ਪਲੈਟੋ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਪਲੈਟੋ ( 428– 348 ਪੂਰਵ ਈਸਵੀ ) : ਪਲੈਟੋ ( Plato ) ਜਿਸ ਨੂੰ ਅਫਲਾਤੂਨ ਵੀ ਕਿਹਾ ਜਾਂਦਾ ਹੈ । ਯੂਨਾਨ ਦਾ ਇੱਕ ਮਹਾਨ ਦਾਰਸ਼ਨਿਕ ਸੀ ਜਿਸ ਦਾ ਜਨਮ ਏਥਨਜ਼ ਵਿੱਚ ਹੋਇਆ । ਉਸ ਦਾ ਅਸਲੀ ਨਾਂ ਐਰੀਸਟੋਕਲੀਜ਼ ਸੀ ਅਤੇ ਪਲੈਟੋ ਉਪ ਨਾਂ , ਜਿਸ ਦਾ ਅਰਥ ਹੈ ਚੌੜੇ ਮੱਥੇ ਵਾਲਾ । ਪਲੈਟੋ ਦੇ ਪਿਤਾ ਦਾ ਨਾਂ ਅਰੀਸਟੋਨ ਅਤੇ ਮਾਤਾ ਦਾ ਨਾਂ ਪੈਰੀਕਟੀਉਨ ਸੀ , ਜੋ ਏਥਨਜ਼ ਦੇ ਰਈਸੀ ਖ਼ਾਨਦਾਨਾਂ ਵਿੱਚੋਂ ਸਨ । ਬਚਪਨ ਵਿੱਚ ਹੀ ਪਲੈਟੋ ਦੇ ਪਿਤਾ ਦੀ ਮੌਤ ਹੋ ਗਈ ਅਤੇ ਉਸ ਦੀ ਮਾਂ ਨੇ ਪਿਰੀਲੈਮਪੀਜ਼ ਨਾਲ ਸ਼ਾਦੀ ਕਰ ਲਈ , ਜਿਸ ਨੇ ਪੈਰੀਕਲੀਜ਼ ਦੇ ਸਮੇਂ ਦੇ ਸੰਸਕ੍ਰਿਤਕ ਅਤੇ ਰਾਜਨੀਤਿਕ ਖੇਤਰ ਵਿੱਚ ਸਰਗਰਮ ਭੂਮਿਕਾ ਨਿਭਾਈ । ਪਲੈਟੋ ਦੇ ਚਾਚਾ ਚਾਰਮੀਡੀਜ਼ ਅਤੇ ਇੱਕ ਹੋਰ ਰਿਸ਼ਤੇਦਾਰ ਕਰੀਟੀਆਜ਼ ਆਪਣੇ ਸਮੇਂ ਦੇ ਸਿਆਸੀ ਜੀਵਨ ਨਾਲ ਸੰਬੰਧਿਤ ਸਨ ਅਤੇ ਪੈਲੋਪੋਨੀਸੀਅਨ ਯੁੱਧ ਦੇ ਅੰਤ ਵਿੱਚ 404 ਪੂਰਵ ਈਸਵੀ ਸਪਾਰਟਾ ਦੇ ਸਮਰਥਨ ਨਾਲ ਬਣੀ ਧਨਾਡਾਂ ਦੀ ਤੀਹ ਸ਼ਾਸਕਾਂ ਦੀ ਸਰਕਾਰ ( ਅੋਲਿਗਾਕਿ ) ਵਿੱਚ ਮੁੱਖ ਸਨ । ਇਸ ਤਰ੍ਹਾਂ ਪਲੈਟੋ ਦੀ ਪਰਵਰਿਸ਼ ਇੱਕ ਰਾਜਸੀ ਮਾਹੌਲ ਵਿੱਚ ਹੋਈ ਅਤੇ ਉਸ ਨੇ ਬਹੁਤ ਚੰਗੇਰੀ ਵਿੱਦਿਆ ਪ੍ਰਾਪਤ ਕੀਤੀ । ਪਲੈਟੋ ਇੱਕ ਸੁਚੇਤ ਨਾਗਰਿਕ ਲਈ ਰਾਜਨੀਤੀ ਪ੍ਰਤਿ ਜਾਗਰੂਕ ਰਹਿਣਾ ਅਹਿਮ ਕਰਤੱਵ ਸਮਝਦਾ ਸੀ ਅਤੇ ਇੱਕ ਵਿਦਵਾਨ ਲਈ ਰਾਜਨੀਤੀ ਦਰਸ਼ਨ ਦੀ ਖੋਜ ਮਹੱਤਵਪੂਰਨ ਕਾਰਜ

        ਬਚਪਨ ਤੋਂ ਹੀ ਪਲੈਟੋ ਆਪਣੇ ਸਮੇਂ ਦੇ ਮਹਾਨ ਦਾਰਸ਼ਨਿਕ ਸੁਕਰਾਤ ਦੇ ਇਹਨਾਂ ਵਿਚਾਰਾਂ ਤੋਂ ਬਹੁਤ ਪ੍ਰਭਾਵਿਤ ਸੀ ਕਿ ਇੱਕ ਸਫਲ ਰਾਜਨੀਤਿਕ ਜੀਵਨ ਲਈ ‘ ਸੱਚ ਦੀ ਭਾਲ’ ਬਹੁਤ ਜ਼ਰੂਰੀ ਹੈ , ਜਿਸ ਨੂੰ ਯੂਨਾਨੀ ਦਾਰਸ਼ਨਿਕ ‘ ਵਿਵੇਕ ਨਾਲ ਪਿਆਰ’ ਦਾ ਨਾਂ ਦਿੰਦੇ ਹਨ । ਸ਼ੁਰੂ ਵਿੱਚ ਪਲੈਟੋ ਦੀ ਇੱਕ ਸਿਆਸਤਦਾਨ ਬਣਨ ਦੀ ਅਭਿਲਾਸ਼ਾ ਸੀ ਅਤੇ ਉਸ ਦੇ ਚਾਚਾ ਚਾਰਮੀਡੀਜ਼ ਅਤੇ ਉਸ ਦੇ ਇੱਕ ਦੋਸਤ ਨੇ ਪਲੈਟੋ ਨੂੰ ਇਸ ਪ੍ਰਤਿ ਉਤਸ਼ਾਹਿਤ ਕੀਤਾ ਪਰ ਜਦੋਂ ਪਲੈਟੋ ਨੇ ਗਹੁ ਨਾਲ ਵੇਖਿਆ ਕਿ ਏਥਨਜ਼ ਦੇ ਤੀਹ ਸ਼ਾਸਕ ਜਿਨ੍ਹਾਂ ਵਿੱਚ ਉਸ ਦੇ ਰਿਸ਼ਤੇਦਾਰ ਅਤੇ ਸਾਥੀ ਵੀ ਸਨ , ਸਰਕਾਰੀ ਨੀਤੀਆਂ ਵਿੱਚ ਆਪਣੇ ਪੂਰਵ ਅਧਿਕਾਰੀਆਂ ਤੋਂ ਵੀ ਜ਼ਿਆਦਾ ਬੁਰੇ ਸਨ ਅਤੇ ਉਹ ਸੁਕਰਾਤ ਨੂੰ ਇੱਕ ਨਾਗਰਿਕ ਵਜੋਂ ਗ਼ੈਰ-ਕਨੂੰਨੀ ਤੌਰ ਤੇ ਗਰਿਫ਼ਤਾਰ ਕਰਾਉਣ ਲਈ ਲਬੇੜਨ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਉਸ ਨੇ ਰਾਜਨੀਤੀ ਦੇ ਪੇਸ਼ੇ ਨੂੰ ਅਖ਼ਤਿਆਰ ਕਰਨ ਬਾਰੇ ਸੋਚਣਾ ਛੱਡ ਦਿੱਤਾ । ਅਗਲੇ ਸਾਲ ਜਦੋਂ ਲੋਕਤੰਤਰ ਦੇ ਧੜੇ ਨੇ ਤਾਨਾਸ਼ਾਹਾਂ ਨੂੰ ਖਦੇੜ ਦਿੱਤਾ ਅਤੇ ਆਪਣੀ ਸਰਕਾਰ ਬਣਾਈ ਤਾਂ ਇੱਕ ਵਾਰੀ ਫੇਰ ਪਲੈਟੋ ਨੇ ਸਿਆਸਤ ਵਿੱਚ ਸ਼ਾਮਲ ਹੋਣ ਬਾਰੇ ਸੋਚਿਆ । ਪਰ ਜਦੋਂ 399 ਪੂਰਵ ਈਸਵੀ ਵਿੱਚ ਇਸੇ ਲੋਕਤੰਤਰੀ ਧੜੇ ਨੇ ਸੁਕਰਾਤ ਦੁਆਰਾ ਉਹਨਾਂ ਦੇ ਸ਼ਹਿਰ ਵਿੱਚ ਹੋਈ ਸਭਾ ਦੀ ਆਲੋਚਨਾ ਕਰਨ ਨੂੰ ਖ਼ਤਰਾ ਸਮਝਦੇ ਹੋਏ ਸੁਕਰਾਤ ਤੇ ਨੌਜਵਾਨਾਂ ਨੂੰ ਅਨੈਤਿਕਤਾ ਅਤੇ ਭ੍ਰਿਸ਼ਟਾਚਾਰ ਪ੍ਰਤਿ ਉਕਸਾਉਣ ਦੇ ਜੁਰਮ ਲਈ ਮੁਕੱਦਮਾ ਚਲਾਇਆ , ਉਸ ਦੀ ਨਿੰਦਾ ਕੀਤੀ ਅਤੇ ਉਸ ਨੂੰ ਮਰਵਾਇਆ ਤਾਂ ਪਲੈਟੋ ਨੇ ਨਿਰਾਸ਼ ਹੋ ਕੇ ਆਪਣੀ ਰਾਜਨੀਤਿਕ ਇੱਛਾ ਨੂੰ ਛੱਡ ਦਿੱਤਾ ਅਤੇ ਇਹ ਵਿਚਾਰ ਪ੍ਰਗਟ ਕੀਤਾ ਕਿ ਜਦੋਂ ਤੱਕ ਦਾਰਸ਼ਨਿਕ ਰਾਜੇ ਨਹੀਂ ਬਣਦੇ ਅਤੇ ਰਾਜੇ ਦਾਰਸ਼ਨਿਕ , ਇੱਕ ਈਮਾਨਦਾਰ ਆਦਮੀ ਨੂੰ ਸਿਆਸਤ ਵਿੱਚ ਸ਼ਾਮਲ ਹੋਣ ਦਾ ਕੋਈ ਫ਼ਾਇਦਾ ਨਹੀਂ । ਇਸ ਤੋਂ ਬਾਅਦ ਭਾਵੇਂ ਉਸ ਨੇ ਸਮਕਾਲੀ ਏਥਨਜ਼ ਦੀ ਰਾਜਨੀਤੀ ਵਿੱਚ ਸਰਗਰਮ ਹਿੱਸਾ ਨਹੀਂ ਲਿਆ ਪਰ ਆਪਣੇ ਮਿੱਤਰਾਂ ਦੁਆਰਾ ਸਿਰਾਕੂਜ ਦੇ ਸਿਸੀਲੀਅਨ ਸ਼ਹਿਰ ਦੇ ਰਾਜਨੀਤਿਕ ਜੀਵਨ ਨੂੰ ਪ੍ਰਭਾਵਿਤ ਕਰਨ ਦੇ ਯਤਨ ਕੀਤੇ ।

        399 ਪੂਰਵ ਈਸਵੀ ਸੁਕਰਾਤ ਦੀ ਮੌਤ ਤੋਂ ਬਾਅਦ ਪਲੈਟੋ ਏਥਨਜ਼ ਛੱਡ ਕੇ ਸੁਕਰਾਤ ਦੇ ਕੁਝ ਦੋਸਤਾਂ ਨਾਲ ਮੇਗਾਰਾ ਚਲਾ ਗਿਆ ਅਤੇ ਉੱਥੇ ਸੁਕਰਾਤ ਦੇ ਇੱਕ ਦੋਸਤ ਨਾਮੀ ਦਾਰਸ਼ਨਿਕ ਯੁਕਲੀਡੀਜ਼ ਨੂੰ ਮਿਲਿਆ , ਜੋ ਸੁਕਰਾਤ ਦੀ ਮੌਤ ਵੇਲੇ ਹਾਜ਼ਰ ਸੀ । ਛੇਤੀ ਹੀ ਏਥਨਜ਼ ਵਾਪਸ ਆ ਕੇ ਪਲੈਟੋ ਨੇ ਸੁਕਰਾਤ ਦੀ ਪੁਸ਼ਟੀ ਕਰਨ ਲਈ ਦਾਰਸ਼ਨਿਕ ਸੰਵਾਦ ( ਡਾਇਆਲੋਗਜ਼ ) ਲਿਖਣੇ ਸ਼ੁਰੂ ਕਰ ਦਿੱਤੇ , ਜਿਨ੍ਹਾਂ ਕਰ ਕੇ ਪਲੈਟੋ ਮਸ਼ਹੂਰ ਹੈ ।

        ਲਗਪਗ ਚਾਲੀ ਸਾਲ ਦੀ ਉਮਰ ਵਿੱਚ ਪਲੈਟੋ ਨੇ 388 ਪੂਰਵ ਈਸਵੀ ਇਟਲੀ ਅਤੇ ਸਿਸਿਲੀ ਦਾ ਦੌਰਾ ਕੀਤਾ ਅਤੇ ਉੱਥੇ ਅਮੀਰਾਂ ਦੀ ਅਯਾਸ਼ੀ ਵਾਲੀ ਜ਼ਿੰਦਗੀ ਨੂੰ ਵੇਖ ਕੇ ਬੜਾ ਦੁੱਖੀ ਹੋਇਆ । ਉੱਥੇ ਉਸ ਦੀ ਇਟਲੀ ਦੇ ਇੱਕ ਪ੍ਰਸਿੱਧ ਗਣਿਤ ਸ਼ਾਸਤਰੀ ਆਰਕਾਈਟਸ ਜੋ ਟੈਰਨਟਮ ਸ਼ਹਿਰ ਦਾ ਮੇਅਰ ਵੀ ਸੀ , ਨਾਲ ਮੁਲਾਕਾਤ ਹੋਈ , ਜਿਸ ਨਾਲ ਪਲੈਟੋ ਨੇ ਪਿਥਾਗੋਰਸ ਦੀਆਂ ਵਿਸ਼ੇਸ਼ਤਾਵਾਂ ਬਾਰੇ ਵਾਦ-ਵਿਵਾਦ ਕੀਤਾ , ਜਿਸ ਵਿੱਚ ਪਲੈਟੋ ਦੀ ਪਹਿਲਾਂ ਤੋਂ ਹੀ ਰੁਚੀ ਸੀ । ਪਲੈਟੋ ਆਰਕਾਈਟਸ ਦੇ ਗਣਿਤ ਨੂੰ ਖੋਜ ਦਾ ਇੱਕ ਮਹੱਤਵਪੂਰਨ ਸਾਧਨ ਦੇ ਰੂਪ ਤੇ ਵਰਤੇ ਜਾਣ ਬਾਰੇ ਸਿਧਾਂਤ ਤੋਂ ਬਹੁਤ ਪ੍ਰਭਾਵਿਤ ਹੋਇਆ ।

        ਸਿਸਿਲੀ ਵਿੱਚ ਪਲੈਟੋ ਸਿਰਾਕੂਜ਼ ਦੇ ਤਾਨਾਸ਼ਾਹ ਡਿਉਨੀਸੀਅਸ-I ਨੂੰ ਮਿਲਿਆ ਅਤੇ ਨਾਲ ਹੀ ਉਸ ਦੇ ਸਾਲੇ ਡਿਊਨ ਨਾਲ ਵੀ ਮੁਲਾਕਾਤ ਕੀਤੀ ਜਿਸ ਦੀ ਉਮਰ ਉਸ ਵਕਤ ਵੀਹ ਸਾਲ ਦੀ ਸੀ । ਡਿਉਨ ਪਲੈਟੋ ਦੇ ਇੱਕ ਚੰਗੀ ਸਲਤਨਤ ਬਾਰੇ ਵਿਚਾਰਾਂ ਤੋਂ ਬਹੁਤ ਪ੍ਰਭਾਵਿਤ ਹੋਇਆ ਅਤੇ ਉਸ ਨੇ ਪ੍ਰਣ ਲਿਆ ਕਿ ਉਹ ਪਲੈਟੋ ਵੱਲੋਂ ਉਲੀਕੀ ਗਈ ਸ੍ਰੇਸ਼ਠ ਸਿਆਸੀ ਲੀਡਰੀ ਨੂੰ ਲਾਗੂ ਕਰੇਗਾ । ਪਰ ਡਿਉਨੀਸੀਅਸ ਇਸ ਗੱਲ ਤੋਂ ਚਿੜ੍ਹ ਗਿਆ ਕਿਉਂਕਿ ਉਸ ਨੂੰ ਰਾਜਨੀਤੀ ਦਰਸ਼ਨ ਵਿੱਚ ਕੋਈ ਦਿਲਚਸਪੀ ਨਹੀਂ ਸੀ । ਕਈ ਇਤਿਹਾਸਕਾਰਾਂ ਦਾ ਵਿਚਾਰ ਹੈ ਕਿ ਪਲੈਟੋ ਨੂੰ ਇੱਥੋਂ ਜਹਾਜ਼ ਤੇ ਐਜ਼ੀਨਾ ਦੇ ਟਾਪੂ ਤੇ ਤੋਰ ਦਿੱਤਾ ਗਿਆ , ਜਿੱਥੇ ਉਸ ਨੂੰ ਇੱਕ ਦਾਸ ਵਜੋਂ ਵੇਚਣ ਲਈ ਪੇਸ਼ ਕੀਤਾ ਗਿਆ , ਪਰ ਉਸ ਦੇ ਸੀਰੀਨ ਤੋਂ ਇੱਕ ਦੋਸਤ ਐਨੀਸਰੀਜ਼ ਨੇ ਜੋ ਮੌਕੇ ਤੇ ਪਹੁੰਚ ਗਏ ਹਨ , ਪਲੈਟੋ ਨੂੰ ਫਰੋਤੀ ਦੇ ਕੇ ਛੁਡਾ ਲਿਆ ।

        ਏਥਨਜ਼ ਤੋਂ ਵਾਪਸ ਆ ਕੇ 387 ਪੂਰਵ ਈਸਵੀ ਵਿੱਚ ਪਲੈਟੋ ਨੇ ਇੱਕ ਅਕਾਦਮੀ ਦੀ ਸਥਾਪਨਾ ਕੀਤੀ ਜੋ ਦੁਨੀਆ ਵਿੱਚ ਪਹਿਲਾ ਵਿਸ਼ਵਵਿਦਿਆਲਾ ਸੀ ਜਿੱਥੇ ਪਲੈਟੋ ਨੇ ਵਿਗਿਆਨਿਕ ਅਤੇ ਰਾਜਨੀਤਿਕ ਵਿਸ਼ਿਆਂ ਦੇ ਅਧਿਐਨ ਅਤੇ ਖੋਜ ਲਈ ਆਰਕਾਈਟਸ ਦੀ ਤਕਨੀਕ ਨੂੰ ਆਧਾਰ ਬਣਾਇਆ ਅਤੇ ਜਿੱਥੇ ਨੌਜਵਾਨਾਂ ਨੂੰ ਗਿਆਨ ਪ੍ਰਾਪਤੀ ਲਈ ਵੱਖ-ਵੱਖ ਵਿਸ਼ਿਆਂ ਦੀ ਆਪਸੀ ਨਿਰਭਰਤਾ ਨੂੰ ਧਿਆਨ ਵਿੱਚ ਰੱਖ ਕੇ ਵਿਧੀਪੂਰਵਕ ਢੰਗ ਨਾਲ ਖੋਜ ਕਰਵਾਉਣ ਤੇ ਜ਼ੋਰ ਦਿੱਤਾ ਗਿਆ । ਚਾਲੀ ਸਾਲ ਤੱਕ ਪਲੈਟੋ ਨੇ ਆਪਣਾ ਜ਼ਿਆਦਾ ਸਮਾਂ ਇਸ ਅਕਾਦਮੀ ਲਈ ਲਗਾਇਆ ਅਤੇ ਉਸ ਦੇ ਜ਼ਿਆਦਾਤਰ ‘ ਡਾਇਲੋਗਜ਼’ ਜੋ ਇਸ ਅਕਾਦਮੀ ਦੀਆਂ ਗਤੀਵਿਧੀਆਂ ਤੇ ਆਧਾਰਿਤ ਸਨ , ਇੱਥੇ ਹੀ ਲਿਖੇ ਗਏ । ਕਈ ਨੌਜਵਾਨਾਂ ਨੇ ਇਸ ਅਕਾਦਮੀ ਵਿੱਚ ਦਾਖ਼ਲਾ ਲਿਆ , ਜਿਵੇਂ ਡਿਊਨ ਜੋ ਪਲੈਟੋ ਦੇ ਪਿੱਛੇ-ਪਿੱਛੇ ਏਥਨਜ਼ ਆ ਗਿਆ ਸੀ , ਅਰਸਤੂ ਜੋ ਅਠਾਰਾਂ ਸਾਲ ਦੀ ਉਮਰ ਵਿੱਚ ਅਕਾਦਮੀ ਵਿੱਚ ਦਾਖ਼ਲ ਹੋਇਆ ਅਤੇ ਹੋਰ ਕਈ ਰਾਜਕੁਮਾਰ ਜੋ ਕੁਸ਼ਲ ਰਾਜਨੀਤਿਕ ਹਸਤੀਆਂ ਬਣਨਾ ਚਾਹੁੰਦੇ ਸਨ ।

        367 ਪੂਰਵ ਈਸਵੀ ਸਿਰਾਕੂਜ਼ ਵਿੱਚ ਡਿਉਨੀਸੀਅਸ-I ਦੀ ਮੌਤ ਤੋਂ ਬਾਅਦ ਉਸ ਦੇ ਬੇਟੇ ਡਿਉਨੀਸੀਅਸ-II ਦੇ ਰਾਜਭਾਗ ਸੰਭਾਲਣ ਤੇ ਡਿਊਨ ( ਜੋ ਨਵੇਂ ਸ਼ਾਸਕ ਦਾ ਮਾਮਾ ਸੀ ) ਦੇ ਕਹਿਣ ਤੇ ਪਲੈਟੋ ਨੂੰ ਰਾਜਕੁਮਾਰ ਡਿਉਨੀਸੀਅਸ ਨੂੰ ਕੁਸ਼ਲ ਪ੍ਰਸ਼ਾਸਨ ਚਲਾਉਣਾ ਸਿਖਾਉਣ ਵਾਸਤੇ ਰਾਜਨੀਤੀ ਦਰਸ਼ਨ ਪੜ੍ਹਾਉਣ ਲਈ ਸਿਰਾਕੂਜ਼ ਬੁਲਾਇਆ ਗਿਆ । ਪਰ ਰਾਜ ਦਰਬਾਰ ਦੇ ਸ਼ੱਕੀ ਅਤੇ ਸਾਜ਼ਸ਼ਾਂ ਵਾਲੇ ਮਾਹੌਲ ਵਿੱਚ ਪੜ੍ਹਾਉਣਾ ਬਹੁਤ ਮੁਸ਼ਕਲ ਸੀ । ਚਾਰ ਮਹੀਨੇ ਬਾਅਦ ਹੀ ਡਿਉਨੀਸੀਅਸ ਨੇ ਡਿਊਨ ਨੂੰ ਰਾਜਾ ਵਿਰੁੱਧ ਸਾਜ਼ਸ਼ ਕਰਨ ਦੇ ਸ਼ੱਕ ਵਜੋਂ ਦੇਸ਼ ਨਿਕਾਲਾ ਦੇ ਦਿੱਤਾ । ਪਲੈਟੋ ਨੇ ਵੀ ਕਾਰਥੇਜ਼ ਨਾਲ ਲੜਾਈ ਛਿੜ ਜਾਣ ਤੇ ਸਿਸਿਲੀ ਛੱਡ ਦਿੱਤਾ ਅਤੇ ਇਸ ਸ਼ਰਤ ਤੇ ਵਾਪਸ ਆਉਣ ਦਾ ਵਾਅਦਾ ਕੀਤਾ , ਜੇ ਡਿਊਨ ਨੂੰ ਸਿਰਾਕੂਜ਼ ਵਾਪਸ ਬੁਲਾਇਆ ਜਾਵੇਗਾ ।

        361 ਪੂਰਵ ਈਸਵੀ ਡਿਊਨ ਦੇ ਕਹਿਣ ਤੇ ਜੋ ਹਾਲੇ ਵੀ ਬਣਵਾਸ ਵਿੱਚ ਸੀ , ਪਲੈਟੋ ਫਿਰ ਸਿਸਿਲੀ ਗਿਆ , ਪਰ ਜਦੋਂ ਡਿਉਨੀਸੀਅਸ ਨੇ ਡਿਊਨ ਨੂੰ ਵਾਪਸ ਬੁਲਾਉਣ ਤੋਂ ਇਨਕਾਰ ਕਰ ਦਿੱਤਾ ਅਤੇ ਉਸ ਦੀ ਜਾਇਦਾਦ ਵੀ ਜ਼ਬਤ ਕਰ ਲਈ ਤਾਂ ਪਲੈਟੋ ਦੇ ਵਿਰੋਧ ਕਰਨ ਤੇ ਉਸ ਨੂੰ ਖ਼ਤਰਾ ਸਮਝ ਕੇ ਕੈਦੀ ਵਾਂਗ ਰੱਖਿਆ ਗਿਆ ਅਤੇ ਆਰਕਾਈਟਸ ਦੇ ਵਿੱਚ ਪੈਣ ਤੇ ਉਸ ਨੂੰ ਵਾਪਸ ਭੇਜਿਆ ਗਿਆ ।

        360 ਪੂਰਵ ਈਸਵੀ ਏਥਨਜ਼ ਵਾਪਸ ਆ ਕੇ ਪਲੈਟੋ ਨੇ ਅਗਲੇ 13 ਸਾਲ ਅਕਾਦਮੀ ਵਿੱਚ ਅਧਿਆਪਨ ਕੀਤਾ , ਪੁਸਤਕਾਂ ਲਿਖੀਆਂ , ਖ਼ਾਸ ਕਰ ਕੇ ਕਨੂੰਨ ਨਾਲ ਸੰਬੰਧਿਤ ਸੰਵਾਦ । ਇਸੇ ਦੌਰਾਨ ਪਲੈਟੋ ਆਪਣੇ ਸਮੇਂ ਦੇ ਪ੍ਰਸਿੱਧ ਤਾਰਾ-ਵਿਗਿਆਨੀ ਅਤੇ ਗਣਿਤ-ਸ਼ਾਸਤਰੀ ਯੂਡੋਕਸਸ ਤੋਂ ਬਹੁਤ ਪ੍ਰੇਰਿਤ ਹੋਏ । ਉਸ ਨੇ ਨੀਤੀ ਸ਼ਾਸਤਰ ਅਤੇ ਅਧਿਆਤਮਵਾਦ ਤੇ ਵੀ ਆਪਣੇ ਸਿਧਾਂਤ ਦਿੱਤੇ , ਜੋ ਪਲੈਟੋ ਦੇ ਵਿਚਾਰਾਂ ਤੋਂ ਉਲਟ ਸਨ ਅਤੇ ਜਿਨ੍ਹਾਂ ਦਾ ਪਲੈਟੋ ਨੇ ਵਿਰੋਧ ਕੀਤਾ ।

        348 ਪੂਰਵ ਈਸਵੀ ਅੱਸੀ ਸਾਲ ਦੀ ਉਮਰ ਵਿੱਚ ਪਲੈਟੋ ਦੀ ਮੌਤ ਹੋ ਗਈ ਅਤੇ ਉਸ ਨੂੰ ਅਕਾਦਮੀ ਦੀ ਧਰਤੀ ਤੇ ਹੀ ਦਫ਼ਨਾ ਦਿੱਤਾ ਗਿਆ । ਪਲੈਟੋ ਤੋਂ ਬਾਅਦ ਉਸ ਦੇ ਭਤੀਜੇ ਸਪੈਓਸਿਪਸ ਨੇ ਅਕਾਦਮੀ ਨੂੰ ਮੁਖੀ ਵਜੋਂ ਸੰਭਾਲਿਆ ਅਤੇ 529 ਤੱਕ ਇਹ ਸਕੂਲ ਚੱਲਦਾ ਰਿਹਾ । ਪਲੈਟੋ ਨੇ ਬਹੁਤ ਸਾਰੇ ਵਿਸ਼ਿਆਂ ਖ਼ਾਸ ਕਰ ਕੇ ਰਾਜਨੀਤੀ ਅਤੇ ਦੁਖਾਂਤ ਨਾਟਕ ਬਾਰੇ ਬਹੁਤ ਕੁਝ ਲਿਖਿਆ ਹੈ ਅਤੇ ਉਸ ਦੀਆਂ ਸਾਰੀਆਂ ਪੁਸਤਕਾਂ ਦਾ ਅੰਗਰੇਜ਼ੀ ਵਿੱਚ ਅਨੁਵਾਦ ਹੋ ਚੁੱਕਿਆ ਹੈ । ਉਸ ਦੀਆਂ ਅਨੁਵਾਦਿਤ ਪ੍ਰਮੁਖ ਪੁਸਤਕਾਂ ਇਹ ਹਨ :

        ਪ੍ਰੋਟਾਗੋਰਸ , ਈਉਨ , ਗੌਰਜੀਆਸ , ਲੈਚੀਜ਼ , ਚਾਰਮੀਡੀਜ਼ , ਯੂਥੀਫਰੋ , ਲੀਸੀਜ਼ , ਹਿਪੀਆਸ ਮਾਈਨਰ , ਹਿਪੀਆਸ ਮੇਜਰ , ਅਪੋਲੋਜੀ , ਕਰਾਈਟੋ , ਕਰਾਟੀਲਸ , ਸਿਮਪੋਜ਼ੀਅਮ , ਰਿਪਬਲਿਕ , ਫੈਜਰਸ , ਮੀਨੋ , ਯੂਥੀਡੈਮਸ , ਮੈਨੀਅਕਸਨਸ , ਫੀਡੋ , ਪਾਰਮੈਨੀਡੀਜ਼ , ਥੀਐਟੈਟਸ , ਸੋਫਿਸਟ , ਸਟੇਟਸਮਨ , ਲਾਅਜ਼ , ਫਿਲੈਬਸ , ਟਾਈਮਸ , ਕਰੀਟੀਆਜ਼ ।

        ਪਲੈਟੋ ਨੇ ਆਪਣੀਆਂ ਲਗਪਗ ਸਾਰੀਆਂ ਪੁਸਤਕਾਂ ਨੂੰ ਸੰਵਾਦ ਰੂਪ ਵਿੱਚ ਲਿਖਿਆ । ਉਸ ਦਾ ਵਿਚਾਰ ਸੀ ਕਿ ਵਿੱਦਿਆ ਪ੍ਰਾਪਤੀ ਅਤੇ ਸੱਚ ਦੀ ਖੋਜ ਵਾਦ-ਵਿਵਾਦ ਅਤੇ ਖੋਜ ਦੇ ਆਦਾਨ-ਪ੍ਰਦਾਨ ਰਾਹੀਂ ਹੀ ਕੀਤੀ ਜਾ ਸਕਦੀ ਹੈ । ਇਹਨਾਂ ‘ ਡਾਇਲੋਗਜ਼’ ਵਿੱਚ ਪਲੈਟੋ ਨੇ ਤਕਨੀਕੀ ਭਾਸ਼ਾ ਦੀ ਵਰਤੋਂ ਤੋਂ ਗੁਰੇਜ਼ ਕੀਤਾ ਹੈ । ਵਿਸ਼ਾ- ਵਸਤੂ ਨੂੰ ਪ੍ਰਸੰਗ ਵਿੱਚ ਪੇਸ਼ ਕੀਤੇ ਜਾਣ ਕਾਰਨ ਵਿਸ਼ਾ- ਸਮਗਰੀ ਸਪਸ਼ਟ ਰੂਪ ਵਿੱਚ ਸਮਝ ਆ ਜਾਂਦੀ ਹੈ ।

        ਦਰਸ਼ਨ ਅਤੇ ਆਦਰਸ਼ ਰਾਜ ਪ੍ਰਸ਼ਾਸਨ ਬਾਰੇ ਪਲੈਟੋ ਦੀ ਨਵੀਂ ਸੋਚ ਨੂੰ ਜਿਸ ਨੂੰ ਉਸ ਨੇ ਆਪਣੀ ਪੁਸਤਕ ਦਾ ਰਿਪਬਲਿਕ ਵਿੱਚ ਲਿਖਿਆ ਹੈ , ‘ ਪਲੈਟੋਨਿਜ਼ਮ’ ਨਾਂ ਦੇ ਸਕੂਲ ਤੋਂ ਜਾਣਿਆ ਜਾਂਦਾ ਹੈ , ਜਿਸ ਨੇ ਪੱਛਮੀ ਦਰਸ਼ਨ ਦੀ ਵਿਚਾਰਧਾਰਾ ਦੇ ਵਿਕਾਸ ਤੇ ਬਹੁਤ ਡੂੰਘਾ ਅਸਰ ਪਾਇਆ । ਪਲੈਟੋ ਦੀ ਮੌਤ ਤੋਂ ਬਾਅਦ ਵੀ ਲਗਪਗ ਹਜ਼ਾਰ ਸਾਲ ਤੱਕ ਉਸ ਦੇ ਕਈ ਅਨੁਆਈ ਰਹੇ । ਬਾਅਦ ਵਿੱਚ ਇਹ ਸਕੂਲ ‘ ਨਿਊਪਲੈਟੋਨਿਜ਼ਮ’ ਨਾਂ ਹੇਠਾਂ ਮੁੜ ਸੁਰਜੀਤ ਹੋਇਆ ।


ਲੇਖਕ : ਤਜਿੰਦਰ ਕੌਰ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 5888, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.