ਬਹੁ-ਅਰਥਕਤਾ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਬਹੁ - ਅਰਥਕਤਾ : ਅਰਥਾਂ ਦੀ ਸਮਾਨਤਾ ਨੂੰ ਸਮਝਣਾ ਕੋਈ ਸੌਖਾ ਮਸਲਾ ਨਹੀਂ ਬਲਕਿ ਇਹ ਇੱਕ ਗੁੰਝਲਦਾਰ ਸਮੱਸਿਆ ਹੈ , ਜਦੋਂ ਕਿ ਅਰਥਾਂ ਵਿੱਚ ਵਖਰੇਵੇਂ ਨੂੰ ਸਮਝਣਾ ਅਤੇ ਉਹਨਾਂ ਦੀ ਵਰਤੋਂ ਕੋਈ ਮੁਸ਼ਕਲ ਕੰਮ ਨਹੀਂ ਹੈ । ਵੱਖਰੇ-ਵੱਖਰੇ ਸ਼ਬਦਾਂ ਦੇ ਵੱਖਰੇ-ਵੱਖਰੇ ਅਰਥਾਂ ਨੂੰ ਸਮਝਣ ਵਿੱਚ ਕੋਈ ਔਕੜ ਨਹੀਂ ਬਲਕਿ ਔਕੜ ਉਦੋਂ ਆਉਂਦੀ ਹੈ ਜਦੋਂ ਇੱਕੋ ਸ਼ਬਦ ਵੱਖਰੇ-ਵੱਖਰੇ ਅਰਥਾਂ ਦੇ ਸਮੂਹ ਨੂੰ ਪ੍ਰਗਟਾਉਂਦਾ ਹੈ । ਇਸ ਨੂੰ ਬਹੁ-ਅਰਥਕ ਸ਼ਬਦ ਨਾਲ ਜਾਣਿਆ ਜਾਂਦਾ ਹੈ , ਜਿਵੇਂ ਪੰਜਾਬੀ ਦੇ ਸ਼ਬਦ ਅੱਡਾ ਅਤੇ ਗੱਡੀ ਆਦਿ ਦੇ ਬਹੁ-ਅਰਥਕ ਰੂਪਾਂ ਨੂੰ ਦੇਖਿਆ ਜਾ ਸਕਦਾ ਹੈ :

        ਅੱਡਾ : ਬੱਸਾਂ ਦਾ ਅੱਡਾ , ਹਵਾਈ ਅੱਡਾ , ਚੋਰਾਂ ਦਾ ਅੱਡਾ , ਨਾਲੇ-ਪਰਾਂਦੀਆਂ ਬਣਾਉਣ ਲਈ ਅੱਡਾ , ਦਰੀਆਂ- ਖੇਸ ਬਣਾਉਣ ਵਾਲਾ ਅੱਡਾ , ਆਦਿ ।

        ਗੱਡੀ : ਰੇਲ ਗੱਡੀ , ਰਿਕਸ਼ਾ ਗੱਡੀ , ਕਾਰ ਲਈ ਗੱਡੀ , ਖੱਚਰ ਗੱਡੀ , ਟਰੱਕ ਲਈ ਗੱਡੀ , ਬੱਸ ਲਈ ਗੱਡੀ , ਰੇਹੜਾ ਗੱਡੀ , ਆਦਿ ।

        ਸਮੱਸਿਆ ਉਦੋਂ ਆਉਂਦੀ ਹੈ ਜਦੋਂ ਇੱਕ ਰੂਪ ਬਹੁਤ ਸਾਰੇ ਅਰਥਾਂ ਦਾ ਪ੍ਰਗਟਾਵਾ ਕਰਦਾ ਹੈ ਜਿਸ ਤੋਂ ਇਹ ਸਪਸ਼ਟ ਨਹੀਂ ਹੁੰਦਾ ਕਿ ਇਹ ਉਦਾਹਰਨ ਬਹੁ- ਅਰਥਕਤਾ ਦੀ ਹੈ ( ਇੱਕ ਸ਼ਬਦ ਦੇ ਅਨੇਕ ਅਰਥ ) ਜਾਂ ਸਮਰੂਪਤਾ ਦੀ ਹੈ । ਜਿਵੇਂ ਉਪਰੋਕਤ ਸ਼ਬਦਾਂ ਤੋਂ ਇਲਾਵਾ ਸ਼ਬਦ ‘ ਡੁੱਬ` ਨੂੰ ਲਿਆ ਜਾ ਸਕਦਾ ਹੈ । ਸ਼ਬਦ-ਕੋਸ਼ ‘ ਡੁੱਬ` ਸ਼ਬਦ ਨੂੰ ਇੱਕ ਬਹੁ-ਅਰਥਕ ਸ਼ਬਦ ਮੰਨਦਾ ਹੈ ਪਰੰਤੂ ਦੂਜੇ ਪਾਸੇ ਇਸਦੀ ਪਹਿਚਾਣ ਚਾਰ ਸ਼ਬਦਾਂ ( ਚਾਰ ਸਮਰੂਪਕਾਂ ) ਤੋਂ ਕੀਤੀ ਜਾ ਸਕਦੀ ਹੈ , ਜਿਵੇਂ :

                                  ਡੁੱਬ :       ਸੂਰਜ ਡੁੱਬ ਗਿਆ ।

                                                        ਮੁੰਡਾ ਡੁੱਬ ਗਿਆ ।

                                                        ਪੈਸਾ ਡੁੱਬ ਗਿਆ ।

                                                        ਸ਼ਰਮ ਨਾਲ ਡੁੱਬ ਗਿਆ ।

        ਅਜਿਹੀ ਸਥਿਤੀ ਵਿੱਚ ਇਹਨਾਂ ਦੀ ਮੱਦ ਬਾਰੇ ਫ਼ੈਸਲਾ ਕਰਨਾ ਇੱਕ ਜ਼ਰੂਰੀ ਨੁਕਤਾ ਹੈ ਜਿਸਦਾ ਫ਼ੈਸਲਾ ਸ਼ਬਦ- ਕੋਸ਼ ਹੀ ਕਰ ਸਕਦਾ ਹੈ ਕਿ ਇਸ ਨੂੰ ਬਹੁ-ਅਰਥਕਤਾ ਕਿਹਾ ਜਾਵੇ ਜਾਂ ਸਮਰੂਪਤਾ । ਕਿਉਂਕਿ ਜਿਵੇਂ ਅਕਸਰ ਭਾਸ਼ਾ-ਵਿਗਿਆਨੀ ਆਖਦੇ ਹਨ ਕਿ ਹਰ ਇੱਕ ਬਹੁ- ਅਰਥਕ ਵਸਤੂ ਦਾ ਇੰਦਰਾਜ ਸ਼ਬਦ-ਕੋਸ਼ ਵਿੱਚ ਇੱਕ ਅਤੇ ਇਕੱਲੇ ਤੌਰ ਤੇ ਹੋਵੇਗਾ ਜਦੋਂ ਕਿ ਹਰ ਸਮਰੂਪਕ ਸ਼ਬਦ ਜਾਂ ਸਮਨਾਮ ਸ਼ਬਦ ਲਈ ਵੱਖਰਾ ਇੰਦਰਾਜ ਹੋਵੇਗਾ । ਦੂਜੇ ਸ਼ਬਦਾਂ ਵਿੱਚ ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਬਹੁ-ਅਰਥਕਤਾ ਇੱਕ ਸ਼ਬਦ ਦੇ ਇੱਕ ਤੋਂ ਵੱਧ ਅਰਥਾਂ ਵਿੱਚ ਵਰਤੇ ਜਾਣ ਦੀ ਸਮਰੱਥਾ ਹੁੰਦੀ ਹੈ ਜਦੋਂ ਕਿ ਸਮਰੂਪ ਉਹ ਸ਼ਬਦ ਹੁੰਦੇ ਹਨ ਜਿਹੜੇ ਵੱਖਰੇ-ਵੱਖਰੇ ਅਰਥ ਪ੍ਰਗਟਾਉਂਦੇ ਹੋਏ ਵੀ ਰੂਪ ਪੱਖੋਂ ਬਿਲਕੁਲ ਸਮਾਨ ਹੁੰਦੇ ਹਨ । ਇਹ ਨਿਖੇੜ ਕੇ ਦੱਸਣਾ ਬਹੁਤ ਹੀ ਕਠਨ ਹੁੰਦਾ ਹੈ ਕਿ ਕੋਈ ਸ਼ਬਦ ਬਹੁ-ਅਰਥਕ ਸ਼ਬਦ ਹੈ ਜਾਂ ਸਮਰੂਪ ਸ਼ਬਦ ਹੈ । ਉਦਾਹਰਨ ਵਜੋਂ ਸ਼ਬਦ ‘ ਅਰਥ ਵਿਗਿਆਨ` ਇੱਕੋ ਸ਼ਬਦ ਹੈ ਜੋ ਬਹੁ-ਅਰਥਕ ( ਇਕਨਾਮਿਕਸ ਅਤੇ ਸੀਮੈਂਟਿਕਸ ) ਹੈ ਜਾਂ ਇਹ ਦੋ ਵੱਖਰੇ-ਵੱਖਰੇ ਸ਼ਬਦ ਹਨ ਜੋ ਰੂਪ ਪੱਖੋਂ ਇੱਕੋ ਜਿਹੇ ਹਨ । ਇਹੋ ਜਿਹੀ ਸਮੱਸਿਆ ਨੂੰ ਸ਼ਬਦ-ਕੋਸ਼ ਦੀ ਮਦਦ ਨਾਲ ਹੱਲ ਕੀਤਾ ਜਾ ਸਕਦਾ ਹੈ ।

        ਹਰ ਇੱਕ ਭਾਸ਼ਾ ਵਿੱਚ ਅਜਿਹੇ ਸ਼ਬਦ ਹੁੰਦੇ ਹਨ ਜਿਨ੍ਹਾਂ ਦੇ ਇੱਕ ਨਾਲੋਂ ਵੱਧ ਅਰਥ ਹੁੰਦੇ ਹਨ । ਮਿਸਾਲ ਵਜੋਂ ਅਸੀਂ ਪੰਜਾਬੀ ਦੇ ਸ਼ਬਦ ‘ ਅਰਥ` ਨੂੰ ਹੀ ਲੈਂਦੇ ਹਾਂ , ਇਸਦੇ ਦੋ ਅਰਥ ਹਨ-ਭਾਵ ਜਾਂ ਮਤਲਬ ਅਤੇ ਧਨ- ਦੌਲਤ ਜਾਂ ਪਦਾਰਥ । ਇਸੇ ਤਰ੍ਹਾਂ ਪੰਜਾਬੀ ਭਾਸ਼ਾ ਦੇ ਸ਼ਬਦ ‘ ਸ਼ਬਦ` ਨੂੰ ਲਿਆ ਜਾ ਸਕਦਾ ਹੈ । ਸ਼ਬਦ ਦਾ ਇੱਕ ਅਰਥ ਤਾਂ ਉਹ ਹੈ ਜਿਸ ਅਰਥ ਵਿੱਚ ਇਸ ਸ਼ਬਦ ਨੂੰ ਅੱਜ ਤੱਕ ਵਰਤ ਰਹੇ ਹਾਂ । ਸ਼ਬਦ ਦਾ ਦੂਜਾ ਅਰਥ ਧਾਰਮਿਕ ਕਾਵਿ ਨਾਲ ਸੰਬੰਧਿਤ ਹੈ , ਜਿਵੇਂ ਜਿਸਕੇ ਸਿਰ ਉਪਰ ਤੂੰ ਸੁਆਮੀ , ਸੋ ਦੁਖੁ ਕੈਸਾ ਪਾਵੈ ਗੁਰਬਾਣੀ ਵਿੱਚ ਅੰਕਿਤ ਹੈ ।

        ਬਹੁ-ਅਰਥਕ ਸ਼ਬਦਾਂ ਦੇ ਅਧਿਐਨ ਲਈ ਸਮਰੂਪ ਸ਼ਬਦਾਂ ਦਾ ਅਧਿਐਨ ਕਰ ਲੈਣਾ ਜ਼ਰੂਰੀ ਹੈ । ਪਹਿਲਾਂ ਸਾਨੂੰ ਬਹੁ-ਅਰਥਕ ਸ਼ਬਦਾਂ ਅਤੇ ਸਮਰੂਪ ਸ਼ਬਦਾਂ ਦੇ ਅੰਤਰ ਨੂੰ ਸਪਸ਼ਟ ਕਰਨਾ ਚਾਹੀਦਾ ਹੈ । ਬਹੁ-ਅਰਥਕ ਸ਼ਬਦਾਂ ਦਾ ਸ਼ਬਦ-ਕੋਸ਼ ਵਿੱਚ ਇੱਕ ਹੀ ਇੰਦਰਾਜ ਹੁੰਦਾ ਹੈ ਜਦੋਂ ਕਿ ਸਮਰੂਪ/ਸਮਨਾਮ ਸ਼ਬਦਾਂ ਦੇ ਜਿੰਨੇ ਉਹ ਰੂਪ ਹੁੰਦੇ ਹਨ , ਓਨੇ ਹੀ ਇੰਦਰਾਜ ਹੁੰਦੇ ਹਨ ਪਰ ਇਹ ਗੱਲ ਤਸੱਲੀਬਖ਼ਸ਼ ਨਹੀਂ ਜਾਪਦੀ । ਇਸ ਸਵਾਲ ਦਾ ਜਵਾਬ ਸ਼ਬਦ-ਕੋਸ਼ ਨਿਰਮਾਤਾ ਸਾਮ੍ਹਣੇ ਇੱਕ ਪ੍ਰਸ਼ਨ ਚਿੰਨ੍ਹ ਦੇ ਤੌਰ ਤੇ ਸਾਮ੍ਹਣੇ ਆਉਂਦਾ ਹੈ ਕਿ ਉਹ ਇਹਨਾਂ ਨੂੰ ਬਹੁ- ਅਰਥਕ ਕਹੇ ਜਾਂ ਸਮਰੂਪ ਕਹੇ । ਆਖ਼ਰਕਾਰ ਸ਼ਬਦ- ਕੋਸ਼ ਦਾ ਲੇਖਕ ਇਹ ਨਿਰਣਾ ਸ਼ਬਦਾਂ ਦੀ ਨਿਰੁਕਤੀ ਦੇ ਅਧਿਐਨ ਨੂੰ ਆਧਾਰ ਬਣਾ ਕੇ ਕਰਦਾ ਹੈ । ਜੇਕਰ ਇਹਨਾਂ ਸ਼ਬਦਾਂ ਦੀ ਨਿਰੁਕਤੀ ਵੱਖਰੇ-ਵੱਖਰੇ ਮੂਲ ਤੋਂ ਹੋਈ ਹੈ ਤਾਂ ਇਹ ਇੱਕ ਨਹੀਂ ਬਲਕਿ ਬਹੁਤੇ ਸ਼ਬਦ ਹਨ ਅਤੇ ਇਹ ਸ਼ਬਦ ਸਮਰੂਪ/ਸਮਨਾਮ ਸ਼ਬਦ ਹਨ ।


ਲੇਖਕ : ਗੁਰਪਾਲ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 7258, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਬਹੁ-ਅਰਥਕਤਾ ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼

ਬਹੁ-ਅਰਥਕਤਾ : ਇਸ ਸੰਕਲਪ ਦੀ ਵਰਤੋਂ ਅਰਥ ਵਿਗਿਆਨ ਵਿਚ ਕੀਤੀ ਜਾਂਦੀ ਹੈ । ਅਰਥ ਵਿਗਿਆਨ , ਭਾਸ਼ਾ ਵਿਗਿਆਨ ਦੀ ਇਕ ਸ਼ਾਖਾ ਹੈ । ਅਰਥ ਵਿਗਿਆਨ ਵਿਚ ਸ਼ਬਦ ਰੂਪਾਂ ਦੇ ਨਾਲ ਜੁੜੇ ਹੋਏ ਅਰਥਾਂ ਦਾ ਅਧਿਅਨ ਕੀਤਾ ਜਾਂਦਾ ਹੈ । ਇਸ ਸ਼ਾਖਾ ਦੇ ਘੇਰੇ ਵਿਚ ਸ਼ਬਦ ਦੇ ਅਰਥਾਂ ਦਾ ਸਮਾਨਾਰਥਕਤਾ , ਵਿਰੋਧਾਰਥਕ , ਬਹੁ-ਅਰਥਕ ਆਦਿ ਦੇ ਨਾਲ ਨਾਲ ਸ਼ਬਦਾਂ ਦੇ ਘੇਰੇ ਵਿਚ ਅਰਥ ਪਰਿਵਰਤਨ ਨੂੰ ਰੱਖਿਆ ਜਾਂਦਾ ਹੈ । ਕਈ ਵਾਰ ਇਕੋ ਸ਼ਬਦ ਦੇ ਅਰਥ ਦਾ ਵਿਸਥਾਰ ਹੋ ਜਾਂਦਾ ਹੈ ਅਤੇ ਵਿਸਤਰਿਤ ਅਰਥਾਂ ਵਾਲੇ ਸ਼ਬਦਾਂ ਦੇ ਅਰਥਾਂ ਦਾ ਘੇਰਾ ਸੀਮਤ ਹੋ ਜਾਂਦਾ ਹੈ । ਬਹੁ-ਅਰਥਕਤਾ ਇਕ ਅਜਿਹਾ ਸੰਕਲਪ ਹੈ ਜਦੋਂ ਇਸ ਸ਼ਬਦ ਨੂੰ ਵਿਭਿੰਨ ਸਥਿਤੀਆਂ ਵਿਚ ਵਰਤਿਆ ਜਾਵੇ ਭਾਵ ਸ਼ਬਦ ਇਕ ਹੁੰਦਾ ਹੈ ਪਰ ਉਸ ਦੀ ਵਰਤੋਂ ਵਧੇਰੇ ਅਰਥਾਂ ਲਈ ਕੀਤੀ ਜਾਂਦੀ ਹੈ ਜਿਵੇਂ : ‘ ਮਾਤਾ’ ਇਕ ਸ਼ਬਦ ਹੈ ਪਰ ਵੱਖੋ ਵਖਰੇ ਸੰਦਰਭਾਂ ਵਿਚ ਇਸ ਦੀ ਵਰਤੋਂ ਵੱਖੋ ਵੱਖਰੀ ਹੁੰਦੀ ਹੈ , ਜਿਵੇਂ : ‘ ਮਾਤਾ’ ਮਾਂ ਵਾਸਤੇ , ‘ ਮਾਤਾ’ ਦੇਵੀ ਵਾਸਤੇ ਅਤੇ ‘ ਮਾਤਾ’ ਚੇਤਕ ਵਾਸਤੇ ਵਰਤਿਆ ਜਾਂਦਾ ਹੈ । ਇਕ ਸ਼ਬਦ ਦੇ ਵੱਖਰੇ ਅਰਥ ਅਸਲ ਵਿਚ ਉਸ ਦੀਆਂ ਅਰਥ-ਪਰਤਾਂ ਦੇ ਸੂਚਕ ਹਨ । ਬਹੁ-ਅਰਥਕਤਾ ਦਾ ਇਕ ਮੂਲ ਕਾਰਨ ਤਾਂ ਅਰਥ-ਪਰਤਾਂ ਦਾ ਵਧੇਰੇ ਹੋਣਾ ਹੈ ਪਰ ਇਸ ਦਾ ਦੂਜਾ ਕਾਰਨ ਕਿਸੇ ਸ਼ਬਦ ਨਾਲ ਜੁੜੇ ਹੋਏ ਗਹਿਨ ਅਰਥਾਂ ਕਰਕੇ ਵੀ ਹੁੰਦਾ ਹੈ , ਜਿਵੇਂ : ‘ ਖੋਤਾ’ ਇਕ ਜਾਨਵਰ ਲਈ ਵਰਤਿਆ ਜਾਂਦਾ ਹੈ । ਕਈ ਸਥਿਤੀਆਂ ਵਿਚ ਅਸੀਂ ‘ ਖੋਤਾ’ ਆਦਮੀ ਲਈ ਵੀ ਵਰਤ ਲੈਂਦੇ ਹਾਂ , ਜਿਵੇਂ : ਉਹ ਆਦਮੀ ਖੋਤਾ ਹੈ ਇਸ ਵਿਚ ‘ ਖੋਤਾ’ ਜਾਨਵਰ ਦੀ ਕੋਈ ਸੂਚਨਾ ਨਹੀਂ ਮਿਲਦੀ ਸਗੋਂ ਉਸ ਜਾਨਵਰ ਵਿਚਲੇ ਮਾੜੇ ਗੁਣਾਂ ਨਾਲ ਜੋੜਿਆ ਜਾਂਦਾ ਹੈ । ਭਾਰਤੀ ਅਰਥ ਪਰੰਪਰਾ ਵਿਚ ਇਸ ਨੂੰ ਇਕ ਵੱਖਰੀ ਸ਼ਬਦ ਸ਼ਕਤੀ ‘ ਵਿਅੰਜਣਾ’ ਦੇ ਅਨੁਸਾਰ ਵੇਖਿਆ ਜਾਂਦਾ ਹੈ ।


ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 7253, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.