ਬਹਾਵਲਪੁਰ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਬਹਾਵਲਪੁਰ [ਨਿਪੁ] ਪਾਕਿਸਤਾਨ ਦਾ ਇੱਕ ਨਗਰ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 284, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਬਹਾਵਲਪੁਰ ਸਰੋਤ :
ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ
ਬਹਾਵਲਪੁਰ : ਰਿਆਸਤ– ਇਹ ਪੱਛਮੀ ਪੰਜਾਬ (ਪਾਕਿਸਤਾਨ) ਦੀ ਇਕ ਦੇਸੀ ਰਿਆਸਤ ਸੀ ਜਿਸ ਦੇ ਉੱਤਰ-ਪੂਰਬ ਵੱਲ ਫ਼ਿਰੋਜ਼ਪੁਰ ਜ਼ਿਲ੍ਹਾ ਤੇ ਉੱਤਰ-ਪੱਛਮ ਵੱਲ ਸਤਲੁਜ ਦਰਿਆ ਇਸ ਨੂੰ ਮਿੰਟਗੁਮਰੀ ਅਤੇ ਮੁਲਤਾਨ ਜ਼ਿਲ੍ਹਿਆਂ ਤੋਂ ਨਿਖੇੜਦਾ ਅਤੇ ਸਿੰਧ ਦਰਿਆ ਡੇਰਾ ਗਾਜ਼ੀ ਖ਼ਾਨ ਜ਼ਿਲ੍ਹੇ ਤੋਂ ਇਸ ਨੂੰ ਅਲੱਗ ਦਰਸਾਉਂਦਾ ਸੀ। ਇਸ ਰਾਜ ਦੇ ਦੱਖਣ-ਪੱਛਮ ਵੱਲ ਰਾਜਪੁਤਾਨਾ ਦੇ ਜੈਸਲਮੇਰ ਅਤੇ ਬੀਕਾਨੇਰ ਜ਼ਿਲ੍ਹੇ ਲਗਦੇ ਸਨ। ਇਸੇ ਨਾਂ ਦਾ ਸ਼ਹਿਰ (ਬਹਾਵਲਪੁਰ) ਇਸ ਦਾ ਸਦਰ ਮੁਕਾਮ ਹੁੰਦਾ ਸੀ। ਇਸ ਰਾਜ ਦੀ ਉੱਤਰ-ਪੂਰਬ ਤੋਂ ਦੱਖਣ-ਪੱਛਮ ਤਕ ਦੀ ਕੁੱਲ ਲੰਬਾਈ ਲਗਭਗ 482 ਕਿ. ਮੀ. (300 ਮੀਲ) ਅਤੇ ਔਸਤਨ ਚੌੜਾਈ ਲਗਭਗ 64 ਕਿ. ਮੀ. ਸੀ।
ਇਸ ਰਾਜ ਵਿਚ ਪਹਾੜਾਂ ਅਤੇ ਨਦੀਆਂ ਦੀ ਘਾਟ ਹੈ ਅਤੇ ਇਹ ਲੰਬਾਈ ਰੁਖ ਤਿੰਨ ਲੜੀਆਂ ਵਿਚ ਵੰਡਿਆ ਹੋਇਆ ਹੈ। ਪਹਿਲੇ ਹਿੱਸੇ ਨੂੰ ਰੋਹੀ ਜਾਂ ਚੋਲਿਸਤਾਨ ਦਾ ਇਲਾਕਾ ਕਿਹਾ ਜਾਂਦਾ ਹੈ। ਫ਼ਿਰ ਵਿਚਕਾਰਲਾ ਮਾਰਥੂਲ ਦਾ ਇਲਾਕਾ ਹੈ ਜਿੱਥੇ ਖੇਤੀਬਾੜੀ ਬਿਲਕੁਲ ਨਹੀਂ ਹੁੰਦੀ ਸੀ ਅਤੇ ਤੀਜਾ ਹਿੱਸਾ ਦਰਿਆ ਦੇ ਨਾਲ ਦਾ ਉਪਜਾਊ ਹਿੱਸਾ ਹੈ ਜਿਸ ਨੂੰ ਸਿੰਧ ਦਾ ਇਲਾਕਾ ਕਹਿੰਦੇ ਹਨ। ਮਾਰੂਥਲ ਦੇ ਇਲਾਕੇ ਵਿਚ ਇਹ ਵਿਚਾਰ ਕੀਤਾ ਜਾਂਦਾ ਹੈ ਕਿ ਕਿਸੇ ਸਮੇਂ ਇਥੇ ਵੱਡੇ ਦਰਿਆ ਦਾ ਪਾਣੀ ਪਹੁੰਚਦਾ ਸੀ। ਰੋਹੀ ਜਾਂ ਚੋਲਿਸਤਾਨ ਦੇ ਇਲਾਕੇ ਰੇਤਲੇ ਹਨ ਅਤੇ ਉੱਚੇ ਉੱਚੇ ਟਿੱਬਿਆਂ ਉੱਤੇ ਰੇਤਲੀ ਧਰਤੀ ਵਾਲੇ ਪੌਦੇ ਉੱਗੇ ਮਿਲਦੇ ਸਨ। ਵਿਚਕਾਰਲਾ ਹਿੱਸਾ ਚੀਕਣੀ ਮਿੱਟੀ ਅਤੇ ਰੇਤਲੀ ਧਰਤੀ ਦਾ ਹੈ ਅਤੇ ਤੀਜਾ ਦਰਿਆ ਨਾਲ ਲਗਦਾ ਹਿੱਸਾ ਅਬਰਕ ਰਲੀ ਮਿੱਟੀ ਦਾ ਹਿੱਸਾ ਹੈ। ਉਪਜਾਊ ਹਿੱਸੇ ਵਿਚ ਤਾੜ ਦੇ ਬਹੁਤ ਰੁੱਖ ਮਿਲਦੇ ਹਨ ਅਤੇ ਦਰਿਆਵਾਂ ਵਿਚ ਕਮਲ ਦੇ ਫੁੱਲ ਉੱਗੇ ਮਿਲਦੇ ਹਨ। ਸਿੰਧ ਦੇ ਇਲਾਕੇ ਵਿਚ ਟੇਮਾਰਿਕਸ ਦੇ ਰੁੱਖ ਮਿਲਦੇ ਹਨ ਅਤੇ ਰੋਹੀ ਦੇ ਇਲਾਕੇ ਵਿਚ ਖਾਰ ਦੇ ਰੁੱਖ ਹਨ।
ਇਸ ਰਾਜ ਦੇ ਸ਼ਾਸਕ ਅੱਬਾਸੀ ਦਾਊਦ ਪੁੱਤਰ ਮਿਸਰ ਦੇ ਅਬਾਸੀਦ ਖ਼ਲੀਫ਼ਾ ਖ਼ਾਨਦਾਨ ਵਿਚੋਂ ਆਪਣੀ ਉਤਪਤੀ ਮੰਨਦੇ ਸਨ। ਇਹ ਲੋਕ ਸਿੰਧ ਦੇ ਇਲਾਕੇ ਵਿਚੋਂ ਆਏ ਅਤੇ ਦੁਰਾਨੀ ਕਾਲ ਸਮੇਂ ਸੁਤੰਤਰ ਤੌਰ ਤੇ ਰਾਜ ਕਰਨ ਲੱਗੇ। ਕਾਬਲ ਦੇ ਸ਼ਾਹ ਮਹਿਮੂਦ ਦੀ ਇਜਾਜ਼ਤ ਨਾਲ ਇਥੋਂ ਦੇ ਨਵਾਬ ਮੁਹੰਮਦ ਬਹਾਵਲ ਖ਼ਾਨ ਦੂਜੇ ਨੇ 1802 ਈ. ਵਿਚ ਇਥੇ ਟਕਸਾਲ ਬਣਵਾਈ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੌਰਾਨ ਸੰਨ 1809 ਦੀ ਲਾਹੌਰ ਦੀ ਸੰਧੀ ਅਧੀਨ ਮਹਾਰਾਜਾ ਰਣਜੀਤ ਸਿੰਘ ਨੂੰ ਸਤਲੁਜ ਦੇ ਸੱਜੇ ਕੰਢੇ ਤਕ ਹੀ ਸੀਮਿਤ ਰਹਿਣ ਲਈ ਵਚਨਬੱਧ ਕੀਤਾ ਗਿਆ। ਇਸ ਮਗਰੋਂ 1903 ਈ. ਤਕ ਇਥੇ ਨਵਾਬਾਂ ਨੇ ਰਾਜ ਕੀਤਾ।
ਇਸ ਰਾਜ ਦੇ ਪ੍ਰਸਿੱਧ ਪੁਰਾਤਤਵੀ ਸ਼ਹਿਰ ਜੋ ਇਸ ਸਮੇਂ ਥੇਹਾਂ ਦੇ ਰੂਪ ਵਿਚ ਹਨ। ਇਹ ਸਾਰਾ ਰਾਜ ਤਿੰਨ ਨਿਜ਼ਾਮਤਾਂ ਵਿਚ ਵੰਡਿਆ ਹੋਇਆ ਸੀ ਬਹਾਵਲਪੁਰ, ਮਿਨਚੀਨਾਬਾਦ ਅਤੇ ਖ਼ਾਨਪੁਰ। ਇਸ ਰਾਜ ਦੇ ਪ੍ਰਸਿੱਧ ਸ਼ਹਿਰ ਹਨ-ਬਹਾਵਲਪੁਰ, ਅਹਿਮਦਪੁਰ (ਪੂ.) ਖ਼ਾਨਪੁਰ, ਉੱਚ, ਅਹਿਮਦਪੁਰ (ਪੱ.) ਅਤੇ ਖੈਰਪੁਰ। ਜੱਟ, ਬਲੋਚ, ਰਾਜਪੂਤ, ਅਰਾਈਂ, ਖੋਖਰ, ਪਠਾਣ, ਦਾਉਦਪੁੱਤਰ ਖਰਲ ਅਤੇ ਵਪਾਰੀ ਫ਼ਿਰਕਾ ਅਰੋੜੇ ਇਥੋਂ ਦੇ ਵਸਨੀਕ ਸਨ।
ਇਸ ਰਾਜ ਦੀ ਵਪਾਰ ਪੱਖੋਂ ਵੀ ਕਾਫ਼ੀ ਮਹੱਤਤਾ ਸੀ। ਸਿਲਕ ਦੀਆਂ ਪਗੜੀਆਂ ਅਤੇ ਕੱਪੜਾ ਬਹੁਤ ਵਧੀਆ ਬਣਾਇਆ ਜਾਂਦਾ ਸੀ। ਬਹਾਵਲਪੁਰ ਅਤੇ ਖ਼ਾਨਪੁਰ ਕਸਬੇ ਧਾਤ ਦੇ ਕੱਪ ਬਣਾਉਣ ਵਿਚ ਪ੍ਰਸਿੱਧ ਸਨ। ਸੋਡਾ ਕਾਰਬੋਨੇਟ ਵੀ ਕਾਫ਼ੀ ਮਾਤਰਾ ਵਿਚ ਬਹਾਵਲਪੁਰ ਤਹਿਸੀਲ ਤੋਂ ਹੀ ਤਿਆਰ ਕਰ ਕੇ ਬਾਹਰ ਭੇਜਿਆ ਜਾਂਦਾ ਸੀ। ਅਹਿਮਦਪੁਰ (ਪੂ.) ਅਤੇ ਖ਼ੈਰਪੁਰ ਵਿਖੇ ਚੀਨੀ ਦੇ ਬਰਤਨ, ਜੁੱਤੇ ਅਤੇ ਛਪਾਈ ਵਾਲੇ ਕੱਪੜੇ ਦੇ ਕਾਰਖ਼ਾਨੇ ਸਨ। ਸ਼ੈਲਰ, ਕਪਾਹ ਵੇਲਣ ਵਾਲੇ ਕਾਰਖ਼ਾਨੇ ਆਦਿ ਵੀ ਮੌਜੂਦ ਸਨ। ਇਥੋਂ ਬ੍ਰਿਟਿਸ਼ ਸਰਕਾਰ ਨਾਲ ਸੰਧੀ ਅਨੁਸਾਰ ਨਾਲ ਸੰਧੀ ਅਨੁਸਾਰ ਕਣਕ, ਛੋਲੇ, ਨੀਲ, ਖਜੂਰ, ਅੰਬ, ਉੱਨ ਅਤੇ ਨਮਕ ਆਦਿ ਵਸਤਾਂ ਬਾਹਰ ਭੇਜੀਆਂ ਜਾਂਦੀਆਂ ਸਨ। ਕੱਪੜਾ ਅਤੇ ਗੁੜ ਬਾਹਰਲੇ ਰਾਜਾਂ ਤੋਂ ਇਥੇ ਮੰਗਵਾਇਆ ਜਾਂਦਾ ਸੀ।
ਰਾਜ ਪ੍ਰਬੰਧ ਚਲਾਉਣ ਲਈ ਨਵਾਬ ਦੇ ਨਾਲ ਵਜ਼ੀਰ ਬਦੇਸ਼ ਮੰਤਰੀ, ਕਰ ਮੰਤਰੀ, ਵਿੱਤ ਮੰਤਰੀ, ਫ਼ੌਜਾਂ ਦਾ ਕਮਾਂਡਰ-ਇਨ ਚੀਫ਼, ਚੀਫ਼ ਜਸਟਿਸ ਆਦਿ ਹੁੰਦੇ ਸਨ। ਨਿਜ਼ਾਮਤਾਂ ਨੂੰ ਤਹਿਸੀਲਾਂ ਵਿਚ ਵੰਡਿਆ ਹੋਇਆ ਸੀ ਅਤੇ ਇਨ੍ਹਾਂ ਦਾ ਪ੍ਰਬੰਧ ਤਹਿਸੀਲਦਾਰ ਕਰਦੇ ਸਨ। ਸਦਰ ਅਦਾਲਤ ਵਿਚ ਝਗੜਿਆਂ ਦੇ ਫ਼ੈਸਲੇ ਕੀਤੇ ਜਾਂਦੇ ਸਨ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 191, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-02-26-12-47-30, ਹਵਾਲੇ/ਟਿੱਪਣੀਆਂ: ਹ. ਪੁ. –ਇੰਪ. ਗ. ਇੰਡ. 6:194; ਵੈ. ਨਿਊ. ਜੀਓ. ਡਿ. : 107
ਬਹਾਵਲਪੁਰ ਸਰੋਤ :
ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ
ਬਹਾਵਲਪੁਰ : ਸ਼ਹਿਰ– ਪੱਛਮੀ ਪੰਜਾਬ (ਪਾਕਿਸਤਾਨ) ਦੇ ਬਹਾਵਲਪੁਰ ਰਾਜ ਵਿਚ ਇਸੇ ਨਾਂ ਦੀ ਤਹਿਸੀਲ ਦਾ ਸਦਰਮੁਕਾਮ ਹੈ ਜਿਹੜਾ ਸਿੰਧ ਦਰਿਆ ਦੇ ਸੱਜੇ ਕੰਢੇ ਉੱਪਰ, ਮੁਲਤਾਨ ਸ਼ਹਿਰ ਤੋਂ 100 ਕਿ.ਮੀ. (65 ਮੀਲ) ਦੱਖਣ ਵੱਲ ਲਾਹੌਰ ਤੋਂ 362 ਕਿ. ਮੀ. (225 ਮੀਲ) ਦੱਖਣ-ਪੱਛਮ ਵੱਲ ਸਥਿਤ ਹੈ। ਸੰਨ 1748 ਵਿਚ ਨਵਾਬ ਬਹਾਵਲ ਖ਼ਾਨ ਨੇ ਇਸ ਕਸਬੇ ਦੀ ਨੀਂਹ ਰੱਖੀ ਅਤੇ ਰਾਜ ਦੀ ਰਾਜਧਾਨੀ ਡੇਰਾਵਰ ਤੋਂ ਬਦਲ ਕੇ ਇਸ ਸ਼ਹਿਰ ਵਿਚ ਬਣਾ ਦਿੱਤੀ ਗਈ। ਇਸ ਸ਼ਹਿਰ ਦੇ ਆਲੇ ਦੁਆਲੇ ਇਕ ਕੱਚੀ ਕੰਧ ਬਣੀ ਹੋਈ ਹੈ ਅਤੇ ਵਿਚਕਾਰ ਬਣੇ ਮਹਿਲ ਦੀਆਂ ਚਾਰ ਨੁਕਰਾਂ ਉੱਤੇ ਮੀਨਾਰ ਬਣੇ ਹੋਏ ਹਨ। ਇਸ ਮਹਿਲ ਨੂੰ ਨਵਾਬ ਸਾਦਿਕ ਮੁਹੰਮਦ ਖ਼ਾਨ ਚੌਥੇ ਨੇ 1882 ਈ. ਵਿਚ ਬਣਵਾਇਆ। ਇਥੋਂ ਦੂਰ ਤਕ ਫੈਲਿਆ ਬੀਕਾਨੇਰ ਦਾ ਮਾਰੂਥਲ ਨਜ਼ਰ ਆਉਂਦਾ ਹੈ।
ਇਸ ਸ਼ਹਿਰ ਦੇ ਨੇੜੇ ਲਗਭਗ 7 ਕਿ. ਮੀ. ਦੇ ਫ਼ਾਸਲੇ ਤੇ ਸਤਲੁਜ ਦਰਿਆ ਉੱਪਰ ਇਕ ਬਹੁਤ ਖ਼ੂਬਸੂਰਤ ਲੋਹੇ ਦਾ ਰੇਲਵੇ ਪੁਲ ਬਣਿਆ ਹੋਇਆ ਹੈ। ਇਹ ਸੰਨ 1878 ਵਿਚ ਚਾਲੂ ਕੀਤਾ ਗਿਆ ਅਤੇ 1,298 ਮੀਟਰ (4,258 ਫੁੱਟ) ਲੰਬਾ ਹੈ। ਇਥੇ 1875 ਵਿਚ ਉਸ ਸਮੇਂ 12 ਲੱਖ ਦੀ ਲਾਗਤ ਨਾਲ ਇਤਾਲਵੀ ਨਮੂਨੇ ਦਾ ਇਕ ਖ਼ੂਬਸੂਰਤ ਰੈਸਟ ਹਾਊਸ ਉਸਾਰਿਆ ਗਿਆ ਜੋ ਨੂਰ ਮਹਿਲ ਦੇ ਨਾਂ ਨਾਲ ਪ੍ਰਸਿੱਧ ਹੈ।
ਇਥੇ ਕਈ ਵੱਡੀਆਂ ਫੈਕਟਰੀਆਂ, ਸ਼ੈਲਰ ਅਤੇ ਕਪਾਹ ਵੇਲਣ ਦੇ ਕਾਰਖਾਨੇ ਸਥਾਪਿਤ ਹਨ। ਇਥੇ 1874 ਈ. ਵਿਚ ਮਿਉਂਸਪਲ ਕਮੇਟੀ ਸਥਾਪਿਤ ਹੋਈ। ਇਸ ਕਸਬੇ ਦੇ ਨਾਲ ਹੀ ਛਾਉਣੀ ਵੀ ਹੈ ਜਿਥੇ ਨਿਜ਼ਾਮ ਰੈਜਮੈਂਟ ਅਤੇ ਇੰਪੀਰੀਅਲ ਸਰਵਿਸ ਕੈਮਲ ਕਾੱਰਪਸ ਦੀਆਂ ਯੂਨਿਟਾਂ ਹਨ। ਇਥੇ ਚੀਨੀ ਦੇ ਬਰਤਨ ਬਣਾਉਣ ਅਤੇ ਸਾਬਣ ਬਣਾਉਣ ਦੇ ਕਾਰਖ਼ਾਨੇ ਹਨ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 191, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-02-26-12-48-58, ਹਵਾਲੇ/ਟਿੱਪਣੀਆਂ: ਹ. ਪੁ. –ਇੰਪ. ਗ਼ਜ. ਇੰਡ. 6:204; ਵੈ. ਨਿਊ. ਜੀਓ. ਡਿ. : 107; ਐਨ. ਬ੍ਰਿ. ਮਾ. 1:732
ਵਿਚਾਰ / ਸੁਝਾਅ
Please Login First