ਪ੍ਰਤਿਯੋਗਤਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪ੍ਰਤਿਯੋਗਤਾ [ਨਾਂਇ] ਮੁਕਾਬਲਾ , ਟਾਕਰਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 390, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਪ੍ਰਤਿਯੋਗਤਾ ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਦੂਜੀ

ਪ੍ਰਤਿਯੋਗਤਾ : ਬਹੁਤ ਸਾਰੇ ਸਮਾਜ-ਵਿਗਿਆਨੀਆਂ, ਜਿਵੇਂ ਪਾਰਕ ਅਤੇ ਬਰਗਸ (Park and Barges), ਨੇ ਪ੍ਰਤਿਯੋਗਤਾ ਨੂੰ ਅੰਤਰਕਿਰਿਆ ਦੀ ਮੁੱਖ ਕਿਸਮ ਮੰਨਿਆ ਹੈ। ਇਹ ਵਿਦਵਾਨ ਵਰਤਮਾਨ ਪ੍ਰਤਿਯੋਗੀ ਸਮਾਜ ਦੇ ਸੰਦਰਭ ਵਿੱਚ ਹੀ ਇਸ ਸਿੱਟੇ ਉੱਪਰ ਪੁੱਜੇ ਹਨ। ਇਹ ਪ੍ਰਕਿਰਿਆ ਕੇਵਲ ਮਨੁੱਖੀ ਸਮਾਜ ਤੱਕ ਹੀ ਸੀਮਿਤ ਨਹੀਂ ਹੈ ਸਗੋਂ ਪੌਦਿਆਂ ਅਤੇ ਜਾਨਵਰਾਂ ਵਿੱਚ ਵੀ ਮਿਲਦੀ ਹੈ। ਮਨੁੱਖੀ ਸਮਾਜ ਵਿੱਚ ਪ੍ਰਤਿਯੋਗਤਾ ਨੂੰ ਅਜਿਹੀ ਅੰਤਰਕਿਰਿਆ ਮੰਨਿਆ ਜਾ ਸਕਦਾ ਹੈ, ਜਿਸ ਲਈ ਪ੍ਰਤੱਖ ਸਮਾਜਿਕ ਸੰਪਰਕ ਆਵੱਸ਼ਕ ਨਹੀਂ ਹੈ। ਇਹ ਪ੍ਰਕਿਰਿਆ ਪੂਰੀ ਦੁਨੀਆ ਵਿੱਚ ਮਿਲਦੀ ਹੈ, ਨਿਰੰਤਰ ਹੁੰਦੀ ਹੈ ਅਤੇ ਇਸ ਨਾਲ ਸਿੱਧੇ ਰੂਪ ਵਿੱਚ ਸੰਘਰਸ਼ ਸ਼ਾਮਲ ਨਹੀਂ ਹੁੰਦਾ।

ਬੋਗਾਰਡ ਅਨੁਸਾਰ :

ਪ੍ਰਤਿਯੋਗਤਾ ਅਜਿਹੀਆਂ ਵਸਤਾਂ ਨੂੰ ਪ੍ਰਾਪਤ ਕਰਨ ਲਈ ਮੁਕਾਬਲਾ ਹੈ, ਜੋ ਏਨੀ ਮਾਤਰਾ ਵਿੱਚ ਉਪਲਬਧ ਨਹੀਂ ਹਨ ਕਿ ਹਰ ਇੱਕ ਦੀ ਮੰਗ ਪੂਰੀ ਹੋ ਸਕੇ।

ਸਦਰਲੈਂਡ, ਵੁਡਵਰਡ ਅਤੇ ਮੈਕਸਵੈਲ ਦਾ ਵਿਚਾਰ ਹੈ:

ਪ੍ਰਤਿਯੋਗਤਾ ਮਨੁੱਖਾਂ ਅਤੇ ਸਮੂਹਾਂ ਵਿੱਚ ਉਹਨਾਂ ਸੰਤੁਸ਼ਟੀਆਂ, ਜਿਨ੍ਹਾਂ ਨੂੰ ਸੀਮਿਤ ਹੋਣ ਕਾਰਨ ਸਾਰੇ ਲੋਕ ਪ੍ਰਾਪਤ ਨਹੀਂ ਕਰ ਸਕਦੇ, ਦੀ ਪ੍ਰਾਪਤੀ ਲਈ ਵਿਅਕਤਕ, ਅਚੇਤ ਅਤੇ ਨਿਰੰਤਰ ਸੰਘਰਸ਼ ਹੈ।

ਬੀਸੰਜ਼ ਅਤੇ ਬੀਸੰਜ਼ ਦਾ ਮੱਤ ਹੈ :

ਪ੍ਰਤਿਯੋਗਤਾ ਦੋ ਜਾਂ ਵੱਧ ਵਿਅਕਤੀਆਂ ਦੇ ਸਮਾਨ ਉਦੇਸ਼ਾਂ, ਜੋ ਏਨੇ ਸੀਮਿਤ ਹੁੰਦੇ ਹਨ ਕਿ ਸਾਰੇ ਲੋਕ ਉਹਨਾਂ ਨੂੰ ਪੂਰਾ ਨਹੀਂ ਕਰ ਸਕਦੇ, ਨੂੰ ਪ੍ਰਾਪਤ ਕਰਨ ਦੇ ਯਤਨ ਨੂੰ ਆਖਿਆ ਜਾਂਦਾ ਹੈ।

ਮਨੁੱਖੀ ਸਮਾਜ ਵਿੱਚ ਪ੍ਰਤਿਯੋਗਤਾ ਦੀ ਪ੍ਰਕਿਰਿਆ ਇਹ ਨਿਰਧਾਰਿਤ ਕਰਦੀ ਹੈ ਕਿ ਕਿਸ ਵਿਅਕਤੀ ਨੇ ਸਮਾਜ ਵਿੱਚ ਕਿਹੜਾ ਕਾਰਜ ਪੂਰਾ ਕਰਨਾ ਹੈ। ਸਮਾਜ ਵਿੱਚ ਮਨੁੱਖਾਂ ਦੁਆਰਾ ਲੋੜੀਂਦੀਆਂ ਵਸਤਾਂ, ਜਿਵੇਂ ਜ਼ਮੀਨ, ਨੌਕਰੀਆਂ, ਧਨ ਆਦਿ ਦੀ ਹਮੇਸ਼ਾਂ ਘਾਟ ਹੁੰਦੀ ਹੈ ਅਤੇ ਪ੍ਰਤਿਯੋਗਤਾ ਦੀ ਪ੍ਰਕਿਰਿਆ ਹੀ ਇਹ ਨਿਸ਼ਚਿਤ ਕਰਦੀ ਹੈ ਕਿ ਮਨੁੱਖਾਂ ਵਿੱਚ ਇਹਨਾਂ ਵਸਤਾਂ ਦੀ ਵੰਡ ਕਿਵੇਂ ਕੀਤੀ ਜਾਣੀ ਹੈ। ਪ੍ਰਤਿਯੋਗਤਾ ਆਮ ਤੌਰ ’ਤੇ ਅਚੇਤਨ ਪੱਧਰ ਉੱਪਰ ਹੀ ਵਾਪਰਦੀ ਹੈ। ਪ੍ਰਤਿਯੋਗਤਾ ਦਾ ਸਭ ਤੋਂ ਉਚਿਤ ਉਦਾਹਰਨ ਆਰਥਿਕ ਪ੍ਰਤਿਯੋਗਤਾ ਹੈ। ਆਰਥਿਕ ਪ੍ਰਤਿਯੋਗਤਾ ਤੋਂ ਇਲਾਵਾ ਪਾਰਕ ਅਤੇ ਬਰਗਸ ਨੇ ਤਿੰਨ ਹੋਰ ਕਿਸਮਾਂ ਦਾ ਵੀ ਜ਼ਿਕਰ ਕੀਤਾ ਹੈ-ਸੱਭਿਆਚਾਰਕ ਪ੍ਰਤਿਯੋਗਤਾ, ਦਰਜੇ ਅਤੇ ਭੂਮਿਕਾਵਾਂ ਲਈ ਪ੍ਰਤਿਯੋਗਤਾ ਅਤੇ ਨਸਲੀ ਪ੍ਰਤਿਯੋਗਤਾ। ਇਹਨਾਂ ਵੱਖ-ਵੱਖ ਕਿਸਮਾਂ ਦੀਆਂ ਪ੍ਰਤਿਯੋਗਤਾਵਾਂ ਦਾ ਸੰਖੇਪ ਵਰਣਨ ਹੇਠ ਲਿਖੇ ਅਨੁਸਾਰ ਹੈ :

1. ਆਰਥਿਕ ਪ੍ਰਤਿਯੋਗਤਾ : ਜਦੋਂ ਆਰਥਿਕ ਖੇਤਰ ਵਿੱਚ ਉਪਲਬਧ ਵੱਖ-ਵੱਖ ਵਸਤਾਂ ਦੀ ਮੰਗ ਉਸਦੀ ਸਪਲਾਈ ਤੋਂ ਵਧੇਰੇ ਹੁੰਦੀ ਹੈ ਤਾਂ ਆਰਥਿਕ ਪ੍ਰਤਿਯੋਗਤਾ ਹੋਂਦ ਵਿੱਚ ਆਉਂਦੀ ਹੈ। ਅਜਿਹੀ ਪ੍ਰਤਿਯੋਗਤਾ ਅਧੀਨ ਹਰੇਕ ਉਤਪਾਦਕ ਵਧੀਆ ਤੋਂ ਵਧੀਆ ਵਸਤਾਂ ਘੱਟ ਤੋਂ ਘੱਟ ਕੀਮਤ ਉੱਤੇ ਸਪਲਾਈ ਕਰਨ ਦਾ ਯਤਨ ਕਰਦਾ ਹੈ, ਜਿਸ ਨਾਲ ਪੂਰੇ ਸਮਾਜ ਦਾ ਵਿਕਾਸ ਹੁੰਦਾ ਹੈ।

2. ਸੱਭਿਆਚਾਰਕ ਪ੍ਰਤਿਯੋਗਤਾ : ਜਦੋਂ ਵੱਖ-ਵੱਖ ਸੱਭਿਆਚਾਰ ਇੱਕ ਦੂਜੇ ਦੇ ਸੰਪਰਕ ਵਿੱਚ ਆਉਂਦੇ ਹਨ ਤਾਂ ਉਹਨਾਂ ਵਿੱਚ ਪ੍ਰਤਿਯੋਗਤਾ ਦੀ ਭਾਵਨਾ ਵੀ ਜਨਮ ਲੈਂਦੀ ਹੈ। ਇਸ ਕਿਸਮ ਦੀ ਪ੍ਰਤਿਯੋਗਤਾ ਵਿੱਚ ਸਭ ਤੋਂ ਮਹੱਤਵਪੂਰਨ ਧਾਰਮਿਕ ਪ੍ਰਤਿਯੋਗਤਾ ਹੈ। ਇਤਿਹਾਸ ਤੋਂ ਪਤਾ ਚੱਲਦਾ ਹੈ ਕਿ ਵੱਖ-ਵੱਖ ਧਰਮ ਜ਼ਿਆਦਾ ਤੋਂ ਜ਼ਿਆਦਾ ਵਿਅਕਤੀਆਂ ਨੂੰ ਆਪਣੇ ਧਰਮ ਵਿੱਚ ਸ਼ਾਮਲ ਕਰਨ ਦੇ ਹਮੇਸ਼ਾਂ ਯਤਨ ਕਰਦੇ ਰਹਿੰਦੇ ਹਨ। ਇਸ ਦਾ ਮੁੱਖ ਕਾਰਨ ਇਹ ਹੈ ਕਿ ਸਾਰੇ ਧਰਮ ਆਪਣੇ ਧਰਮ ਦੇ ਨਿਯਮਾਂ ਅਤੇ ਆਦਰਸ਼ਾਂ ਨੂੰ ਹੋਰ ਧਰਮਾਂ ਦੀ ਤੁਲਨਾ ਵਿੱਚ ਵਧੇਰੇ ਉਚਿਤ ਅਤੇ ਸੱਚੇ ਮੰਨਦੇ ਹਨ। ਇਸੇ ਤਰ੍ਹਾਂ ਵੱਖ-ਵੱਖ ਸੰਸਥਾਵਾਂ ਵਿੱਚ ਵੀ ਪ੍ਰਤਿਯੋਗਤਾ ਦੀ ਪ੍ਰਕਿਰਿਆ ਚੱਲਦੀ ਰਹਿੰਦੀ ਹੈ। ਉਦਾਹਰਨ ਵੱਜੋਂ ਮੱਧ-ਕਾਲ ਵਿੱਚ ਅਤੇ ਅਠ੍ਹਾਰਵੀਂ ਅਤੇ ਉਨ੍ਹੀਵੀਂ ਸਦੀ ਵਿੱਚ ਆਰਥਿਕ ਸੰਸਥਾਵਾਂ ਅਤੇ ਰਾਜ ਵਿੱਚ ਵਧੇਰੇ ਪ੍ਰਤਿਯੋਗਤਾ ਦੇ ਪ੍ਰਮਾਣ ਮਿਲਦੇ ਹਨ। 

3. ਦਰਜੇ ਅਤੇ ਭੂਮਿਕਾ ਲਈ ਪ੍ਰਤਿਯੋਗਤਾ : ਇਸ ਕਿਸਮ ਦੀ ਪ੍ਰਤੀਯੋਗਤਾ ਵਿਅਕਤੀਆਂ ਦੀ ਸਮਾਜਿਕ ਸਨਮਾਨ ਪ੍ਰਾਪਤ ਕਰਨ ਦੀ ਪ੍ਰਵਿਰਤੀ ਉੱਪਰ ਆਧਾਰਿਤ ਹੈ। ਮਨੁੱਖੀ ਸਮਾਜਾਂ ਵਿੱਚ ਦਰਜਾ ਹਾਸਲ ਕਰਨ ਦੀਆਂ ਦੋ ਮੁੱਖ ਵਿਧੀਆਂ ਹਨ : ਪ੍ਰਦੱਤ ਵਿਧੀ ਜੋ ਮਨੁੱਖ ਦੇ ਜਨਮ ਉੱਪਰ ਆਧਾਰਿਤ ਹੈ ਅਤੇ ਅਰਜਿਤ ਵਿਧੀ ਜੋ  ਜੋ ਵਿਅਕਤੀ ਦੀ ਮਿਹਨਤ ਅਤੇ ਯੋਗਤਾ ਉੱਪਰ ਆਧਾਰਿਤ ਹੈ। ਅਰਜਿਤ ਪਦ ਪ੍ਰਾਪਤ ਕਰਨ ਲਈ ਪ੍ਰਤਿਯੋਗਤਾ ਦਾ ਚੌਖਾ ਮਹੱਤਵ ਹੈ। ਉਦਾਹਰਨ ਵੱਜੋਂ   ਉੱਚੇ ਪਦ ਅਤੇ ਆਮਦਨ ਵਾਲੀਆਂ ਨੌਕਰੀਆਂ, ਜੋ ਵਿਅਕਤੀ ਆਪਣੀ  ਮਿਹਨਤ ਦੁਆਰਾ ਪ੍ਰਾਪਤ ਕਰ ਸਕਦਾ ਹੈ, ਲਈ ਵਰਤਮਾਨ ਸਮਾਜਾਂ ਵਿੱਚ ਪ੍ਰਤਿਯੋਗਤਾ ਦੀ ਮਾਤਰਾ ਬਹੁਤ ਵੱਧ ਹੈ।

4. ਨਸਲੀ ਪ੍ਰਤਿਯੋਗਤਾ : ਇਸ ਕਿਸਮ ਦੀ ਪ੍ਰਤਿਯੋਗਤਾ ਵਿੱਚ ਦੇਸਾਂ, ਨਸਲਾਂ ਅਤੇ ਕੌਮਾਂ ਵਿਚਕਾਰ ਆਰਥਿਕ ਅਤੇ ਖੇਤਰੀ ਲਾਭਾਂ ਲਈ ਅਹਿੰਸਕ ਮੁਕਾਬਲਾ ਹੁੰਦਾ ਹੈ। ਉਦਾਹਰਨ ਵੱਜੋਂ  ਗੋਰਿਆਂ ਅਤੇ ਕਾਲਿਆਂ ਵਿੱਚ ਅਮਰੀਕੀ ਸਮਾਜ ਵਿੱਚ ਇਸ ਤਰ੍ਹਾਂ ਦੀ ਪ੍ਰਤਿਯੋਗਤਾ ਵੇਖਣ ਵਿੱਚ ਆਉਂਦੀ ਹੈ।

ਕਈ ਸਮਾਜ-ਵਿਗਿਆਨੀਆਂ ਨੇ ਪ੍ਰਤਿਯੋਗਤਾ ਦੀ ਪ੍ਰਕਿਰਿਆ ਨੂੰ ਸਮਾਜ ਲਈ ਉਪਯੋਗੀ ਮੰਨਿਆ ਹੈ। ਕੂਲੇ ਦਾ ਵਿਚਾਰ ਹੈ :

ਜੇਕਰ ਪ੍ਰਤਿਯੋਗਤਾ ਸਮਾਜ ਵਿੱਚ ਉਚਿਤ ਢੰਗ ਨਾਲ ਕਾਰਜ ਕਰੇ ਤਾਂ ਇਹ ਪ੍ਰਤਿਯੋਗੀਆਂ ਵਿੱਚ ਆਪਸੀ ਸਮਝ-ਬੂਝ ਅਤੇ ਹਮਦਰਦੀ ਵੀ ਪੈਦਾ ਕਰ ਸਕਦੀ ਹੈ।

ਉਚਿਤ ਪ੍ਰਤਿਯੋਗਤਾ ਆਰਥਿਕ ਵਿਕਾਸ ਅਤੇ ਸਮਾਜ ਭਲਾਈ ਵਿੱਚ ਮਹੱਤਵਪੂਰਨ ਰੋਲ ਅਦਾ ਕਰ ਸਕਦੀ ਹੈ। ਦੂਜੇ ਪਾਸੇ, ਅਨੁਚਿਤ ਪ੍ਰਤਿਯੋਗਤਾ ਸਮਾਜ ਲਈ ਹਾਨੀਕਾਰਕ ਵੀ ਹੋ ਸਕਦੀ ਹੈ। ਜੇਕਰ ਪ੍ਰਤਿਯੋਗਤਾ ਨੂੰ ਠੀਕ ਢੰਗ ਨਾਲ ਨਿਯੰਤਰਿਤ ਨਾ ਕੀਤਾ ਜਾਵੇ ਤਾਂ ਉਹ ਸੰਘਰਸ਼ ਦਾ ਰੂਪ ਧਾਰਨ ਕਰ ਸਕਦੀ ਹੈ ਜਿਸ ਨਾਲ ਸਮਾਜ ਵਿੱਚ ਹਿੰਸਾ ਅਤੇ ਅਨੈਤਿਕਤਾ ਦਾ ਪ੍ਰਸਾਰ ਹੋਣ ਦਾ ਖ਼ਤਰਾ ਹੁੰਦਾ ਹੈ। ਆਰਥਿਕ ਖੇਤਰ ਵਿੱਚ ਅਨਿਯੰਤਰਿਕ ਪ੍ਰਤਿਯੋਗਤਾ ਵੱਜੋਂ ਆਰਥਿਕ ਸਾਧਨਾਂ ਦੀ ਬਰਬਾਦੀ ਹੋ ਸਕਦੀ ਹੈ ਅਤੇ ਲੋਕਾਂ ਦੀ ਅਸਲੀ ਲੋੜਾਂ ਦੀ ਪੂਰਤੀ ਨਹੀਂ ਹੁੰਦੀ।


ਲੇਖਕ : ਜੀ. ਐੱਸ. ਭਟਨਾਗਰ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਦੂਜੀ, ਹੁਣ ਤੱਕ ਵੇਖਿਆ ਗਿਆ : 196, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-03-25-04-16-05, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.