ਬਲਰਾਜ ਸਾਹਨੀ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਬਲਰਾਜ ਸਾਹਨੀ (1913–1973): ਪੰਜਾਬੀ ਸਾਹਿਤ ਵਿੱਚ ਬਲਰਾਜ ਸਾਹਨੀ ਵਾਰਤਕ ਲੇਖਕ ਵਜੋਂ ਜਾਣਿਆ ਜਾਂਦਾ ਹੈ। ਉਸ ਦੀ ਇੱਕ ਪਛਾਣ ਫ਼ਿਲਮੀ ਕਲਾਕਾਰ ਵਜੋਂ ਵੀ ਹੈ। ਬਲਰਾਜ ਸਾਹਨੀ ਦੀ ਫ਼ਿਲਮੀ-ਕਲਾ ਦਾ ਜੋ ਨਵੇਕਲਾਪਨ ਪਰਦੇ ਉਪਰ ਦਰਸ਼ਕਾਂ ਨੇ ਮਾਣਿਆ ਹੈ, ਉਹੀ ਸੁੱਚੇ ਨਕਸ਼ ਤੇ ਨਵੇਕਲੀ ਲਿਖਣ-ਸ਼ੈਲੀ ਉਸ ਦੀਆਂ ਸਾਹਿਤਿਕ ਲਿਖਤਾਂ ਵਿੱਚੋਂ ਪੰਜਾਬੀ ਪਾਠਕਾਂ ਨੇ ਮਾਣੀ ਹੈ। ਬਲਰਾਜ ਸਾਹਨੀ ਦੀ ਕਲਾ ਜੀਵਨ ਦੇ ਉਹਨਾਂ ਪੱਖਾਂ ਨੂੰ ਪੇਸ਼ ਕਰਦੀ ਹੈ ਜਿਹੜੇ ਪੱਖ ਮਨੁੱਖ ਨੂੰ ਸੰਘਰਸ਼ ਵਿੱਚੋਂ ਮਨੁੱਖ ਬਣਦਾ ਦਿਖਾਉਂਦੇ ਹਨ। ਬਲਰਾਜ ਸਾਹਨੀ ਜੀਵਨ-ਸੰਘਰਸ਼ ਵਿੱਚ ਲੱਗੇ ਹੋਏ ਮਨੁੱਖਾਂ ਦਾ ਸਾਹਿਤਕਾਰ ਹੈ। ਇਸੇ ਲਈ ਉਸ ਦਾ ਸਾਹਿਤ ਖ਼ਾਸ ਕਰ ਕੇ ਨਿਬੰਧ ਅਤੇ ਸਫ਼ਰਨਾਮੇ ਮਨੁੱਖੀ ਜੀਵਨ ਨਾਲ ਇੱਕਸੁਰ ਹੋਏ ਦਿਖਾਈ ਦਿੰਦੇ ਹਨ।

     1 ਮਈ 1913 ਨੂੰ ਰਾਵਲਪਿੰਡੀ (ਪਾਕਿਸਤਾਨ) ਵਿੱਚ ਜਨਮਿਆ ਬਲਰਾਜ ਸਾਹਨੀ ਸ਼ਾਂਤੀ ਨਿਕੇਤਨ, ਬੰਗਾਲ ਅਤੇ ਸੇਵਾਗ੍ਰਾਮ, ਵਾਰਧਾ, ਮੱਧ ਪ੍ਰਦੇਸ਼ ਵਿੱਚ ਪ੍ਰੋਫ਼ੈਸਰ ਵੀ ਰਿਹਾ ਅਤੇ ਕੋਈ ਚਾਰ ਕੁ ਸਾਲ ਬੀ.ਬੀ.ਸੀ. ਵਿਖੇ ਅਨਾਊਂਸਰ ਵਜੋਂ ਵੀ ਕੰਮ ਕਰਦਾ ਰਿਹਾ।ਬਲਰਾਜ ਸਾਹਨੀ ਆਪਣੀਆਂ ਨਾਟਕ ਰੁਚੀਆਂ ਅਤੇ ਵਿਚਾਰਧਾਰਾ ਕਰ ਕੇ ਇਪਟਾ (I.P.T.A.) ਨਾਲ ਵੀ ਜੁੜਿਆ ਰਿਹਾ ਪਰੰਤੂ 1945 ਤੋਂ ਲੈ ਕੇ ਆਪਣੇ ਜੀਵਨ ਦੇ ਆਖ਼ਰੀ ਸਮੇਂ 13 ਅਪ੍ਰੈਲ 1973 ਤੱਕ ਉਸ ਨੇ ਹਿੰਦੀ ਫ਼ਿਲਮਾਂ ਵਿੱਚ ਅਦਾਕਾਰੀ ਦੇ ਜੌਹਰ ਦਿਖਾਏ ਅਤੇ ਇਸ ਖੇਤਰ ਵਿੱਚ ਵੱਡੀ ਪਛਾਣ ਬਣਾਈ। ਇਸ ਦੌਰਾਨ ਬਲਰਾਜ ਸਾਹਨੀ ਦਾ ਸਾਹਿਤਿਕ ਸਫ਼ਰ ਵੀ ਨਾਲ-ਨਾਲ ਚੱਲਦਾ ਰਿਹਾ। ਉਸ ਨੇ ਵੇਟਰ ਦੀ ਵਾਰ ਕਾਵਿ-ਸੰਗ੍ਰਹਿ (1974), ਕੀ ਇਹ ਸੱਚ ਹੈ ਬਾਪੂ? ਪੂਰਾ ਨਾਟਕ (1974), ਇਤਿਹਾਸ ਦੀ ਪੈੜ (1979), ਕਾਮੇ (1984), ਯਾਦਾਂ ਦੀ ਕੰਨੀ ਅਤੇ ਮੇਰੀ ਗ਼ੈਰ ਜਜ਼ਬਾਤੀ ਡਾਇਰੀ ਵਾਰਤਕ ਦੀਆਂ ਮਹੱਤਵਪੂਰਨ ਪੁਸਤਕਾਂ ਪੰਜਾਬੀ ਸਾਹਿਤ ਵਿੱਚ ਰਚੀਆਂ। ਇਸ ਤੋਂ ਇਲਾਵਾ ਬਲਰਾਜ ਸਾਹਨੀ ਦੇ ਦੋ ਸਫ਼ਰਨਾਮੇ ਮੇਰਾ ਰੂਸੀ ਸਫ਼ਰਨਾਮਾ ਅਤੇ ਮੇਰਾ ਪਾਕਿਸਤਾਨੀ ਸਫ਼ਰਨਾਮਾ, ਪੰਜਾਬੀ ਸਫ਼ਰਨਾਮਾ ਸਾਹਿਤ ਵਿੱਚ ਅਜਿਹੀਆਂ ਪ੍ਰਮਾਣਿਕ ਰਚਨਾਵਾਂ ਹਨ ਜਿਨ੍ਹਾਂ ਨੇ ਪੰਜਾਬੀ ਸਫ਼ਰਨਾਮਾ ਸਾਹਿਤ ਲੇਖਣੀ ਨੂੰ ਵਿਸਤਾਰ ਵੀ ਦਿੱਤਾ ਤੇ ਅਗਵਾਈ ਵੀ। ਮੇਰੀ ਫ਼ਿਲਮੀ ਆਤਮਕਥਾ ਤੇ ਯਾਦਾਂ ਦਾ ਝਰੋਖਾ ਬਲਰਾਜ ਸਾਹਨੀ ਦੀਆਂ ਆਪਣੀਆਂ ਜੀਵਨ- ਯਾਦਾਂ ਦੀਆਂ ਦਸਤਾਵੇਜ਼ੀ ਪੁਸਤਕਾਂ ਹਨ। ਬਲਰਾਜ ਸਾਹਨੀ ਵੱਲੋਂ ਸਿਨੇਮਾ ਤੇ ਸਟੇਜ ਸਿਰਲੇਖ ਹੇਠ ਵੀ ਇੱਕ ਪੁਸਤਕ ਪੰਜਾਬੀ ਵਿੱਚ ਲਿਖੀ ਗਈ ਹੈ। ਉਸ ਦੀ ਸਾਹਿਤ ਲੇਖਣੀ ਅਤੇ ਫ਼ਿਲਮਾਂ ਵਿੱਚ ਨਿਭਾਈ ਭੂਮਿਕਾ ਸਾਹਨੀ ਨੂੰ ਇੱਕ ਸੱਚੇ ਕਰਮਯੋਗੀ ਵਜੋਂ ਸਾਮ੍ਹਣੇ ਲਿਆਉਂਦੀ ਹੈ। ਇਸੇ ਲਈ ਉਸ ਦੇ ਸਾਹਿਤਿਕ ਯੋਗਦਾਨ ਲਈ ਭਾਸ਼ਾ ਵਿਭਾਗ ਪੰਜਾਬ ਵੱਲੋਂ ਉਸ ਨੂੰ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਦੇ ਪੁਰਸਕਾਰ ਨਾਲ ਸਨਮਾਨਿਆ ਗਿਆ।

     ਬਲਰਾਜ ਸਾਹਨੀ ਦੀਆਂ ਸਾਹਿਤ ਰਚਨਾਵਾਂ ਦੇ ਵਿਸ਼ੇ ਜੀਵਨ ਵਿਚਲੀਆਂ ਨਿੱਕੀਆਂ-ਨਿੱਕੀਆਂ ਘਟਨਾਵਾਂ/ਗੱਲਾਂ ਵਿੱਚੋਂ ਨਿਕਲਦੇ ਹਨ। ਉਸ ਦੀ ਲਿਖਣ ਸ਼ੈਲੀ ਘਟਨਾਵਾਂ ਦੇ ਸੂਖਮ ਵੇਰਵਿਆਂ ਨੂੰ ਉਭਾਰਦੀ ਹੋਈ, ਜੀਵਨ ਦੀ ਖ਼ੁਸ਼ਹਾਲੀ ਦਾ ਸੰਦੇਸ਼ ਦਿੰਦੀ ਹੈ। ਬਲਰਾਜ ਦੀਆਂ ਲਿਖਤਾਂ ਵਿੱਚ ਇਹ ਖ਼ੁਸ਼ਹਾਲੀ ਬੌਧਿਕ ਤੇ ਆਤਮਿਕ ਹੈ। ਉਹ ਮਨੁੱਖ ਨੂੰ ਔਖੀ ਤੋਂ ਔਖੀ ਸਥਿਤੀ ਵਿੱਚ ਵੀ ਆਪਣੇ ਆਪ ਨੂੰ ਬਚਾਈ ਤੇ ਬਣਾਈ ਰੱਖਣ ਦਾ ਸੰਦੇਸ਼ ਦਿੰਦਾ ਹੈ। ਉਸ ਦੇ ਪਾਤਰ ਸੱਚੇ-ਸੁੱਚੇ ਨਜ਼ਰ ਆਉਂਦੇ ਹਨ।

     ਬਲਰਾਜ ਆਪਣੀ ਧਰਤੀ ਤੇ ਆਪਣੇ ਲੋਕਾਂ ਨਾਲ ਮੋਹ ਦੇ ਰਿਸ਼ਤੇ ਵਿੱਚ ਬੱਝਾ ਹੋਇਆ ਸਾਹਿਤਕਾਰ ਸੀ। ਉਸ ਨੂੰ ਮੁੰਬਈ ਦੀ ਚਕਾਚੌਂਧ ਵਿੱਚ ਵੀ ‘ਪਿੰਡੀ’ ਦੀ ਭਾਸ਼ਾ ਵਿਚਲੀ ਮਿਠਾਸ ਨਹੀਂ ਭੁੱਲਦੀ। ਅਥਰੂ ਵਾਰਤਕ ਨਿਬੰਧ ਰਾਹੀਂ ਜਿੱਥੇ ਬਲਰਾਜ ਆਪਣੀ ਭਾਸ਼ਾ ਅਤੇ ਆਪਣੇ ਇਲਾਕੇ ਪ੍ਰਤਿ ਆਪਣੇ ਮੋਹ ਅਤੇ ਲਗਾਓ ਦੀ ਗੱਲ ਕਰਦਾ ਹੈ ਉਥੇ ਉਸ ਦੀ ਲਿਖਤ ਭਾਰਤ ਦੇ ਸਮੁੱਚੇ ਸਮਾਜਿਕ, ਆਰਥਿਕ ਤੇ ਰਾਜਨੀਤਿਕ ਪ੍ਰਬੰਧ ਦੀਆਂ ਊਣਤਾਈਆਂ ਨੂੰ ਬੜੀ ਸੂਖਮਤਾ ਨਾਲ ਪੇਸ਼ ਕਰ ਦਿੰਦੀ ਹੈ ਅਤੇ ਸਮੁੱਚੇ ਪ੍ਰਬੰਧ ਉਪਰ ਸੂਖਮ ਵਿਅੰਗ ਦੀ ਸਹਿਜ ਵਿਧੀ ਉਸ ਦੀ ਵਾਰਤਕ ਲੇਖਣੀ ਦਾ ਖਾਸਾ ਹੈ।

     ਬਲਰਾਜ ਸਾਹਨੀ ਦੇ ਵਾਰਤਕ ਲੇਖਾਂ ਦੀ ਉਸਾਰੀ ਬੁੱਧੀ ਅਤੇ ਭਾਵ ਦੇ ਸੁੰਦਰ ਸੁਮੇਲ ਵਿੱਚੋਂ ਹੁੰਦੀ ਹੈ ਪਰ ਇਹਨਾਂ ਵਿਚਲੀ ਰੋਚਕਤਾ ਅਤੇ ਰਸ ਕਹਾਣੀ ਵਾਂਗ ਪਾਠਕ ਦੇ ਮਨ ਵਿੱਚ ਉੱਤਰਦਾ ਹੈ। ਉਹ ਪਾਤਰਾਂ ਦੀ ਮਾਨਸਿਕਤਾ ਨੂੰ ਪਕੜ ਕੇ ਸ਼ਬਦਾਂ ਵਿੱਚ ਬੰਨ੍ਹ ਦਿੰਦਾ ਹੈ। ਉਸ ਦੀਆਂ ਵਾਰਤਕ ਲਿਖਤਾਂ ਵਿੱਚ ਜਿੱਥੇ ਕਹਾਣੀ ਵਰਗਾ ਵੇਗ ਦਿਖਾਈ ਦਿੰਦਾ ਹੈ ਉਥੇ ਉਸ ਦੀ ਲਿਖਤ ਦਾ ਨਾਟਕੀ ਖਾਸਾ ਵੀ ਬਲਰਾਜ ਸਾਹਨੀ ਨੂੰ ਵੱਖਰਾ ਬਣਾ ਦਿੰਦਾ ਹੈ। ਉਸ ਦੇ ਵਿਅੰਗ ਦੀ ਨਸ਼ਤਰ ਖ਼ੁਦ ਬਲਰਾਜ ਨੂੰ ਵੀ ਆਪਣੀ ਕਲਮ ਦੀ ਨੋਕ ਹੇਠ ਲੈ ਕੇ ਆਉਂਦੀ ਹੈ। ਉਹ ਆਪਣੇ ਜੀਵਨ ਦੀਆਂ ਅਨੇਕ ਘਟਨਾਵਾਂ ਨੂੰ ਸਹਿਜ ਹੀ ਪੇਸ਼ ਕਰਦਿਆਂ ਜੀਵਨ ਦੀ ਅਸਲੀਅਤ ਸਿਰਜ ਦਿੰਦਾ ਹੈ। ਲੋਹੇ ਦਾ ਹਾਥੀ ਵਰਗੀਆਂ ਰਚਨਾਵਾਂ ਇਸ ਦੀ ਮਿਸਾਲ ਹਨ।

     ਬਲਰਾਜ ਸਾਹਨੀ ਦੇ ਸਫ਼ਰਨਾਮਿਆਂ ਵਿੱਚੋਂ ਵੀ ਉਸ ਦੀ ਵਾਰਤਕ ਲੇਖਣ ਦਾ ਕਮਾਲ ਦੇਖਿਆ ਜਾ ਸਕਦਾ ਹੈ। ਉਸ ਦੇ ਸਫ਼ਰਨਾਮੇ ਉਸ ਦੇ ਨਿੱਜ ਨਾਲ ਇੱਕਸੁਰਤਾ ਵਿੱਚੋਂ ਰਚੇ ਗਏ ਹਨ। ਮੇਰਾ ਰੂਸੀ ਸਫ਼ਰਨਾਮਾ ਵਿੱਚ ਉਸ ਦੀ ਵਿਚਾਰਧਾਰਾ ਅਤੇ ਮੇਰਾ ਪਾਕਿਸਤਾਨੀ ਸਫ਼ਰਨਾਮਾ ਵਿੱਚੋਂ ਉਸ ਦੀ ਉਸ ਧਰਤੀ ਪ੍ਰਤਿ ਭਾਵੁਕ ਪਹੁੰਚ ਪਛਾਣੀ ਜਾ ਸਕਦੀ ਹੈ। ਇਹਨਾਂ ਦੋਵਾਂ ਰਚਨਾਵਾਂ ਨੇ ਪੰਜਾਬੀ ਸਫ਼ਰਨਾਮਾ ਸਾਹਿਤ ਨੂੰ ਇੱਕ ਨਵੀਂ ਸੇਧ ਦਿੱਤੀ ਹੈ।

     ਬਲਰਾਜ ਸਾਹਨੀ ਨੇ ਭਾਵੇਂ ਕਵਿਤਾ ਵੀ ਰਚੀ, ਨਾਟਕ ਵੀ ਰਚਿਆ ਪਰੰਤੂ ਬਲਰਾਜ ਸਾਹਨੀ ਦੀ ਵੱਡੀ ਪਛਾਣ ਨਿਬੰਧ ਲੇਖਕ ਅਤੇ ਸਫ਼ਰਨਾਮਾਕਾਰ ਵਜੋਂ ਹੈ। ਉਸ ਦੀਆਂ ਲਿਖਤਾਂ ਵਿੱਚ ਵਿਚਾਰ ਅਤੇ ਜਜ਼ਬੇ ਦਾ ਸੁੰਦਰ ਸੁਮੇਲ ਅਤੇ ਉਸ ਦੀ ਮਾਨਵ ਹਿਤੈਸ਼ੀ ਸੁੱਚੀ ਦ੍ਰਿਸ਼ਟੀ ਸਪਸ਼ਟ ਨਜ਼ਰ ਆਉਂਦੀ ਹੈ ਜੋ ਬਲਰਾਜ ਸਾਹਨੀ ਨੂੰ ਪੰਜਾਬੀ ਦਾ ਮਾਣਮੱਤਾ ਸਾਹਿਤਕਾਰ ਬਣਾਉਂਦੀ ਹੈ।


ਲੇਖਕ : ਉਮਿੰਦਰ ਜੌਹਲ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 22754, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.