ਨੂਰਮਹਿਲ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਨੂਰਮਹਿਲ   ਜਿਲਾ ਜਲੰਧਰ, ਤਸੀਲ ਫਲੌਰ ਦਾ ਇੱਕ ਪਿੰਡ ,  ਜਿੱਥੇ ਥਾਣਾ ਹੈ. ਰੇਲਵੇ ਸਟੇਸ਼ਨ ਨੂਰਮਹਲ ਤੋਂ ਡੇਢ ਮੀਲ ਉੱਤਰ ਗੁਰੂ ਹਰਿਰਾਇ ਸਾਹਿਬ ਜੀ ਦਾ ਗੁਰਦ੍ਵਾਰਾ ਹੈ. ਸਾਈਂ ਫਤੇਸ਼ਾਹ ਦਾ ਪ੍ਰੇਮ ਦੇਖਕੇ ਸਤਿਗੁਰੂ ਇੱਥੇ ਠਹਿਰੇ ਹਨ. ਗੁਰੂ ਸਾਹਿਬ ਦੇ ਵਿਰਾਜਣ ਦੇ ਇੱਥੇ ਦੋ ਥਾਂ ਹਨ. ਫਤੇਸ਼ਾਹ ਦੇ ਮਕਬਰੇ ਪਾਸ ਛੀਂਬਿਆਂ ਦੀ ਧਰਮਸਾਲਾ ਪਾਸ ਮੰਜੀਸਾਹਿਬ ਬਣਿਆ ਹੋਇਆ ਹੈ, ਪੁਜਾਰੀ ਸਿੰਘ ਹੈ। ੨ ਦਸਮਦ੍ਵਾਰ। ੩ ਗ੍ਯਾਨ ਸਹਿਤ ਅੰਤਹਕਰਣ. “ਨੂਰਮਹਲ ਕੋ ਸੋਧਕੈ ਗੁਰੁਬਲ ਧਸੈ ਜੁ ਦਾਸ.” (ਗੁਵਿ ੧੦) ੫ ਨੂਰਜਹਾਂ ਬੇਗਮ ਦੀ ਭੀ ਨੂਰਮਹਲ ਸੰਗ੍ਯਾ ਹੈ, ਜੋ ਅੰਤਹਪੁਰ ਦਾ ਨੂਰ ਸੀ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 384, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਨੂਰਮਹਿਲ ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਨੂਰਮਹਿਲ :  ਜਲੰਧਰ ਜ਼ਿਲ੍ਹੇ ਦੀ ਫ਼ਿਲੌਰ ਤਹਿਸੀਲ ਵਿਚ ਇਕ ਪ੍ਰਾਚੀਨ ਸ਼ਹਿਰ ਦੀ ਥੇਹ ਉੱਪਰ ਵਸਿਆ ਇਹ ਪ੍ਰਸਿੱਧ ਕਸਬਾ ਲੋਹੀਆਂ  ਖ਼ਾਸ, ਨਕੋਦਰ-ਲੁਧਿਆਣਾ ਰੇਲਵੇ ਲਾਈਨ ਉੱਪਰ, ਫ਼ਿਲੌਰ ਸ਼ਹਿਰ ਤੋਂ ਲਗਭਗ 20 ਕਿ. ਮੀ., ਨਕੋਦਰ ਸ਼ਹਿਰ ਤੋਂ 13 ਕਿ. ਮੀ. (8 ਮੀਲ) ਤੇ ਜਲੰਧਰ ਸ਼ਹਿਰ ਤੋਂ 33 ਕਿ. ਮੀ. (20.5 ਮੀਲ) ਦੀ ਦੂਰੀ ਉੱਤੇ ਸਥਿਤ ਹੈ। ਨੂਰਮਹਿਲ, ਦਿੱਲੀ ਤੋਂ ਲਾਹੌਰ ਜਾਂਦੀ ਜੀ. ਟੀ. ਰੋਡ ਉੱਤੇ ਵਸਿਆ ਹੋਇਆ ਹੈ। ਇਸ ਕਸਬੇ ਦੇ ਪੁਰਾਤਨ ਹੋਣ ਦੀ ਪੁਸ਼ਟੀ ਇਥੋਂ ਖੁਦਾਈ ਵਿਚੋ ਲਭੀਆਂ ਵੱਡੇ ਆਕਾਰ ਦੀਆਂ ਇੱਟਾਂ ਅਤੇ ਸਿੱਕੇ ਕਰਦੇ ਹਨ। ਉੱਘੇ ਇਤਿਹਾਸਕਾਰ ਕਨਿੰਘਮ ਨੂੰ ਵੀ ਇਥੋਂ ਚਾਂਦੀ ਅਤੇ ਤਾਂਬੇ ਦੇ ਸਿੱਕੇ ਜਿਨ੍ਹਾਂ ਉੱਪਰ ਰਾਜੂਬਲ ਅਤੇ ਮਾਹੀਪਾਲ ਰਾਜਿਆਂ ਦੇ ਨਿਸ਼ਾਨ ਉੱਕਰੇ ਸਨ, ਮਿਲੇ। ਇੱਟਾਂ ਉੱਪਰ ਵੀ ਵਿਚਕਾਰ ਇਕ ਬਿੰਦੂ ਦਾ ਨਿਸ਼ਾਨ ਰੱਖ ਕੇ ਉਸ ਦੇ ਗਿਰਦ ਤਿੰਨ ਅਰਧ ਗੋਲੇ ਉਂਗਲ ਨਾਲ ਵਾਹੇ ਮਿਲਦੇ ਹਨ । ਇਹ ਮੰਨਿਆ ਜਾਂਦਾ ਹੈ ਕਿ ਨੂਰਮਹਿਲ ਜਿਸ ਥਾਂ ਵਸਿਆ ਹੈ ਉਥੇ ਪਹਿਲਾਂ ਕੋਟ ਕਲੂਰ ਜਾਂ ਕੋਟ ਕਹਿਲੂਰ ਨਾਂ ਦਾ ਸ਼ਹਿਰ ਵਸਿਆ ਸੀ ਜੋ ਇਤਿਹਾਸਕਾਰ ਬਰਕਲੀ ਅਨੁਸਾਰ ਇਕ ਮਹੱਤਵਪੂਰਨ ਸ਼ਹਿਰ ਸੀ ਅਤੇ 1300 ਈ. ਵਿਚ ਤਬਾਹ ਹੋ ਗਿਆ ਸੀ।

ਅਜੋਕਾ ਨੂਰਮਹਿਲ ਕਸਬਾ ਬਾਦਸ਼ਾਹ ਜਹਾਂਗੀਰ ਦੀ ਮਹਾਰਾਣੀ ਨੂਰਜਹਾਂ ਦੀ ਯਾਦ ਵਿਚ ਵਸਾਇਆ ਗਿਆ ਜੋ ਇਤਿਹਾਸਕਾਰਾਂ ਅਨੁਸਾਰ ਇਥੇ ਹੀ ਪਲੀ ਸੀ । ਇਸ ਨੇ 1618 ਤੋਂ 1620 ਈ. ਵਿਚਕਾਰ ਇਥੇ ਇਕ ਸਰਾਂ ਬਣਵਾਈ ਅਤੇ ਕਈ ਪਰਿਵਾਰ ਇਸ ਕਸਬੇ ਵਿਚ ਆਬਾਦੀ ਕੀਤੇ । ਸੰਨ 1738-39 ਵਿਚ ਨਾਦਰ ਸ਼ਾਹ ਨੇ ਆਪਣੇ ਹਮਲਿਆਂ ਦੌਰਾਨ ਨੂਰਮਹਿਲ ਨਿਵਾਸੀਆਂ ਤੋਂ ਤਿੰਨ ਲੱਖ ਰੁਪਇਆ ਵਸੂਲ ਕਰਨ ਦਾ ਆਦੇਸ਼ ਕੀਤਾ । ਇਸ ਵਸੂਲੀ ਨੇ ਨੂਰਮਹਿਲ ਦੀ ਆਰਥਿਕ ਹਾਲਤ ਬਹੁਤ ਮੰਦੀ ਬਣਾ ਦਿੱਤੀ । ਸੰਨ 1756-57 ਵਿਚ ਅਹਿਮਦ ਸ਼ਾਹ ਨੇ ਅਜਿਹੀ ਹੀ ਵਸੂਲੀ ਦਾ ਹੁਕਮ ਦਿੱਤਾ ਅਤੇ ਨਿਵਾਸੀਆਂ ਵੱਲੋਂ ਇਹ ਅਦਾ ਨਾ ਕੀਤੇ ਜਾਣ ਕਤਲੇਆਮ ਤੇ ਸ਼ਹਿਰ ਨੂੰ ਸਾੜੇ ਦੇਣ ਦਾ ਹੁਕਮ ਜਾਰੀ ਕੀਤਾ। ਥੋੜ੍ਹੇ ਸਮੇਂ ਬਾਅਦ ਹੀ ਪੰਜਾਬ ਦਿੱਲੀ ਦੀ ਹਕੂਮਤ ਤੋਂ ਆਜ਼ਾਦ ਹੋ ਗਿਆ ਅਤੇ ਇਹ ਕਸਬਾ ਆਹਲੂਵਾਲੀਆ ਸਿੱਖਾਂ ਦੇ ਕਬਜ਼ੇ ਅਧੀਨ ਹੋ ਗਿਆ । ਕਪੂਰਥਲਾ ਦੇ ਸਰਦਾਰ ਕੌਰ ਸਿੰਘ ਅਤੇ ਉਸ ਦੇ ਵੰਸ਼ਜਾਂ ਨੇ ਇਥੇ ਰਾਜ ਕੀਤਾ । ਇਹ ਵੀ ਪਤਾ ਲਗਦਾ ਹੈ ਕਿ ਇਨ੍ਹਾਂ ਤੋਂ ਪਹਿਲਾਂ ਤਲਵਾਨ ਰਾਜਪੂਤਾਂ ਨੇ ਵੀ ਕੁਝ ਸਮਾਂ ਇੱਥੇ ਰਾਜ ਕੀਤਾ । ਉੱਨੀਵੀਂ ਸਦੀ ਦੇ ਅੰਤ ਵਿਚ ਸਰਾਂ ਦਾ ਪੱਛਮੀ ਦਵਾਰ ਬ੍ਰਿਟਿਸ਼ ਰਾਜ ਸਮੇਂ ਬਣਾਇਆ ਗਿਆ ਜੋ ਇਮਾਰਤਸਾਜ਼ੀ ਦਾ ਇਕ ਵਧੀਆ ਨਮੂਨਾ ਗਿਣਿਆ ਜਾਂਦਾ ਹੈ। ਪੁਰਾਲੇਖ ਵਿਭਾਗ ਵੱਲੋਂ ਇਸ ਨੂੰ ਬਹੁਤ ਸੰਭਾਲ ਨਾਲ ਰਖਿਆ ਹੋਇਆ ਹੈ । ਸਰਾਂ ਤੋਂ ਕਸਬੇ ਦੇ ਦੂਜੇ ਪਾਸੇ ਫ਼ਤਹਿ ਅਲੀ ਸ਼ਾਹ ਦਾ ਮਕਬਰਾ ਹੈ ਜੋ 1660-61 ਈ. ਵਿਚ ਬਣਾਇਆ ਗਿਆ।

ਇਥੇ ਤਿੰਨ ਹਾਈ ਸਕੂਲ (ਦੋ ਮੁੰਡਿਆਂ ਦੇ ਤੇ ਇਕ ਕੁੜੀਆਂ ਦਾ ), ਲੜਕੀਆਂ ਲਈ ਇਕ ਡਿਗਰੀ ਕਾਲਜ ਤੋਂ ਇਲਾਵਾ ਡਿਸਪੈਂਸਰੀ, ਡੰਗਰ-ਹਸਪਤਾਲ, ਡਾਕ-ਤਾਰ ਦਫ਼ਤਰ, ਪੁਲਿਸ ਸਟੇਸ਼ਨ ਤੇ ਪੀ. ਡਬਲਯੂ. ਡੀ. ਦੇ ਵਿਸ਼ਰਾਮ ਘਰ ਸ਼ਾਮਲ ਹਨ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 298, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-02-02-04-32-06, ਹਵਾਲੇ/ਟਿੱਪਣੀਆਂ: ਹ. ਪੁ. –ਇੰਪ. ਗ. ਇੰਡ. : ਡਿ. ਸੈਂ. ਹੈਂ. ਬੁ. -ਜਲੰਧਰ

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.