ਕਾਰਜ । ਨਾਂਵ ਵਾਕੰਸ਼ ਦਾ ਮੁੱਖ ਸ਼ਬਦ ਨਾਂਵ \ ਪੜਨਾਂਵ ਹੁੰਦਾ ਹੈ । ਪੜਨਾਂਵ ਸ਼ਬਦ ਨਾਂਵ ਦਾ ਵਿਕਲਪੀ ਹੁੰਦਾ ਹੈ , ਜਿਵੇਂ : ਮੁੰਡੇ \ ਉਹ ਸ਼ਹਿਰ ਗਏ’ । ਪੜਨਾਂਵ ਦੀ ਵਰਤੋਂ ਇਕ ਸ਼ਬਦੀ ਵਾਕੰਸ਼ ਵਿਚ ਹੀ ਹੁੰਦੀ ਹੈ ਜਿਵੇਂ : ‘ ਉਹ ਆਇਆ’ ‘ ਕਲਾਸ ਦੇ ਸਾਰੇ ਉਹ ( ਮੁੰਡੇ ) ’ । ਇਸ ਪਛਾਣ-ਵਿਧੀ ਦਾ ਇਕ ਅਪਵਾਦ ਵੀ ਹੈ ਜਿਵੇਂ : ‘ ਉਹ ਸ਼ਹਿਰ ਗਿਆ’ ਵਿਚ ‘ ਸ਼ਹਿਰ’ ਸਥਾਨ-ਸੂਚਕ ਸ਼ਬਦ ਹੈ ਅਤੇ ਨਾਂਵ ਸ਼ਰੇਣੀ ਦਾ ਮੈਂਬਰ ਹੁੰਦਾ ਹੋਇਆ ਵੀ ਨਾਂਵ ਵਾਕੰਸ਼ ਵਜੋਂ ਕਾਰਜ ਨਹੀਂ ਕਰਦਾ । ਨਾਂਵ ਵਾਕੰਸ਼ ਦੀ ਦੂਜੀ ਪਛਾਣ-ਵਿਧੀ ਸਬੰਧਕਾਂ ’ ਤੇ ਅਧਾਰਤ ਹੈ । ਪੰਜਾਬੀ ਨਾਂਵ ਵਾਕੰਸ਼ ਜਦੋਂ ਸਬੰਧਕੀ ਰੂਪ ਵਿਚ ਵਿਚਰਦੇ ਹਨ ਤਾਂ ਇਨ੍ਹਾਂ ਤੋਂ ਪਿਛੋਂ ‘ ਨੇ , ਨੂੰ , ਤੋਂ , ਨਾਲ , ਰਾਹੀਂ’ ਆਦਿ ਸਬੰਧਕ ਵਿਚਰਦੇ ਹਨ । ਇਹ ਸਬੰਧਕ ਵਾਕੰਸ਼ ਮਾਰਕਰ ਵੀ ਹਨ ਅਤੇ ਕਾਰਕ-ਸੂਚਕ ਵੀ । ਇਨ੍ਹਾਂ ਸਬੰਧਕਾਂ ਤੋਂ ਪਿਛੋਂ ਦੂਜਾ ਵਾਕੰਸ਼ ਸ਼ੁਰੂ ਹੋ ਜਾਂਦਾ ਹੈ । ਤੋਂ , ਸਬੰਧਕ ਸਥਾਨ-ਸੂਚਕ ਹੁੰਦਾ ਹੈ ਪਰ ਕੁਝ ਹਾਲਤਾਂ ਵਿਚ ਇਹ ਨਾਂਵ ਵਾਕੰਸ਼ ਦਾ ਮਾਰਕਰ ਵੀ ਹੁੰਦਾ ਹੈ ਜਿਵੇਂ : ‘ ਇਹ ਪੈਸਾ ਸ਼ਾਮ ਤੋਂ ਮਿਲਿਆ’ । ‘ ਕਾਰਜ’ ਤੀਜੀ ਪਰਕਾਰ ਦੀ ਪਛਾਣ-ਵਿਧੀ ਹੈ । ਕਾਰਜ ਦੇ ਪੱਖ ਤੋਂ ਪੰਜਾਬੀ ਨਾਂਵ ਵਾਕੰਸ਼ ਨੂੰ ਦੋ ਭਾਗਾਂ ਵਿਚ ਵੰਡਿਆ ਜਾਂਦਾ ਹੈ : ( i ) ਕਰਤਾ ਨਾਂਵ ਵਾਕੰਸ਼ ( ਮਾਂ ਨੇ ) ( ii ) ਕਰਮ ਨਾਂਵ ਵਾਕੰਸ਼ ( ਦੁੱਧ ) , ( ਮਾਂ ਨੇ ( ਬੱਚੇ ਨੂੰ ) ਦੁੱਧ ਪਿਆਇਆ । ) ਕਰਮ ਨਾਂਵ ਵਾਕੰਸ਼ ਨੂੰ ਅੱਗੋਂ ਦੋ ਭਾਗਾਂ ਵਿਚ ਵੰਡਿਆ ਜਾਂਦਾ ਹੈ : ( ਪਰਧਾਨ ਕਰਮ ( ਦੁੱਧ ) ਅਤੇ ( ii ) ਅਪਰਧਾਨ ਕਰਮ ( ਬੱਚੇ ਨੂੰ ) । ਇਕ ਸਧਾਰਨ ਬਿਆਨੀਆ ਵਾਕ ਵਿਚ ਨਾਂਵ ਵਾਕੰਸ਼ਾਂ ਦੀ ਗਿਣਤੀ ਤਿੰਨ ਤੱਕ ਹੋ ਸਕਦੀ ਹੈ ਪਰ ਪਰੇਰਨਾਰਥਕ ਕਿਰਿਆ ਵਾਲੇ ਵਾਕਾਂ ਵਿਚ ਇਨ੍ਹਾਂ ਦੀ ਗਿਣਤੀ ਚਾਰ ਤੱਕ ਹੋ ਸਕਦੀ ਹੈ । ਇਸ ਪਰਕਾਰ ਦੇ ਵਾਕਾਂ ਵਿਚ ਅਪਰਧਾਨ ਕਰਮ ਦੇ ਦੋਵੇਂ ‘ ਰੂਪ’ ਲੈਣ ਵਾਲਾ ਅਤੇ ਦੇਣ ਵਾਲਾ ਸ਼ਾਮਲ ਹੁੰਦੇ ਹਨ : ‘ ਸਰਕਾਰ ਨੇ ਲੋਕਾਂ ਨੂੰ ਸ਼ਾਹੂਕਾਰਾਂ ਤੋਂ ਕਰਜਾ ਦਿਵਾਇਆ’ । ਪੰਜਾਬੀ ਐਸ. ਓ. ਵੀ ਗਰੁੱਪ ਦੀ ਭਾਸ਼ਾ ਹੈ । ਸਧਾਰਨ ਬਿਆਨੀਆ ਵਾਕਾਂ ਦੀ ਟਕਸਾਲੀ ਤਰਤੀਬ ( ਕਰਤਾ ) + ( ਅਪਰਧਾਨ ਕਰਮ ) + ( ਪਰਧਾਨ ਕਰਮ ) ਵਾਲੀ ਹੁੰਦੀ ਹੈ । ‘ ਮਾਂ ਨੇ ਬੱਚੇ ਨੂੰ ਦੁੱਧ ਦਿੱਤਾ । ਪੰਜਾਬੀ ਵਿਚ ਇਕ ਵਾਕੰਸ਼ ਨੂੰ ਦੂਜੀ ਥਾਂ ’ ਤੇ ਵਰਤਿਆ ਜਾ ਸਕਦਾ ਹੈ ‘ ਬੱਚੇ ਨੂੰ ਮਾਂ ਨੇ ਦੁੱਧ ਦਿੱਤਾ , ਦੁੱਧ ਦਿੱਤਾ ਮਾਂ ਨੇ ਬੱਚੇ ਨੂੰ’ ਪਰ ਵਾਕੰਸ਼ ਦੀ ਅੰਦਰੂਨੀ ਤਰਤੀਬ ਨੂੰ ਅੱਗੇ ਪਿਛੇ ਨਹੀਂ ਕੀਤਾ ਜਾ ਸਕਦਾ । ਨਾਂਵ ਵਾਕੰਸ਼ ਦੀ ਬਣਤਰ ਵਿਚ ਵਿਸ਼ੇਸ਼ਣ ਅਤੇ ਹੋਰ ਸ਼ਬਦ-ਸ਼ਰੇਣੀਆਂ ਦੇ ਮੈਂਬਰ ਇਕ ਖਾਸ ਤਰਤੀਬ ਵਿਚ ਵਿਚਰਦੇ ਹਨ ਜਿਵੇਂ : ਵਿਸ਼ੇਸ਼ + ਨਾਂਵ ( ਸੋਹਣਾ ਮੁੰਡਾ ) ਵਿਸ਼ੇਸ਼ + ਵਿਸ਼ੇਸ਼ + ਨਾਂਵ ( ਬਹੁਤ ਸੋਹਣਾ ਮੁੰਡਾ ) , ਇਕ ਬਹੁਤ ਸੋਹਣਾ ਮੁੰਡਾ ) , ( ਪਹਿਲੇ ਦਸ ਮੁੰਡੇ ) ਕਿਰਦੰਤ + ਨਾਂਵ ( ਭੱਜੇ ਜਾਂਦੇ ਮੁੰਡੇ ) , ਨਾਂਵ + ਦਾ ( ਤੇ ) ਅਤੇ + ਨਾਂਵ ( ਉਸ ਆਦਮੀ ਦਾ ਮੁੰਡਾ ) , ( ਸੋਹਣਾ ਤੇ ਗੀਤਾ ਦਾ ਮੁੰਡਾ ) । ਨਾਂਵ ਵਾਕੰਸ਼ ਦੀ ਬਣਤਰ ਵਿਚ ਵਿਚਰਨ ਵਾਲੇ ਸ਼ਬਦਾਂ ਦਾ ਮੁੱਖ ਨਾਂਵ ਨਾਲ ਵਿਆਕਰਨਕ ਮੇਲ ਹੁੰਦਾ ਹੈ । ਇਨਾਂ ਦੀ ਤਰਤੀਬ ਬੁਲਾਰੇ ਜਾਂ ਲੇਖਕ ਦੀ ਤਰਜੀਹ ਵਿਕਲਪ ਦੇ ਅਧਾਰ ’ ਤੇ ਹੁੰਦੀ ਹੈ ਪਰ ਨਿਸ਼ਚਤ ਨੇਮਾਂ ਤੋਂ ਉਲਟ ਨਹੀਂ ਹੁੰਦੀ ਜਿਵੇਂ : ਇਕ ਬਹੁਤ ਸੋਹਣਾ ਮੁੰਡਾ , ‘ ਬਹੁਤ ਸੋਹਣਾ ਇਕ ਮੁੰਡਾ , ਸੋਹਣਾ ਬਹੁਤ ਇਕ ਮੁੰਡਾ , ਬਹੁਤ ਇਕ ਸੋਹਣਾ ਮੁੰਡਾ । ’


ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 8534, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.