ਨਿਤਨੇਮ ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਦੂਜੀ

ਨਿਤਨੇਮ : ਨਿਤਨੇਮ, ਦਾ ਸ਼ਾਬਦਿਕ ਅਰਥ ਹੈ ਹਰ ਰੋਜ਼ ਧਰਮ ਅਨੁਸਾਰ ਕਰਨ ਯੋਗ ਕੰਮਾਂ ਦਾ ਨਿਯਮ। ਸਿੱਖ ਧਰਮ ਵਿੱਚ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਨਿਤਨੇਮ ਦੀ ਪ੍ਰਥਾ ਸ਼ੁਰੂ ਹੋ ਗਈ ਸੀ, ਭਾਵ ਹਰ ਸਿੱਖ ਨੇ ਆਪਣੀ ਆਤਮਿਕ ਭਲਾਈ ਹਿਤ ਰੋਜ਼ਾਨਾ ਕੀ-ਕੀ ਕਰਨਾ ਸੀ, ਇਹ ਸਭ ਨਿਰਧਾਰਿਤ ਹੋ ਚੁੱਕਾ ਸੀ। ਇਸ ਦਾ ਜ਼ਿਕਰ ਭਾਈ ਗੁਰਦਾਸ ਨੇ ਵੀ ਆਪਣੀ ਇੱਕ ‘ਵਾਰ’ ਵਿੱਚ ਕੀਤਾ ਹੈ:

ਸੋ ਦਰੁ ਆਰਤੀ ਗਾਵੀਐ ਅੰਮ੍ਰਿਤ ਵੇਲੇ ਜਾਪ ਉਚਾਰਾ।

ਗੁਰੂ ਰਾਮ ਦਾਸ ਜੀ ਨੇ “ਗਉੜੀ ਦੀ ਵਾਰ” ਵਿੱਚ ਸਿੱਖ ਦੇ ਨਿਤਨੇਮ ਦੇ ਵਿਧਾਨ ਬਾਰੇ ਸਪੱਸ਼ਟ ਕੀਤਾ ਹੈ ਕਿ ਉਹ ਸਵੇਰੇ ਉੱਠ ਕੇ ਪਰਮਾਤਮਾ ਦਾ ਨਾਮ ਜਪੇ। ਇਸ਼ਨਾਨ ਕਰੇ। ਦਿਨ ਚੜ੍ਹਨ ਤੇ ਬਾਣੀ ਦਾ ਪਾਠ ਕਰੇ। ਅੱਠੇ ਪਹਿਰ ਪ੍ਰਭੂ ਸਿਮਰਨ ਕਰੇ। ਅਜਿਹਾ ਕਰਨ ਵਾਲੇ ਸਿੱਖ ਗੁਰੂ ਨੂੰ ਪਿਆਰੇ ਹੋਣਗੇ। ਗੁਰੂ ਗੋਬਿੰਦ ਸਿੰਘ ਨੇ ਖ਼ਾਲਸਾ ਸਾਜਣ ਸਮੇਂ ਸਿੱਖਾਂ ਲਈ ਪੰਜ ਬਾਣੀਆਂ ਦਾ ਪਾਠ ਲਾਜ਼ਮੀ ਕਰ ਦਿੱਤਾ। ਰਹਿਤਨਾਮਿਆਂ ਵਿੱਚ ਸਿਦਕੀ ਸਿੱਖਾਂ ਨੇ ਵਿਸਥਾਰ ਸਹਿਤ ਇਹਨਾਂ ਬਾਰੇ ਲਿਖਿਆ ਹੈ ਕਿ ਸਿੱਖ ਸਵੇਰੇ ਦਾਤਣ ਕੁਰਲਾ ਕਰਨ ਮਗਰੋਂ ਇਸ਼ਨਾਨ ਕਰੇ। ਸਰੀਰ ਦੀ ਸ਼ੁੱਧੀ ਮਗਰੋਂ ਵਾਹਿਗੁਰੂ ਦਾ ਸਿਮਰਨ ਕਰੇ। ਫਿਰ ਜਪੁ, ਜਾਪ, ਅਨੰਦ, ਸਵੱਯੇ ਤੇ ਚੌਪਈ ਦਾ ਪਾਠ ਕਰੇ। ਸਾਰਾ ਦਿਨ ਕਿਰਤ ਕਮਾਈ ਕਰੇ ਤੇ ਸ਼ਾਮ ਨੂੰ ਰਹਿਰਾਸ ਅਤੇ ਸੌਣ ਵੇਲੇ ਕੀਰਤਨ ਸੋਹਿਲੇ ਦਾ ਪਾਠ ਕਰੇ।

ਉਪਰੋਕਤ ਨਿਰਧਾਰਿਤ ਨਿਤਨੇਮ ਤੋਂ ਇਹ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਸਿੱਖ ਦਾ ਦੁਨਿਆਵੀ ਅਤੇ ਰੂਹਾਨੀ ਜੀਵਨ ਕਿਸ ਤਰ੍ਹਾਂ ਦਾ ਹੋਵੇ। ਇੱਥੇ ਇਹ ਵੀ ਸਪਸ਼ਟ ਹੈ ਕਿ ਇੱਕ ਸੱਚੇ ਸਿੱਖ ਨੇ ਪਰਮਾਤਮਾ ਨੂੰ ਯਾਦ ਰੱਖਣ ਦੇ ਨਾਲ-ਨਾਲ ਦਿਨ ਸਮੇਂ ਦਸਾਂ ਨਹੁੰਆਂ ਦੀ ਨੇਕ ਕਮਾਈ ਵੀ ਕਰਨੀ ਹੈ। ਭਾਵ, ਸਿੱਖ ਧਰਮ ਸਮਾਜਿਕ ਜ਼ੁੰਮੇਵਾਰੀਆਂ ਵਾਲੇ ਜੀਵਨ ਨੂੰ ਆਤਮਿਕ ਪ੍ਰਾਪਤੀ ਦੇ ਰਾਹ ਵਿੱਚ ਰੁਕਾਵਟ ਨਹੀਂ ਮੰਨਦਾ। ਇਸ ਦੇ ਉਲਟ ਗੁਰਬਾਣੀ ਦਾ ਕਥਨ ਹੈ:

ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੈ ਮੁਕਤਿ॥

ਸਿੱਖ ਧਰਮ ਮਨੁੱਖ ਦੇ ਅਧਿਆਤਮਿਕ ਅਤੇ ਸਮਾਜਿਕ ਜੀਵਨ ਦੇ ਦੋਹਾਂ ਪੱਖਾਂ ਦੀ ਬਿਹਤਰੀ ਦੀ ਗੱਲ ਕਰਦਾ ਹੈ। ਇਹ ਗੱਲ ਉਸ ਸਮੇਂ ਪ੍ਰਚਲਿਤ ਪਰੰਪਰਾ ਦੇ ਉਲਟ ਸੀ। ਮੱਧ-ਕਾਲੀਨ ਯੁੱਗ ਵਿੱਚ ਹਰ ਦੁਨਿਆਵੀ ਮਨੁੱਖ ਲਈ ਵਾਣਪ੍ਰਸਥ ਅਤੇ ਸੰਨਿਆਸ ਦੀ ਵਿਵਸਥਾ ਸੀ। ਕਈ ਲੋਕ ਗ੍ਰਿਸਤ ਸੰਸਾਰ ਤਿਆਗ ਕੇ ਸਾਰਾ ਜੀਵਨ ਹੀ ਜੰਗਲਾਂ ਜਾਂ ਪਹਾੜਾਂ ਵਿੱਚ ਜਾ ਕੇ ਪ੍ਰਭੂ-ਭਗਤੀ ਨੂੰ ਸਮਰਪਣ ਕਰ ਦਿੰਦੇ ਸਨ ਕਿਉਂਕਿ ਇਹ ਲੋਕ ਗ੍ਰਿਸਤ ਨੂੰ ਅਧਿਆਤਮਿਕ ਪ੍ਰਾਪਤੀ ਦੇ ਰਾਹ ਵਿੱਚ ਰੁਕਾਵਟ ਮੰਨਦੇ ਸਨ। ਸਿੱਖ ਮਰਯਾਦਾ ਅਨੁਸਾਰ ਨਿਤਨੇਮ ਦੇ ਪੰਜ ਪੜਾਅ ਕੀਤੇ ਜਾ ਸਕਦੇ ਹਨ: ਪਹਿਲਾ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਜੰਗਲ ਪਾਣੀ ਜਾਣਾ ਤੇ ਇਸ਼ਨਾਨ ਆਦਿ ਕਰਕੇ ਸਰੀਰ ਨੂੰ ਸੁਚੇਤ ਕਰਨਾ; ਦੂਜਾ ਨਿਤਨੇਮ ਵਿੱਚ ਨਿਸ਼ਚਿਤ ਕੀਤੀਆਂ ਬਾਣੀਆਂ-ਜਪੁ, ਜਾਪ, ਅਨੰਦ, ਸਵੱਯੇ ਤੇ ਚੌਪਈ ਦਾ ਪਾਠ ਕਰਨਾ; ਤੀਜਾ ਰੁਜ਼ਗਾਰ ਲਈ ਸ਼ੁੱਧ ਤੇ ਸੁੱਚੀ ਕਿਰਤ ਕਰਨਾ, ਚੌਥਾ ਸ਼ਾਮ ਸਮੇਂ ਰਹਿਰਾਸ ਸਾਹਿਬ ਦਾ ਪਾਠ ਆਪ ਕਰਨਾ ਜਾਂ ਸਾਧ ਸੰਗਤ ਵਿੱਚ ਜਾ ਕੇ ਸੁਣਨਾ ਜਾਂ ਕਰਨਾ। ਪੰਜਵਾਂ ਰਾਤ ਨੂੰ ਸੌਣ ਵੇਲੇ ਕੀਰਤਨ ਸੋਹਿਲੇ ਦਾ ਪਾਠ ਕਰਨਾ। ਇਹਨਾਂ ਤੋਂ ਇਲਾਵਾ ਬਹੁਤ ਸਾਰੇ ਸਿੱਖ ਸੁਖਮਨੀ ਸਾਹਿਬ, ਆਸਾ ਦੀ ਵਾਰ, ਚੰਡੀ ਦੀ ਵਾਰ ਆਦਿ ਦਾ ਪਾਠ ਨਿਤਨੇਮ ਨਾਲ ਕਰਦੇ ਹਨ। ਗੁਰਦੁਆਰੇ ਜਾਣਾ ਤੇ ਸਾਧ ਸੰਗਤ ਵਿੱਚ ਪ੍ਰਭੂ-ਗੁਣ ਗਾਇਨ ਕਰਨਾ, ਕੀਰਤਨ ਸੁਣਨਾ ਆਦਿ ਨੂੰ ਗੁਰਸਿੱਖਾਂ ਲਈ ਜ਼ਰੂਰੀ ਮੰਨਿਆ ਹੈ। ਸਿੱਖ ਰਹਿਤ ਮਰਯਾਦਾ ਅਨੁਸਾਰ ਨਿਤਨੇਮ ਨਾ ਕਰਨ ਵਾਲਾ ਤਨਖਾਹੀਆ ਹੈ ਤੇ ਗੁਰੂ ਦੀ ਮਿਹਰ ਤੋਂ ਵਾਂਝਾ ਰਹਿੰਦਾ ਹੈ।


ਲੇਖਕ : ਗੁਰਮੁਖ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਦੂਜੀ, ਹੁਣ ਤੱਕ ਵੇਖਿਆ ਗਿਆ : 2590, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-03-25-11-56-54, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.