ਬਾਈਬਲ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਬਾਈਬਲ: ਯਹੂਦੀਆਂ ਅਤੇ ਈਸਾਈਆਂ ਦਾ ਪਵਿੱਤਰ ਬਾਈਬਲ (Bible) ਗ੍ਰੰਥ ਹੈ। ਈਸਾਈਆਂ ਦੀ ਬਾਈਬਲ ਦੇ ਦੋ ਭਾਗ ਹਨ-ਓਲਡ ਟੈਸਟਾਮੈਂਟ ਅਤੇ ਨਿਊ ਟੈਸਟਾਮੈਂਟ। ਰੋਮਨ ਕੈਥੋਲਿਕਾਂ ਦਾ ਬਾਈਬਲ ਆਕਾਰ ਵਿੱਚ ਵੱਡਾ ਹੈ ਕਿਉਂਕਿ ਓਲਡ ਟੈਸਟਾਮੈਂਟ ਵਿੱਚ ਕੁਝ ਭਾਗ ਜਾਂ ਕਥਾਵਾਂ ਅਜਿਹੀਆਂ ਹਨ ਜਿਨ੍ਹਾਂ ਨੂੰ ਕੈਥੋਲਿਕ ਮੰਨਦੇ ਹਨ ਪਰ ਪ੍ਰੋਟੈਸਟੈਂਟ ਈਸਾਈ ਨਹੀਂ ਮੰਨਦੇ। ਯਹੂਦੀਆਂ ਦੀ ਬਾਈਬਲ ਵਿੱਚ ਓਲਡ ਟੈਸਟਾਮੈਂਟ ਵਾਲੀਆਂ ਜਿਹੜੀਆਂ ਕਥਾ-ਕਹਾਣੀਆਂ ਹਨ, ਪ੍ਰੋਟੈਸਟੈਂਟ ਈਸਾਈ ਉਹਨਾਂ ਨੂੰ ਹੀ ਮੰਨਦੇ ਹਨ। ਸੋ ਯਹੂਦੀਆਂ ਦਾ ਬਾਈਬਲ ਓਲਡ ਟੈਸਟਾਮੈਂਟ ਹੀ ਹੈ। ਯਹੂਦੀਆਂ ਅਤੇ ਈਸਾਈਆਂ ਦੀਆਂ ਮਾਨਤਾਵਾਂ ਵਿੱਚ ਭਿੰਨਤਾਵਾਂ ਹਨ ਜਦੋਂ ਕਿ ਕੈਥੋਲਿਕਾਂ ਅਤੇ ਪ੍ਰੋਟੈਸਟੈਂਟਾਂ ਦੀਆਂ ਮਾਨਤਾਵਾਂ ਅਤੇ ਨਿਰਦੇਸ਼ਕ ਨੇਮ ਲਗਪਗ ਇੱਕੋ ਜਿਹੇ ਹਨ।

     ਯਹੂਦੀਆਂ ਨੇ ਆਪਣੇ ਬਾਈਬਲ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਹੋਇਆ ਹੈ-ਨਿਰਦੇਸ਼ (ਟੋਰ੍ਹਾ), ਦਰਵੇਸ਼- ਪੈਗੰਬਰ ਅਤੇ ਲਿਖਤਾਂ। ਬਾਈਬਲ ਵਿੱਚ ਦੱਸਿਆ ਗਿਆ ਹੈ ਕਿ ਇਜ਼ਰਾਈਲ ਕਿਵੇਂ ਇੱਕ ਕੌਮ ਬਣਿਆ ਅਤੇ ਕਿਵੇਂ ਇਜ਼ਰਾਈਲ ਨੇ ਧਾਰਮਿਕ ਸਥਾਨਾਂ ਨੂੰ ਪ੍ਰਾਪਤ ਕੀਤਾ। ਦਰਵੇਸ਼ਾਂ-ਪੈਗ਼ੰਬਰਾਂ ਵਾਲੇ ਭਾਗ ਵਿੱਚ ਵੀ ਇਜ਼ਰਾਈਲ ਦੀ ਕਹਾਣੀ ਅਗੇ ਚਲਦੀ ਹੈ ਅਤੇ ਦੱਸਿਆ ਗਿਆ ਹੈ ਕਿ ਬਾਦਸ਼ਾਹੀ ਕਿਵੇਂ ਸਥਾਪਿਤ ਹੋਈ ਅਤੇ ਕਿਵੇਂ ਦਰਵੇਸ਼ਾਂ-ਪੈਗ਼ੰਬਰਾਂ ਦੇ ਸੰਦੇਸ਼ ਲੋਕਾਂ ਤਕ ਪਹੁੰਚੇ। ਲਿਖਤਾਂ ਵਾਲੇ ਭਾਗ ਵਿੱਚ ਬਦੀ ਅਤੇ ਮੌਤ ਜਿਹੇ ਵਿਸ਼ੇ ਛੋਹੇ ਗਏ ਹਨ ਅਤੇ ਦਸਿਆ ਗਿਆ ਹੈ ਬਦੀ ਅਤੇ ਮੌਤ ਕਿਥੇ ਵਸਦੀਆਂ ਹਨ ਅਤੇ ਇਹਨਾਂ ਦੇ ਕਿਹੜੇ-ਕਿਹੜੇ ਰੂਪ ਹਨ। ਅੰਤਲਾ ਭਾਗ ਕਾਵਿਕ ਅਤੇ ਲੈਆਤਮਿਕ ਰਚਨਾਵਾਂ ਵਾਲਾ ਹੈ ਅਤੇ ਕਈ ਇਤਿਹਾਸਿਕ ਲਿਖਤਾਂ ਉੱਤੇ ਉਸਰਿਆ ਹੋਇਆ ਹੈ।

     ਓਲਡ ਟੈਸਟਾਮੈਂਟ ਵਿੱਚ ਕਈ ਪ੍ਰਕਾਰ ਦਾ ਸਾਹਿਤ ਸ਼ਾਮਲ ਕੀਤਾ ਗਿਆ ਹੈ ਜਿਸ ਦਾ ਉਦੇਸ਼ ਨਿਰਦੇਸ਼ਾਤਮਿਕ ਲਿਖਤਾਂ ਵਿਚਲੇ ਖੱਪਿਆਂ ਨੂੰ ਦੂਰ ਕਰਨਾ ਹੈ ਅਤੇ ਇਜ਼ਰਾਈਲ ਦੇ ਇਤਿਹਾਸ ਨੂੰ ਸਪਸ਼ਟ ਕਰਨਾ ਅਤੇ ਇਸ ਨੂੰ ਦੂਜੀ ਸਦੀ ਪੂਰਵ-ਈਸਾਈ ਤਕ ਪਹੁੰਚਾਉਣਾ ਪ੍ਰਤੀਤ ਹੁੰਦਾ ਹੈ।

     ਨਿਊ ਟੈਸਟਾਮੈਂਟ ਓਲਡ ਟੈਸਟਾਮੈਂਟ ਨਾਲੋਂ ਆਕਾਰ ਵਿੱਚ ਛੋਟਾ ਹੈ ਪਰ ਈਸਾਈ ਮਤ ਨੂੰ ਫੈਲਾਉਣ ਵਿੱਚ ਇਸ ਦਾ ਰੋਲ ਮਹੱਤਵਪੂਰਨ ਰਿਹਾ ਹੈ। ਸੋ ਭਾਵੇਂ ਇਹ ਅਕਾਰ ਵਿੱਚ ਛੋਟਾ ਹੈ ਪਰ ਪ੍ਰਭਾਵ ਦੇ ਪੱਖੋਂ ਇਹ ਵਧੇਰੇ ਸਤਿਕਾਰ ਪ੍ਰਾਪਤ ਕਰਦਾ ਰਿਹਾ ਹੈ। ਓਲਡ ਟੈਸਟਾਮੈਂਟ ਵਾਂਗ ਨਿਊ ਟੈਸਟਾਮੈਂਟ ਵੀ ਕੁਝ ਪੁਸਤਕਾਂ ਦਾ ਸੰਗ੍ਰਹਿ ਹੈ ਅਤੇ ਇਹਨਾਂ ਪੁਸਤਕਾਂ ਵਿੱਚ ਮੁਢਲਾ ਈਸਾਈ ਸਾਹਿਤ ਵੀ ਸਾਂਭਿਆ ਪਿਆ ਹੈ। ਚਾਰ ਸੰਦੇਸ਼ ਈਸਾ ਦੇ ਜੀਵਨ, ਈਸਾ ਦੀ ਸ਼ਖ਼ਸੀਅਤ ਅਤੇ ਈਸਾ ਦੇ ਉਪਦੇਸ਼ਾਂ ਨੂੰ ਪੇਸ਼ ਕਰਦੇ ਹਨ। ਇਹਨਾਂ ਸੰਦੇਸ਼ਾਂ ਨੂੰ ਈਸਾਈ ਬਹੁਤ ਸ਼ਰਧਾ ਨਾਲ ਮੰਨਦੇ ਹਨ। ਇਹ ਸੰਦੇਸ਼ ਈਸਾਈ ਧਰਮ ਵਿੱਚ ਵਿਸ਼ਵਾਸ ਕਰਨ ਵਾਲਿਆਂ ਲਈ ਬੜੇ ਜ਼ਰੂਰੀ ਅਤੇ ਯਾਦ ਕਰਨ ਯੋਗ ਹਨ। ਦਾ ਬੁਕ ਆਫ਼ ਐਕਟਸ ਵਿੱਚ ਈਸਾਈ ਧਰਮ ਦੀ ਈਸਾ ਮਸੀਹ ਦੇ ਸੂਲੀ ਉੱਤੇ ਟੰਗੇ ਜਾਣ ਮਗਰੋਂ ਮੁੜ ਜਾਗਣ ਤੋਂ ਲੈ ਕੇ ਸੇਂਟ ਪਾਲ ਦੇ ਸਮੇਂ ਤਕ ਦੀ ਕਹਾਣੀ ਦਰਜ ਕੀਤੀ ਗਈ ਹੈ। ਇਸ ਦੇ ਚਿੱਠੀਆਂ ਵਾਲੇ ਭਾਗ ਵਿੱਚ ਈਸਾਈ ਧਰਮ ਦੇ ਮੋਢੀਆਂ ਅਤੇ ਪਤਵੰਤਿਆਂ ਦੀ ਆਪਸੀ ਖ਼ਿਤੋ-ਖ਼ਿਤਾਬਤ ਹੈ ਜਿਸ ਰਾਹੀਂ ਈਸਾਈਆਂ ਨੂੰ ਆਪਣਾ ਨਿਤਾਪ੍ਰਤੀ ਦਾ ਜੀਵਨ ਜਿਊਂਣ ਵਿੱਚ ਯੋਗ ਅਗਵਾਈ ਮਿਲਦੀ ਹੈ। ਦਾ ਬੁੱਕ ਆਫ਼ ਰੀਵੀਲੇਸ਼ਨਸ ਵਿੱਚ ਦਿਸ਼ਾ-ਨਿਰਦੇਸ਼ ਦਿਤੇ ਗਏ ਹਨ। ਇਹ ਦਿਸ਼ਾ-ਨਿਰਦੇਸ਼ ਈਸਾਈ ਧਰਮ ਦੇ ਮੁੱਢ ਵਿੱਚ ਉਤਪੰਨ ਹੋਏ ਸਨ।

     ਓਲਡ ਟੈਸਟਾਮੈਂਟ ਆਪਣੇ ਮੌਲਿਕ ਰੂਪ ਵਿੱਚ ਹੀਬਰਿਊ ਵਿੱਚ ਲਿਖਿਆ ਗਿਆ ਸੀ ਪਰ ਕੁਝ ਤੱਤ ਅਰੈਮਿਕ ਭਾਸ਼ਾ ਦੇ ਵੀ ਸਨ। ਨਿਊ ਟੈਸਟਾਮੈਂਟ ਦੇ ਸਾਰੇ ਭਾਗ ਮੌਲਿਕ ਰੂਪ ਵਿੱਚ ਯੂਨਾਨੀ ਭਾਸ਼ਾ ਵਿੱਚ ਲਿਖੇ ਗਏ ਸਨ। ਕਈਆਂ ਦਾ ਮੱਤ ਹੈ ਕਿ ਕੁਝ ਭਾਗ ਅਰੈਮਿਕ ਵਿੱਚ ਵੀ ਲਿਖੇ ਗਏ ਹਨ। ਜਦੋਂ ਪਰਸ਼ੀਅਨ ਬਾਦਸ਼ਾਹਤ ਨੇ ਮੈਡੀਟਰੇਨੀਅਨ ਇਲਾਕਿਆਂ ਨੂੰ ਆਪਣੇ ਅਧਿਕਾਰ ਵਿੱਚ ਲਿਆ ਸੀ ਤਾਂ ਇਹਨਾਂ ਇਲਾਕਿਆਂ ਦੇ ਆਮ ਲੋਕਾਂ ਦੀ ਭਾਸ਼ਾ ਅਰੈਮਿਕ ਬਣ ਕੇ ਵਿਕਸਿਤ ਹੋਈ ਸੀ ਸੋ ਇਹ ਸਥਿਤੀ ਦੀ ਮਜਬੂਰੀ ਸੀ ਕਿ ਯਹੂਦੀ ਵਿਦਵਾਨਾਂ ਨੂੰ ਟੋਰ੍ਹਾ ਦੇ ਨਿਰਦੇਸ਼ਾਂ ਨੂੰ ਆਮ ਬੋਲ-ਚਾਲ ਦੀ ਭਾਸ਼ਾ ਵਿੱਚ ਅਨੁਵਾਦ ਕਰਨਾ ਪਿਆ। ਸਮੇਂ ਦੇ ਬੀਤਣ ਨਾਲ ਮੌਲਿਕ ਹੀਬਰਿਊ ਵਿਚਲੀਆਂ ਲਿਖਤਾਂ ਲੋਪ ਹੁੰਦੀਆਂ ਗਈਆਂ ਜਾਂ ਗੁਆਚ ਗਈਆਂ ਪਰ ਅਰੈਮਿਕ ਵਿਚਲੀਆਂ ਲਿਖਤਾਂ ਜਿਊਂਦੀਆਂ ਰਹੀਆਂ। ਤੀਜੀ ਸਦੀ ਪੂਰਵ ਈਸਵੀ ਦੇ ਨੇੜੇ-ਤੇੜੇ ਯੂਨਾਨੀ ਭਾਸ਼ਾ ਦਾ ਬੋਲ-ਬਾਲਾ ਹੋ ਗਿਆ। ਸੋ ਯਹੂਦੀਆਂ ਨੇ ਬਾਈਬਲ ਦੇ ਵਧੇਰੇ ਪ੍ਰਚਲਿਤ ਭਾਗ ਯੂਨਾਨੀ ਵਿੱਚ ਅਨੁਵਾਦ ਕਰ ਦਿਤੇ। 405 ਦੇ ਨੇੜੇ ਤੇੜੇ ਸੰਤ ਜੇਰਮ ਨੇ ਬਾਈਬਲ ਦਾ ਜਿਹੜਾ ਲਾਤੀਨੀ ਸੰਸਕਰਨ ਤਿਆਰ ਕੀਤਾ ਉਹ ਅਗਲੇ ਲਗਪਗ ਇੱਕ ਹਜ਼ਾਰ ਵਰ੍ਹੇ ਈਸਾਈਆਂ ਦਾ ਪ੍ਰਵਾਨਿਤ ਬਾਈਬਲ ਬਣਿਆ ਰਿਹਾ।

     ਓਲਡ ਟੈਸਟਾਮੈਂਟ ਦਾ ਬਹੁਤਾ ਭਾਗ ਗੁੰਮਨਾਮ ਲੇਖਕਾਂ ਦਾ ਰਚਿਆ ਹੋਇਆ ਹੈ ਅਤੇ ਇਹ ਵੀ ਪਤਾ ਨਹੀਂ ਲਗਦਾ ਕਿ ਇਹ ਕੁਝ ਵਿਅਕਤੀਆਂ ਦੀ ਰਚਨਾ ਸੀ ਜਾਂ ਕੁਝ ਸਮੂਹਾਂ ਦਾ ਯੋਗਦਾਨ ਸੀ। ਕੁਝ ਅੰਦਰਲੀਆਂ ਗਵਾਹੀਆਂ ਦੇ ਆਧਾਰ ਤੇ ਵਿਦਵਾਨਾਂ ਨੇ ਕੁਝ ਸ੍ਰੋਤਾਂ ਦਾ ਪਤਾ ਲਗਾਇਆ ਹੈ ਜਿਨ੍ਹਾਂ ਦੇ ਆਧਾਰ ਤੇ ਉਹਨਾਂ ਵਲੋਂ ਓਲਡ ਟੈਸਟਮੈਂਟ ਵਿਚਲੀਆਂ ਲਿਖਤਾਂ ਨੂੰ ਕਾਲ-ਕ੍ਰਮ ਅਨੁਸਾਰ ਮੁੜ ਤਰਤੀਬ ਦਿਤੀ ਗਈ ਹੈ। ਇਸ ਤਰਤੀਬ ਦੇ ਆਧਾਰ ਤੇ ਹੀ ਇਜ਼ਰਾਈਲ ਦੇ ਇਤਿਹਾਸ ਅਤੇ ਵਿਕਾਸ ਦੀ ਰੂਪ-ਰੇਖਾ ਤਿਆਰ ਕੀਤੀ ਗਈ ਹੈ।

     ਨਿਊ ਟੈਸਟਾਮੈਂਟ ਵਿੱਚ ਮੌਲਿਕ ਲਿਖਤਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਹਨਾਂ ਦੇ ਲਿਖਤੀ ਰੂਪ ਵਿੱਚ ਪ੍ਰਗਟ ਹੋਣ ਤੋਂ ਪਹਿਲਾਂ ਇਹ ਕਥਾ-ਕਹਾਣੀਆਂ ਮੌਖਿਕ ਪਰੰਪਰਾ ਵਿੱਚ ਉਪਲਬਧ ਸਨ। ਪਹਿਲੇ ਤਿੰਨ ਸੰਦੇਸ਼ਾਂ ਦਾ ਸ੍ਰੋਤ ਇੱਕੋ ਹੈ ਅਤੇ ਮਗਰਲੇ ਦੋਵਾਂ ਦਾ ਸ੍ਰੋਤ ਵੀ ਇੱਕ ਹੈ। ਜਿਥੇ ਓਲਡ ਟੈਸਟਾਮੈਂਟ ਦੇ ਲੇਖਕਾਂ ਬਾਰੇ ਕੁਝ ਪਤਾ ਨਹੀਂ ਲੱਗਦਾ ਉੱਥੇ ਨਵੇਂ ਟੈਸਟਾਮੈਂਟ ਦੇ ਲੇਖਕਾਂ ਬਾਰੇ ਜਾਣਕਾਰੀ ਉਪਲਬਧ ਹੈ। ਵਿਦਵਾਨਾਂ ਦਾ ਯਤਨ ਰਿਹਾ ਹੈ ਕਿ ਬਾਈਬਲ ਨੂੰ ਵੱਧ ਤੋਂ ਵੱਧ ਉਸ ਦੀ ਮੌਲਿਕਤਾ ਦੇ ਨੇੜੇ ਲਿਆਂਦਾ ਜਾਵੇ। ਨਿਊ ਟੈਸਟਾਮੈਂਟ ਦੇ ਮੁੱਖ ਸ੍ਰੋਤਾਂ ਵਿੱਚੋਂ ਦੂਜੀ ਤੋਂ ਪੰਦਰ੍ਹਵੀਂ ਸਦੀ ਤਕ ਦੀਆਂ ਯੂਨਾਨੀ ਭਾਸ਼ਾ ਵਿਚਲੀਆਂ ਲਗਪਗ 5000 ਲਿਖਤਾਂ ਹਨ ਅਤੇ ਦੂਜੀਆਂ ਭਾਸ਼ਾਵਾਂ ਵਿਚਲੇ ਬਾਈਬਲ ਦੇ ਉਪਲਬਧ ਸੰਸਕਰਨ ਹਨ। ਜਿਹੜਾ ਸਾਂਝਾ ਬਾਈਬਲ ਤਿਆਰ ਕੀਤਾ ਗਿਆ ਉਸ ਵਿੱਚ ਉਹ ਰਚਨਾਵਾਂ ਸ਼ਾਮਲ ਕੀਤੀਆਂ ਗਈਆਂ ਸਨ ਜਿਹੜੀਆਂ ਸਭ ਤੋਂ ਵੱਧ ਮੌਲਿਕ ਪ੍ਰਤੀਤ ਹੁੰਦੀਆਂ ਸਨ।

     ਬਾਈਬਲ ਦੀ ਕਈ ਵਾਰ ਸੁਧਾਈ ਹੋਈ ਹੈ। 1611 ਵਿੱਚ ਜੇਮਜ਼ ਬਾਦਸ਼ਾਹ ਨੇ ਸੋਧਿਆ ਹੋਇਆ ਅਤੇ ਅਨੁਵਾਦਿਤ ਬਾਈਬਲ ਛਪਵਾਇਆ। ਫਿਰ 1870 ਵਿੱਚ ਬਾਈਬਲ ਦੀ ਭਾਸ਼ਾ ਨੂੰ ਪ੍ਰਚਲਿਤ ਭਾਸ਼ਾ ਵਿੱਚ ਬਦਲਣ ਦੀ ਲੋੜ ਅਨੁਭਵ ਕੀਤੀ ਗਈ ਅਤੇ 1881 ਵਿੱਚ ਨਿਊ ਟੈਸਟਾਮੈਂਟ ਛਾਪਿਆ ਗਿਆ ਜਿਸ ਵਿੱਚ ਪੁਰਾਣੇ ਸੰਸਕਰਨ ਨੂੰ ਆਧਾਰ ਬਣਾ ਕੇ ਲਗਪਗ 30,000 ਸੋਧਾਂ ਕੀਤੀਆਂ ਗਈਆਂ। ਇਸ ਬਾਈਬਲ ਨੂੰ ਸੋਧ ਕੇ 1957 ਵਿੱਚ ਨਵੇਂ ਰੂਪ ਵਿੱਚ ਛਾਪਿਆ ਗਿਆ। ਸੰਸਾਰ ਦੀਆਂ ਜਿੰਨੀਆਂ ਭਾਸ਼ਾਵਾਂ ਵਿੱਚ ਬਾਈਬਲ ਦਾ ਅਨੁਵਾਦ ਹੋਇਆ ਹੈ, ਕਿਸੇ ਹੋਰ ਪੁਸਤਕ ਦਾ ਨਹੀਂ ਹੋਇਆ। ਇਸ ਸਮੇਂ ਸੰਸਾਰ ਵਿੱਚ ਈਸਾਈ ਮਤ ਦੀਆਂ ਅਨੇਕਾਂ ਸੰਪਰਦਾਵਾਂ ਹਨ। ਸੰਸਾਰ ਵਿੱਚ ਸਭ ਤੋਂ ਵੱਧ ਛਪਣ ਵਾਲੀ ਕੋਈ ਇੱਕ ਪੁਸਤਕ ਬਾਈਬਲ ਹੀ ਹੈ। ਨਵਾਂ ਅਮਰੀਕਨ ਬਾਈਬਲ 1970 ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੀ।


ਲੇਖਕ : ਰਣਜੀਤ ਕੌਰ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 6456, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਬਾਈਬਲ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਬਾਈਬਲ [ਨਿਇ] ਈਸਾਈਆਂ ਦੀ ਪਵਿੱਤਰ ਧਾਰਮਿਕ ਪੁਸਤਕ (ਨਵਾਂ ਅਤੇ ਪੁਰਾਣਾ ਇਕਰਾਰਨਾਮਾ)


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6445, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਬਾਈਬਲ ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਦੂਜੀ

ਬਾਈਬਲ : ਬਾਈਬਲ ਈਸਾਈ ਧਰਮ ਦਾ ਗ੍ਰੰਥ ਹੈ। ਬਾਈਬਲ ਦਾ ਅਰਥ ਹੈ ਕਈ ਕਿਤਾਬਾਂ ਦਾ ਇਕੱਠ। ਇਸ ਵਿੱਚ ਕੁੱਲ ਛਿਆਹਠ ਕਿਤਾਬਾਂ ਹਨ। ਗਿਣਤੀ ਦੇ ਆਧਾਰ ਤੇ ਇਹ ਦੁਨੀਆ ਦਾ ਸਭ ਤੋਂ ਵੱਧ ਮੰਨਿਆ ਜਾਣ ਵਾਲਾ ਧਰਮ-ਗ੍ਰੰਥ ਹੈ। ਤਕਰੀਬਨ ਦੁਨੀਆ ਦੀ ਹਰ ਭਾਸ਼ਾ ਵਿੱਚ ਇਸ ਗ੍ਰੰਥ ਦਾ ਅਨੁਵਾਦ ਹੋਇਆ ਹੈ। ਇਹ ਧਰਮ-ਗ੍ਰੰਥ ਸਾਰੇ ਸੰਸਾਰ ਵਿੱਚ ਏਨਾ ਜ਼ਿਆਦਾ ਮਸ਼ਹੂਰ ਹੋਇਆ ਹੈ ਕਿ ਦੂਜੇ ਧਰਮਾਂ ਵਾਲੇ ਵੀ ਕਈ ਵਾਰੀ ਆਪਣੇ ਧਰਮ-ਗ੍ਰੰਥ ਨੂੰ ਬਾਈਬਲ ਕਹਿ ਦਿੰਦੇ ਹਨ। ਸੰਸਾਰ ਦੇ ਕਿਸੇ ਵੀ ਧਰਮ-ਗ੍ਰੰਥ ਬਾਰੇ ਏਨਾ ਨਹੀਂ ਲਿਖਿਆ ਗਿਆ ਜਿੰਨਾ ਬਾਈਬਲ ਬਾਰੇ ਲਿਖਿਆ ਅਤੇ ਵਿਚਾਰਿਆ ਗਿਆ ਹੈ। ਕਿਤਾਬਾਂ ਦੇ ਇਕੱਠ ਦੇ ਆਧਾਰ ਤੇ ਬਾਈਬਲ ਨੂੰ ਮੁੱਖ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਹੈ। ਇਹ ਹਨ- ਪੁਰਾਣਾ ਅਹਿਦਨਾਮਾ ਅਤੇ ਨਵਾਂ ਅਹਿਦਨਾਮਾ। ਅਹਿਦਨਾਮੇ ਦਾ ਮਤਲਬ ਹੈ ਦੋ ਵਿਅਕਤੀਆਂ ਜਾਂ ਦੋ ਸ਼ਕਤੀਆਂ ਵਿੱਚ ਕਿਸੇ ਖ਼ਾਸ ਮੁੱਦੇ ਤੇ ਕੋਈ ਇਕਰਾਰ ਜਾਂ ਵਾਇਦਾ ਹੋਣਾ। ਬਾਈਬਲ ਵਿੱਚ ਵੀ ਖ਼ੁਦਾ ਅਤੇ ਮਨੁੱਖ ਵਿੱਚ ਇਹ ਇਕਰਾਰ ਹੋਇਆ ਮਿਲਦਾ ਹੈ ਕਿ ਮਨੁੱਖ ਖ਼ੁਦਾ ਦੇ ਹੁਕਮ ਦੀ ਪਾਲਣਾ ਕਰੇਗਾ ਅਤੇ ਉਸ ਦੇ ਬਦਲੇ ਖ਼ੁਦਾ ਮਨੁੱਖ ਨੂੰ ਸੁੱਖ, ਸਮਰਿੱਧੀ, ਸੁਰੱਖਿਆ ਅਤੇ ਅੰਤ ਵਿੱਚ ਮੁਕਤੀ ਪ੍ਰਦਾਨ ਕਰੇਗਾ। ਪੁਰਾਣੇ ਅਹਿਦਨਾਮੇ ਨੂੰ ਯਹੂਦੀਆਂ ਦੇ ਧਰਮ-ਗ੍ਰੰਥ ਵੱਜੋਂ ਵੀ ਜਾਣਿਆ ਜਾਂਦਾ ਹੈ ਪਰ ਨਵਾਂ ਅਤੇ ਪੁਰਾਣਾ ਅਹਿਦਨਾਮਾ ਦੋਨੋਂ ਭਾਗ ਮਿਲ ਕੇ ਈਸਾਈ ਧਰਮ-ਗ੍ਰੰਥ ਦਾ ਆਧਾਰ ਬਣਦੇ ਹਨ।

ਪੁਰਾਣਾ ਅਹਿਦਨਾਮਾ : ਇਹ ਬਾਈਬਲ ਦਾ ਪਹਿਲਾ ਭਾਗ ਹੈ। ਇਸ ਵਿੱਚ ਕੁੱਲ ਉਨਤਾਲੀ ਕਿਤਾਬਾਂ ਹਨ। ਪੁਰਾਣੇ ਅਹਿਦਨਾਮੇ ਨੂੰ ਲਿਖਤੀ ਰੂਪ ਵਿੱਚ ਆਉਣ ਅਤੇ ਧਰਮ-ਗ੍ਰੰਥ ਵੱਜੋਂ ਸਥਾਪਿਤ ਹੋਣ ਲਈ ਤਕਰੀਬਨ ਇੱਕ ਹਜ਼ਾਰ ਸਾਲ ਦਾ ਸਮਾਂ ਲੱਗਿਆ। ਇਸ ਭਾਗ ਦਾ ਨਾਮ ਪੁਰਾਣਾ ਅਹਿਦਨਾਮਾ ਇਸ ਕਰਕੇ ਪਿਆ ਕਿ ਸਭ ਤੋਂ ਪਹਿਲਾਂ ਖ਼ੁਦਾ ਦਾ ਮਨੁੱਖ ਨਾਲ ਜੋ ਇਕਰਾਰ ਹੋਇਆ ਉਸ ਦਾ ਪਹਿਲਾ ਲਿਖਤੀ ਰੂਪ ਇਹੀ ਸ੍ਰੋਤ ਹੈ। ਯਹੂਦੀ ਧਰਮ ਬਾਰੇ ਸਾਰੀ ਮੁੱਢਲੀ ਜਾਣਕਾਰੀ ਇਸੇ ਵਿੱਚੋਂ ਹੀ ਪ੍ਰਾਪਤ ਹੁੰਦੀ ਹੈ। ਸ਼ੁਰੂ ਵਿੱਚ ਇਸ ਗ੍ਰੰਥ ਨੂੰ ਹਿਬਰੂ ਭਾਸ਼ਾ ਵਿੱਚ ਲਿਖਿਆ ਗਿਆ ਸੀ ਪਰੰਤੂ ਇਸ ਦੇ ਕੁਝ ਭਾਗ ਅਰੈਮਿਕ ਭਾਸ਼ਾ ਵਿੱਚ ਵੀ ਹਨ।

ਪੁਰਾਣੇ ਅਹਿਦਨਾਮੇ ਦੇ ਤਿੰਨ ਭਾਗ ਹਨ; ਤੋਰਾਹ, ਨਬੀ ਅਤੇ ਲਿਖਤਾਂ। ਪੁਰਾਣੇ ਅਹਿਦਨਾਮੇ ਦਾ ਪਹਿਲਾ ਭਾਗ ਤੋਰਾਹ ਜਾਂ ਤੌਰੇਤ ਹੈ। ਇਹ ਹਿਬਰੂ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਮਤਲਬ ਹੈ ਕਨੂੰਨ। ਇਹ ਯਹੂਦੀ ਧਰਮ-ਗ੍ਰੰਥ ਦਾ ਬੇਹੱਦ ਮਹੱਤਵਪੂਰਨ ਭਾਗ ਹੈ। ਇਹ ਪੁਰਾਣੇ ਅਹਿਦਨਾਮੇ ਦੀਆਂ ਪਹਿਲੀਆਂ ਪੰਜ ਕਿਤਾਬਾਂ ਦਾ ਇਕੱਠ ਹੈ। ਇਹ ਮੰਨਿਆ ਜਾਂਦਾ ਹੈ ਕਿ ਇਹ ਪੰਜ ਕਿਤਾਬਾਂ ਮੂਸਾ ਨੇ ਆਪ ਲਿਖੀਆਂ ਸਨ। ਇਹ ਪੰਜ ਕਿਤਾਬਾਂ ਹਨ-ਉਤਪਤੀ, ਕੂਚ, ਗਿਣਤੀ, ਲੇਵੀਆਂ ਦੀ ਪੋਥੀ ਅਤੇ ਵਿਵਸਥਾ ਸਾਰ। ਅਸਲ ਵਿੱਚ ਇਹੀ ਪੰਜ ਕਿਤਾਬਾਂ ਯਹੂਦੀ ਧਰਮ-ਗ੍ਰੰਥ ਦਾ ਮੁੱਖ ਹਿੱਸਾ ਹਨ। ਇਸ ਵਿੱਚ ਵੀ ਯਹੂਦੀ ਧਰਮ ਦੇ ਨਿਯਮਾਂ ਦੀ ਮੁੱਢਲੀ ਜਾਣਕਾਰੀ ਮਿਲਦੀ ਹੈ। ਪੁਰਾਣੇ ਅਹਿਦਨਾਮੇ ਦਾ ਇਹੀ ਭਾਗ ਹੈ ਜਿਸ ਵਿੱਚ ਯਹੂਦੀਆਂ ਦੇ ਇਤਿਹਾਸ, ਉਹਨਾਂ ਦੇ ਧਾਰਮਿਕ ਵਿਸ਼ਵਾਸ, ਰਸਮ-ਰਿਵਾਜ ਅਤੇ ਕਨੂੰਨ ਵਿਵਸਥਾ ਬਾਰੇ ਪੂਰੀ ਜਾਣਕਾਰੀ ਵੀ ਮਿਲਦੀ ਹੈ।

ਪੁਰਾਣੇ ਅਹਿਦਨਾਮੇ ਦੇ ਨਬੀ ਭਾਗ ਵਿੱਚ ਯਹੂਦੀਆਂ ਦਾ ਫਿਲਿਸਤੀਨ ਵਿੱਚ ਪਹੁੰਚਣ ਤੋਂ ਬਾਅਦ ਦੇ ਜੀਵਨ ਦਾ ਜ਼ਿਕਰ ਹੈ। ਇਸ ਭਾਗ ਨੂੰ ਵੀ ਅੱਗੇ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਹੈ : ਸ਼ੁਰੂ ਵਾਲੇ ਨਬੀ ਅਤੇ ਬਾਅਦ ਵਾਲੇ ਨਬੀ। ਇਸ ਭਾਗ ਵਿੱਚ ਇਹੀ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ ਨਬੀਆਂ ਨੇ ਯਹੂਦੀਆਂ ਦੇ ਜੀਵਨ ਦੀ ਅਗਵਾਈ ਕੀਤੀ। ਇੱਥੇ ਨਬੀ ਯਹੂਦੀਆਂ ਦੇ ਮੁਢਲੇ ਸਾਹਿਤ ਨੂੰ ਇਸ ਤਰ੍ਹਾਂ ਬਿਆਨ ਕਰਦੇ ਹਨ ਕਿ ਸਿੱਧ ਹੋ ਸਕੇ ਕਿ ਯਹੂਦੀਆਂ ਦੀ ਕੌਮ, ਉਹਨਾਂ ਦੇ ਧਾਰਮਿਕ ਵਿਸ਼ਵਾਸ ਅਤੇ ਖ਼ੁਦਾ ਨਾਲ ਉਹਨਾਂ ਦਾ ਸੰਬੰਧ ਕਿੰਨਾ ਖ਼ਾਸ ਹੈ। ਉਹਨਾਂ ਨਬੀਆਂ ਨੇ ਆਪਣੇ ਨਿੱਜੀ ਅਤੇ ਆਪਣੇ ਤੋਂ ਪਹਿਲਾਂ ਹੋਏ ਨਬੀਆਂ ਦੇ ਧਾਰਮਿਕ ਵਿਸ਼ਵਾਸਾਂ ਦੀ ਵਿਆਖਿਆ ਇਸ ਤਰ੍ਹਾਂ ਕੀਤੀ ਕਿ ਇਹ ਵਿਸ਼ਵ-ਧਰਮ ਹੋਣ ਦਾ ਦਾਅਵਾ ਕਰ ਸਕੇ।

ਪੁਰਾਣੇ ਅਹਿਦਨਾਮੇ ਦਾ ਤੀਜਾ ਤੇ ਆਖ਼ਰੀ ਭਾਗ ਹੈ-ਲਿਖਤਾਂ। ਇਸ ਦੀ ਮਹੱਤਤਾ ਭਾਵੇਂ ਤੌਰੇਤ ਅਤੇ ਨਬੀ ਤੋਂ ਬਾਅਦ ਆਉਂਦੀ ਹੈ ਪਰ ਇਹ ਯਹੂਦੀਆਂ ਅਤੇ ਈਸਾਈਆਂ ਦੋਹਾਂ ਵਿੱਚ ਸਨਮਾਨਿਆ ਜਾਣ ਵਾਲਾ ਭਾਗ ਹੈ। ਇਹ ਅਸਲ ਵਿੱਚ 150 ਭਜਨਾਂ ਦਾ ਸੰਗ੍ਰਹਿ ਹੈ। ਈਸਾ ਕਾਲ ਦੇ ਸ਼ੁਰੂ ਵਿੱਚ ਹੀ ਇਹਨਾਂ ਨੂੰ ਯਹੂਦੀ ਧਾਰਮਿਕ ਸਾਹਿਤ ਦਾ ਹਿੱਸਾ ਮੰਨਿਆ ਜਾਣ ਲੱਗਿਆ ਸੀ। ਤਕਰੀਬਨ ਹਰ ਗਿਰਜਾਘਰ ਵਿੱਚ ਇਹਨਾਂ ਦਾ ਗਾਇਨ ਹੁੰਦਾ ਹੈ।

ਨਵਾਂ ਅਹਿਦਨਾਮਾ : ਨਵੇਂ ਅਹਿਦਨਾਮੇ ਦਾ ਜ਼ਿਆਦਾਤਰ ਹਿੱਸਾ ਈਸਾ ਤੋਂ ਬਾਅਦ ਦੀ ਪਹਿਲੀ ਸਦੀ ਦੇ ਦੂਜੇ ਅੱਧ ਵਿੱਚ ਲਿਖਿਆ ਗਿਆ ਪਰ ਇਸ ਦੇ ਮੁੱਖ ਭਾਗ ਨੂੰ ਈਸਾ ਤੋਂ ਬਾਅਦ ਦੀ ਦੂਜੀ ਸਦੀ ਦੇ ਅੰਤ ਵਿੱਚ ਹੀ ਧਰਮ-ਗ੍ਰੰਥ ਦੇ ਹਿੱਸੇ ਵਜੋਂ ਪ੍ਰਵਾਨ ਕੀਤਾ ਗਿਆ। ਨਵੇਂ ਅਹਿਦਨਾਮੇ ਵਿੱਚ ਕੁੱਲ ਸਤਾਈ ਕਿਤਾਬਾਂ ਹਨ। ਸ਼ੁਰੂ ਵਿੱਚ ਇਹ ਕਿਤਾਬਾਂ ਯੂਨਾਨੀ ਭਾਸ਼ਾ ਵਿੱਚ ਲਿਖੀਆਂ ਗਈਆਂ ਸਨ। ਪਰ ਬਾਅਦ ਵਿੱਚ ਇਹਨਾਂ ਦਾ ਦੁਨੀਆ ਦੀ ਹਰ ਭਾਸ਼ਾ ਵਿੱਚ ਅਨੁਵਾਦ ਕੀਤਾ ਗਿਆ। ਬਾਈਬਲ ਦੇ ਇਸ ਭਾਗ ਨੂੰ ਵੀ ਅੱਗੋਂ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਹੈ। ਇਹ ਤਿੰਨ ਹਿੱਸੇ ਹਨ-ਇੰਜੀਲ; ਰਸੂਲਾਂ ਦੇ ਕਰਤੱਵ; ਅਤੇ ਪੱਤਰ।

ਨਵੇਂ ਨੇਮ ਦੇ ਪਹਿਲੇ ਭਾਗ ਵਿੱਚ ਕੁੱਲ ਚਾਰ ਕਿਤਾਬਾਂ ਹਨ। ਇੰਜੀਲ ਦਾ ਲਫ਼ਜ਼ੀ ਮਤਲਬ ਹੈ ਸ਼ੁੱਭ ਸੂਚਨਾ। ਅਸਲ ਵਿੱਚ ਇਹ ਸ਼ੁੱਭ ਸੂਚਨਾ ਈਸਾ ਦੇ ਜੀਵਨ ਨਾਲ ਸੰਬੰਧਿਤ ਹੈ। ਇਹ ਉਸ ਸੱਚਾਈ ਵੱਲ ਇਸ਼ਾਰਾ ਹੈ ਜਿਸ ਵਿੱਚ ਦੱਸਿਆ ਗਿਆ ਹੈ ਕਿ ਈਸਾ ਖ਼ੁਦਾ ਦੇ ਪੁੱਤਰ ਦੇ ਰੂਪ ਵਿੱਚ ਇਸ ਧਰਤੀ ਤੇ ਆਇਆ। ਇਹ ਉਹਨਾਂ ਮੁਢਲੇ ਧਰਮ ਪ੍ਰਚਾਰਕਾਂ ਵੱਲ ਵੀ ਇਸ਼ਾਰਾ ਹੈ ਜਿਨ੍ਹਾਂ ਨੇ ਈਸਾ ਬਾਰੇ ਜਾਣਕਾਰੀ ਦਿੱਤੀ। ਬਾਅਦ ਵਿੱਚ ਇਸ ਲਫ਼ਜ਼ ਨੂੰ ਈਸਾ ਦੇ ਜੀਵਨ ਨਾਲ ਸੰਬੰਧਿਤ ਕਹਾਣੀਆਂ ਨਾਲ ਜੋੜ ਦਿੱਤਾ ਗਿਆ। ਆਮ ਤੌਰ ਤੇ ਇਹਨਾਂ ਕਿਤਾਬਾਂ ਨੂੰ ਉਹਨਾਂ ਦੇ ਲੇਖਕਾਂ ਦੇ ਨਾਂਵਾਂ ਨਾਲ ਜਾਣਿਆ ਜਾਂਦਾ ਹੈ। ਜਿਨ੍ਹਾਂ ਚਾਰ ਵਿਦਵਾਨਾਂ ਨੇ ਈਸਾ ਦੇ ਜੀਵਨ ਬਿਰਤਾਂਤ ਨੂੰ ਲਿਖਿਆ ਉਹ ਹਨ-ਮੈਥਿਊ, ਮਾਰਕ, ਲਿਊਕ ਅਤੇ ਜੌਨ।

ਅਸਲ ਵਿੱਚ ਇਹ ਕਹਾਣੀਆਂ ਈਸਾ ਦੇ ਉਹਨਾਂ ਸ਼ਰਧਾਲੂਆਂ ਦੁਆਰਾ ਲਿਖੀਆਂ ਗਈਆਂ, ਜਿਨ੍ਹਾਂ ਨੇ ਆਪ ਉਸ ਵਿੱਚ ਵਿਸ਼ਵਾਸ ਕੀਤਾ ਅਤੇ ਦੂਜਿਆਂ ਨੂੰ ਉਸ ਵਿੱਚ ਵਿਸ਼ਵਾਸ ਲਿਆਉਣ ਦੀ ਪ੍ਰੇਰਨਾ ਦਿੱਤੀ। ਉਹਨਾਂ ਦਾ ਵਿਸ਼ਵਾਸ ਸੀ ਕਿ ਈਸਾ ਨੂੰ ਸਲੀਬ ਤੇ ਟੰਗ ਕੇ ਸ਼ਹੀਦ ਕਰ ਦਿੱਤਾ ਗਿਆ ਸੀ ਪਰ ਉਹ ਤੀਜੇ ਦਿਨ ਮੁੜ ਜਿੰਦਾ ਹੋਇਆ ਅਤੇ ਉਸ ਦੀ ਆਤਮਾ ਉਹਨਾਂ ਵਿੱਚ ਵਿਚਰਦੀ ਰਹੀ ਅਤੇ ਉਸ ਨੇ ਉਹਨਾਂ ਨੂੰ ਖ਼ੁਦਾਈ ਉਪਦੇਸ਼ ਦਿੱਤੇ। ਉਹਨਾਂ ਅਨੁਸਾਰ ਈਸਾ ਦੇ ਇਸ ਤਰ੍ਹਾਂ ਸੰਸਾਰ ਵਿੱਚ ਆਉਣ, ਉਸ ਦੇ ਸਲੀਬ ਉੱਤੇ ਟੰਗੇ ਜਾਣ ਅਤੇ ਉਸ ਦੇ ਦੁਬਾਰਾ ਜੀਵਤ ਹੋਣ ਨਾਲ ਮਨੁੱਖ ਦੇ ਜੀਵਨ ਦੇ ਇੱਕ ਖ਼ਾਸ ਉਦੇਸ਼ ਦੀ ਪੂਰਤੀ ਹੋਈ ਹੈ। ਉਹ ਉਦੇਸ਼ ਹੈ ਮਨੁੱਖ ਜੀਵਨ ਨੂੰ ਦੁੱਖਾਂ ਤੋ ਛੁਟਕਾਰਾ ਦਿਵਾਉਣਾ। ਇਸ ਲਈ ਉਸ ਨੇ ਈਸਾ ਜੋ ਖ਼ੁਦਾ ਦਾ ਆਪਣਾ ਇਕਲੌਤਾ ਬੇਟਾ ਹੈ ਉਸ ਨੂੰ ਧਰਤੀ ਤੇ ਭੇਜਿਆ। ਇਸ ਸੰਦੇਸ਼ ਦਾ ਮੁੱਖ ਮਕਸਦ ਹੈ ਈਸਾ ਰਾਹੀਂ ਖ਼ੁਦਾ ਵਿੱਚ ਵਿਸ਼ਵਾਸ ਅਤੇ ਪ੍ਰੇਮ ਪੈਦਾ ਕਰਨਾ ਅਤੇ ਈਸਾ ਰਾਹੀਂ ਖ਼ੁਦਾ ਨਾਲ ਨਿੱਜੀ ਸੰਬੰਧ ਪੈਦਾ ਕਰਨਾ।

ਨਵੇਂ ਨੇਮ ਦੇ ਦੂਜੇ ਭਾਗ ਦਾ ਨਾਮ ਹੈ-ਰਸੂਲਾਂ ਦੇ ਕਰਤੱਵ। ਇਹ ਜੇਰੂਸਲਿਮ ਵਿੱਚ ਈਸਾਈ ਚਰਚ ਦੇ ਮੁਢਲੇ ਦਿਨਾਂ ਦਾ ਸੰਖੇਪ ਜਿਹਾ ਬਿਆਨ ਹੈ। ਇਸ ਵਿੱਚ ਸੰਤ ਪਾਲ ਦੇ ਈਸਾਈ ਬਣਨ ਅਤੇ ਉਸ ਦੀਆਂ ਈਸਾਈ ਧਰਮ ਪ੍ਰਚਾਰ ਦੀਆਂ ਗਤੀਵਿਧੀਆਂ ਦਾ ਜ਼ਿਕਰ ਵੀ ਸ਼ਾਮਲ ਹੈ। ਈਸਾ ਨੇ ਜਿਨ੍ਹਾਂ ਸ਼ਰਧਾਲੂਆਂ ਦੇ ਸਮੂਹ ਨੂੰ ਧਰਮ ਉਪਦੇਸ਼ ਦੀ ਸਿੱਖਿਆ ਅਤੇ ਧਰਮ ਪ੍ਰਚਾਰ ਲਈ ਵੱਖ-ਵੱਖ ਥਾਂਵਾਂ ਤੇ ਭੇਜਣ ਲਈ ਚੁਣਿਆ ਉਹਨਾਂ ਰਸੂਲਾਂ ਦਾ ਨਾਮ ਦਿੱਤਾ ਗਿਆ ਹੈ। ਭਾਵੇਂ ਬਾਈਬਲ ਦੇ ਇਸ ਭਾਗ ਦਾ ਨਾਮ ਰਸੂਲਾਂ ਦੇ ਕਰਤੱਵ ਹੈ ਪਰ ਇਸ ਭਾਗ ਦੇ ਲੇਖਕ ਲਿਊਕ ਨੇ ਸ਼ੁਰੂ ਵਿੱਚ ਪੀਟਰ ਦਾ ਅਤੇ ਅੰਤਲੇ ਹਿੱਸੇ ਵਿੱਚ ਸੰਤ ਪਾਲ ਦਾ ਹੀ ਜ਼ਿਆਦਾ ਜ਼ਿਕਰ ਕੀਤਾ ਹੈ। ਰਸੂਲਾਂ ਨੇ ਇਹ ਪ੍ਰਚਾਰ ਕਰਨਾ ਸ਼ੁਰੂ ਕੀਤਾ ਕਿ ਈਸਾ ਮਨੁੱਖਤਾ ਦੀ ਭਲਾਈ ਲਈ ਇਸ ਦਾ ਮਾਲਕ ਅਤੇ ਬਚਾਉਣ ਵਾਲਾ ਬਣ ਕੇ ਸੰਸਾਰ ਵਿੱਚ ਆਇਆ, ਸੂਲੀ ਤੇ ਚੜ੍ਹਾਇਆ ਗਿਆ ਅਤੇ ਦੁਬਾਰਾ ਜੀਵਿਤ ਹੋਇਆ।

ਨਵੇਂ ਨੇਮ ਦਾ ਤੀਜਾ ਤੇ ਆਖ਼ਰੀ ਭਾਗ ਹੈ-ਪਾਲ ਦੇ ਪੱਤਰ। ਅਸਲ ਵਿੱਚ ਪਾਲ ਦੇ ਪੱਤਰ ਨਵੇਂ ਨੇਮ ਦੇ ਅਰੰਭ ਵਿੱਚ ਸਥਿਤ ਸਨ ਪਰ ਅੱਜ ਜੋ ਰੂਪ ਅਸੀਂ ਬਾਈਬਲ ਦਾ ਦੇਖਦੇ ਹਾਂ ਉਸ ਵਿੱਚ ਇੰਜੀਲਾਂ ਅਤੇ ਰਸੂਲਾਂ ਦੇ ਕਰਤੱਵ ਸ਼ੁਰੂ ਵਿੱਚ ਹੀ ਹਨ। ਪਾਲ ਦੇ ਪੱਤਰਾਂ ਦੇ ਇਲਾਵਾ ਨਵੇਂ ਅਹਿਦਨਾਮੇ ਵਿੱਚ ਕੁਝ ਹੋਰ ਪੱਤਰ ਵੀ ਹਨ ਜੋ ਜੇਮਜ਼, ਪੀਟਰ, ਜੌਨ ਅਤੇ ਜੁਡਾਹ  ਰਾਹੀਂ ਲਿਖੇ ਗਏ। ਨਵੇਂ ਅਹਿਦਨਾਮੇ ਦੀ ਆਖਰੀ ਕਿਤਾਬ ਸੰਤ ਜੌਨ ਦੇ ਇਲਹਾਮ ਤੇ ਆਧਾਰਿਤ ਹੈ। ਉਸ ਵਿੱਚ ਉਸ ਨੇ ਉਸ ਵੇਲੇ ਦੀ ਈਸਾਈ ਚਰਚ ਦੀ ਹੌਸਲਾ-ਅਫ਼ਜਾਈ ਕੀਤੀ ਜਦੋਂ ਉਹਨਾਂ ’ਤੇ ਬਹੁਤ ਅੱਤਿਆਚਾਰ ਹੋ ਰਹੇ ਸਨ। ਇਹ ਇੱਕ ਗੁੱਝੀ ਕਿਤਾਬ ਹੈ ਜਿਸ ਵਿੱਚ ਲੇਖਕ ਨੇ ਆਪਣੇ ਵਿਚਾਰ ਲੁਕਵੀਂ ਅਤੇ ਸੰਕੇਤਕ ਭਾਸ਼ਾ ਵਿੱਚ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ।

ਬਾਈਬਲ ਦੇ ਦੋਨੋਂ ਭਾਗ ਪੁਰਾਣਾ ਨੇਮ ਅਤੇ ਨਵਾਂ ਨੇਮ ਧਾਰਮਿਕ ਪ੍ਰਗਟਾਵੇ ਦਾ ਸੰਗਠਿਤ ਸਰੂਪ ਹੈ ਪਰ ਯਹੂਦੀ ਪੁਰਾਣੇ ਅਹਿਦਨਾਮੇ ਨੂੰ ਹੀ ਆਪਣਾ ਧਰਮ-ਗ੍ਰੰਥ ਮੰਨਦੇ ਹਨ। ਉਹ ਨਵੇਂ ਨੇਮ ਨੂੰ ਆਪਣੇ ਧਰਮ-ਗ੍ਰੰਥ ਦਾ ਹਿੱਸਾ ਨਹੀਂ ਮੰਨਦੇ ਪਰ ਦੂਜੇ ਪਾਸੇ ਈਸਾਈ ਬਾਈਬਲ ਦੇ ਦੋਹਾਂ ਹਿੱਸਿਆਂ ਨੂੰ ਆਪਣੇ ਧਰਮ-ਗ੍ਰੰਥ ਵੱਜੋਂ ਪ੍ਰਵਾਨ ਕਰਦੇ ਹਨ।


ਲੇਖਕ : ਰਾਜਿੰਦਰ ਕੌਰ ਰੋਹੀ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਦੂਜੀ, ਹੁਣ ਤੱਕ ਵੇਖਿਆ ਗਿਆ : 1502, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-03-30-11-31-05, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.