ਪਰੇਰਨਾਰਥਕ ਕਿਰਿਆ ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼

ਪਰੇਰਨਾਰਥਕ ਕਿਰਿਆ: ਇਸ ਸੰਕਲਪ ਦੀ ਵਰਤੋਂ ਵਿਆਕਰਨਕ ਵਿਆਖਿਆ ਲਈ ਕੀਤੀ ਜਾਂਦੀ ਹੈ। ਕਿਰਿਆ ਸ਼ਰੇਣੀ ਦੇ ਸ਼ਬਦ ਜਾਂ ਤਾਂ ਧਾਤੂ ਰੂਪ ਵਿਚ ਵਿਚਰਦੇ ਹਨ ਜਾਂ ਧਾਤੂ ਤੋਂ ਪਰਿਵਰਤਿਤ ਰੂਪ ਵਿਚ ਵਿਚਰਦੇ ਹਨ। ਵਾਕ ਵਿਚ ਵਿਚਰਦੇ ਵਾਕੰਸ਼ਾਂ ਦਾ ਆਪਸ ਵਿਚ ਵਾਕਾਰਥ ਹੁੰਦਾ ਹੈ। ਇਨ੍ਹਾਂ ਸਬੰਧਾਂ ਲਈ ਕੋਈ ਕਿਰਿਆ, ਅਕਰਮਕ, ਸਕਰਮਕ ਜਾਂ ਪਰੇਰਨਾਰਥਕ ਹੋ ਸਕਦੀ ਹੈ। ਅਕਰਮਕ ਕਿਰਿਆ ਲਈ ਕਿਸੇ ਕਰਮ ਦੀ ਲੋੜ ਨਹੀਂ ਹੁੰਦੀ ਪਰ ਸਕਰਮਕ ਕਿਰਿਆ ਨੂੰ ਕਿਸੇ ਕਰਮ ਦੀ ਲੋੜ ਹੁੰਦੀ ਹੈ। ਪਰੇਰਨਾਰਥਕ ਕਿਰਿਆ ਦੀ ਵਰਤੋਂ ਨਾਲ ਕਰਤਾ ਅਤੇ ਕਿਰਿਆ ਵਿਚਾਲੇ ਇਕ ਵਿਸ਼ੇਸ਼ ਪਰਕਾਰ ਦਾ ਵਾਕਾਰਥ ਸਬੰਧ ਪੈਦਾ ਹੁੰਦਾ ਹੈ। ਇਸ ਪੱਖ ਤੋਂ ਕਿਰਿਆ ਨੂੰ ਦੋ ਹਿੱਸਿਆਂ ਵਿਚ ਵੰਡਿਆ ਜਾ ਸਕਦਾ ਹੈ : (i) ਪਰੇਰਨਾਰਥਕ ਕਿਰਿਆ ਅਤੇ (ii) ਗੈਰ-ਪਰੇਰਨਾਰਥਕ ਕਿਰਿਆ। ਪਰੇਰਨਾਰਥਕ ਕਿਰਿਆ ਦੀ ਵਰਤੋਂ ਉਸ ਵਾਕਾਤਮਕ ਸਬੰਧ ਵਿਚ ਕੀਤੀ ਜਾਂਦੀ ਹੈ ਜਦੋਂ ਵਾਕ ਵਿਚ ਵਿਚਰਦੇ ਕਰਤਾ ਅੰਸ਼ ਨੂੰ ਕਿਸੇ ਕੰਮ ਦੀ ਪਰੇਰਨਾ ਦਿੱਤੀ ਗਈ ਹੋਵੇ ਅਤੇ ਦੂਜੇ ਪਾਸੇ ਗੈਰ-ਪਰੇਰਨਾਰਥਕ ਕਿਰਿਆ ਦੀ ਵਰਤੋਂ ਵੇਲੇ ਕਿਰਿਆ ਅਤੇ ਕਰਤਾ ਦੇ ਸਬੰਧ ਵਿਚ ਕੋਈ ਪਰੇਰਨਾ ਨਹੀਂ ਹੁੰਦੀ ਜਿਵੇਂ : ਮੁੰਡਾ ਖਤ ਲਿਖਦਾ ਹੈ, ਮਾਂ ਨੇ ਮੁੰਡੇ ਤੋਂ ਖਤ ਲਿਖਵਾਇਆ। ‘ਲਿਖਦਾ’ ਕਿਰਿਆ ਦਾ ਕੋਈ ਪਰੇਰਕ ਨਹੀਂ ਹੈ ਜਦੋਂ ਕਿ ‘ਲਿਖਵਾਇਆ’ ਦਾ ਪਰੇਰਕ ਹੈ। ਪਰੇਰਨਾਰਥਕ ਕਿਰਿਆ ਨੂੰ ਵਰਤੋਂ ਦੇ ਪੱਖ ਤੋਂ ਦੋ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ : (i) ਇਕਹਿਰੀ ਪਰੇਰਨਾਰਥਕ ਕਿਰਿਆ ਅਤੇ (ii) ਦੋਹਰੀ ਪਰੇਰਨਾਰਥਕ ਕਿਰਿਆ ਜਿਵੇਂ : ਲਿਖ (ਧਾਤੂ)ਲਿਖਾਉਣਾ (ਇਕਹਿਰੀ) ਲਿਖਵਾਉਣਾ (ਦੋਹਰੀ)। ਇਕਹਿਰੀ ਅਤੇ ਦੋਹਰੀ ਪਰੇਰਨਾਰਥਕ ਕਿਰਿਆ ਬਣਾਉਣ ਲਈ ਧਾਤੂ ਰੂਪ ਨਾਲ (-ਆ) ਅਤੇ (-ਵਾ) ਅੰਤਕ ਲਗਦੇ ਹਨ ਲਿਖਲਿਖਾ(-ਆ) ਲਿਖਵਾ (-ਵਾ) ਪਰ ਜਦੋਂ ਇਨ੍ਹਾਂ ਕਿਰਿਆ ਰੂਪਾਂ ਨੂੰ ਅਕਾਲਕੀ ਬਣਾੳੇੁਣਾ ਹੋਵੇ ਤਾਂ ਅਕਾਲਕੀ ਅੰਤਕ (-ਣਾ) ਤੋਂ ਪਹਿਲਾਂ (-ਔ) ਅਤੇ (-ਵੋ) ਦੀ ਵਰਤੋਂ ਹੁੰਦੀ ਹੈ, ਜਿਵੇਂ : ਲਿਖਲਿਖਾਉਣਾ, ਲਿਖਲਿਖਵਾਉਣਾ। ਇਕਹਿਰੀ ਅਤੇ ਦੋਹਰੀ ਪਰੇਰਨਾਰਥਕ ਕਿਰਿਆ ਜਦੋਂ ਕਾਲਕੀ ਰੂਪ ਵਿਚ ਵਿਚਰਦੀ ਹੈ ਤਾਂ ਭੂਤਕਾਲ ਲਈ (-ਆਇਆ) ਅਤੇ (-ਵਾਇਆ) ਦੀ ਵਰਤੋਂ ਹੁੰਦੀ ਹੈ ਜਿਵੇਂ : ਮੈਂ ਖਤ ਲਿਖਾਇਆ ਸੀ, ਮੈਂ ਖਤ ਲਿਖਵਾਇਆ ਸੀ। ਵਰਤਮਾਨ ਕਾਲ ਲਈ (-ਆਂਦਾ), (-ਵਾਉਂਦਾ) ਦੀ ਵਰਤੋਂ ਹੁੰਦੀ ਹੈ ਜਿਵੇਂ : ਉਹ ਖਤ ਲਿਖਾਂਦਾ ਹੈ, ਉਹ ਖਤ ਲਿਖਵਾਉਂਦਾ ਹੈ। ਭਵਿੱਖਤ ਕਾਲ ਲਈ (-ਆਊ), (-ਵਾਊ) ਦੀ ਵਰਤੋਂ ਹੁੰਦੀ ਹੈ ਜਿਵੇਂ : ਉਹ ਖਤ ਲਿਖਾਊ\ਲਿਖਊਗਾ, ਉਹ ਖਤ ਲਿਖਵਾਊ\ਲਿਖਵਾਊਗਾ।


ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 1305, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.