ਪੂੰਜੀ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪੂੰਜੀ [ਨਾਂਇ] ਇਕੱਠੀ ਕੀਤੀ ਦੌਲਤ, ਸਰਮਾਇਆ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2401, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਪੂੰਜੀ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪੂੰਜੀ. ਸੰਗ੍ਯਾ—ਧਨਪੁੰਜ. ਰਾਸ਼ਿ. ਮੂੜੀ. Capital. “ਸਉਦੇ ਕਉ ਧਾਵੈ ਬਿਨ ਪੂੰਜੀ.” (ਗਉ ਮ: ੫) ੨ ਭਾਵ—ਸੰਚਿਤ ਕਰਮ. “ਪੂੰਜੀ ਮਾਰ ਪਵੈ ਨਿਤ ਮੁਗਦਰ.” (ਬਸੰ ਅ: ਮ: ੧)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2249, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
ਪੂੰਜੀ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਪੂੰਜੀ (ਸੰ.। ਸੰਸਕ੍ਰਿਤ ਪੁੰਜ=ਢੇਰ। ਪ੍ਰਾਕ੍ਰਿਤ ਪੰਜਾਯ। ਹਿੰਦੀ ਪੰਜਾਬੀ ਪੂੰਜੀ=ਮੂੜੀ)
੧. ਰਾਸ ਮੂੜੀ। ਯਥਾ-‘ਪੂੰਜੀ ਮਾਰ ਪਵੈ ਨਿਤ ਮੁਦਗਰ’। (ਕਰਮਾਂ ਦੀ) ਪੂੰਜੀ ਅਨੁਸਾਰ ਨਿਤ ਮਾਰ ਪੈਂਦੀ ਹੈ।
੨. (ਸੰਪ੍ਰਦਾ) ਪੁੱਜ ਕੇ, ਬਹੁਤ , ਉਪਰਲੀ ਤੁਕ ਦਾ ਅਰਥ-ਪੁਜ ਕੇ ਮੁਦਗਰਾਂ ਦੀ ਮਾਰ ਪੈਂਦੀ ਹੈ ਭਾਵ ਬਹੁਤ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 2229, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਪੂੰਜੀ ਸਰੋਤ :
ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਦੂਜੀ
ਪੂੰਜੀ : ਪੂੰਜੀ (Capital) ਉਤਪਾਦਨ ਦੇ ਚਾਰ ਮਹੱਤਵਪੂਰਨ ਤੱਤਾਂ ਵਿੱਚੋਂ ਇੱਕ ਹੈ। ਪੂੰਜੀ ਬਹੁਤ ਹੀ ਲੰਬੇ ਸਮੇਂ ਤੋਂ ਆਰਥਿਕ ਖੋਜ ਅਤੇ ਵਿਸ਼ਲੇਸ਼ਣ ਦਾ ਇੱਕ ਵੱਡਾ ਵਿਸ਼ਾ ਰਹੀ ਹੈ। ਅਜੋਕੇ ਯੁੱਗ ਵਿੱਚ ਵੀ ਵਿਕਾਸ ਦੇ ਹਰ ਪਹਿਲੂ ਵਿੱਚ ਇਸ ਦੀ ਅਹਿਮ ਭੂਮਿਕਾ ਹੈ। ਪੂੰਜੀ ਨੂੰ ਵੱਖ-ਵੱਖ ਵਿਦਵਾਨਾਂ ਨੇ ਆਪਣੇ ਸਮੇਂ ਅਲੱਗ-ਅਲੱਗ ਦ੍ਰਿਸ਼ਟੀਕੋਣਾਂ ਤੋਂ ਦੇਖਿਆ ਹੈ।
ਪੂੰਜੀ ਪੰਰਪਰਾਗਤ ਤੌਰ ’ਤੇ ਉਹਨਾਂ ਸਾਰੇ ਵਿੱਤੀ ਅਤੇ ਭੌਤਿਕ ਸਾਧਨਾਂ ਨੂੰ ਕਿਹਾ ਜਾਂਦਾ ਹੈ, ਜਿਹੜੇ ਪਦਾਰਥਾਂ ਅਤੇ ਸੇਵਾਵਾਂ ਦੇ ਉਤਪਾਦਨ ਵਿੱਚ ਮੱਦਦ ਕਰਦੇ ਹਨ। ਜਿਸ ਤਰ੍ਹਾਂ ਉਤਪਾਦਨ ਦੇ ਦੂਜੇ ਸਾਧਨਾਂ ਜਿਵੇਂ ਕਿ ਭੂਮੀ ਨੂੰ ਲਗਾਨ, ਕਿਰਤ ਨੂੰ ਮਜ਼ਦੂਰੀ ਅਤੇ ਉੱਦਮੀ ਨੂੰ ਮੁਨਾਫ਼ਾ ਮਿਲਦਾ ਹੈ, ਪੂੰਜੀ ਨੂੰ ਵਿਆਜ ਮਿਲਦਾ ਹੈ। ਮਾਰਕਸ ਦੇ ਮੁਤਾਬਕ ਪੂੰਜੀ ਕਾਮਿਆਂ ਦਾ ਸ਼ੋਸ਼ਣ ਕਰਕੇ ਵਾਧੂ ਮੁੱਲ (ਸਰਪਲੱਸ) ਪ੍ਰਾਪਤ ਕਰਦੀ ਹੈ। ਉਸ ਅਨੁਸਾਰ:
ਪੂੰਜੀ ਸਿਰਫ਼ ਉਤਪਾਦਨ ਦਾ ਇੱਕ ਸਾਧਨ ਹੀ ਨਹੀਂ ਬਲਕਿ ਸਮਾਜਿਕ ਉਤਪਾਦਨ ਸੰਬੰਧਾਂ ਦਾ ਇੱਕ ਰੂਪ ਵੀ ਹੈ, ਜਿਸ ਦਾ ਆਪਣਾ ਇੱਕ ਸਮਾਜਿਕ ਇਤਿਹਾਸਿਕ ਢਾਂਚਾ ਅਤੇ ਆਚਰਨ ਰਿਹਾ ਹੈ।
ਪੂੰਜੀ ਨੂੰ ਸਥਾਈ (fixed) ਅਤੇ ਅਸਥਾਈ (working) ਭਾਗਾਂ ਵਿੱਚ ਵੰਡਣਾ ਵੀ ਇਸ ਦਾ ਸ਼ੋਸ਼ਕ ਰੂਪ ਦਿਖਾਉਂਦਾ ਹੈ। ਪੂੰਜੀ ਦੇ ਇਸ ਅਰਥ ਤੋਂ ਹੀ ਪੂੰਜੀਵਾਦ (capitalism) ਅਤੇ ਪੂੰਜੀਪਤੀ (capitalist) ਸ਼ਬਦਾਂ ਦਾ ਜਨਮ ਹੋਇਆ। ਪੂੰਜੀਵਾਦ ਇੱਕ ਅਜਿਹਾ ਆਰਥਿਕ ਅਤੇ ਰਾਜਨੀਤਿਕ ਢਾਂਚਾ ਹੈ, ਜਿਹੜਾ ਨਿੱਜੀ ਪੂੰਜੀ (private capital) ਅਤੇ ਮੁਨਾਫ਼ਾਖੋਰੀ (profiteering) ਤੇ ਆਧਾਰਿਤ ਹੈ। ਇਸ ਤਰ੍ਹਾਂ ਕੋਈ ਵੀ ਵਿਅਕਤੀ ਜਾਂ ਸੰਸਥਾ ਜੋ ਪੂੰਜੀ ਦਾ ਮਾਲਕ ਹੈ, ਇਸ ਦੀ ਵਰਤੋਂ ਕਰਦਾ ਹੈ ਜਾਂ ਪੂੰਜੀਵਾਦ ਦੀ ਵਕਾਲਤ ਕਰਦਾ ਹੈ, ਨੂੰ ਪੂੰਜੀਵਾਦੀ ਕਿਹਾ ਜਾਂਦਾ ਹੈ। ਲੈਨਿਨ ਨੇ ਮਾਰਕਸ ਦੇ ਪੂੰਜੀ ਦੇ ਸਿਧਾਂਤ ਨੂੰ ਹੋਰ ਵਿਕਸਿਤ ਕਰਕੇ ਇਸ ਦੀ ਸਾਮਰਾਜਵਾਦ (imperialism) ਵੱਲ ਤੋਰ ਅਤੇ ਇਸਦਾ ਇੱਕ ਨਵਾਂ ਰੂਪ ਵਿੱਤੀ-ਪੂੰਜੀ ਨੂੰ ਉਜਾਗਰ ਕੀਤਾ।
ਸਮੇਂ ਦੇ ਨਾਲ-ਨਾਲ ਹੁਣ ਪੂੰਜੀ ਦੀ ਪਰਿਭਾਸ਼ਾ ਵੀ ਬਦਲ ਗਈ ਹੈ। ਮਾਰਕਸ ਦੇ ਵਿਸ਼ਲੇਸ਼ਣ ਵਿੱਚ ਤਾਂ ਪੂੰਜੀ ਨੂੰ ਕਿਰਤ ਦੇ ਸ਼ੋਸ਼ਣ ਲਈ ਵਰਤਿਆ ਜਾਣ ਵਾਲਾ ਪੂੰਜੀਪਤੀ ਲੋਕਾਂ ਦਾ ਇੱਕ ਸਾਧਨ ਮੰਨਿਆ ਗਿਆ ਸੀ। ਇਸ ਤਰ੍ਹਾਂ ਪੂੰਜੀਵਤੀ ਵਿਕਾਸ ਦੀ ਵਿਧੀ ਨੂੰ ਗ਼ਰੀਬ ਤੇ ਸਾਧਨਹੀਣ ਲੋਕਾਂ ਦੇ ਹੱਕ ਵਿੱਚ ਕਰਨ ਲਈ ਇੱਕ ਮਹੱਤਵਪੂਰਨ ਸਾਧਨ ਵੱਜੋਂ ਦੇਖਿਆ ਜਾਂਦਾ ਹੈ। ਇਸ ਕਰਕੇ ਹੀ ਮਾਰਕਸਵਾਦੀ ਵਿਸ਼ਲੇਸ਼ਣ ਪੂੰਜੀਪਤੀ ਢਾਂਚੇ ਨੂੰ ਖ਼ਤਮ ਕਰਕੇ ਕਿਰਤੀ ਲੋਕਾਂ ਦੇ ਰਾਜ ਦੀ ਸਥਾਪਤੀ ਤੇ ਉਸ ਵਿੱਚ ਪੂੰਜੀ ਨੂੰ ਵੱਡੇ ਕਿਰਤੀ ਹਿਤਾਂ ਲਈ ਵਰਤਣ ਦੀ ਵਕਾਲਤ ਕਰਦਾ ਹੈ।
ਅਰਥ-ਸ਼ਾਸਤਰ ਵਿੱਚ ਪੂੰਜੀ ਨੂੰ ਭੌਤਿਕ, ਸਮਾਜਿਕ, ਸੰਸਥਾਗਤ, ਬੌਧਿਕ ਜਾਂ ਫਿਰ ਮਨੁੱਖੀ ਸਾਧਨ ਦੇ ਰੂਪ ਵਿੱਚ ਦੇਖਿਆ ਜਾ ਸਕਦਾ ਹੈ। ਵਿਕਾਸ ਦੀ ਇਸ ਨਵੀਂ ਵਿਚਾਰਧਾਰਾ ਵਿੱਚ ਇਹਨਾਂ ਸਾਰੀਆਂ ਕਿਸਮਾਂ ਦੀ ਪੂੰਜੀ ਦੀ ਆਰਥਿਕ ਤੇ ਸਮਾਜਿਕ ਵਿਕਾਸ ਵਿੱਚ ਭੂਮਿਕਾ ਨੂੰ ਦੇਖਿਆ ਜਾ ਰਿਹਾ ਹੈ। ਇਹ ਦਲੀਲ ਦਿੱਤੀ ਜਾਂਦੀ ਹੈ ਕਿ ਭਾਵੇਂ ਵਿੱਤੀ ਸਾਧਨ (ਪੈਸਾ ਤੇ ਮਸ਼ੀਨਾਂ) ਵੀ ਵਿਕਾਸ ਲਈ ਜ਼ਰੂਰੀ ਹਨ, ਪੂੰਜੀ ਦੇ ਦੂਜੇ ਰੂਪ ਜਿਵੇਂ ਕਿ ਸਮਾਜਿਕ ਜਾਂ ਮਨੁੱਖੀ ਪੂੰਜੀ ਵੀ ਕੋਈ ਘੱਟ ਜ਼ਰੂਰੀ ਨਹੀਂ। ਜੇਕਰ ਇਹਨਾਂ ਪੂੰਜੀ ਸਾਧਨਾਂ ਦਾ ਢੁਕਵਾਂ ਇਸਤੇਮਾਲ ਹੋਵੇ ਤਾਂ ਵਿੱਤੀ ਅਤੇ ਭੌਤਿਕ ਪੂੰਜੀ ਨੂੰ ਕਾਫ਼ੀ ਹੱਦ ਤੱਕ ਅਣਗੌਲਿਆ ਕੀਤਾ ਜਾ ਸਕਦਾ ਹੈ। ਮਨੁੱਖੀ ਪੂੰਜੀ ਸਿਧਾਂਤ ਇਸ ਪੂੰਜੀ ਦੇ ਮਾਤਰਿਕ ਅਤੇ ਗੁਣਾਤਮਿਕ ਪਹਿਲੂਆਂ ਅਤੇ ਇਸਦੇ ਢੁਕਵੇਂ ਇਸਤੇਮਾਲ ਤੇ ਜ਼ੋਰ ਦਿੰਦਾ ਹੈ।
ਦੂਜੇ ਪਾਸੇ ਸੰਸਥਾਗਤ ਪੂੰਜੀ ਸਿਧਾਂਤ ਕਿਸੇ ਵੀ ਸਮਾਜਿਕ ਜਾਂ ਆਰਥਿਕ ਢਾਂਚੇ ਦੇ ਸੰਸਥਾਗਤ (ਸੂਖਮ ਅਤੇ ਭੌਤਿਕ) ਪੱਖਾਂ ਤੇ ਜ਼ੋਰ ਦਿੰਦਾ ਹੈ ਕਿਉਂਕਿ ਇਹਨਾਂ ਤੋਂ ਬਿਨਾਂ ਵਿਕਾਸ ਦੀ ਵਿਧੀ, ਸਮਾਨਤਾ ਅਤੇ ਸਥਾਈ ਵਿਕਾਸ ਦੇ ਮਾਪਦੰਡਾਂ ਉੱਪਰ ਪੂਰੀ ਨਹੀਂ ਉੱਤਰਦੀ। ਇਸ ਤੋਂ ਇਲਾਵਾ ਸਮਾਜਿਕ ਪੂੰਜੀ ਸਿਧਾਂਤ, ਮਨੁੱਖ ਅਤੇ ਸੰਸਥਾਗਤ ਪੂੰਜੀ ਨੂੰ ਸਮਝਣ ਅਤੇ ਵਿਕਾਸ ਦੀ ਵਿਧੀ ਵਿੱਚ ਲਿਆਉਣ ਦੀ ਵਕਾਲਤ ਕਰਦਾ ਹੈ। ਅੱਜ-ਕੱਲ੍ਹ ਦੀ ਵਿਕਾਸ ਯੋਜਨਾਬੰਦੀ ਅਤੇ ਵਿਸ਼ਲੇਸ਼ਣ ਵਿੱਚ ਇਸ ਧਾਰਨਾ ਦਾ ਕਾਫ਼ੀ ਪ੍ਰਭਾਵ ਹੈ।
ਆਖ਼ਰ ਵਿੱਚ ਪੂੰਜੀ ਦੇ ਇੱਕ ਵਿਆਪਕ ਅਰਥ ਜਿਸ ਵਿੱਚ ਸਾਰੇ ਸਾਧਨਾਂ ਨੂੰ ਹੀ ਪੂੰਜੀ ਮੰਨਿਆ ਜਾਂਦਾ ਹੈ, ਨੂੰ ਸਮਝਣ ਅਤੇ ਵਰਤੋਂ ਵਿੱਚ ਲਿਆਉਣ ਦੀ ਲੋੜ ਹੈ, ਕਿਉਂਕਿ ਅਜੋਕੀ ਵਿਕਾਸ ਵਿਧੀ ਵਿੱਚ ਇਹਨਾਂ ਸਾਰਿਆਂ ਦੀ ਹੀ ਨਿੱਗਰ ਭੂਮਿਕਾ ਹੋ ਸਕਦੀ ਹੈ। ਅਜਿਹਾ ਕਰਨ ਦੀ ਜ਼ਰੂਰਤ ਤਾਂ ਹੈ ਜੇਕਰ ਅਸੀਂ ਗ਼ਰੀਬ ਲੋਕਾਂ ਨੂੰ ਇਸ ਵਿਧੀ ਵਿੱਚ ਸ਼ਾਮਲ ਕਰਨਾ ਚਾਹੁੰਦੇ ਹਾਂ ਜਾਂ ਫਿਰ ਵਿਕਾਸ ਵਿਧੀ ਨੂੰ ਗ਼ਰੀਬ-ਪੱਖੀ ਬਣਾਉਣਾ ਚਾਹੁੰਦੇ ਹਾਂ।
ਲੇਖਕ : ਸੁਖਪਾਲ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਦੂਜੀ, ਹੁਣ ਤੱਕ ਵੇਖਿਆ ਗਿਆ : 1308, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-03-25-04-48-02, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First