ਪਲਵਲ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪਲਵਲ. ਗੁੜਗਾਉਂ ਜਿਲੇ ਦਾ ਪੰਜਾਬ ਵਿੱਚ ਇੱਕ ਨਗਰ. “ਪਲਵਲ ਕੋ ਰਾਜਾ ਰਹੈ.” (ਚਰਿਤ੍ਰ ੧੬੯)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 207, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
ਪਲਵਲ ਸਰੋਤ :
ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ
ਪਲਵਲ : ਇਹ ਹਰਿਆਣਾ ਰਾਜ ਦੇ ਫ਼ਰੀਦਾਬਾਦ ਜ਼ਿਲ੍ਹੇ ਦੀ ਪਲਵਲ ਤਹਿਸੀਲ ਦਾ ਸਦਰ ਮੁਕਾਮ ਹੈ ਜੋ ਦਿੱਲੀ ਤੋਂ ਲਗਭਗ 50 ਕਿ.ਮੀ. (30 ਮੀਲ) ਦੱਖਣ ਵੱਲ ਸਥਿਤ ਹੈ। ਇਸ ਸ਼ਹਿਰ ਦੀ ਇਤਿਹਾਸਕ ਮਹੱਤਤਾ ਇਸ ਦੇ ਮਹਾਭਾਰਤ ਨਾਲ ਸਬੰਧਤ ਹੋਣ ਕਾਰਨ ਹੈ। ਕਈ ਵਿਦਵਾਨਾਂ ਅਨੁਸਾਰ ਪਾਂਡਵ ਰਾਜ ਦੇ ਇੰਦਰਪ੍ਰਸਥ ਦਾ ਇਕ ਹਿੱਸਾ, ਅਪਿਲਵ ਇਹੋ ਸਥਾਨ ਸੀ। ਨੇੜੇ ਦੇ ਪਿੰਡ ਅਹਰਵਾਨ ਵਿਚ ਸਥਿਤ ਉੱਚਾ ਟਿੱਬਾ ਵੀ ਇਸੀ ਸਮੇਂ ਨਾਲ ਸਬੰਧਤ ਦੱਸਿਆ ਜਾਂਦਾ ਹੈ। ਇਸ ਕਸਬੇ ਦਾ ਸਾਰਾ ਇਲਾਕਾ ਕਾਫ਼ੀ ਸਮਾਂ ਥੇਹ ਦੇ ਰੂਪ ਵਿਚ ਰਿਹਾ ਅਤੇ ਰਾਜ ਵਿਕ੍ਰਮਾਦਿਤ ਨੇ ਇਸ ਨੂੰ ਮੁੜ ਵਸਾਇਆ। ਸਭ ਤੋਂ ਪੁਰਾਤਨ ਹਿੱਸਾ ਇਥੇ ਇਕ ਉੱਚਾ ਟਿੱਬਾ ਹੈ ਜੋ ਸਦੀਆਂ ਤੋਂ ਇਥੇ ਇਕੱਠੇ ਹੋਏ ਮਲਬੇ ਕਾਰਨ ਬਣਿਆ ਹੈ। ਇਸ ਦੇ ਹੇਠਾਂ ਪੱਧਰੇ ਇਲਾਕੇ ਵਿਚ ਹੌਲੀ ਹੌਲੀ ਵਸੋਂ ਹੋ ਗਈ ਅਤੇ ਛੋਟਾ ਜਿਹਾ ਕਸਬਾ ਬਣ ਗਿਆ। ਮੁਗ਼ਲ ਕਾਲ ਦੌਰਾਨ ਇਸ ਕਸਬੇ ਦੀ ਕੋਈ ਇਤਿਹਾਸਕ ਮਹੱਤਤਾ ਨਹੀਂ ਸੀ ਪਰ ਇਸ ਕਾਲ ਦੇ ਪਤਨ ਸਮੇਂ ਇਹ ਇਲਾਕਾ ਜਨਰਲ ਡੂਬਾਇਨ ਨੂੰ ਜਾਗੀਰ ਵਜੋਂ ਦਿੱਤਾ ਗਿਆ। ਇਸ ਉਪਰੰਤ ਲਾਰਡ ਲੇਕ ਦੀ ਜਿੱਤ ਮਗਰੋਂ ਇਹ ਇਲਾਕਾ ਦਿੱਲੀ ਦੇ ਮੁਰਤਜ਼ਾ ਖ਼ਾਨ ਨੂੰ ਕੁਝ ਸਮੇਂ ਲਈ ਦੇ ਦਿੱਤਾ ਗਿਆ ਅਤੇ ਮੁੜ ਇਹ ਬ੍ਰਿਟਿਸ਼ ਰਾਜ ਅਧੀਨ ਆ ਗਿਆ।
ਇਥੇ ਇਕ ਮਸਜਿਦ ਬਣੀ ਹੋਈ ਹੈ ਜੋ ਥੰਮ੍ਹਾਂ ਉਪਰ ਖੜ੍ਹੀ ਹੈ। ਥੰਮ੍ਹਾਂ ਉੱਪਰ 1221 ਈ. ਵਿਚ ਅਲਤਮਸ਼ ਦੇ ਰਾਜ ਸਮੇਂ ਦੀਆਂ ਵਿਗਾੜੀਆਂ ਹੋਈਆਂ ਹਿੰਦੂ ਮੂਰਤੀਆਂ ਦੇ ਚਿੰਨ੍ਹ ਅਜੇ ਵੀ ਬਾਕੀ ਹਨ। ਇਸ ਸ਼ਹਿਰ ਤੋਂ ਬਾਹਰ ਮਥੁਰਾ ਵੱਲ ਜਾਂਦੀ ਸੜਕ ਉੱਤੇ ਲਾਲ-ਪੱਥਰ ਦੀ ਇਕ ਸੁੰਦਰ ਗੁੰਬਦ ਵਾਲੀ ਮਸਜਿਦ ਬਣੀ ਹੋਈ ਹੈ। ਇਸ ਮਸਜਿਦ ਸਬੰਧੀ ਇਹ ਰਵਾਇਤ ਹੈ ਕਿ ਸਲੀਮਗੜ੍ਹ ਦਾ ਕਿਲਾ ਬਣਵਾਉਣ ਲਈ ਆਗਰਾ ਤੋਂ ਦਿੱਲੀ ਵੱਲ ਗੱਡਿਆਂ ਵਿਚੋਂ ਜੋ ਪੱਥਰ ਢੋਇਆ ਜਾਂਦਾ ਸੀ, ਇਕ ਫਕੀਰ ਹਰ ਗੱਡੇ ਵਿਚੋਂ ਇਕ ਪੱਥਰ ਲਾਹ ਲੈਂਦਾ ਸੀ ਅਤੇ ਇਸ ਤਰ੍ਹਾਂ ਇਕੱਠੇ ਕੀਤੇ ਪੱਥਰਾਂ ਨਾਲ ਉਸ ਨੇ ਇਹ ਮਸਜਿਦ ਬਣਵਾਈ।
ਇਹ ਕਸਬਾ ਕਣਕ ਅਤੇ ਕਪਾਹ ਦੀ ਮੰਡੀ ਵਜੋਂ ਵੀ ਪ੍ਰਸਿੱਧ ਹੈ। ਇਥੇ ਇਨ੍ਹਾਂ ਦੀ ਸੰਭਾਲ ਲਈ ਵੱਡੇ-ਵੱਡੇ ਗੋਦਾਮ ਬਣੇ ਹੋਏ ਹਨ। ਇਥੇ ਸਰ੍ਹੋਂ ਦਾ ਤੇਲ ਕੱਢਣ ਦੀ ਵੀ ਇਕ ਫੈਕਟਰੀ ਹੈ। ਕਸਬੇ ਦੇ ਵਿਚਕਾਰ ਇਕ ਬਹੁਤ ਪੁਰਾਣੀ ਸਰਾਂ ਹੈ ਜੋ ਆਪਣੀ ਪੁਰਾਤਨਤਾ ਦਾ ਪ੍ਰਮਾਣ ਖ਼ੁਦ ਦਿੰਦੀ ਹੈ। ਇਥੇ ਵਰਨੈਕੁਲਰ ਮਿਡਲ ਸਕੂਲ ਅਤੇ ਡਿਸਪੈਂਸਰੀ ਵੀ ਮੌਜੂਦ ਹੈ। ਸੰਨ 1867 ਤੋਂ ਇਥੇ ਮਿਉਂਸਪਲ ਕਮੇਟੀ ਸਥਾਪਤ ਹੈ।
ਆਬਾਦੀ – 59,168 (1991)
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 112, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-02-15-04-55-26, ਹਵਾਲੇ/ਟਿੱਪਣੀਆਂ: ਹ. ਪੁ. ਡਿ. ਗ. ਗੁੜਗਾਉਂ : 248 ; ਇੰਪ. ਗ. ਇੰਡ. 19 : 374, ਡਿ. ਸੈਂ ਹੈਂ ਬੁ. -ਗੜਗਾਉਂ (1961)
ਵਿਚਾਰ / ਸੁਝਾਅ
Please Login First