ਪਰਾਧੀਨ ਉਪਵਾਕ ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼

ਪਰਾਧੀਨ ਉਪਵਾਕ : ਉਪਵਾਕ ਇਕ ਵਿਆਕਰਨਕ ਇਕਾਈ ਹੈ । ਉਪਵਾਕ ਦੋ ਪਰਕਾਰ ਦੀਆਂ ਵਾਕਾਤਮਕ ਬਣਤਰਾਂ ਵਿਚ ਵਿਚਰਦੇ ਹਨ । ਇਨ੍ਹਾਂ ਦੋ ਪਰਕਾਰ ਦੀਆਂ ਬਣਤਰਾਂ ਨੂੰ ਸਾਵੀਆਂ ਅਤੇ ਅਸਾਵੀਆਂ ਵਾਕਾਤਮਕ ਬਣਤਰਾਂ ਦਾ ਨਾਂ ਦਿੱਤਾ ਜਾਂਦਾ ਹੈ । ਸਾਵੀਆਂ ਬਣਤਰਾਂ ਵਿਚ ਸੰਯੁਕਤ ਵਾਕਾਂ ਨੂੰ ਰੱਖਿਆ ਜਾਂਦਾ ਹੈ ਜਦੋਂ ਕਿ ਅਸਾਵੀਆਂ ਬਣਤਰਾਂ ਵਿਚ ਮਿਸ਼ਰਤ ਵਾਕਾਂ ਨੂੰ ਰੱਖਿਆ ਜਾਂਦਾ ਹੈ । ਵਾਕਾਂ ਵਿਚ ਵਿਚਰਨ , ਕਾਰਜ ਅਤੇ ਬਣਤਰ ਦੇ ਅਧਾਰ ’ ਤੇ ਉਪਵਾਕਾਂ ਨੂੰ ਦੋ ਭਾਗਾਂ ਵਿਚ ਵੰਡਿਆ ਜਾਂਦਾ ਹੈ ਜਿਵੇਂ : ( i ) ਸਵਾਧੀਨ ਉਪਵਾਕ ਅਤੇ ( ii ) ਪਰਾਧੀਨ ਉਪਵਾਕ । ਇਕ ਸੰਯੁਕਤ ਵਾਕ ਦੀ ਬਣਤਰ ਵਿਚ ਦੋ ਜਾਂ ਦੋ ਤੋਂ ਵੱਧ ਸਵਾਧੀਨ ਉਪਵਾਕ ਵਿਚਰਦੇ ਹਨ । ਸਵਾਧੀਨ ਉਪਵਾਕ ਸੰਯੁਕਤ ਵਾਕਾਂ ਦੀ ਬਣਤਰ ਤੋਂ ਬਾਹਰ ਇਕ ਸਧਾਰਨ ਵਾਕ ਦੇ ਤੌਰ ’ ਤੇ ਵਿਚਰ ਸਕਣ ਦੀ ਸਮਰੱਥਾ ਰੱਖਦੇ ਹਨ । ਸਵਾਧੀਨ ਉਪਵਾਕ ਦੇ ਲੱਛਣ \ ਤੱਤ ਸਧਾਰਨ ਵਾਕਾਂ ਵਾਲੇ ਹੀ ਹੁੰਦੇ ਹਨ । ਸਵਾਧੀਨ ਉਪਵਾਕ ਇਕ ਸੰਯੁਕਤ ਵਾਕ ਵਿਚ ‘ ਤੇ , ਅੇ , ਜਾਂ , ਜਾਂ ਫਿਰ’ ਆਦਿ ਯੋਜਕਾਂ ਨਾਲ ਜੁੜੇ ਹੁੰਦੇ ਹਨ । ਦੂਜੇ ਪਾਸੇ ਮਿਸ਼ਰਤ ਵਾਕਾਂ ਦੀ ਬਣਤਰ ਵਿਚ ਵਿਚਰਨ ਵਾਲੇ ਉਪਵਾਕ ਦੋ ਪਰਕਾਰ ਦੇ ਹੁੰਦੇ ਹਨ : ਸਵਾਧੀਨ ਅਤੇ ਪਰਾਧੀਨ । ਇਕ ਮਿਸ਼ਰਤ ਵਾਕ ਦੀ ਬਣਤਰ ਵਿਚ ਘੱਟੋ ਘੱਟ ਇਕ ਸਵਾਧੀਨ ਅਤੇ ਇਕ ਪਰਾਧੀਨ ਉਪਵਾਕ ਵਿਚਰਦਾ ਹੈ । ਪਰਾਧੀਨ ਉਪਵਾਕ ਮਿਸ਼ਰਤ ਵਾਕ ਦੀ ਬਣਤਰ ਵਿਚ ਸਵਾਧੀਨ ਉਪਵਾਕ ਤੋਂ ਬਿਨਾਂ ਵਿਚਰ ਸਕਣ ਦੀ ਸਮਰੱਥਾ ਨਹੀਂ ਰੱਖਦਾ ਜਿਵੇਂ : ‘ ਜਿਹੜਾ ਮੁੰਡਾ ਕੱਲ੍ਹ ਆਇਆ ਸੀ , ਉਹ ਮੇਰਾ ਭਰਾ ਲਗਦਾ ਹੈ । ’ ਇਸ ਵਾਕ ਵਿਚ ਪਹਿਲਾ ਉਪਵਾਕ ਪਰਾਧੀਨ ਹੈ ਅਤੇ ਦੂਜਾ ਉਪਵਾਕ ਸਵਾਧੀਨ ਹੈ । ਦੂਜਾ ਉਪਵਾਕ ਇਕੱਲੇ ਤੌਰ ’ ਤੇ ਸਧਾਰਨ ਵਾਕ ਵਜੋਂ ਵਿਚਰ ਸਕਦਾ ਹੈ ਜਦੋਂ ਕਿ ਪਹਿਲਾ ਨਹੀਂ ਵਿਚਰ ਸਕਦਾ । ਪਰਾਧੀਨ ਉਪਵਾਕ ਤਿੰਨ ਪਰਕਾਰ ਦੇ ਹੁੰਦੇ ਹਨ , ਜਿਵੇਂ : ( i ) ਸੰਯੋਜਕੀ ਉਪਵਾਕ ( ii ) ਕਿ-ਉਪਵਾਕ ( ਨਾਂਵ ਉਪਵਾਕ ) ਅਤੇ ( iii ) ਕਿਰਿਆ ਵਿਸ਼ੇਸ਼ਣੀ ਉਪਵਾਕ । ਉਨ੍ਹਾਂ ਉਪਵਾਕਾਂ ਨੂੰ ਸੰਯੋਜਕੀ ਉਪਵਾਕਾਂ ਦੇ ਘੇਰੇ ਵਿਚ ਰੱਖਿਆ ਜਾਂਦਾ ਹੈ ਜਿਨ੍ਹਾਂ ਦੀ ਬਣਤਰ ਵਿਚ ‘ ਜੋ , ਜਿਹੜਾ’ ਵਰਗ ਦੇ ਸੰਯੋਜਕ ਵਿਚਰਦੇ ਹਨ । ਪਰੰਪਰਾਵਾਦੀ ਵਿਆਕਰਨਾਂ ਵਿਚ ਇਸ ਪਰਕਾਰ ਦੇ ਉਪਵਾਕਾਂ ਨੂੰ ਵਿਸ਼ੇਸ਼ਣੀ ਉਪਵਾਕਾਂ ਵਿਚ ਰੱਖਿਆ ਜਾਂਦਾ ਹੈ । ਇਸ ਭਾਂਤ ਦੇ ਮਿਸ਼ਰਤ ਵਾਕਾਂ ਵਿਚ ਸੰਯੋਜਕੀ ਉਪਵਾਕ ਉਹ ਕਾਰਜ ਕਰਦੇ ਹਨ ਜੋ ਕਾਰਜ ਇਕ ਸਧਾਰਨ ਵਾਕ ਵਿਚ ਵਿਸ਼ੇਸ਼ਣੀ ਵਾਕੰਸ਼ ਕਰਦਾ ਹੈ ਜਿਵੇਂ : ‘ ਉਹ ਸ਼ਹਿਰ ਉਜੜ ਗਿਆ ਜੋ ਪੁਰਾਣੀ ਸਭਿਅਤਾ ਦਾ ਪਰਤੀਕ ਸੀ । ’ ਇਸ ਵਾਕ ਵਿਚ ‘ ਜੋ’ ਨਾਲ ਸ਼ੁਰੂ ਹੋਣ ਵਾਲਾ ਉਪਵਾਕ ਪਰਾਧੀਨ ਉਪਵਾਕ ਹੈ । ਕਿ-ਉਪਵਾਕਾਂ ਵਾਲੇ ਮਿਸ਼ਰਤ ਵਾਕਾਂ ਵਿਚ ‘ ਕਿ’ ਨਾਲ ਸ਼ੁਰੂ ਹੋਣ ਵਾਲੇ ਉਪਵਾਕ ਪਰਾਧੀਨ ਹੁੰਦੇ ਹਨ । ਇਹ ਉਪਵਾਕ ਕਿਸੇ ਸਧਾਰਨ ਵਾਕ ਵਿਚ ਨਾਂਵ ਵਾਕੰਸ਼ ਵਜੋਂ ਕਾਰਜ ਕਰਦੇ ਹਨ । ਇਨ੍ਹਾਂ ਦੀ ਬਣਤਰ ਵਿਚ ‘ ਕਿ’ ਖਾਰਜ ਕਰ ਦਿੱਤਾ ਜਾਵੇ ਤਾਂ ਬਾਕੀ ਬਚੇ ਉਪਵਾਕ , ਸਵਾਧੀਨ ਉਪਵਾਕ ਵਜੋਂ ਵਿਚਰਨ ਲੱਗ ਪੈਂਦੇ ਹਨ । ਇਸ ਪਰਕਾਰ ਦੇ ਉਪਵਾਕ , ਵਾਕ ਦੇ ਪਹਿਲੇ ਸਥਾਨ ’ ਤੇ ਨਹੀਂ ਵਿਚਰ ਸਕਦੇ ਜਿਵੇਂ : ‘ ਮੈਂ ਸੁਣਿਆ ਹੋਇਆ ਦੀ ਕਿ ਸਾਂਗਲੇ ਇਕ ਪਹਾੜੀ ਹੈ । ’ ਤੀਜੀ ਪਰਕਾਰ ਦੇ ਪਰਾਧੀਨ ਉਪਵਾਕ ਕਿਸੇ ਮਿਸ਼ਰਤ ਵਾਕ ਦੀ ਬਣਤਰ ਵਿਚ ਕਿਰਿਆ ਵਿਸ਼ੇਸ਼ਣੀ ਉਪਵਾਕ ਵਜੋਂ ਕਾਰਜ ਕਰਦੇ ਹਨ । ਇਸ ਭਾਂਤ ਦੇ ਕਿਰਿਆ ਵਿਸ਼ੇਸ਼ਣੀ ਉਪਵਾਕਾਂ ਦੀ ਬਣਤਰ ਜ-ਵਰਗ ਦੇ ਕਿਰਿਆ ਵਿਸ਼ੇਸ਼ਣਾਂ ਜਾਂ ਕਿਉਂਕਿ , ਭਾਵੇਂ , ਸਗੋਂ , ਜੇ ਆਦਿ ਸ਼ਬਦਾਂ ’ ਤੇ ਨਿਰਭਰ ਹੁੰਦੀ ਹੈ , ਜਿਵੇਂ : ‘ ਜਿਥੇ ਘਟੀਆਪਣ ਦਾ ਅਹਿਸਾਸ ਹੋਵੇ ਉਥੇ ਹਸਦ ਹੁੰਦਾ ਹੈ । ’


ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 1898, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.