ਨਾਅਤ ਸਰੋਤ :
ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਨਾਅਤ: ‘ਨਾਅਤ` ਸ਼ਬਦ ਦਾ ਅਰਥ ਹੈ ਤਾਰੀਫ਼ ਜਾਂ ਪ੍ਰਸੰਸਾ। ਨਾਅਤ ਅਰਬੀ ਭਾਸ਼ਾ ਦਾ ਸ਼ਬਦ ਹੈ। ਸਾਹਿਤ ਦੇ ਖੇਤਰ ਵਿੱਚ ਨਾਅਤ ਉਸ ਕਵਿਤਾ ਨੂੰ ਕਿਹਾ ਜਾਂਦਾ ਹੈ ਜਿਸ ਵਿੱਚ ਇਸਲਾਮ ਦੇ ਪੈਗ਼ਬਰ ਅਤੇ ਅੱਲਾ ਦੇ ਰਸੂਲ ਹਜ਼ਰਤ ਮੁਹੰਮਦ ਸਾਹਿਬ ਦੀ ਤਾਰੀਫ਼, ਪ੍ਰਸੰਸਾ ਜਾਂ ਉਸਤਤ ਕੀਤੀ ਗਈ ਹੋਵੇ। ਨਾਅਤ ਨੂੰ ਇੱਕ ਪ੍ਰਕਾਰ ਦੀ ਇਸਲਾਮੀ ਧਾਰਮਿਕ ਕਵਿਤਾ ਕਿਹਾ ਜਾ ਸਕਦਾ ਹੈ ਜੋ ਹਜ਼ਰਤ ਮੁਹੰਮਦ ਸਾਹਿਬ ਦੀ ਸ਼ਾਨ ਵਿੱਚ ਲਿਖੀ ਜਾਂਦੀ ਹੈ। ਕਵੀ ਮੁਹੰਮਦ ਦੀਆਂ ਵੱਖ-ਵੱਖ ਖ਼ੂਬੀਆਂ ਨੂੰ ਨਾਅਤ ਵਿੱਚ ਪੇਸ਼ ਕਰਦਾ ਹੋਇਆ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਦਾ ਹੈ। ਨਾਅਤ ਦਾ ਵਿਸ਼ਾ ਹਜ਼ਰਤ ਮੁਹੰਮਦ ਨਾਲ ਹੀ ਜੁੜਿਆ ਹੁੰਦਾ ਹੈ, ਇਸ ਲਈ ਕੇਵਲ ਉਸ ਕਵਿਤਾ ਨੂੰ ਹੀ ਨਾਅਤ ਕਿਹਾ ਜਾ ਸਕਦਾ ਹੈ ਜਿਸ ਵਿੱਚ ਹਜ਼ਰਤ ਮੁਹੰਮਦ ਸੰਬੰਧੀ ਜ਼ਿਕਰ ਕੀਤਾ ਗਿਆ ਹੋਵੇ ਅਤੇ ਉਹਨਾਂ ਦੀ ਵਡਿਆਈ ਕੀਤੀ ਗਈ ਹੋਵੇ।
ਨਾਅਤ ਲਿਖਣ ਵਾਲਾ ਕਵੀ ਹਜ਼ਰਤ ਮੁਹੰਮਦ ਦੀਆਂ ਬਾਹਰੀ ਅਤੇ ਅੰਦਰੂਨੀ ਦੋਵੇਂ ਤਰ੍ਹਾਂ ਦੀਆਂ ਵਿਸ਼ੇਸ਼ਤਾਵਾਂ ਨੂੰ ਬਿਆਨ ਕਰਦਾ ਹੈ। ਬਾਹਰੀ ਵਿਸ਼ੇਸ਼ਤਾਵਾਂ ਵਿੱਚ ਉਹਨਾਂ ਦੇ ਸੁੰਦਰ ਸਰੂਪ ਅਤੇ ਪਹਿਰਾਵੇ ਆਦਿ ਦੀ ਸਿਫ਼ਤ ਕੀਤੀ ਜਾਂਦੀ ਹੈ ਅਤੇ ਅੰਦਰੂਨੀ ਵਿਸ਼ੇਸ਼ਤਾਵਾਂ ਵਿੱਚ ਉਹਨਾਂ ਦੇ ਚਰਿੱਤਰ ਦੇ ਉਘੜਵੇਂ ਗੁਣਾਂ ਗ਼ਰੀਬਾਂ, ਯਤੀਮਾਂ ਤੇ ਮਜ਼ਲੂਮਾਂ ਦੇ ਹਮਦਰਦ, ਸੱਚੇ ਤੇ ਸੁੱਚੇ, ਦਿਆਨਤਦਾਰ, ਸਬਰ ਕਰਨ ਵਾਲੇ ਅਤੇ ਮੁਨਸਿਫ਼ ਆਦਿ) ਦੀ ਪ੍ਰਸੰਸਾ ਕੀਤੀ ਜਾਂਦੀ ਹੈ। ਇਸਦੇ ਨਾਲ-ਨਾਲ ਆਪ ਦੇ ਨਿਵਾਸ ਅਸਥਾਨ ਅਰਬ ਦੇ ਸ਼ਹਿਰ ਮਦੀਨੇ ਦੀ ਵਡਿਆਈ ਅਤੇ ਉਸ ਪਵਿੱਤਰ ਧਰਤੀ `ਤੇ ਜਾਣ ਦੀ ਤੀਬਰ ਤਾਂਘ ਦਾ ਪ੍ਰਗਟਾਵਾ ਵੀ ਕਈ ਨਾਅਤਾਂ ਵਿੱਚ ਕੀਤਾ ਮਿਲਦਾ ਹੈ।
ਇਸ ਤੋਂ ਇਲਾਵਾ ਅਕਸਰ ਨਾਅਤਾਂ ਵਿੱਚ ਹਜ਼ਰਤ ਮੁਹੰਮਦ ਦੇ ਜੀਵਨ ਦੀਆਂ ਅਹਿਮ ਘਟਨਾਵਾਂ ਦਾ ਬਿਆਨ ਵੀ ਹੁੰਦਾ ਹੈ ਜਿਨ੍ਹਾਂ ਤੋਂ ਆਪ ਦੀ ਵਡਿਆਈ ਅਤੇ ਮਹਾਨਤਾ ਦਾ ਪਤਾ ਚੱਲਦਾ ਹੈ। ਨਾਅਤ ਵਿੱਚ ਹਜ਼ਰਤ ਮੁਹੰਮਦ ਸਾਹਿਬ ਦੀ ਪ੍ਰਸੰਸਾ ਕਰਦਾ ਹੋਇਆ ਕਵੀ ਆਪਣੀ ਸ਼ਰਧਾ ਜਾਂ ਅਕੀਦਤ ਦਾ ਪ੍ਰਗਟਾਵਾ ਕਰਨ ਲਈ ਆਪ ਲਈ ਵੱਖ-ਵੱਖ ਸਿਫ਼ਤੀ ਸ਼ਬਦਾਂ ਦੀ ਵਰਤੋਂ ਕਰਦਾ ਹੈ। ਅਕਸਰ ਨਾਅਤਾਂ ਵਿੱਚ ਹਜ਼ਰਤ ਮੁਹੰਮਦ ਲਈ ਰਸੂਲੱਲਾਹ (ਅੱਲਾ ਦਾ ਰਸੂ), ਸਰਕਾਰ-ਏ- ਦੋਆਲਮ, ਪਿਆਰੇ ਨਬੀ, ਮਹਿਬੂਬ-ਏ-ਖ਼ੁਦਾ, ਨਬੀਆਂ ਦਾ ਸਰਦਾਰ, ਯਸਰਬ ਦਾ ਵਾਲੀ (ਮਦੀਨੇ ਦਾ ਪੁਰਾਣਾ ਨਾਂ ਯਸਰਬ ਸੀ) ਆਮਨਾ ਦਾ ਲਾਲ (ਆਪ ਦੀ ਮਾਤਾ ਦਾ ਨਾਂ ਬੀਬੀ ਆਮਨਾ ਸੀ) ਆਦਿ ਸ਼ਬਦਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ।
ਨਾਅਤ ਲਈ ਕੋਈ ਖ਼ਾਸ ਬਹਿਰ ਜਾਂ ਛੰਦ ਨਿਸ਼ਚਿਤ ਨਹੀਂ ਹੈ। ਇਹ ਕਿਸੇ ਵੀ ਛੰਦ ਜਾਂ ਬਹਿਰ ਵਿੱਚ ਲਿਖੀ ਜਾ ਸਕਦੀ ਹੈ। ਛੋਟੀ ਅਤੇ ਲੰਮੀ ਦੋਵੇਂ ਤਰ੍ਹਾਂ ਦੀ ਬਹਿਰ ਵਿੱਚ ਨਾਅਤਾਂ ਲਿਖੀਆਂ ਗਈਆਂ ਹਨ। ਨਾਅਤ ਤਰੰਨਮ ਨਾਲ ਗਾਈ ਜਾਂਦੀ ਹੈ ਅਤੇ ਕਈ ਵਾਰ ਬਹੁਤ ਹਲਕੇ ਸਾਜ਼ਾਂ (ਸੰਗੀਤ) ਦੀ ਵਰਤੋਂ ਵੀ ਕਰ ਲਈ ਜਾਂਦੀ ਹੈ। ਇਸ ਲਈ ਇਸ ਵਿੱਚ ਤੋਲ-ਤੁਕਾਂਤ ਦਾ ਖ਼ਾਸ ਖ਼ਿਆਲ ਰੱਖਿਆ ਜਾਂਦਾ ਹੈ। ਨਾਅਤ ਦੇ ਹਰ ਸ਼ਿਅਰ ਦਾ ਤੁਕਾਂਤ ਮਿਲਾਇਆ ਜਾਂਦਾ ਹੈ ਤਾਂ ਜੋ ਲੈਅ ਅਤੇ ਰਵਾਨੀ ਨਾ ਟੁੱਟੇ।
ਪੰਜਾਬੀ ਨਾਲੋਂ ਜ਼ਿਆਦਾ ਨਾਅਤਾਂ ਉਰਦੂ, ਫ਼ਾਰਸੀ, ਅਰਬੀ ਆਦਿ ਵਿੱਚ ਲਿਖੀਆਂ ਗਈਆਂ ਹਨ। ਪੱਛਮੀ ਪੰਜਾਬ ਦੇ ਕੁਝ ਕਵੀਆਂ ਦੁਆਰਾ ਪੰਜਾਬੀ ਵਿੱਚ ਨਾਅਤ- ਸੰਗ੍ਰਹਿ ਲਿਖੇ ਗਏ ਹਨ। ਮੌਲਵੀ ਅਬਦੁਲ ਸੱਤਾਰ ਦਾ ਨਾਅਤ-ਸੰਗ੍ਰਹਿ ਮਜਮੂਆ-ਏ-ਨਾਅਤ ਹਬੀਬੁੱਲਾ ਦਾ ਨਾਅਤਾ ਮੁਹੰਮਦ ਯਾਸੀਨ ਨਜਮ ਦਾ ਮਦਨੀ ਮਾਹੀ ਅਤੇ ਨਾਅਤਾਂ ਪੀਰ ਬਖ਼ਸ਼ ਆਸੀ ਕੁਝ ਪ੍ਰਮੁਖ ਪੰਜਾਬੀ ਨਾਅਤ-ਸੰਗ੍ਰਹਿ ਹਨ। ਇਸ ਤੋਂ ਇਲਾਵਾ ਮਦੀਨੇ ਦੀਆਂ ਪਾਕ ਗਲੀਆਂ ਨਾਅਤ-ਸੰਗ੍ਰਹਿ ਵਿੱਚ ਵੱਖ-ਵੱਖ ਕਵੀਆਂ ਦੀਆਂ ਲਿਖੀਆਂ ਨਾਅਤਾਂ ਦਰਜ ਹਨ। ਕੁਝ ਨਾਅਤਾਂ ਦੇ ਸੰਖੇਪ ਨਮੂਨੇ ਵੇਖੋ :
ਨੂਰੀ ਮੁਖੜਾ ਨਾਲੇ ਜ਼ੁਲਫ਼ਾਂ ਕਾਲੀਆਂ,
ਸਦਕੇ ਵਾਰੀ ਜਾਵਣ ਵੇਖਣ ਵਾਲੀਆਂ।
ਚੰਨ ਚੜ੍ਹਿਆ ਆਮਦਾ ਦੇ ਲਾਲ ਦਾ,
ਮੁੱਕ ਗਈਆਂ ਦੁਨੀਆਂ ਤੋਂ ਰਾਤਾਂ ਕਾਲੀਆਂ।
ਤੇਰੇ ਵਿਹੜੇ ਖੇਡੇ ਰੱਬ ਦਾ ਲਾਡਲਾ,
ਵਾਹ ਹਲੀਮਾ ਤੇਰੀਆਂ ਖ਼ੁਸ਼ਹਾਲੀਆਂ।
ਸਾਨੂੰ ਹੋਰ ਕਿਸੇ ਦੀ ਲੋੜ ਨਹੀਂ
ਬਸ ਤੇਰਾ ਦੁਆਰਾ ਕਾਫ਼ੀ ਏ,
ਅੱਲਾਹ ਤਕ ਸੁਹਣਿਆਂ ਪਹੁੰਚਣ ਲਈ
ਇੱਕ ਤੇਰਾ ਸਹਾਰਾ ਕਾਫ਼ੀ ਏ।
ਟੁਰ ਜਾਵਾਂ ਸ਼ਹਿਰ ਮਦੀਨੇ ਨੂੰ
ਠੰਢ ਪੈ ਜਾਏ ਮੇਰੇ ਸੀਨੇ ਨੂੰ,
ਜਿੱਥੇ ਸਾਰੀ ਦੁਨੀਆ ਝੁਕਦੀ ਏ
ਰੌਜ਼ੇ ਦਾ ਨਜ਼ਾਰਾ ਕਾਫ਼ੀ ਏ।
ਹਜ਼ਰਤ ਮੁਹੰਮਦ ਸਾਹਿਬ ਦੇ ਮਿਅਰਾਜ ਦੇ ਸਫ਼ਰ `ਤੇ ਜਾਣ (ਅਕਾਸ਼ੀ ਸਫ਼ਰ) ਨਾਲ ਸੰੰਬੰਧਿਤ ਇੱਕ ਬਹੁਤ ਪਿਆਰੀ ਨਾਅਤ ਹੈ :
ਹੁਣ ਸਾਰੀ ਦੁਨੀਆ ਸੌਂ ਗਈ ਏ
ਅਰਸ਼ਾਂ ਉੱਤੇ ਆ ਜਾ ਚੁੱਪ ਕਰ ਕੇ।
ਗੱਲਾਂ ਹੋਵਣ ਰਾਜ਼-ਓ-ਨਿਆਜ਼ ਦੀਆਂ
ਕੁਝ ਸੁਣ ਜਾ ਸੁਣਾ ਜਾ ਚੁੱਪ ਕਰ ਕੇ।
ਅੱਜ ਬਖ਼ਸ਼ ਦਿਆਂ ਬਦਕਾਰਾਂ ਨੂੰ
ਗੁਨਾਹਗਾਰਾਂ, ਔਗੁਣਹਾਰਾਂ ਨੂੰ।
ਉਮੰਤ ਦੇ ਗੁਨਾਹਾਂ ਦੇ ਦਫ਼ਤਰ
`ਤੇ ਦਸਤਖ਼ਤ ਕਰਵਾ ਜਾ ਚੁੱਪ ਕਰ ਕੇ।...
ਸਭ ਨਬੀਆਂ ਦਾ ਸਰਦਾਰ ਕੀਤਾ,
ਦੋ ਆਲਮ ਦਾ ਮੁਖ਼ਤਾਰ ਕੀਤਾ,
ਲੈ ਸਾਂਭ ਖ਼ਜ਼ਾਨੇ ਰਹਿਮਤ ਦੇ
ਹੱਥੀਂ ਆਪਣੇ ਲੁਟਾ ਜਾ ਚੁੱਪ ਕਰ ਕੇ।
ਦੁਨੀਆ ਦੇ ਲੇਖ ਸੰਵਾਰ ਦਿਆਂ,
ਹੰਝੂਆਂ `ਤੇ ਦੋ ਜਗ ਵਾਰ ਦਿਆਂ,
ਗ਼ਾਰਾਂ ਵਿੱਚ ਰੋਵਣ ਵਾਲੜਿਆ
ਦੋਜ਼ਖ਼ ਨੂੰ ਬੁਝਾ ਜਾ ਚੁੱਪ ਕਰ ਕੇ।
ਮੱਧ-ਕਾਲ ਦੇ ਕੁਝ ਮੁਸਲਮਾਨ ਕਿੱਸਾ-ਕਵੀਆਂ ਨੇ ਆਪਣੇ ਕਿੱਸੇ ਦੇ ਸ਼ੁਰੂ ਵਿੱਚ ਖ਼ੁਦਾ ਦੀ ਹਮਦ (ਤਾਰੀਫ਼) ਤੋਂ ਬਾਅਦ ਰਸਲ (ਹਜ਼ਰਤ ਮੁਹੰਮਦ) ਦੀ ਸ਼ਾਨ ਵਿੱਚ ਨਾਅਤ ਲਿਖੀ ਹੈ। ਹੀਰ ਵਾਰਿਸ ਦੇ ਅਰੰਭ ਵਿੱਚ ਹਮਦ ਤੋਂ ਬਾਅਦ ਵਾਰਿਸ ਸ਼ਾਹ ਨੇ ਨਾਅਤ ਵਾਲਾ ਬੰਦ ਲਿਖਿਆ ਹੈ :
ਦੂਈ ਨਾਅਤ ਹਸੂਲ ਮਕਬੂਲ ਵਾਲੀ,
ਜੈਂਦੇ ਹੱਕ ਨਜ਼ੂਲ ਲੌਲਾਕ ਕੀਤਾ।
ਖ਼ਾਕੀ ਆਖ ਕੇ ਮਰਤਬਾ ਵੱਡਾ ਦਿੱਤਾ,
ਸਭ ਖਲਕ ਦੇ ਐਬ ਥੀਂ ਪਾਕ ਕੀਤਾ।
ਸਰਵਰ ਹੋਇ ਕੇ ਔਲੀਆ ਅੰਬੀਆ ਦਾ
ਅੱਗੇ ਹੱਕ ਦੇ ਆਪ ਨੂੰ ਖ਼ਾਕ ਕੀਤਾ।
ਕਰੇ ਉਮਤੀ ਉਮਤੀ ਰੋਜ਼ ਕਿਆਮਤ,
ਖ਼ੁਸ਼ੀ ਛੱਡਕੇ ਜੀਓ ਗ਼ਮਨਾਕ ਕੀਤਾ।
ਲੇਖਕ : ਰਾਸ਼ਿਦ ਰਸ਼ੀਦ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 4438, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no
ਨਾਅਤ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਨਾਅਤ [ਨਾਂਇ] ਹਜ਼ਰਤ ਮੁਹੰਮਦ ਸਾਹਿਬ ਦੀ ਉਸਤਤ ਵਾਲ਼ੀ ਕਾਵਿ-ਰਚਨਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4430, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਨਾਅਤ ਸਰੋਤ :
ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਨਾਅਤ : ਨਾਅਮ (ਬਹੁ–ਵਚਨ–ਨੁਅਉਤ) ਦਾ ਸ਼ਾਬਦਿਕ ਅਰਥ ਤਾਰੀਫ਼ ਜਾਂ ਪ੍ਰਸ਼ੰਸਾ ਹੈ। ਸਾਹਿਤਿਕ ਖੇਤਰ ਵਿਚ ਇਹ ਸ਼ਬਦ ਹਜ਼ਰਤ ਮੁਹੰਮਦ ਦੀ ਸਿਫ਼ਤ/ਸ਼ਲਾਘਾ ਨਾਲ ਹੀ ਜੁੜ ਗਿਆ ਹੈ। ਪੰਜਾਬੀ ਕਿੱਸਿਆਂ ਵਿਚ ਮੁਸਲਮਾਨ ਕਿੱਸਾਕਾਰ ਆਪਣੇ ਕਿੱਸਿਆਂ ਦੇ ਆਰੰਭ ਵਿਚ ਮੰਗਲਾਚਰਣ ਵਜੋਂ ਪਹਿਲਾਂ ਰੱਬ ਦੀ ਹਮਦ (ਤਾਰੀਫ਼) ਅਤੇ ਫਿਰ ਹਜ਼ਰਤ ਮੁਹੰਮਦ ਦੀ ਨਾਅਤ ਜ਼ਰੂਰ ਲਿਖਦੇ ਹਨ। ਅਰਬੀ ਵਿਚ ਹਜ਼ਰਤ ਮੁਹੰਮਦ ਦੀ ਨਾਅਤ ‘ਕਸੀਦਾ ਬੁਰਦਾ’ ਬੜੀ ਪ੍ਰਸਿੱਧ ਹੈ। ਇਸ ਦਾ ਪੰਜਾਬੀ ਅਨੁਵਾਦ ਹੋ ਚੁੱਕਾ ਹੈ। ਪੰਜਾਬੀ ਵਿਚ ਕਈ ਕਵੀਆਂ ਦੇ ਕਿੱਸਿਆਂ ਵਿਚਲੀਆਂ ਨਾਅਤਾਂ ਤੋਂ ਇਲਾਵਾ ਵੱਖਰੀਆਂ ਨਾਅਤਾਂ ਵੀ ਲਿਖੀਆਂ ਹਨ। ਕੁਝ ਉੱਘੀਆਂ ਨਾਅਤਾਂ ਇਸ ਪ੍ਰਕਾਰ ਹਨ––‘ਮਜਮੂਆਏ ਨਾਅਤ’ (ਮੋਲਵੀ ਅਬਦੁਸੱਤਾਰ), ‘ਨਾਅਤਾਂ’ (ਹਬੀਬ ਉੱਲਾ), ‘ਨਾਅਤਾਂ ਪੀਰ ਬਖ਼ਸ਼ ਆਸੀ’ ਆਦਿ।
ਲੇਖਕ : ਡਾ. ਪ੍ਰੀਤਮ ਸੈਨੀ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 3331, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-13, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First