ਪਰੰਪਰਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪਰੰਪਰਾ ( ਨਾਂ , ਇ ) ਪ੍ਰਾਚੀਨ ਸਮੇਂ ਤੋਂ ਚਲੇ ਆ ਰਹੇ ਰਸਮ-ਰਿਵਾਜ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3751, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਪਰੰਪਰਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪਰੰਪਰਾ [ ਨਾਂਇ ] ਸਿਲਸਿਲਾ; ਰਹੁ-ਰੀਤ , ਰਿਵਾਜ , ਰਵਾਇਤ , ਪਰਪਾਟੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3739, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਪਰੰਪਰਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪਰੰਪਰਾ . ਸੰ. ਸੰਗ੍ਯਾ— ਸਿਲਸਿਲਾ । ੨ ਪੁਰਾਣੀ ਚਲੀ ਆਉਂਦੀ ਪਰਿਪਾਟੀ. ਜਿਵੇਂ— ਪਰੰਪਰਾ ਦੀ ਰੀਤਿ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3299, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਪਰੰਪਰਾ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਪਰੰਪਰਾ : ਸਾਹਿਤਿਕ ਪ੍ਰਗਟਾ ਦੀਆਂ ਪੁਰਾਣੀਆਂ ਪੱਧਤੀਆਂ ਅਤੇ ਸੁਭਾਉ ਜਿਹੜੇ ਲੇਖਕ ਗ੍ਰਹਿਣ ਕਰਦਾ ਹੈ ਅਤੇ ਆਪਣੀਆਂ ਰਚਨਾਵਾਂ ਵਿਚ ਅਪਣਾਉਂਦਾ ਹੈ , ਪਰੰਪਰਾ ਦੇ ਸੂਚਕ ਹਨ । ਇਸ ਨੂੰ ਉਰਦੂ ਵਿਚ ‘ ਰਵਾਇਤ’ ਕਹਿੰਦੇ ਹਨ । ਪਰੰਪਰਾ ਵਿਸ਼ੇਸ਼ ਸਾਹਿਤਿਕ ਯੁਕਤੀ ਦੀ ਹੋ ਸਕਦੀ ਹੈ ਜਿਵੇਂ ਨਾਟਕ ਦੇ ਅੰਤ ਨੂੰ ਸੁਖਦਾਈ ਜਾਂ ਦੁਖਦਾਈ ਬਣਾਉਣਾ । ਇਹ ਵਿਸ਼ੇਸ਼ ਸਾਹਿਤਿਕ ਰੂਪ ਦੀ ਵੀ ਹੋ ਸਕਦੀ ਹੈ ਜਿਵੇਂ ਵਾਰ , ਕਸੀਦੇ ਅਤੇ ਮਰਸੀਏ ਆਦਿ । ਪਰੰਪਰਾ ਕਿਸੇ ਵਿਸ਼ੇਸ਼ ਸਾਹਿਤਿਕ ਕਾਲ ਨਾਲ ਵੀ ਸੰਬੰਧਿਤ ਹੋ ਸਕਦੀ ਹੈ ਜਾਂ ਕਿਸੇ ਵਿਸ਼ੇਸ਼ ਸੰਸਕ੍ਰਿਤੀ ਦੀ ਵੀ ਸੂਚਕ ਹੋ ਸਕਦੀ ਹੈ , ਜਿਵੇਂ ਵਿਕਟੋਰੀਆ ਕਾਲ ਪਰੰਪਰਾ , ਨਾਨਕ ਕਾਲ ਪਰੰਪਰਾ , ਯੂਨਾਨੀ ਜਾਂ ਭਾਰਤੀ ਪਰੰਪਰਾ ਅਤੇ ਫ਼੍ਰਾਂਸੀਸੀ ਪਰੰਪਰਾ ਆਦਿ । ਸਮਾਨ ਸੂਚਕ ਅਤੇ ਆਦਰਬੋਧਕ ਪਰਿਭਾਸ਼ਾ ਅਨੁਸਾਰ ਪਰੰਪਰਾ ਉਸ ਵਿਸ਼ੇਸ਼ ਪੁਰਾਤਨ ਸਾਹਿਤਿਕ ਧਾਰਾ ਨੂੰ ਆਖਿਆ ਜਾਂਦਾ ਹੈ ਜਿਸ ਦੇ ਵਿਕਾਸ ਦਾ ਪ੍ਰਵਾਹ ਇਕਸਾਰ ਅਤੇ ਲੰਮੇ ਸਮੇਂ ਤਕ ਹੁੰਦਾ ਰਿਹਾ ਹੋਵੇ । ਇਨ੍ਹਾਂ ਅਰਥਾਂ ਅਨੁਸਾਰ ਅਸੀਂ ਕਿਸੇ ਲੇਖਕ ਦੀਆਂ ਰਚਨਾਵਾਂ ਦਾ ਆਦਰ ਕਰਦੇ ਹੋਏ ਇਹ ਆਖ ਸਕਦੇ ਹਾਂ ਕਿ ਅਮਕਾ ਲੇਖਕ ਪਰੰਪਰਾ ਦਾ ਪ੍ਰਤਿਨਿਧੀ ਹੈ ਜਾਂ ਪਰੰਪਰਾਪੂਰਣ ਹੈ । ਪਰੰਤੂ ਇਸ ਦੇ ਨਾਲ ਹੀ ਲੇਖਕ ਨੂੰ ‘ ਰੂੜ੍ਹੀਵਾਦੀ’ ਆਖ ਕੇ ਭੰਡਿਆ ਵੀ ਜਾ ਸਕਦਾ ਹੈ ।

                  ਆਲੋਚਕ ਵੱਖ ਵੱਖ ਲੇਖਕਾਂ ਦਾ ਪਰੰਪਰਾ ਨਾਲ ਸੂਖ਼ਮ ਅਤੇ ਰਹੱਸਮਈ ਸੰਬੰਧ ਜੋੜਨ ਦਾ ਯਤਨ ਕਰਦੇ ਹਨ ਪਰੰਤੂ ਇਸ ਸੰਬੰਧ ਵਿਚ ਦੋ ਵਿਸ਼ੇਸ਼ ਗੱਲਾਂ ਆਮ ਦੇਖੀਆਂ ਜਾਂਦੀਆਂ ਹਨ । ਪਹਿਲੀ ਇਹ ਕਿ ਹਰ ਇਕ ਲੇਖਕ ਭਾਵੇਂ ਉਹ ਅਨਪੜ੍ਹ ਹੈ , ਸਾਧਾਰਣ ਤੌਰ ’ ਤੇ ਪਰੰਪਰਾਵਾਦੀ ਵਿਚਾਰਾਂ ਨਾਲ ਹੀ ਆਪਣੀ ਮੁੱਢਲੀ ਰਚਨਾ ਆਰੰਭਦਾ ਹੈ । ਇਸ ਬਾਰੇ ਇਹ ਦਲੀਲ ਦਿੱਤੀ ਜਾਂਦੀ ਹੈ ਕਿ ਹਰ ਇਕ ਲੇਖਕ ਨੂੰ ਬੋਲੀ ਵਿਰਸੇ ਵਿਚ ਮਿਲਦੀ ਹੈ ਅਤੇ ਉਹ ਬਿਨਾ ਇਸ ਦੇ ਕੋਈ ਵੀ ਰਚਨਾ ਨਹੀਂ ਕਰ ਸਕਦਾ । ਉਸ ਦੀਆਂ ਰਚਨਾਵਾਂ ਭਾਵੇਂ ਲਿਖਤੀ ਹੋਣ ਜਾਂ ਮੌਖਿਕ , ਉਸ ਦੇ ਪੜ੍ਹੇ ਅਤੇ ਸੁਣੇ ਹੋਏ ਵਿਚਾਰਾਂ ਉੱਤੇ ਹੀ ਆਧਾਰਿਤ ਹੁੰਦੀਆਂ ਹਨ । ਦੂਜੀ ਗੱਲ ਇਹ ਕਿ ਕੋਈ ਵੀ ਲੇਖਕ ਕੇਵਲ ਪਰੰਪਰਾ ਨੂੰ ਹੀ ਮੁੱਖ ਰੱਖ ਕੇ ਆਪਣੀ ਰਚਨਾ ਨਹੀਂ ਕਰਦਾ । ਬੋਲੀ ਦਾ ਗਤੀਸ਼ੀਲ ਅਤੇ ਬਦਲਦਾ ਸੁਭਾਉ ਉਸ ਲਈ ਸਹਾਇਕ ਬਣਦਾ ਹੈ । ਇਸ ਲਈ ਲੇਖਕ ਦੇ ਪਰੰਪਰਾ ਨਾਲ ਸੰਬੰਧ ਬਾਰੇ ਇਨ੍ਹਾਂ ਵਿਸ਼ੇਸ਼ ਨੁਕਤਿਆਂ ਦਾ ਧਿਆਨ ਰੱਖਣਾ ਪੈਂਦਾ ਹੈ । ਇਨ੍ਹਾਂ ਦੋਹਾਂ ਵਿਚਾਰਾਂ ਦੇ ਤਣਾਉ ਵਿਚ ਹੀ ਪਰੰਪਰਾ ਨਾਲ ਸੰਬੰਧ ਦੇ ਅਰਥ ਵਿਦਮਾਨ ਹਨ , ਅਰਥਾਤ ਅਤੀਤ ਨਾਲ ਅਟੁੱਟ ਸੰਬੰਧ ਅਤੇ ਵਿਰਸੇ ਵਿਚ ਪ੍ਰਾਪਤ ਹੋਏ ਅਤੀਤ ਨੂੰ ਵਰਤਮਾਨ ਨਾਲ ਸੰਬੰਧਿਤ ਕਰਨ ਦੀ ਲੋੜ । ਟੀ ਐਸ. ਏਲੀਅਟ ( T. S. Eliot ) ਦੇ ਕਥਨ ਅਨੁਸਾਰ ( Tradition and Individual Talent ) ਪਰੰਪਰਾ ਨੂੰ ਕਦੇ ਵਿਰਸੇ ਵਿਚ ਪ੍ਰਾਪਤ ਨਹੀਂ ਕੀਤਾ ਜਾ ਸਕਦਾ । ਪਰੰਪਰਾ ਨੂੰ ਗ੍ਰਹਿਣ ਕਰਨ ਲਈ ਬੜੀ ਮਿਹਨਤ ਦੀ ਆਵੱਸ਼ਕਤਾ ਹੈ , ਭਾਵ ਇਹ ਕਿ ਨਵੀਨ ਅਨੁਭੂਤੀ ਤੋਂ ਅਛੋਹ ਪ੍ਰਗਟਾ ਦੇ ਨਾਲ , ਪੁਰਾਤਨ ਰੂਪ ਵਿਚ ਵਿਚਾਰ ਨਿਰਜਿੰਦ ਉਕਤੀਆਂ ਬਣ ਕੇ ਰਹਿ ਜਾਂਦੇ ਹਨ । ਵਿਚਰ ਵਿਵੇਕਹੀਣ ਅਤੇ ਰੂਪ ਨਿਰਜੀਵ ਨਿਯਮ ਬਣ ਜਾਂਦੇ ਹਨ ।

                  ਸਾਹਿੱਤ ਦਾ ਇਤਿਹਾਸਕਾਰ ਸਾਧਾਰਣ ਰੂਪ ਵਿਚ ਪਰੰਪਰਾ ਨੂੰ ਇਕ ਅਗੰਮੀ ਵਹਿਣ ਜਾਣ ਕੇ ਇਸ ਦੇ ਪ੍ਰਵਾਹ ਦੀ , ਸੋਮੇ ਤੋਂ ਲੈ ਕੇ ਵਰਤਮਾਨ ਅਵਸਥਾ ਤਕ ਪਰਖ ਕਰਦਾ ਹੈ । ਸਾਹਿੱਤ ਦੇ ਸਾਧਾਰਣ ਵਿਦਿਆਰਥੀ ਵੀ ਸਿਲਸਿਲੇਵਾਰ ਅਤੇ ਸਮੇਂ ਦੀ ਲੜੀ ਵਿਚ ਪਰੋਈਆਂ ਇਕਸਾਰੀ ਪ੍ਰਵ੍ਰਿਤੀਆਂ ਨੂੰ ਪਰੰਪਰਾ ਹੀ ਆਖਦੇ ਹਨ । ਪਰੰਤੂ ਅੱਜ ਦੇ ਨਵੇਂ ਲੇਖਕ ਨਦੀ ਦੀ ਲਹਿਰ ਦੇ ਨਾਲ ਬੇਜਾਨ ਹੋ ਤਰਦੇ ਰਹਿਣਾ ਨਹੀਂ ਚਾਹੁੰਦੇ ਸਗੋਂ ਸਾਮਨ ਮੱਛੀਆਂ ਵਾਂਗ ਕਾਂਗਾਂ ਵਿਰੁੱਧ ਠਿਲ੍ਹਣਾ ਲੋਚਦੇ ਹਨ । ਇਕ ਆਦਰਸ਼ ਪਰੰਪਰਾਵਾਦੀ ਲੇਖਕ ਉਹ ਹੁੰਦਾ ਹੈ ਜਿਹੜਾ ਪੁਰਾਤਨ ਅਤੇ ਸਨਾਤਨੀ ਸਾਹਿੱਤ ਦੇ ਸੰਪੂਰਣ ਗਿਆਨ ਦਾ ਵਰਤਮਾਨ ਸਥਿਤੀਆਂ ਦੇ ਪ੍ਰਸੰਗ ਵਿਚ ਰੱਖ ਕੇ ਅਧਿਐਨ ਕਰਦਾ ਹੈ ਅਤੇ ਪੁਰਾਤਨ ਅਨੁਭਵਾਂ ਨੂੰ ਮੁੱਖ ਰੱਖ ਕੇ ਵਰਤਮਾਨ ਸਮੱਸਿਆਵਾਂ ਨੂੰ ਸੁਲਝਾਉਂਦਾ ਹੈ । ਭੂਤਕਾਲ ਦੇ ਸਾਹਿੱਤ ਦੀ ਅਣਆਲੋਚਨਾਤਮਕ ( uncritical ) ਨਕਲ ਨਾਲ ਕੇਵਲ ਪਰੰਪਰਾ ਦੀਆਂ ਨੀਰਸ ਕਾਲ– ਟੁਕੜੀਆਂ ( period pieces ) ਹੀ ਉਪਜਦੀਆਂ ਹਨ ਜਿਨ੍ਹਾਂ ਦਾ ਵਰਤਮਾਨ ਨਾਲ ਕੋਈ ਸੰਬੰਧ ਨਹੀਂ ਹੁੰਦਾ । ਅਜਿਹਾ ਸਾਹਿੱਤ ਕੇਵਲ ਪਰੰਪਰਾਵਾਦੀ ਰੂਪ ਜ਼ਰੂਰ ਧਾਰਣ ਕਰ ਲੈਂਦਾ ਹੈ ਪਰ ਪੁਰਾਤਨ ਸਾਹਿਤਿਕ ਭਾਵਨਾ ਤੋਂ ਅਭਿਜ ਰਹਿੰਦਾ ਹੈ ।

                  ਪਰੰਪਰਾ ਦੇ ਉਪਰੋਕਤ ਗੁਣਾਂ ਅਨੁਸਾਰ ਪੰਜਾਬੀ ਸਾਹਿੱਤ ਵਿਚ ਸਿੱਖ ਗੁਰੂ ਸਾਹਿਬਾਨ ਆਦਰਸ਼ ਪਰੰਪਰਾਵਾਦੀ ਸਨ ਜਿਨ੍ਹਾਂ ਨੇ ਪੁਰਾਤਨ ਭਾਰਤੀ ਕਾਵਿ ਅਤੇ ਵਿਚਾਰ ਪਰੰਪਰਾ ਨੂੰ ਸੰਬੋਧਿਤ ਕਰਕੇ ਅੰਕਿਤ ਕੀਤਾ । ਇਨ੍ਹਾਂ ਦਾ ਕਾਵਿ ਪੁਰਾਤਨ ਆਦਰਸ਼ ਭਾਰਤੀ ਸੰਸਕ੍ਰਿਤੀ ਦਾ ਖ਼ਜ਼ਾਨਾ ਹੈ । ਗੁਰੂ ਸਾਹਿਬਾਨ ਨੇ ਪੁਰਾਤਨ ਕਾਵਿ ਵਿਚ ਵਰਤਮਾਨ ਸਮੇਂ ਲਈ ਬੇਲੋੜੇ ਤੱਤਾਂ ਨੂੰ ਕੱਢ ਦਿੱਤਾ । ਇਸੇ ਲਈ ਇਹ ਇਕ ਨਵੀਨ ਪ੍ਰੇਰਣਾ ਪ੍ਰਦਾਨ ਕਰਦਾ ਹੈ । ਭਾਈ ਗੁਰਦਾਸ , ਭਾਈ ਮਨੀ ਸਿੰਘ ਅਤੇ ਭਾਈ ਵੀਰ ਸਿੰਘ ਨੇ ਗੁਰੂ– ਸਾਹਿੱਤ ਪਰੰਪਰਾ ਨੂੰ ਅੱਗੇ ਤੋਰਿਆ । ਗੁਰੂ ਗੋਬਿੰਦ ਸਿੰਘ ਨੇ ‘ ਚੰਡੀ ਦੀ ਵਾਰ’ ਦੀ ਪੌਰਾਣਿਕ ਕਥਾ ਨੂੰ ਸਮੇਂ ਦੀ ਲੋੜ ਮੁਤਾਬਕ ਇਕ ਨਵਾਂ ਰੂਪ ਦਿੱਤਾ । ਫ਼ਰੀਦ ਦੇ ਸੂਫ਼ੀ ਕਾਵਿ ਦੀ ਪਰੰਪਰਾ ਨੂੰ ਸ਼ਾਹ ਹੁਸੈਨ , ਬੁੱਲ੍ਹੇ ਸ਼ਾਹ ਅਤੇ ਗ਼ੁਲਾਮ ਫ਼ਰੀਦ ਨੇ ਨਿਭਾਇਆ ਹੈ । ਇਸੇ ਤਰ੍ਹਾਂ ਦਮੋਦਰ ਦੀ ਹੀਰ– ਕਥਾ ਨੂੰ ਵਾਰਸ ਨੇ ਨਵੇਂ ਢੰਗ ਨਾਲ ਛੋਹਿਆ ਹੈ । ਸ਼ਿਵ ਕੁਮਾਰ ਨੇ ਪੂਰਨ ਭਗਤ ਦੇ ਕਿੱਸੇ ਨੂੰ ਇਕ ਨਵਾਂ ਮੋੜ ਦਿੱਤਾ ਹੈ , ਉਹ ਪੁਰਾਤਨ ਵਿਸ਼ੈ ਨੂੰ ਆਦਰਯੋਗ ਥਾਂ ਦਿੰਦਾ ਹੋਇਆ ਅੱਜ ਤਕ ਭੰਡੀ ਜਾ ਰਹੀ ਲੂਣਾ ਨੂੰ ਆਪਣੇ ਨਵੇਂ ਸੰਕਲਪ ਦੁਆਰਾ ਇਕ ਨਿਆਂਪੂਰਣ ਅਵਸਥਾ ਵਿਚ ਪੇਸ਼ ਕਰਨ ਦਾ ਯਤਨ ਕਰਦਾ ਹੈ ।  


ਲੇਖਕ : ਡਾ. ਮਹਿੰਦਰ ਪਾਲ ਕੋਹਲੀ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 1439, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-14, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.