ਬਾਣ ਭੱਟ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਬਾਣ ਭੱਟ: ਸੰਸਕ੍ਰਿਤ ਸਾਹਿਤ ਦੇ ਪ੍ਰਸਿੱਧ ਗੱਦਕਾਰ ਬਾਣ ਭੱਟ ਦਾ ਸਮਾਂ ਸੱਤਵੀਂ ਸ਼ਤਾਬਦੀ ਦਾ ਪੂਰਵ ਕਾਲ ਰਿਹਾ ਹੈ। ਆਪਣੀ ਰਚਨਾ ਹਰਸ਼ਚਰਿਤ ਵਿੱਚ ਉਸ ਵਲੋਂ ਦਿੱਤੀ ਆਪਣੀ ਜੀਵਨ ਸੰਬੰਧੀ ਜਾਣਕਾਰੀ ਅਨੁਸਾਰ ਉਹ ਸਮਰਾਟ ਹਰਸ਼ਵਰਧਨ ਦਾ ਸਮਕਾਲੀ ਸੀ ਜਿਸ ਦਾ ਰਾਜ ਕਰਨ ਦਾ ਸਮਾਂ 606 ਤੋਂ 648 ਤੱਕ ਨਿਸ਼ਚਿਤ ਹੈ।

     ਬਾਣ ਭੱਟ ਦਾ ਜਨਮ ‘ਸ਼ੋਣ’ ਨਦੀ ਦੇ ਕਿਨਾਰੇ ਵਸਦੇ ਪਿੰਡ ‘ਪ੍ਰੀਤੀਕੂਟ’ ਵਿੱਚ ਹੋਇਆ ਜੋ ਬਿਹਾਰ ਦੇ ਪੱਛਮੀ ਹਿੱਸੇ ਵਿੱਚ ਸਥਿਤ ਸੀ। ਉਹ ਇੱਕ ਧਨਾਢ ਘਰਾਣੇ ਵਿੱਚ ਪੈਦਾ ਹੋਇਆ। ਉਸ ਦੇ ਪਿਤਾ ਦਾ ਨਾਂ ਚਿੱਤਰਭਾਨ ਅਤੇ ਮਾਤਾ ਦਾ ਨਾਂ ਰਾਜਦੇਵੀ ਸੀ।

     ਬਾਣ ਭੱਟ ਦੀ ਮਾਤਾ ਉਸ ਦੇ ਬਚਪਨ ਵਿੱਚ ਹੀ ਸਵਰਗ ਸਿਧਾਰ ਗਈ ਅਤੇ ਪਿਤਾ ਚੌਦ੍ਹਾਂ ਵਰ੍ਹਿਆਂ ਦੇ ਬਾਣ ਨੂੰ ਛੱਡ ਕੇ ਅਕਾਲ ਚਲਾਣਾ ਕਰ ਗਿਆ। ਅਜਿਹੇ ਘਰੇਲੂ ਹਾਲਾਤਾਂ ਨੇ ਬਾਣ ਨੂੰ ਘੁਮੱਕੜ ਪ੍ਰਵਿਰਤੀ ਦਾ ਬਣਾ ਦਿੱਤਾ। ਉਹ ਘਰ ਤੋਂ ਦੂਰ ਇੱਕ ਸਥਾਨ ਤੋਂ ਦੂਜੇ ਸਥਾਨ ਸੁਤੰਤਰਤਾ ਨਾਲ ਘੁੰਮਦਾ-ਫਿਰਦਾ ਰਿਹਾ। ਇਸ ਦੌਰਾਨ ਉਸ ਦਾ ਸੰਪਰਕ ਅਨੇਕ ਕਵੀਆਂ, ਚਿੱਤਰਕਾਰਾਂ, ਗਾਇਕਾਂ ਅਤੇ ਵਿਦਵਾਨਾਂ ਨਾਲ ਹੋਇਆ। ਕਈ ਵੱਡੇ ਵੱਡੇ ਰਾਜ ਘਰਾਣੇ ਵੇਖੇ ਅਤੇ ਗੁਰੂਕੁਲਾਂ ਵਿੱਚ ਵਿੱਦਿਆ ਪ੍ਰਾਪਤ ਕੀਤੀ।

     ਬਾਣ ਦੀਆਂ ਦੋ ਪ੍ਰਸਿੱਧ ਰਚਨਾਵਾਂ ਹਨ:

                   1. ਹਰਸ਼ ਚਰਿਤ            2. ਕਾਦੰਬਰੀ

     ਇਹਨਾਂ ਤੋਂ ਇਲਾਵਾ ਕੁਝ ਵਿਦਵਾਨ ਚੰਡੀਸ਼ਤਕ ਅਤੇ ਨਾਟਕ ਪਾਰਵਰਤੀ ਪਰਿਣਯ ਵੀ ਬਾਣ ਦੀਆਂ ਰਚਨਾਵਾਂ ਮੰਨਦੇ ਹਨ ਪਰ ਇਸ ਬਾਰੇ ਦ੍ਰਿੜ੍ਹਤਾ ਨਾਲ ਕੁਝ ਕਹਿਣਾ ਸੰਭਵ ਨਹੀਂ।

     ਹਰਸ਼ਚਰਿਤ ਗ੍ਰੰਥ ਸੰਸਕ੍ਰਿਤ ਦੇ ‘ਆਖਿਆਨ ਸਾਹਿੱਤ’ ਦੇ ਦੋ ਪ੍ਰਕਾਰ ‘ਕਥਾ’ ਅਤੇ ‘ਆਖਿਆਈਕਾ’ ਵਿੱਚੋਂ ‘ਆਖਿਆਈਕਾ’ ਪ੍ਰਕਾਰ ਵਿੱਚ ਗਿਣਿਆ ਜਾਂਦਾ ਹੈ। ਇਹ ਬਾਣ ਦਾ ਉੱਚ-ਕੋਟੀ ਦਾ ਗੱਦ-ਕਾਵਿ ਹੈ। ਇਸ ਦੀ ਕਥਾ ਵਸਤੂ ਅੱਠ ਭਾਗਾਂ ਵਿੱਚ ਵੰਡੀ ਹੋਈ ਹੈ ਜਿਨ੍ਹਾਂ ਨੂੰ ‘ਉੱਛਵਾਸ’ ਕਿਹਾ ਗਿਆ ਹੈ ਜਿਨ੍ਹਾਂ ਵਿੱਚ ਸਮਰਾਟ ਹਰਸ਼ਵਰਧਨ ਦਾ ਚਰਿਤ ਕਿਹਾ ਗਿਆ ਹੈ।

     ਉਛਵਾਸ: ਪਹਿਲੇ ਉਛਵਾਸ ਤੋਂ ਤੀਜੇ ਦੇ ਅੱਧ ਤੱਕ ਬਾਣ ਭੱਟ ਨੇ ਆਪਣੇ ਜੀਵਨ ਸੰਬੰਧੀ ਜਾਣਕਾਰੀ ਦਿੱਤੀ ਹੈ, ਚੌਥੇ ਵਿੱਚ ਰਾਜਾ ਪੁਸ਼ਪਭੂਤਿ ਦੇ ਵੰਸ਼ ਵਿੱਚ ਹੋਏ ਮਹਾਰਾਜਾ ਪ੍ਰਭਾਕਰ ਵਰਧਨ ਦੇ ਗੁਣਾਂ ਦਾ ਵਰਣਨ, ਰਾਣੀ ਯਸ਼ੋਮਤੀ ਦੇ ਸੁਪਨੇ ਦਾ ਬਿਰਤਾਂਤ, ਰਾਜਕੁਮਾਰ ਰਾਜਵਰਧਨ, ਹਰਸ਼ਵਰਧਨ ਅਤੇ ਰਾਜਕੁਮਾਰੀ ਰਾਜਸ਼੍ਰੀ ਦੇ ਜਨਮ ਦੀ ਕਥਾ ਕਹੀ ਗਈ ਹੈ, ਪੰਜਵੇਂ ਤੋਂ ਅੱਠਵੇਂ ਉਛਵਾਸਾਂ ਵਿੱਚ ਇਸ ਪਰਿਵਾਰ ਦੀਆਂ ਅਤਿਅੰਤ ਦੁਖ ਭਰੀਆਂ ਘਟਨਾਵਾਂ ਦਾ ਵਰਣਨ ਹੈ ਜਿਵੇਂ ਕਿ ਰਾਜਾ ਪ੍ਰਭਾਕਰ ਵਰਧਨ ਦੀ ਲਾ-ਇਲਾਜ ਬਿਮਾਰੀ ਦੀ ਅਸਹਿ ਪੀੜਾ, ਰਾਜੇ ਦੀ ਮ੍ਰਿਤੂ ਨੇੜੇ ਦੇਖਦੇ ਹੋਏ ਰਾਣੀ ਯਸ਼ੋਮਤੀ ਦਾ ਜਿਊਂਦੇ ਜੀ ਜਲ-ਮਰਨਾ, ਹੂਣਾਂ ਨਾਲ ਯੁੱਧ, ਰਾਜ ਕੁਮਾਰੀ ਰਾਜਸ਼੍ਰੀ ਦੇ ਪਤੀ ਦੀ ਹੱਤਿਆ, ਰਾਜਕੁਮਾਰੀ ਨੂੰ ਦੁਸ਼ਮਣਾਂ ਵੱਲੋਂ ਬੰਦੀ ਬਣਾਇਆ ਜਾਣਾ, ਰਾਜਵਰਧਨ ਦੀ ਮੌਤ, ਰਾਜਸ਼੍ਰੀ ਵੱਲੋਂ ਆਤਮਦਾਹ ਦਾ ਯਤਨ ਆਦਿ। ਅੰਤ ਵਿੱਚ ਹਰਸ਼ ਉਸ ਨੂੰ ਬਚਾ ਕੇ ਆਪਣੇ ਨਾਲ ਲਿਆਉਂਦਾ ਹੈ। ਇਸ ਤਰ੍ਹਾਂ ਬਾਣ ਭੱਟ ਦੀ ਇਹ ਰਚਨਾ ਇਤਿਹਾਸਿਕ ਪਿਛੋਕੜ ਤੇ ਆਧਾਰਿਤ ਅਤਿਅੰਤ ਰੋਚਕਤਾ ਭਰਿਆ ਅਧੂਰਾ ਗੱਦ-ਕਾਵਿ ਹੈ।

     ਕਾਦੰਬਰੀ: ਬਾਣ ਦੀ ਕਾਦੰਬਰੀ ਸੰਸਕ੍ਰਿਤ ਗੱਦ ਸਾਹਿਤ ਦੀ ਸਰਬੋਤਮ ਰਚਨਾ ਹੈ। ਇਹ ‘ਆਖਿਆਨ ਸਾਹਿੱਤ’ ਦੇ ਪ੍ਰਕਾਰ ‘ਕਥਾ’ ਦੀ ਸ਼੍ਰੇਣੀ ਵਿੱਚ ਆਉਂਦੀ ਹੈ। ਇਸ ਦੀ ਕਥਾ ਵਸਤੂ ਕਵੀ ਦੀ ਕਲਪਨਾ ਤੇ ਆਧਾਰਿਤ ਹੈ। ਕੁਝ ਆਲੋਚਕਾਂ ਦੇ ਅਨੁਸਾਰ ਇਹ ‘ਗੁਣਾਢਯ’ ਦੀ ‘ਬ੍ਰਿਹਦ ਕਥਾ’ ਤੋਂ ਪੂਰੀ ਤਰ੍ਹਾਂ ਪ੍ਰਭਾਵਿਤ ਹੈ ਪਰ ਇਸ ਦੀ ਨਵੀਨਤਾ ਅਤੇ ਵਿਲੱਖਣ ਭਾਸ਼ਾ-ਸ਼ੈਲੀ ਇਸ ਦੀ ਮੌਲਿਕਤਾ ਦਾ ਸਬੂਤ ਹਨ। ਇਹ ਗ੍ਰੰਥ ਦੋ ਭਾਗਾਂ ਵਿੱਚ ਵੰਡਿਆ ਹੋਇਆ ਹੈ :

                   1. ਪੂਰਵ ਭਾਗ              2. ਉਤਰ ਭਾਗ

ਉਤਰ ਭਾਗ ਕਵੀ ਬਾਣ ਦੀ ਮ੍ਰਿਤੂ ਹੋ ਜਾਣ ਕਾਰਨ ਉਸ ਦੇ ਪੁੱਤਰ ਪੁਲਿਨ ਭੱਟ ਨੇ ਪੂਰਾ ਕੀਤਾ।

     ਇਸ ਗ੍ਰੰਥ ਦੀ ਕਥਾ ਵਸਤੂ ਵਿਚਿੱਤਰ ਪ੍ਰਸੰਗਾਂ ਨਾਲ ਭਰਪੂਰ ਹੈ। ਇਸ ਦੇ ਪਾਤਰਾਂ ਦੇ ਤਿੰਨ-ਤਿੰਨ ਜਨਮਾਂ ਦੀ ਕਹਾਣੀ ਦਾ ਵਿਸਤਾਰ ਨਾਲ ਵਰਣਨ ਕੀਤਾ ਗਿਆ ਹੈ। ਇਸ ਦੇ ਅਰੰਭ ਵਿੱਚ ਇੱਕ ਚੰਡਾਲ ਕੰਨਿਆ ਰਾਜਾ ਸ਼ੂਦਰਕ ਦੇ ਦਰਬਾਰ ਵਿੱਚ ਤੋਤਾ ਲੈ ਕੇ ਆਉਂਦੀ ਹੈ। ਰਾਜਾ ਦੇ ਕਹਿਣ ਤੇ ਇਹ ਤੋਤਾ ਆਪਣੀ ਆਤਮ ਕਥਾ ਸੁਣਾਉਂਦਿਆਂ, ਅਨੇਕ ਪ੍ਰਸੰਗਿਕ ਕਥਾਵਾਂ ਦਾ ਖੁਲਾਸਾ ਕਰਦਾ ਹੈ ਜਿਸ ਵਿੱਚ ਰਾਜਾ ਤਾਰਾਪੀੜ ਦੇ ਪੁੱਤਰ ਚੰਦਰਾਪੀੜ ਅਤੇ ਕਾਦੰਬਰੀ ਦੀ, ਪੁੰਡਰੀਕ ਅਤੇ ਮਹਾਸ਼ਵੇਤਾ ਦੀ ਪ੍ਰੇਮ-ਕਥਾ ਅਨੋਖੇ ਢੰਗ ਨਾਲ ਕਹੀ ਗਈ ਹੈ। ਤਾਰਾਪੀੜ ਦੇ ਮੰਤਰੀ ‘ਸ਼ੁਕਨਾਸ’ ਦੇ ਪੁੱਤਰ ‘ਵੈਸ਼ੰਪਾਇਨ’ ਦੇ ਮਹਾਸ਼ਵੇਤਾ ਪ੍ਰਤਿ ਆਕਰਸ਼ਿਤ ਹੋ ਜਾਣਾ ਵੀ ਕਥਾ ਦਾ ਰਹੱਸ ਹੈ। ਇਹਨਾਂ ਸਾਰੇ ਪਾਤਰਾਂ ਦੀ ਕਥਾ ਗੁੰਝਲਦਾਰ ਹੋ ਜਾਂਦੀ ਹੈ ਕਿਉਂਕਿ ਇਸ ਜਨਮ ਵਿੱਚ ਮਗਧ ਦਾ ਰਾਜਾ ਸ਼ੂਦਰਕ ਜੋ ਤੋਤੇ ਕੋਲੋਂ ਕਹਾਣੀ ਸੁਣਦਾ ਹੈ, ਪਿਛਲੇ ਜਨਮ ਵਿੱਚ ਚੰਦਰਾਪੀੜ, ਉਸ ਤੋਂ ਪਿਛਲੇ ਜਨਮ ਵਿੱਚ ਚੰਦਰਮਾ ਸੀ ਜਿਹੜਾ, ਸ਼ਰਾਪ ਕਾਰਨ, ਚੰਦਰਾਪੀੜ ਬਣਿਆ, ਵੈਸੰਪਾਇਨ ਤੋਤਾ, ਪਿਛਲੇ ਜਨਮ ਸ਼ੁਕਨਾਸ ਦਾ ਪੁੱਤਰ ਸੀ। ਉਸ ਤੋਂ ਪਿਛਲੇ ਜਨਮ ਵਿੱਚ ਇਹੋ ਪੁੰਡਰੀਕ ਸੀ ਜਿਹੜਾ ਹੁਣ ਸ਼ਰਾਪ ਕਾਰਨ ਤੋਤਾ ਬਣਿਆ।

     ਇਸ ਤਰ੍ਹਾਂ ਅਦਭੁਤ ਕਥਾ ਪ੍ਰਸੰਗਾਂ ਵਾਲੀ ਇਸ ਰਚਨਾ ਦਾ ਪ੍ਰਧਾਨ ਰਸ ਸ਼ਿੰਗਾਰ ਹੈ ਪਰ ਅਸ਼ਲੀਲਤਾ ਕਿਧਰੇ ਨਹੀਂ। ਬਾਣ ਨੇ ਛੋਟੇ ਸਮਾਸ, ਲੰਬੇ ਸਮਾਸ ਅਤੇ ਸ਼ਲੇਸ਼ ਅਲੰਕਾਰ ਦਾ ਭਰਪੂਰ ਪ੍ਰਯੋਗ ਕੀਤਾ ਹੈ। ਕੁਦਰਤ ਦੇ ਭਿਆਨਕ ਅਤੇ ਮਨੋਹਰ ਰੂਪਾਂ ਦੇ ਸੁਭਾਵਿਕ ਵਰਣਨ ਵਿੱਚ ਬਾਣ ਨਿਪੁੰਨ ਹੈ।

     ਬਾਣ ਦੀਆਂ ਇਹਨਾਂ ਦੋਨਾਂ ਰਚਨਾਵਾਂ ਵਿੱਚ ਕੁਝ ਸਮਾਨਤਾਵਾਂ ਹਨ-ਜਿਵੇਂ ਕਿ ਦੋਵੇਂ ਅਧੂਰੀਆਂ ਹਨ। ਦੋਵੇਂ ਗੱਦ-ਕਾਵਿ ਦੀ ਸ਼੍ਰੇਣੀ ਵਿੱਚ ਆਉਂਦੀਆਂ ਹਨ। ਦੋਵਾਂ ਦੀ ਸ਼ੈਲੀ ਸਮਾਨ ਹੈ। ਕੁਝ ਅਸਮਾਨਤਾਵਾਂ ਇਹ ਹਨ ਕਿ ਹਰਸ਼ਚਰਿਤ ਨਾਲੋਂ ਕਾਦੰਬਰੀ ਜ਼ਿਆਦਾ ਉੱਚੇ ਪੱਧਰ ਦੀ ਭਾਸ਼ਾ ਸ਼ੈਲੀ ਵਾਲੀ ਰਚਨਾ ਹੈ, ਹਰਸ਼ਚਰਿਤ ਇੱਕ ਇਤਿਹਾਸਿਕ ਵਿਸ਼ਾ-ਵਸਤੂ ਤੇ ਆਧਾਰਿਤ ਇੱਕ ਰਾਜ ਘਰਾਣੇ ਦੀ ਕਹਾਣੀ ਹੈ ਜਦੋਂ ਕਿ ਕਾਦੰਬਰੀ ਕਵੀ ਦੀ ਕਲਪਨਾ ਤੇ ਆਧਾਰਿਤ ਵੱਖ-ਵੱਖ ਪਰਿਵਾਰਾਂ ਨਾਲ ਸੰਬੰਧਿਤ ਪਾਤਰਾਂ ਦੇ ਭਿੰਨ-ਭਿੰਨ ਜਨਮਾਂ ਦੀ ਕਥਾ ਹੈ। ਬਾਣ ਦੀਆਂ ਦੋਵੇਂ ਰਚਨਾਵਾਂ ਦੀ ਭਾਸ਼ਾ ਸਰਲ ਨਹੀਂ ਹੈ। ਕਾਦੰਬਰੀ ਦੀ ਭਾਸ਼ਾ ਜਟਿਲ ਹੋਣ ਦੇ ਨਾਲ-ਨਾਲ ਉਸ ਦੀ ਗੁੰਝਲਦਾਰ ਕਥਾ-ਵਸਤੂ ਆਮ ਪਾਠਕ ਦੀ ਸਮਝ ਤੋਂ ਬਾਹਰ ਰਹਿੰਦੀ ਹੈ ਜਦ ਕਿ ਦਿਮਾਗ਼ੀ ਕਸਰਤ ਦੇ ਸ਼ੌਕੀਨ ਵਿਦਵਾਨਾਂ ਦੇ ਮਨ ਨੂੰ ਕਾਦੰਬਰੀ ਕੀਲ ਕੇ ਰੱਖਦੀ ਹੈ।

     ਇਸ ਤਰ੍ਹਾਂ ਬਾਣ ਭੱਟ ਸੰਸਕ੍ਰਿਤ ਸਾਹਿੱਤ ਦਾ ਇੱਕ ਉੱਚ-ਕੋਟੀ ਦਾ ਪ੍ਰਤਿਭਾਵਾਨ ਗੱਦਕਾਰ ਹੈ। ਉਸ ਦੀ ਵਰਣਨ ਸ਼ੈਲੀ ਅਨੁਪਮ ਹੈ, ਸੁਭਾਵਿਕ ਵਰਣਨਾਂ ਦਾ ਚਿੱਤਰ ਖਿੱਚਣ ਵਿੱਚ ਉਸ ਦਾ ਕੋਈ ਸਾਨੀ ਨਹੀਂ ਹੈ।


ਲੇਖਕ : ਓਮਾਵਤੀ ਸ਼ਰਮਾ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 2255, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.