ਪੀੜ੍ਹੀਆਂ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Generations

ਕੰਪਿਊਟਰ ਤਕਨਾਲੋਜੀ ਵਿੱਚ ਹੋ ਰਹੇ ਕਦਮ-ਦਰ-ਕਦਮ ਵਿਕਾਸ ਦੀ ਕੜੀ ਨੂੰ 5 ਪੀੜ੍ਹੀਆਂ ( ਜਨਰੇਸ਼ਨਜ਼ ) ਵਿੱਚ ਵੰਡਿਆ ਗਿਆ ਹੈ । ਪੁਰਾਣੀ ਪੀੜ੍ਹੀ ਦੇ ਕੰਪਿਊਟਰ ਆਕਾਰ ਵਿੱਚ ਕਾਫ਼ੀ ਵੱਡੇ ਸਨ । ਉਹ ਰਫ਼ਤਾਰ ਪੱਖੋਂ ਵੀ ਢਿੱਲੇ ਸਨ । ਉਹ ਬਿਜਲੀ ਕਾਫ਼ੀ ਖਪਤ ਕਰਦੇ ਸਨ ਤੇ ਜਲਦੀ ਗਰਮ ਹੋ ਜਾਂਦੇ ਸਨ । ਹੁਣ ਅੱਜ ਦੀ ਪੀੜ੍ਹੀ ਦੇ ਕੰਪਿਊਟਰਾਂ ਵਿੱਚ ਅਜਿਹਾ ਕੁਝ ਨਹੀਂ ਹੈ । ਨਵੀਂ ਪੀੜ੍ਹੀ ਦੇ ਕੰਪਿਊਟਰ ਪੁਰਾਣਿਆਂ ਦੇ ਮੁਕਾਬਲੇ ਹਲਕੇ-ਫੁਲਕੇ , ਛੋਟੇ ਤੇ ਤੇਜ਼-ਰਫ਼ਤਾਰ ਵਾਲੇ ਹਨ । ਇਸ ਵਿੱਚ ਕੋਈ ਸ਼ੱਕ ਨਹੀਂ ਕਿ ਕੰਪਿਊਟਰ ਵਿੱਚ ਇਹ ਵਿਕਾਸ ਪੀੜ੍ਹੀ ਦਰ-ਪੀੜ੍ਹੀ ਆਇਆ । ਹਰੇਕ ਪੀੜ੍ਹੀ ਪੁਰਾਣੀ ਪੀੜ੍ਹੀ ਦੇ ਮੁਕਾਬਲੇ ਚੁੱਸਤ-ਦਰੁਸਤ , ਤੇਜ਼ ਰਫ਼ਤਾਰ ਵਾਲੀ ਤੇ ਟਿਕਾਊ ਹੁੰਦੀ ਗਈ । ਆਓ ਕੰਪਿਊਟਰ ਦੀਆਂ ਵੱਖ-ਵੱਖ ਪੀੜ੍ਹੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਹਾਸਲ ਕਰੀਏ ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1128, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਪੀੜ੍ਹੀਆਂ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਪੀੜ੍ਹੀਆਂ : ਜਦੋਂ ਗੁਰੂ ਅਮਰਦਾਸ ਜੀ ਨੇ ਸਿੱਖ ਧਰਮ ਦੇ ਪ੍ਰਚਾਰ ਨੂੰ ਵਿਵਸਥਿਤ ਰੂਪ ਦੇਣ ਲਈ 22 ਮੰਜੀਆਂ ਦੀ ਸਥਾਪਨਾ ਕੀਤੀ , ਤਾਂ ਉਦੋਂ ਇਸਤਰੀਆਂ ਵਿਚ ਧਰਮ- ਪ੍ਰਚਾਰ ਕਰਨ ਲਈ ਪੀੜ੍ਹੀਆਂ ਵੀ ਕਾਇਮ ਕੀਤੀਆਂ । ਇਹ ਪੀੜ੍ਹੀਆਂ ਕਿਤਨੀਆਂ ਸਨ ? ਇਸ ਬਾਰੇ ਕੋਈ ਸਹੀ ਜਾਣਕਾਰੀ ਉਪਲਬਧ ਨਹੀਂ ਹੈ , ਪਰ ਉਂਜ 92 ਤਕ ਇਨ੍ਹਾਂ ਦੀ ਗਿਣਤੀ ਕਲਪੀ ਗਈ ਹੈ । ਇਨ੍ਹਾਂ ਨੂੰ ਕਈ ਇਤਿਹਾਸ- ਕਾਰਾਂ ਨੇ ਪੀੜ੍ਹੇ ਲਿਖਿਆ ਹੈ । ਇਹ ਪੀੜ੍ਹੀਆਂ ਉਨ੍ਹਾਂ ਇਸਤਰੀਆਂ ਨੂੰ ਗੁਰੂ ਜੀ ਵਲੋਂ ਬਖ਼ਸ਼ੀਆਂ ਜਾਂਦੀਆਂ ਸਨ ਜੋ ਧਰਮ-ਕਰਮ ਵਿਚ ਨਿਪੁਣ ਹੁੰਦੀਆਂ ਸਨ । ਗੁਰੂ ਜੀ ਸਮਝਦੇ ਸਨ ਕਿ ਸਿੱਖ ਧਰਮ ਦੇ ਵਿਕਾਸ ਲਈ ਇਸਤਰੀਆਂ ਵਲੋਂ ਨਿਭਾਈ ਭੂਮਿਕਾ ਵਿਸ਼ੇਸ਼ ਮਹੱਤਵ ਰਖਦੀ ਸੀ , ਕਿਉਂਕਿ ਇਨ੍ਹਾਂ ਨੇ ਹੀ ਆਪਣੀਆਂ ਸੰਤਾਨਾਂ ਨੂੰ ਸਹੀ ਮਾਰਗ ਉਤੇ ਪਾਉਣ ਅਤੇ ਉਨ੍ਹਾਂ ਨੂੰ ਸਿੱਖ ਧਰਮ ਵਿਚ ਦ੍ਰਿੜ੍ਹ ਕਰਨ ਦਾ ਸਭਿਆਚਾਰਿਕ ਕਰਮ ਕਰਨਾ ਸੀ । ਇਹ ਇਸਤਰੀਆਂ ਪਿੰਡ ਪਿੰਡ ਅਤੇ ਘਰ ਘਰ ਜਾ ਕੇ ਸਿੱਖੀ ਦਾ ਪ੍ਰਚਾਰ ਕਰਦੀਆਂ ਸਨ । ਜਿਤਨੀ ਆਤਮ-ਨਿਸ਼ਠਾ ਅਤੇ ਸਿਦਕ ਨਾਲ ਇਨ੍ਹਾਂ ਨੇ ਆਪਣਾ ਕਰਤੱਵ ਨਿਭਾਇਆ , ਇਤਨਾ ਮੰਜੀਦਾਰ ਵੀ ਨਹੀਂ ਨਿਭਾ ਸਕੇ ਸਨ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1128, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.