ਪਠਾਰ ਸਰੋਤ :
ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Plateau (ਪਲੈਟਅਉ) ਪਠਾਰ: ਇਹ ਫ਼ਰਾਂਸੀਸੀ ਭਾਸ਼ਾ ਦਾ ਸ਼ਬਦ ਹੈ, ਭਾਵ ਇਕ ਉਚਾ ਖੇਤਰ ਜਿਹੜਾ ਸਾਪੇਖਕ ਪੱਧਰ ਭੂਮੀ (relatively flat land) ਦਾ ਦ੍ਰਿਸ਼ ਪੇਸ਼ ਕਰਦਾ ਹੈ। ਇਸ ਦਾ ਇਕ ਪਾਸਾ ਅਕਸਰ ਤਿੱਖੀ ਢਲਾਣ ਪ੍ਰਦਰਸ਼ਿਤ ਕਰਦਾ ਹੈ। ਮਿਸਾਲ ਵਜੋਂ, ਦੱਖਣ ਪੱਛਮੀ ਏਸ਼ੀਆ ਦੀ ਤਿੱਬਤ ਪਠਾਰ ਬਹੁਤ ਮਹੱਤਵਪੂਰਨ ਜਾਣੀ ਜਾਂਦੀ ਹੈ।
ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3546, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no
ਪਠਾਰ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪਠਾਰ [ਨਾਂਪੁ] (ਭੂਗੋ) ਕਾਫ਼ੀ ਉੱਚੀ ਲੰਮੀ-ਚੌੜੀ ਪੱਧਰੀ ਸਖ਼ਤ ਜ਼ਮੀਨ, ਚਟਾਨ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3538, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਪਠਾਰ ਸਰੋਤ :
ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਦੂਜੀ
ਪਠਾਰ : ਧਰਤੀ ਦੇ ਧਰਾਤਲੀ ਥਲ ਰੂਪਾਂ ਨੂੰ ਅਕਸਰ ਤਿੰਨ ਮੁੱਖ ਕਿਸਮਾਂ-ਪਰਬਤ, ਪਠਾਰ ਅਤੇ ਮੈਦਾਨ ਵਿੱਚ ਵੰਡਿਆ ਜਾਂਦਾ ਹੈ। ਆਲੇ-ਦੁਆਲੇ ਦੇ ਖੇਤਰ ਨਾਲੋਂ ਉੱਪਰ ਉੱਠੀ ਹੋਈ ਪੱਧਰੀ ਭੂਮੀ ਨੂੰ ਪਠਾਰ ਕਿਹਾ ਜਾਂਦਾ ਹੈ। ਸਾਡੀ ਧਰਤੀ ਦਾ 33 ਪ੍ਰਤਿਸ਼ਤ ਭਾਗ ਪਠਾਰੀ ਹੈ। ਪਠਾਰਾਂ ਵਿੱਚ ਪਰਬਤ ਅਤੇ ਮੈਦਾਨ ਦੋਨਾਂ ਦੇ ਹੀ ਗੁਣ ਮਿਲੇ ਹੁੰਦੇ ਹਨ। ਇਹਨਾਂ ਦੀ ਪਾਸਿਆਂ ਦੀ ਢਲਾਣ ਪਰਬਤਾਂ ਵਾਂਗ ਤਿੱਖੀ ਹੁੰਦੀ ਹੈ, ਪਰੰਤੂ ਉੱਪਰ ਤੋਂ ਇਹ ਮੈਦਾਨ ਵਾਂਗ ਪੱਧਰੇ ਹੁੰਦੇ ਹਨ। ਪਠਾਰ ਧਰਤੀ ਦੇ ਉੱਚੇ ਪੱਧਰੇ ਭਾਗ ਹਨ, ਜੋ ਆਲੇ-ਦੁਆਲੇ ਤੋਂ ਇੱਕਦਮ ਉੱਚੇ ਉੱਠੇ ਹੁੰਦੇ ਹਨ। ਧਰਤੀ ਦੇ ਵੱਖ-ਵੱਖ ਖੇਤਰਾਂ ਵਿੱਚ ਇਹਨਾਂ ਦੀ ਉੱਚਾਈ ਵੀ ਵੱਖ-ਵੱਖ ਹੈ। ਸੰਸਾਰ ਵਿੱਚ ਸਭ ਤੋਂ ਉੱਚੀ, ਤਿੱਬਤ ਦੀ ਪਠਾਰ ਸਮੁੰਦਰ ਤਲ ਤੋਂ 5,000 ਮੀਟਰ ਉੱਚੀ ਹੈ। ਪਠਾਰ ਆਮ ਤੌਰ ਤੇ ਪਰਬਤ ਨਿਰਮਾਣ ਕਿਰਿਆ ਦੁਆਰਾ ਜਾਂ ਜਵਾਲਾਮੁਖੀ ਕਿਰਿਆ ਨਾਲ ਬਣਦੇ ਹਨ ਪਰੰਤੂ ਧਰਤੀ ਉੱਤੇ ਕਈ ਛੋਟੀਆਂ ਪਠਾਰਾਂ ਅਜਿਹੀਆਂ ਵੀ ਹਨ, ਜੋ ਖੁਰਚਣ ਕਿਰਿਆ ਦੁਆਰਾ ਬਣੀਆਂ ਹਨ। ਪਠਾਰ ਦਾ ਧਰਾਤਲ ਆਮ ਤੌਰ ਤੇ ਮੈਦਾਨ ਦੀ ਤਰ੍ਹਾਂ ਪੱਧਰਾ, ਲਹਿਰੀਏਦਾਰ, ਨੀਮ-ਪਹਾੜੀ ਜਾਂ ਨਦੀਆਂ ਅਤੇ ਗਲੇਸ਼ੀਅਰਾਂ ਦੁਆਰਾ ਕੱਟਿਆ-ਫੱਟਿਆ ਹੋ ਸਕਦਾ ਹੈ।
ਸੰਸਾਰ ਦੀਆਂ ਜ਼ਿਆਦਾਤਰ ਪਠਾਰਾਂ ਖਣਿਜ ਪਦਾਰਥਾਂ ਨਾਲ ਭਰਪੂਰ ਹਨ, ਜਿਵੇਂ ਕਿ ਭਾਰਤ ਦੀ ਛੋਟਾ ਨਾਗਪੁਰ ਅਤੇ ਦੱਖਣ ਦੀ ਪਠਾਰ, ਪੱਛਮੀ ਆਸਟਰੇਲੀਆ ਦੀ ਪਠਾਰ, ਬ੍ਰਾਜ਼ੀਲ ਦੀ ਪਠਾਰ ਅਤੇ ਦੱਖਣੀ ਅਫ਼ਰੀਕਾ ਦੀ ਪਠਾਰ ਆਦਿ। ਅਸਲ ਵਿੱਚ, ਇਹ ਪਠਾਰਾਂ ਧਰਤੀ ਦੇ ਉਹ ਹਿੱਸੇ ਹਨ, ਜਿਹੜੇ ਅੱਜ ਤੋਂ ਲਗਪਗ 35 ਕਰੋੜ ਸਾਲ ਪਹਿਲਾਂ ਇੱਕ ਹੀ ਭੂ-ਖੰਡ ਪੇਂਜੀਆ (Pangaea) ਦੇ ਭਾਗ ਸਨ। ਇਹ ਸਾਰੀਆਂ ਹੀ ਪੁਰਾਤਨ ਪਠਾਰਾਂ ਹਨ। ਕਈ ਨਵੀਨਤਮ ਪਠਾਰਾਂ, ਜਿਵੇਂ ਕਿ ਤਿੱਬਤ ਦੀ ਪਠਾਰ, ਅਜਿਹੀਆਂ ਹਨ, ਜਿਨ੍ਹਾਂ ਵਿੱਚ ਕੀਮਤੀ ਖਣਿਜ ਪਦਾਰਥ ਨਹੀਂ ਮਿਲਦੇ।
ਪਠਾਰਾਂ ਦਾ ਵਰਗੀਕਰਨ : ਪਠਾਰਾਂ ਦੀ ਉਤਪਤੀ ਨੂੰ ਧਿਆਨ ਵਿੱਚ ਰੱਖ ਕੇ ਇਹਨਾਂ ਦਾ ਵਰਗੀਕਰਨ ਹੇਠ ਲਿਖੇ ਅਨੁਸਾਰ ਕੀਤਾ ਜਾ ਸਕਦਾ ਹੈ :
1. ਅੰਦਰੂਨੀ ਤਾਕਤਾਂ ਦੁਆਰਾ ਨਿਰਮਿਤ ਪਠਾਰਾਂ: ਧਰਤੀ ਦੀਆਂ ਅੰਦਰੂਨੀ (endogenetic) ਤਾਕਤਾਂ, ਸੰਪੀੜਨ ਅਤੇ ਤਣਾਅ ਦੀਆਂ ਤਾਕਤਾਂ ਦੇ ਰੂਪ ਵਿੱਚ ਕੰਮ ਕਰਦੀਆਂ ਹਨ। ਇਹਨਾਂ ਤਾਕਤਾਂ ਦੁਆਰਾ ਕਈ ਕਿਸਮ ਦੀਆਂ ਪਠਾਰਾਂ ਬਣਦੀਆਂ ਹਨ। ਅੰਦਰੂਨੀ ਤਾਕਤਾਂ ਦੁਆਰਾ ਬਣੀਆਂ ਪਠਾਰਾਂ ਨੂੰ ਅੱਗੋਂ ਫਿਰ ਹੇਠ ਲਿਖੀਆਂ ਚਾਰ ਕਿਸਮਾਂ ਵਿੱਚ ਵੰਡਿਆ ਜਾ ਸਕਦਾ ਹੈ :
(ੳ) ਅੰਤਰ-ਪਰਬਤੀ ਪਠਾਰ : ਜਿਵੇਂ ਕਿ ਨਾਂ ਤੋਂ ਹੀ ਸਪਸ਼ਟ ਹੈ ਕਿ ਇਹ ਪਠਾਰਾਂ ਸਾਰੇ ਪਾਸਿਆਂ ਤੋਂ ਪਰਬਤਾਂ ਦੁਆਰਾ ਘਿਰੀਆਂ ਹੁੰਦੀਆਂ ਹਨ। ਇਹਨਾਂ ਦੀ ਉੱਤਪਤੀ ਆਮ ਤੌਰ ਤੇ ਪਰਬਤਾਂ ਦੇ ਨਾਲ ਹੀ ਹੋਈ ਹੁੰਦੀ ਹੈ। ਤਿੱਬਤ ਦੀ ਪਠਾਰ ਇਸ ਦੀ ਪ੍ਰਮੁੱਖ ਉਦਾਹਰਨ ਹੈ। ਇਸ ਦੇ ਦੱਖਣ ਵੱਲ ਹਿਮਾਲਿਆ ਪਰਬਤ ਲੜੀਆਂ ਅਤੇ ਉੱਤਰ ਵੱਲ ਕੁਨਲੁਨ (Kunlun) ਪਰਬਤ ਹਨ। ਇਸ ਪਠਾਰ ਦਾ ਕੁੱਲ ਖੇਤਰਫਲ 20,64,000 ਵਰਗ ਕਿਲੋਮੀਟਰ ਹੈ। ਇਸੇ ਤਰ੍ਹਾਂ ਹੀ ਮੈਕਸੀਕੋ, ਬੋਲੀਵੀਆ, ਕੋਲੰਬੀਆ ਅਤੇ ਅਫ਼ਗਾਨਿਸਤਾਨ ਦੀਆਂ ਪਠਾਰਾਂ ਵੀ ਅੰਤਰ-ਪਰਬਤੀ ਪਠਾਰਾਂ ਹਨ।
(ਅ) ਪਰਬਤ-ਪੈਰੀ ਪਠਾਰ : ਪਰਬਤ-ਪੈਰੀ (Foot-hill) ਉਹ ਪਠਾਰਾਂ ਹਨ, ਜਿਨ੍ਹਾਂ ਦੇ ਇੱਕ ਪਾਸੇ ਉੱਚੇ ਪਰਬਤ ਅਤੇ ਦੂਸਰੇ ਪਾਸੇ ਮੈਦਾਨ ਹਨ। ਅਜਿਹੀਆਂ ਪਠਾਰਾਂ ਵੀ ਪਰਬਤ ਨਿਰਮਾਣ ਸਮੇਂ ਧਰਤੀ ਦੀਆਂ ਅੰਦਰੂਨੀ ਤਾਕਤਾਂ ਦੁਆਰਾ ਹੋਂਦ ਵਿੱਚ ਆਉਂਦੀਆਂ ਹਨ। ਦੱਖਣੀ ਅਮਰੀਕਾ ਦੀ ਪੈਟਾਗੋਨੀਆ (Patagonia) ਦੀ ਪਠਾਰ ਅਤੇ ਉੱਤਰੀ ਅਮਰੀਕਾ ਦੀ ਕੋਲੰਬੀਆ ਦੀ ਪਠਾਰ ਇਸ ਦੀਆਂ ਪ੍ਰਮੁੱਖ ਉਦਾਹਰਨਾਂ ਹਨ।
(ੲ) ਮਹਾਂਦੀਪੀ ਪਠਾਰ : ਇਹ ਪਠਾਰਾਂ ਆਮ ਤੌਰ ਤੇ ਸਮੁੰਦਰ ਦੁਆਰਾ ਘਿਰੀਆਂ ਅਤੇ ਪਰਬਤਾਂ ਤੋਂ ਦੂਰ ਹੁੰਦੀਆਂ ਹਨ। ਦੱਖਣੀ ਭਾਰਤ ਦੀ ਪਠਾਰ ਇਸ ਤਰ੍ਹਾਂ ਦੀਆਂ ਪਠਾਰਾਂ ਦੀ ਵਧੀਆ ਉਦਾਹਰਨ ਹੈ। ਇਸੇ ਤਰ੍ਹਾਂ, ਅਰਬ ਦੀ ਪਠਾਰ, ਆਸਟਰੇਲੀਆ ਦੀ ਪਠਾਰ, ਗ੍ਰੀਨਲੈਂਡ ਅਤੇ ਐਂਟਾਰਕਟਿਕਾ ਦੀਆਂ ਪਠਾਰਾਂ, ਅਜਿਹੀਆਂ ਪਠਾਰਾਂ ਦੀਆਂ ਮੁੱਖ ਉਦਾਹਰਨਾਂ ਹਨ।
(ਸ) ਜਵਾਲਾਮੁਖੀ ਪਠਾਰ : ਇਹ ਪਠਾਰਾਂ ਜਵਾਲਾਮੁਖੀ ਵਿੱਚੋਂ ਨਿਕਲੇ ਲਾਵੇ ਦੇ ਜੰਮਣ ਨਾਲ ਬਣਦੀਆਂ ਹਨ। ਜਵਾਲਾਮੁਖੀ ਦੇ ਦਰਾੜੀ ਵਿਸਫੋਟ ਰਾਹੀਂ ਲਾਵਾ ਨਿਕਲ ਕੇ ਧਰਤੀ ਦੇ ਵੱਡੇ ਖੇਤਰ ਵਿੱਚ ਫੈਲ ਜਾਂਦਾ ਹੈ। ਜੇਕਰ ਲਾਵਾ, ਪਤਲਾ ਹੋਵੇ ਤਾਂ ਲਾਵੇ ਦੇ ਮੈਦਾਨ ਬਣਦੇ ਹਨ ਅਤੇ ਜੇਕਰ ਲਾਵਾ ਸੰਘਣਾ ਹੋਵੇ ਤਾਂ ਲਾਵੇ ਦੇ ਪਠਾਰ ਹੋਂਦ ਵਿੱਚ ਆਉਂਦੇ ਹਨ। ਇਸ ਤਰ੍ਹਾਂ, ਅਸੀਂ ਇਹ ਵੇਖ ਸਕਦੇ ਹਾਂ ਕਿ ਜਵਾਲਾਮੁਖੀ ਪਠਾਰ ਦਾ ਜਨਮ ਦਰਾੜੀ ਵਿਸਫੋਟ ਸਮੇਂ ਨਿਕਲੇ ਸੰਘਣੇ ਲਾਵੇ ਤੋਂ ਹੁੰਦਾ ਹੈ। ਕੋਲੰਬੀਆ ਦੀ ਪਠਾਰ ਇਸ ਦੀ ਵਧੀਆ ਉਦਾਹਰਨ ਹੈ। ਭਾਰਤ ਦੀ ਦੱਖਣੀ ਪਠਾਰ, ਆਈਸਲੈਂਡ, ਬ੍ਰਾਜ਼ੀਲ, ਦੱਖਣੀ ਅਫ਼ਰੀਕਾ, ਨਿਊਜ਼ੀਲੈਂਡ ਅਤੇ ਸਾਇਬੇਰੀਆ ਦੀਆਂ ਪਠਾਰਾਂ ਇਸੇ ਕਿਸਮ ਦੀਆਂ ਪਠਾਰਾਂ ਹਨ।
2. ਬਾਹਰੀ ਤਾਕਤਾਂ ਦੁਆਰਾ ਨਿਰਮਿਤ ਪਠਾਰਾਂ : ਜਿਸ ਤਰ੍ਹਾਂ ਧਰਤੀ ਦੀਆਂ ਅੰਦਰੂਨੀ ਤਾਕਤਾਂ ਇਸ ਦੇ ਧਰਾਤਲ ਨੂੰ ਉੱਚਾ-ਨੀਵਾਂ ਕਰਨ ਵਿੱਚ ਲੱਗੀਆਂ ਰਹਿੰਦੀਆਂ ਹਨ, ਇਸੇ ਤਰ੍ਹਾਂ ਹੀ ਬਾਹਰੀ (exogenetic) ਤਾਕਤਾਂ ਧਰਤੀ ਦੇ ਧਰਾਤਲ ਨੂੰ ਪੱਧਰਾ ਕਰਨ ਲਈ ਲਗਾਤਾਰ ਕੰਮ ਕਰਦੀਆਂ ਰਹਿੰਦੀਆਂ ਹਨ। ਇਹਨਾਂ ਤਾਕਤਾਂ ਦੇ ਮੁੱਖ ਕਾਰਕ ਦਰਿਆ, ਗਲੇਸ਼ੀਅਰ ਅਤੇ ਪੌਣਾਂ ਹਨ। ਇਹ ਤਿੰਨੋਂ ਹੀ ਕਾਰਕ ਧਰਤੀ ਦੇ ਵੱਖ-ਵੱਖ ਜਲਵਾਯੂ ਖੰਡਾਂ ਵਿੱਚ ਵੱਖ-ਵੱਖ ਤਰੀਕਿਆਂ ਦੁਆਰਾ ਖੁਰਚਣ ਅਤੇ ਤੋੜ-ਫੋੜ ਦਾ ਕੰਮ ਕਰਦੇ ਹਨ ਅਤੇ ਪਰਬਤਾਂ ਨੂੰ ਖੁਰਚ ਕੇ ਪਠਾਰਾਂ ਅਤੇ ਮੈਦਾਨਾਂ ਵਿੱਚ ਬਦਲਣ ਦੀ ਕਿਰਿਆ ਵਿੱਚ ਲੱਗੇ ਰਹਿੰਦੇ ਹਨ। ਅਜਿਹੀਆਂ ਪਠਾਰਾਂ ਕਿਸ ਕਿਰਿਆ ਦੁਆਰਾ ਬਣੀਆਂ ਹਨ, ਇਸ ਦੇ ਆਧਾਰ ਉੱਤੇ ਇਹਨਾਂ ਨੂੰ ਅੱਗੇ ਫਿਰ ਹੇਠ ਦਿੱਤੇ ਤਿੰਨ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ :
(ੳ) ਗਲੇਸ਼ੀਅਰ ਦੁਆਰਾ ਨਿਰਮਿਤ ਪਠਾਰਾਂ : ਧਰਤੀ ਦੇ ਉਹ ਖੇਤਰ ਜਿੱਥੇ ਸਾਰਾ ਸਾਲ ਬਰਫ਼ ਜੰਮੀ ਰਹਿੰਦੀ ਹੈ, ਉੱਥੇ ਗਲੇਸ਼ੀਅਰ ਹੀ ਤੋੜ-ਫੋੜ ਦਾ ਕੰਮ ਕਰਦੇ ਹਨ ਅਤੇ ਉੱਚੇ ਪਰਬਤਾਂ ਨੂੰ ਘਸਾ ਕੇ ਪਠਾਰਾਂ ਵਿੱਚ ਬਦਲ ਦਿੰਦੇ ਹਨ। ਗ੍ਰੀਨਲੈਂਡ, ਐਂਟਾਰਟਿਕਾ ਅਤੇ ਭਾਰਤ ਦੀ ਗੜ੍ਹਵਾਲ ਪਠਾਰ ਗਲੇਸ਼ੀਅਰ ਦੁਆਰਾ ਨਿਰਮਿਤ ਪਠਾਰਾਂ ਹਨ।
(ਅ) ਦਰਿਆ ਦੁਆਰਾ ਨਿਰਮਿਤ ਪਠਾਰਾਂ : ਵੱਗਦਾ ਹੋਇਆ ਦਰਿਆ ਹੇਠ ਲਿਖੇ ਦੋ ਤਰੀਕਿਆਂ ਨਾਲ ਪਠਾਰਾਂ ਦਾ ਨਿਰਮਾਣ ਕਰਦਾ ਹੈ :
(i) ਖੁਰਚਣ ਦੀ ਕਿਰਿਆ ਦੁਆਰਾ : ਉੱਚੇ ਪਰਬਤਾਂ ਉੱਤੇ ਲਗਾਤਾਰ ਖੁਰਚਣ ਦੀ ਕਿਰਿਆ ਹੋਣ ਨਾਲ ਪਹਾੜ ਹੌਲੀ-ਹੌਲੀ ਪਠਾਰ ਵਿੱਚ ਬਦਲ ਜਾਂਦੇ ਹਨ, ਜਿਵੇਂ ਕਿ ਭਾਰਤ ਦੀ ਵਿੰਧਿਆਚਲ ਪਠਾਰ ਅਤੇ ਮੀਆਂਮਾਰ (Myanamar) ਦੀ ਸ਼ਾਨ ਪਠਾਰ।
(ii) ਜਮ੍ਹਾ ਕਰਨ ਦੀ ਕਿਰਿਆ ਦੁਆਰਾ : ਪਰਬਤਾਂ ਤੋਂ ਖੁਰਚੇ ਹੋਏ ਮਲਬੇ ਨੂੰ ਦਰਿਆ ਅੱਗੇ ਜਾ ਕੇ ਜਮ੍ਹਾ ਕਰ ਦਿੰਦਾ ਹੈ। ਕਈ ਵਾਰ ਇਸ ਨਾਲ ਵੀ ਪਠਾਰ ਹੋਂਦ ਵਿੱਚ ਆਉਂਦੇ ਹਨ। ਜਿਵੇਂ ਕਿ ਭਾਰਤ ਦੀਆਂ ਬਿਹਾਰ ਵਿੱਚ ਸਥਿਤ ਰੋਹਤਾਸ ਪਠਾਰ ਅਤੇ ਮੱਧ ਪ੍ਰਦੇਸ਼ ਵਿੱਚ ਸਥਿਤ ਪੰਨਾ ਦੀ ਪਠਾਰ।
(ੲ) ਪੌਣਾਂ ਦੁਆਰਾ ਬਣੀਆਂ ਪਠਾਰਾਂ : ਪੌਣਾਂ ਧਰਤੀ ਦੇ ਖ਼ੁਸ਼ਕ ਜਲਵਾਯੂ ਖੰਡਾਂ ਵਿੱਚ ਤੋੜ-ਫੋੜ ਦਾ ਮੁੱਖ ਕਾਰਕ ਹਨ। ਚਟਾਨਾਂ ਤੋਂ ਤੋੜਿਆ ਹੋਇਆ ਮਲ੍ਹਬਾ ਪੌਣ ਆਪਣੇ ਨਾਲ ਉਡਾ ਕੇ ਹਜ਼ਾਰਾਂ ਮੀਲ ਦੂਰ ਲਿਜਾ ਕੇ ਜਮ੍ਹਾ ਕਰ ਦਿੰਦੀ ਹੈ। ਅਜਿਹੇ ਜਮਾਅ ਨਾਲ ਵੀ ਕਈ ਵਾਰੀ ਪਠਾਰ ਬਣ ਜਾਂਦੇ ਹਨ, ਜਿਵੇਂ ਕਿ ਚੀਨ ਦੀ ਲੋਇਸ ਪਠਾਰ ਅਤੇ ਪਾਕਿਸਤਾਨ ਦੀ ਪੋਠੋਹਾਰ ਦੀ ਪਠਾਰ।
ਲੇਖਕ : ਲਖਵੀਰ ਸਿੰਘ ਗਿੱਲ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਦੂਜੀ, ਹੁਣ ਤੱਕ ਵੇਖਿਆ ਗਿਆ : 1558, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-03-25-12-38-07, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First