ਪ੍ਰਤੀਕਵਾਦ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਪ੍ਰਤੀਕਵਾਦ : ਪ੍ਰਤੀਕਵਾਦ ( Symbolism ) ਦਾ ਅਰੰਭ 1885-1914 ਦੌਰਾਨ ਫ਼੍ਰਾਂਸ ਵਿੱਚ ਦੂਜੀਆਂ ਆਧੁਨਿਕਤਾਵਾਦੀ ਲਹਿਰਾਂ ਵਾਂਗ ਪ੍ਰਕਿਰਤੀਵਾਦ ਅਤੇ ਯਥਾਰਥਵਾਦ ਦੇ ਖ਼ਿਲਾਫ਼ ਪ੍ਰਤਿਕਰਮ ਵਜੋਂ ਹੋਇਆ । ਇਸ ਲਹਿਰ ਦਾ ਪਹਿਲਾ ਘੋਸ਼ਣਾ ਪੱਤਰ 1886 ਵਿੱਚ ਪ੍ਰਕਾਸ਼ਿਤ ਹੋਇਆ । ਜਿੱਥੇ ਯਥਾਰਥਵਾਦ ਦਾ ਮਨੋਰਥ ਵਸਤੂ ਪਰਕ ਸੱਚ ਦਾ ਵਿਸਤ੍ਰਿਤ ਚਿਤਰਨ ਕਰਨਾ ਸੀ , ਉੱਥੇ ਪ੍ਰਤੀਕਵਾਦ ਦਾ ਉਦੇਸ਼ ਪ੍ਰਤੀਕਾਂ ਅਤੇ ਬਿੰਬਾਂ ਰਾਹੀਂ ਕਿਸੇ ਵਸਤੂ ਜਾਂ ਵਰਤਾਰੇ ਦੀ ਵਿਸ਼ਿਸ਼ਟਤਾ ਨੂੰ ਉਭਾਰਨਾ ਸੀ । ਇਸ ਲਹਿਰ ਨੇ ਕਲਾ ਦੇ ਖੇਤਰ ਵਿੱਚ ਕਲਪਨਾ , ਅਧਿਆਤਮਵਾਦ , ਮਾਨਵੀ ਅਵਚੇਤਨ ਅਤੇ ਸੁਪਨਿਆਂ ਵੱਲ ਧਿਆਨ ਖਿੱਚਿਆ । ਕੁਝ ਚਿੰਤਕਾਂ ਦਾ ਖ਼ਿਆਲ ਹੈ ਕਿ ਪ੍ਰਤੀਕਵਾਦ ਦਾ ਅਰੰਭ ਬੌਦਲੇਅਰ ਦੀਆਂ ਕਵਿਤਾਵਾਂ ਦਾ ਫਲਾਵਰਜ਼ ਆਫ਼ ਈਵਲ ਨਾਲ ਹੋਇਆ । ਭਾਵੇਂ ਜੀਰਾਲਡ ਨਰਵਲ ਅਤੇ ਰਿੰਬੋ ਦੀਆਂ ਲਿਖਤਾਂ ਨੇ ਵੀ ਇਸ ਲਹਿਰ ਦੇ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ । ਐਡਗਰ ਐਲਨ ਪੋ ਦੀਆਂ ਲਿਖਤਾਂ , ਜਿਨ੍ਹਾਂ ਦਾ ਬੌਦਲੇਅਰ ਨੇ ਅਨੁਵਾਦ ਕੀਤਾ , ਵੀ ਇਸ ਲਹਿਰ ਦਾ ਮਹੱਤਵਪੂਰਨ ਸ੍ਰੋਤ ਸਮਝੀਆਂ ਜਾਂਦੀਆਂ ਹਨ । ਪ੍ਰਤੀਕਵਾਦ ਅਨੁਸਾਰ ਕਵਿਤਾ ਦਾ ਮਨੋਰਥ ਅਜਿਹੇ ਸੱਚ ਦੀ ਪੇਸ਼ਕਾਰੀ ਕਰਨਾ ਹੈ ਜਿਹੜਾ ਸਪਸ਼ਟ ਰੂਪ ਵਿੱਚ ਮਨੁੱਖੀ ਚੇਤੰਨਤਾ ਨੂੰ ਉਪਲਬਧ ਨਹੀਂ ਅਤੇ ਅਜਿਹਾ ਸੱਚ ਅਸਿੱਧੇ ਅਤੇ ਅਸਧਾਰਨ ਢੰਗ-ਤਰੀਕਿਆਂ ਨਾਲ ਅਰਥਾਤ ਬਿੰਬਾਂ ਅਤੇ ਪ੍ਰਤੀਕਾਂ ਰਾਹੀਂ ਹੀ ਪਕੜਿਆ ਅਤੇ ਪ੍ਰਗਟਾਇਆ ਜਾ ਸਕਦਾ ਹੈ । ਇਸ ਅਨੁਸਾਰ ਭਾਸ਼ਾ ਯਥਾਰਥ ਦੀ ਕੇਵਲ ਨਕਲ ਨਹੀਂ । ਇਹ ਇਸ ਦੀ ਸਪਸ਼ਟ ਪ੍ਰਤਿਨਿਧਤਾ ਨਹੀਂ ਕਰਦੀ ਬਲਕਿ ਉਸ ਦਾ ਪ੍ਰਤੀਕੀ ਰੂਪ ਪੇਸ਼ ਕਰਦੀ ਹੈ ਜਾਂ ਮੋਰੀਆ ਅਨੁਸਾਰ ਪ੍ਰਤੀਕਵਾਦ ਦਾ ਉਭਾਰ ਯਥਾਰਥਵਾਦੀ ਲਹਿਰ ਦੀ ਸਿੱਧ-ਪੱਧਰੀ ਪੇਸ਼ਕਾਰੀ ਜਾਂ ਭਾਵੁਕਤਾਵਾਦੀ ਵਰਣਨ ਦੇ ਖਿਲਾਫ਼ ਵਿਦਰੋਹ ਵਜੋਂ ਹੋਇਆ । ਪ੍ਰਤੀਕਵਾਦ ਵਸਤੂ-ਪਰਕ ਯਥਾਰਥ ਨਾਲੋਂ ਇਸ ਦੇ ਕਲਪਿਤ , ਆਦਰਸ਼ਿਕ ਜਾਂ ਵਿਗੜੇ ਹੋਏ ਰੂਪ ਦੀ ਪੇਸ਼ਕਾਰੀ ਕਰਨ ਦਾ ਉਪਰਾਲਾ ਕਰਦਾ ਹੈ । ਇਸ ਤਰ੍ਹਾਂ ਇਹ ‘ ਕਲਾ ਕਲਾ ਲਈ’ ਲਹਿਰ ਦੇ ਵਧੇਰੇ ਨੇੜੇ ਹੈ । ਇਸ ਕਿਸਮ ਦੀਆਂ ਕਿਰਤਾਂ ਵਿੱਚ ਕੁਦਰਤੀ ਦ੍ਰਿਸ਼ਾਂ , ਮਾਨਵੀ ਪ੍ਰਕਿਰਿਆਵਾਂ ਅਤੇ ਬਾਹਰੀ ਵਰਤਾਰਿਆਂ ਨੂੰ ਇਸ ਕਦਰ ਪੇਸ਼ ਕੀਤਾ ਜਾਂਦਾ ਹੈ ਕਿ ਉਹ ਮਾਨਵੀ ਜੀਵਨ ਦੇ ਸਦੀਵੀ ਤੱਤ/ਸਾਰ ਨੂੰ ਪੇਸ਼ ਕਰਨ । ਸੋ ਸਪਸ਼ਟ ਹੈ ਕਿ ਇਸ ਕਲਾ ਦਾ ਪ੍ਰਯੋਜਨ ਯਥਾਰਥਵਾਦ ਵਾਂਗ ਵਸਤੂਆਂ/ਵਰਤਾਰਿਆਂ ਦਾ ਸਤਹੀ ਵਰਣਨ ਕਰਨਾ ਨਹੀਂ , ਬਲਕਿ ਉਹਨਾਂ ਦੇ ਸਾਰ ਤੱਕ ਅੱਪੜਨਾ ਹੈ । ਪਾਲ ਵਰਲੇਨ ਨੇ ਤਰਿਸਤਨ ਕੋਰਬੀਰੀ , ਆਰਥਰ ਰਿੰਬੋ ਅਤੇ ਮਲੈਰਮ ਉੱਤੇ 1884 ਵਿੱਚ ਲਿਖੇ ਆਪਣੇ ਲੇਖਾਂ ਦੀ ਲੜੀ ਵਿੱਚ ਇਹਨਾਂ ਤਿੰਨਾਂ ਨੂੰ ‘ ਦੋਸ਼ਿਤ ਕਵੀ’ ਕਿਹਾ ਹੈ , ਕਿਉਂਕਿ ਉਸ ਅਨੁਸਾਰ ਅਜਿਹੇ ਪਰੰਪਰਾ ਵਿਰੋਧੀ ਕਲਾਕਾਰਾਂ ਦਾ ਸਮਾਜ ਨਾਲ ਇੱਕਸੁਰਤਾ ਵਾਲਾ ਸੰਬੰਧ ਨਹੀਂ ਰਹਿ ਸਕਦਾ । ਇਹ ਪਰੰਪਰਾ ਤੋਂ ਇਸ ਹੱਦ ਤੱਕ ਦੂਰ ਚਲੇ ਜਾਂਦੇ ਹਨ ਕਿ ਸਮਾਜ ਲਈ ਇਹਨਾਂ ਨੂੰ ਪ੍ਰਵਾਨ ਕਰਨਾ ਸੌਖਾ ਨਹੀਂ ਹੁੰਦਾ । ਇਸੇ ਲਈ ਇਹਨਾਂ ਕਲਾਕਾਰਾਂ ਨੂੰ ਪ੍ਰਤਿਨਿਧ ਸੰਸਥਾਵਾਂ ਵੱਲੋਂ ਮਾਨਤਾ ਨਹੀਂ ਮਿਲਦੀ ਬਲਕਿ ਅਣਗੌਲਿਆ ਕੀਤਾ ਜਾਂਦਾ ਹੈ । ਸਮਾਜਿਕ ਮੁੱਲਾਂ ਦੇ ਖ਼ਿਲਾਫ਼ ਵਿਦਰੋਹ ਵਜੋਂ ਇਹਨਾਂ ਕਲਾਕਾਰਾਂ ਨੇ ਆਪਣੇ- ਆਪ ਨੂੰ ਆਪਣੇ ਸਮਕਾਲੀ ਸਮਾਜ ਅਤੇ ਸੱਭਿਅਤਾ ਤੋਂ ਸੁਚੇਤ ਰੂਪ ਵਿੱਚ ਨਿਖੇੜਿਆ ਹੈ । ਵਰਲੇਨ ਨੇ ਸ਼ੌਪਨਹੌਅਰ ਦੇ ਸੁਹਜ-ਸ਼ਾਸਤਰ ਵੱਲ ਇਸ਼ਾਰਾ ਕਰਦਿਆਂ ਆਖਿਆ ਕਿ ਕਲਾ ਦਾ ਮਨੋਰਥ ਮਨੁੱਖੀ ਜੀਵਨ ਦੀਆਂ ਇੱਛਾਵਾਂ ਅਤੇ ਸੰਘਰਸ਼ ਤੋਂ ਆਰਜ਼ੀ ਤੌਰ `ਤੇ ਨਿਜਾਤ ਪਾਉਣਾ ਹੈ । ਇਸ ਤਰ੍ਹਾਂ ਇਹਨਾਂ ਅਨੁਸਾਰ ਕਲਾ ਦਾ ਖ਼ੁਦ- ਮੁਖਤਿਆਰ ਖੇਤਰ ਜੀਵਨ ਦੀਆਂ ਤਲਖ਼ ਹਕੀਕਤਾਂ ਤੋਂ ਵਿਯੋਗੇ ਹੋਏ ਮਨੁੱਖ ਨੂੰ ਸ਼ਰਨ ਪ੍ਰਦਾਨ ਕਰਦਾ ਹੈ । ਇਸ ਤਰ੍ਹਾਂ ਇਹ ਰਹੱਸਵਾਦ ਅਤੇ ਆਦਰਸ਼ਵਾਦ ਦੇ ਨੇੜੇ ਚਲਾ ਜਾਂਦਾ ਹੈ । ਇਸ ਤਰ੍ਹਾਂ ਦੀ ਕਲਾ ਵਿੱਚ ਮਨੁੱਖੀ ਨਾਸਵਾਨਤਾ ਅਤੇ ਕਾਮੁਕਤਾ ਦੀ ਵਿਨਾਸ਼ਕਾਰਤਾ ਦਾ ਤੀਬਰ ਅਹਿਸਾਸ ਵੀ ਉਪਲਬਧ ਹੁੰਦਾ ਹੈ । ਮਲੈਰਮ ਜ਼ਿੰਦਗੀ ਦੀ ਸੁੰਦਰਤਾ ਅਤੇ ਉਸ ਦੀ ਬਦਸੂਰਤੀ ਨੂੰ ਇੱਕੋ ਸਮੇਂ ਸ਼ਿੱਦਤ ਨਾਲ ਮਹਿਸੂਸ ਕਰਦਾ ਹੈ । ਇਸੇ ਕਰ ਕੇ ਇਸ ਨੂੰ ਨਿਮਨ ਸਾਹਿਤ ਨਾਲ ਜੋੜਿਆ ਜਾਂਦਾ ਹੈ ਜਾਂ ਇਸ ਨੂੰ ਪਿਛਾਂਹ- ਖਿੱਚੂ ਗਰਦਾਨਿਆ ਜਾਂਦਾ ਰਿਹਾ ਹੈ । ਮੋਰੀਆ ਦਾ ਪ੍ਰਤੀਕਵਾਦ ਬਾਰੇ ਮੈਨੀਫ਼ੈਸਟੋ ਇਸ ਰਵੱਈਏ ਦੀ ਨਿਖੇਧੀ ਕਰਦਾ ਹੈ । ਇਸ ਲਹਿਰ ਨੇ ਚਿੱਤਰਕਾਰੀ , ਵਿਜੂਅਲ ਆਰਟਸ ਜਾਂ ਮੂਰਤੀ ਕਲਾ ਅਤੇ ਸੰਗੀਤ ਦੇ ਖੇਤਰ ਵਿੱਚ ਗਹਿਰਾ ਪ੍ਰਭਾਵ ਪਾਇਆ । ਆਰਨੋਲਡ ਸ਼ੋਨਬਰਗ ਨੇ ਆਪਣੇ ਸੰਗੀਤ ਵਿੱਚ ਜਰਮਨ ਪ੍ਰਗਟਾਵਾਦ ਅਤੇ ਪ੍ਰਤੀਕਵਾਦ ਦਾ ਸ਼ਾਨਦਾਰ ਸੁਮੇਲ ਪੇਸ਼ ਕੀਤਾ ਹੈ ।

        ਅਸਲ ਵਿੱਚ ਪ੍ਰਤੀਕਵਾਦ , ਸੁਹਜ-ਸ਼ਾਸਤਰਵਾਦ ਜਾਂ ਰੂਪਵਾਦ ਅੰਤਰ-ਸੰਬੰਧਿਤ ਲਹਿਰਾਂ ਹਨ ਅਤੇ ਕਲਾਤਮਿਕ ਆਧੁਨਿਕਤਾਵਾਦ ਦਾ ਹਿੱਸਾ ਹਨ । ਇਹ ਉਹ ਲਹਿਰਾਂ ਹਨ , ਜਿਨ੍ਹਾਂ ਦੀਆਂ ਜੜ੍ਹਾਂ ਫ਼੍ਰਾਂਸੀਸੀ ਕਵਿਤਾ ਵਿੱਚ ਹਨ । ਇਹ ਫ਼੍ਰਾਂਸੀਸੀ ਕਵੀ ਸਮਕਾਲੀ ਰੋਜ਼ਮਰਾ ਜੀਵਨ ਅਤੇ ਇਸ ਦੀਆਂ ਕਦਰਾਂ-ਕੀਮਤਾਂ ਦੇ ਵਿਰੋਧੀ ਸਨ । ਇਹਨਾਂ ਦਾ ਕਲਾ ਦੇ ਸਰਬਉੱਚ ਮੁੱਲ ਵਿੱਚ ਵਿਸ਼ਵਾਸ ਸੀ । ਇਹਨਾਂ ਕਲਾਕਾਰਾਂ ਅਤੇ ਆਮ ਜਨਤਾ ਵਿੱਚ ਇੱਕ ਦਰਾਰ ਸੀ ਕਿਉਂਕਿ ਆਮ ਜਨਤਾ ਇਹਨਾਂ ਅਨੁਸਾਰ ਸੰਕੀਰਨ ਸੋਚ ਅਤੇ ਭੌਤਿਕਵਾਦੀ ਮੁੱਲਾਂ ਦੀ ਧਾਰਨੀ ਸੀ ।

        ਇਹਨਾਂ ਲਈ ਕਲਾ ਦਾ ਇੱਕ ਅਧਿਆਤਮਵਾਦੀ ਰੁਤਬਾ ਸੀ । ਇਹ ਕਲਾ ਲਈ ਜਿਊਂਦੇ ਸਨ ਅਤੇ ਜਾਣ-ਬੁੱਝ ਕੇ ਸਮਾਜ ਨਾਲੋਂ ਆਪਣੇ ਵਖਰੇਵੇਂ ਦਾ ਪ੍ਰਦਰਸ਼ਨ ਕਰਦੇ ਸਨ । ਇਹ ਆਪਣੀ ਕਲਾ ਵਿੱਚ ਵੀ ਨਵੀਆਂ ਅਸਧਾਰਨ ਤਕਨੀਕਾਂ/ਜੁਗਤਾਂ/ਬਿੰਬਾਂ ਰਾਹੀਂ ਪਾਠਕ ਨੂੰ ਸੁਚੇਤ ਤੌਰ ਤੇ ਝੰਜੋੜਨ ਦਾ ਯਤਨ ਕਰਦੇ ਸਨ । ਬੌਦਲੇਅਰ ਦੀ ਨਿੱਜੀ ਜੀਵਨ ਸ਼ੈਲੀ ਸਮਕਾਲੀ ਪਰੰਪਰਾਗਤ ਕਦਰਾਂ- ਕੀਮਤਾਂ ਦੇ ਖਿਲਾਫ਼ ਵਿਦਰੋਹ ਦੀ ਪ੍ਰਤੀਕ ਹੀ ਸੀ । ਇਹ ਮਹਾਨ ਫ਼੍ਰਾਂਸੀਸੀ ਕਵੀ ਇੱਕ ਅਤਿ ਸਤਿਕਾਰਿਤ ਪਿਉ ਦਾ ਬਾਗੀ ਪੁੱਤਰ ਸੀ , ਜੋ ਨਸ਼ਿਆਂ ਅਤੇ ਸ਼ਰਾਬ ਦਾ ਆਦੀ ਅਤੇ ਇੱਕ ਕਾਲੀ ਔਰਤ ਨਾਲ ਮੁਹੱਬਤ ਕਰਦਾ ਸੀ ਅਤੇ ਉਸ ਦੀ ਮੌਤ ਆਤਸ਼ਕ ਰੋਗ ਨਾਲ ਹੋਈ ਸੀ ।


ਲੇਖਕ : ਮਨਮੋਹਨ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 1548, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਪ੍ਰਤੀਕਵਾਦ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪ੍ਰਤੀਕਵਾਦ [ ਨਾਂਪੁ ] ਪ੍ਰਤੀਕਾਂ ਦੁਆਰਾ ਵਸਤੂ ਦੇ ਸਰੂਪ ਦੇ ਵਰਨਨ ਦਾ ਸਿਧਾਂਤ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1538, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਪ੍ਰਤੀਕਵਾਦ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਪ੍ਰਤੀਕਵਾਦ : ‘ ਪ੍ਰਤੀਕ’ ਕਿਸੇ ਆਦ੍ਰਿਸ਼ ਜਾਂ ਵਿਅਕਤ ਸੱਤਾ ਦਾ ਦ੍ਰਿਸ਼ ਅਤੇ ਵਿਅਕਤ ਰੂਪ ਹੈ । ਇਸ ਵਿਚ ਉਪਮੇਯ ਦੇ ਸਥਾਨ ਤੇ ਉਪਮਾਨ ਪ੍ਰਯੁਕਤ ਕੀਤਾ ਜਾਂਦਾ ਹੈ । ਪ੍ਰਤੀਕਵਾਦ ਕਾਵਿ ਦਾ ਇਕ ਪ੍ਰਗਟਾ– ਢੰਗ ਹੈ । ਇਸ ਵਿਚ ਪ੍ਰਤੀਕਾਂ ਰਾਹੀਂ ਜੀਵਨ ਦੇ ਬੌਧਿਕ , ਸਦਾਚਾਰਕ ਤੇ ਭਾਵੁਕ ਅਰਥ ਜਾਂ ਕੀਮਤਾਂ ਪ੍ਰਗਟ ਕੀਤੀਆਂ ਹੁੰਦੀਆਂ ਹਨ । ਦੁਸਹਿਰੇ ਦੇ ਅਵਸਰ ਤੇ ਰਾਵਣ ਦੇ ਬੁੱਤ ਤੇ ਗਿਆਰ੍ਹਵਾਂ ਸਿਰ ਜੋ ਖੋਤੇ ਦਾ ਹੁੰਦਾ ਹੈ , ਇਸ ਗੱਲ ਦਾ ਪ੍ਰਤੀਕ ਹੈ ਕਿ ਰਾਵਣ ਚਾਰ ਵੇਦਾਂ ਅਤੇ ਛੇ ਸ਼ਾਸਤ੍ਰਾਂ ਦਾ ਵਿਦਵਾਨ ਹੁੰਦਾ ਹੋਇਆ ਵੀ ਖ਼ਰ– ਦਿਮਾਗ਼ ਜਾਂ ਹੱਠੀ ਸੀ । ਪ੍ਰਤੀਕਾਂ ਦੀਆਂ ਦੋ ਤਰ੍ਹਾਂ ਦੀਆਂ ਕੀਮਤਾਂ ਹੁੰਦੀਆਂ ਹਨ– – ਇਕ ਅੰਦਰਲੀ ਤੇ ਇਕ ਬਾਹਰਲੀ । ਇਕ ਦਾ ਅਰਥ ਜਾਂ ਪ੍ਰਯੋਗ ਸਾਧਾਰਣ ਹੁੰਦਾ ਹੈ , ਦੂਜੀ ਦਾ ਵਿਸ਼ੇਸ਼ । ਉਦਾਹਰਣ ਲਈ ਇਕ ਸਾਧਾਰਣ ਨਾਸਤਿਕ ਲਈ ਬਾਈਬਲ ਦੀ ਕੋਈ ਕੀਮਤ ਨਹੀਂ ਜਦੋਂ ਕਿ ਇਕ ਇਸਾਈ ਲਈ ਇਹ ਧਰਮ ਦਾ ਪ੍ਰਤੀਕ ਹੈ ।

                  ਮੁੱਢਲੇ ਸਮੇਂ ਵਿਚ ਲੋਕ ਆਪਣੀ ਬੋਲੀ ਵਿਚ ਅਲੰਕਾਰ ਬਹੁਤੇ ਵਰਤਦੇ ਸਨ । ਬੋਲੀ ਅਜੇ ਘੜੀ ਜਾ ਰਹੀ ਸੀ । ਵਿਚਾਰਾਂ ਦੇ ਮੁਕਾਬਲੇ ਤੇ ਪਦਾਰਥਾਂ ਦੀ ਗਿਣਤੀ ਬਹੁਤੀ ਸੀ । ਹਰ ਇਕ ਪਦਾਰਥ ਲਈ ਨਵਾਂ ਸ਼ਬਦ ਘੜਿਆ ਜਾਂਦਾ ਸੀ । ਉਹ ਸ਼ਬਦ ਜਾਂ ਆਵਾਜ਼ ਉਸ ਪਦਾਰਥ ਦਾ ਪ੍ਰਤੀਕ ਹੁੰਦਾ ਸੀ ।

                  ਸਾਹਿੱਤ ਵਿਚ ਤੇ ਖ਼ਾਸ ਕਰਕੇ ਕਵਿਤਾ ਵਿਚ ਸੰਕੇਤ ਵਿਚ ਉੱਚਾ ਲੱਛਣ ਸਮਝਿਆ ਜਾਂਦਾ ਹੈ । ਸਾਹਿੱਤ ਦੇ ਖੇਤਰ ਵਿਚ ਪ੍ਰਤੀਕਵਾਦ ਦਾ ਪ੍ਰਯੋਗ 1770 ਈ ਦੇ ਨੇੜੇ ਤੇੜੇ ਫ਼੍ਰਾਂਸੀਸੀ ਭਾਸ਼ਾ ਦੇ ਕਵੀਆਂ ਨੇ ਕੀਤਾ । ਪ੍ਰਕ੍ਰਿਤੀ ਦੇ ਪਦਾਰਥ ਜਾਂ ਵਸਤਾਂ ਕਵੀ ਲਈ ਸੰਕੇਤ ਦਾ ਕੰਮ ਦਿੰਦੀਆਂ ਹਨ ਜਿਵੇਂ ‘ ਬੇੜੀ’ ਜੀਵਨ ਯਾਤਰਾ ਦਾ ਸੰਕੇਤ ਹੈ , ਤੇ ‘ ਸਾਗਰ’ ਸੰਸਾਰ ਦਾ । ਪ੍ਰਤੀਕਵਾਦ ਦੀ ਹੋਂਦ ਪੰਜਾਬੀ ਨਾਟਕ ਵਿਚ ਵੀ ਮਿਲ ਜਾਂਦੀ ਹੈ ਅਤੇ ਸੰਤ ਸਿੰਘ ਸੇਖੋਂ ਦਾ ਨਾਟਕਬਾਬਾ ਬੋਹੜ’ ਪੰਜਾਬ ਦੇ ਇਤਿਹਾਸ ਦਾ ਪ੍ਰਤੀਕ ਹੈ । ਇਸੇ ਤਰ੍ਹਾਂ ਸੁਰਜੀਤ ਸਿੰਘ ਸੇਠੀ ਦੇ ਨਾਟਕ ‘ ਮਰਦ ਮਰਦ ਨਹੀਂ ਤੀਵੀਂ ਤੀਵੀਂ ਨਹੀਂ’ ਵਿਚ ਇਕ ਬਿਰਛ ਨੂੰ ਸਮਾਜਕ ਬੰਧਨਾਂ ਦੇ ਪ੍ਰਤੀਕ ਦੇ ਤੌਰ ਤੇ ਪੇਸ਼ ਕੀਤਾ ਗਿਆ ਹੈ ।

                  ਧਾਰਮਿਕ ਖੇਤਰ ਵਿਚ ਪ੍ਰਤੀਕਾਂ ਦਾ ਮਹੱਤਵ ਬਹੁਤ ਵੱਧ ਜਾਂਦਾ ਹੈ । ਈਸ਼ਵਰ ਨਿਰਾਕਾਰ ਹੈ , ਉਸ ਦਾ ਨਾਂ ਅਤੇ ਉਸ ਦੀ ਮੂਰਤੀ ਉਸ ਦੇ ਪ੍ਰਤੀਕ ਹਨ । ਸੂਰਜ ਸਾਰੇ ਸੰਸਾਰ ਵਿਚ ਈਸ਼ਵਰ ਦਾ ਪ੍ਰਮੁੱਖ ਪ੍ਰਤੀਕ ਮੰਨਿਆ ਜਾਂਦਾ ਹੈ ਅਤੇ ਜੋਤੀ ਜਾਂ ਪ੍ਰਕਾਸ਼ ਗਿਆਨ ਦਾ । ਇਸ ਤਰ੍ਹਾਂ ਉਪਨਿਸ਼ਦ ਵਿਚ ਪੰਛੀ ਜੀਵ– ਆਤਮਾ ਦਾ ਪ੍ਰਤੀਕ ਮੰਨਿਆ ਗਿਆ ਹੈ । ਪ੍ਰਤੀਕ ਲੰਮਿਆਇਆ ਹੋਈਆ ਰੂਪਕ ( metaphor ) ਹੀ ਹੁੰਦਾ ਹੈ । ਸਪੈਂਸਰ ਦੀ ਮਹਾਨ ਕਿਰਤ ‘ ਕੁਈਨ’ ( Faerie Queene ) ਵਿਚ ਪ੍ਰਤੀਕ ਦੀ ਸੁੰਦਰ ਵਰਤੋਂ ਮਿਲਦੀ ਹੈ ।


ਲੇਖਕ : ਡਾ. ਰਾਜਿੰਦਰ ਸਿੰਘ ਲਾਂਬਾ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 593, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-14, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.