ਬਿਨੋਦ ਸਿੰਘ, ਬਾਵਾ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਬਿਨੋਦ ਸਿੰਘ, ਬਾਵਾ (ਮ. 1716 ਈ.): ਗੁਰੂ ਅੰਗਦ ਦੇਵ ਜੀ ਦੀ ਵੰਸ਼ ਪਰੰਪਰਾ ਵਿਚ ਹੋਇਆ ਬਾਵਾ ਬਿਨੋਦ ਸਿੰਘ ਜਾਤਿ ਦਾ ਤ੍ਰੇਹਣ ਖਤ੍ਰੀ ਸੀ। ਇਸ ਨੇ ਗੁਰੂ ਗੋਬਿੰਦ ਸਿੰਘ ਜੀ ਤੋਂ ਅੰਮ੍ਰਿਤ ਪਾਨ ਕੀਤਾ ਅਤੇ ਜੀਵਨ ਭਰ ਉਨ੍ਹਾਂ ਦੀ ਸੇਵਾ ਵਿਚ ਰਿਹਾ। ਇਹ ਗੁਰੂ ਜੀ ਨਾਲ ਨਾਂਦੇੜ ਵੀ ਗਿਆ। ਜਦੋਂ ਸੰਨ 1708 ਈ. ਵਿਚ ਗੁਰੂ ਜੀ ਨੇ ਬਾਬਾ ਬੰਦਾ ਬਹਾਦਰ ਨੂੰ ਪੰਜਾਬ ਵਿਚ ਜ਼ੁਲਮ ਦਾ ਅੰਤ ਕਰਨ ਲਈ ਭੇਜਿਆ ਤਾਂ ਉਸ ਨਾਲ ਤੋਰੇ ਪੰਜ ਸਿੰਘਾਂ ਵਿਚ ਇਹ ਵੀ ਸ਼ਾਮਲ ਸੀ। ਇਸ ਨੇ ਬੰਦਾ ਬਹਾਦਰ ਵਲੋਂ ਹੋ ਕੇ ਕਈ ਯੁੱਧ ਲੜੇ। ਮਈ 1710 ਈ. ਵਿਚ ਸਰਹਿੰਦ ਦੇ ਸੂਬੇਦਾਰ ਵਜ਼ੀਰ ਖ਼ਾਨ ਨਾਲ ਚੱਪੜ ਚਿੱੜੀ ਦੇ ਮੈਦਾਨ ਵਿਚ ਹੋਈ ਲੜਾਈ ਵਿਚ ਇਸ ਨੇ ਬੰਦਾ ਬਹਾਦਰ ਦੀ ਫ਼ੌਜ ਦੇ ਖੱਬੇ ਪਾਸੇ ਵਾਲੇ ਦਲ ਦੀ ਕਮਾਨ ਸੰਭਾਲੀ ਅਤੇ ਮਲੇਰਕੋਟਲਾ ਦੇ ਨਵਾਬ ਸ਼ੇਰ ਮੁਹੰਮਦ ਖ਼ਾਨ ਨਾਲ ਆਹਮੋ-ਸਾਹਮਣੇ ਹੋਇਆ। ਜੰਗ ਜਿਤਣ ਤੋਂ ਬਾਦ ਬਾਬਾ ਬੰਦਾ ਬਹਾਦਰ ਨੇ ਇਸ ਨੂੰ ਕਰਨਾਲ ਵਾਲੇ ਪਾਸੇ ਦਾ ਫ਼ੌਜਦਾਰ ਬਣਾਇਆ। ਇਸ ਨੂੰ ਉਸ ਇਲਾਕੇ ਵਿਚ ਪੂਰੀ ਤਰ੍ਹਾਂ ਅਧਿਕਾਰ ਕਾਇਮ ਕਰਨ ਲਈ ਤਰਾਵੜੀ, ਅਮੀਨ, ਥਾਨੇਸਰ ਅਤੇ ਸ਼ਾਹਾਬਾਦ ਦੀਆਂ ਚਾਰ ਜੰਗਾਂ ਲੜੀਆਂ ਪਈਆਂ। ਅਕਤੂਬਰ 1714 ਈ. ਵਿਚ ਜਦੋਂ ਬੰਦਾ ਬਹਾਦਰ ਦੀ ਸੈਨਾ ਵਿਚ ਤੱਤ- ਖ਼ਾਲਸਾ ਅਤੇ ਬੰਦਈ ਸਿੱਖਾਂ ਦੇ ਦੋ ਧੜੇ ਬਣ ਗਏ ਤਾਂ ਇਸ ਨੇ ਤੱਤ-ਖ਼ਾਲਸੇ ਦੀ ਅਗਵਾਈ ਕੀਤੀ ਅਤੇ ਗੁਰਦਾਸ- ਨੰਗਲ ਦੀ ਗੜ੍ਹੀ ਛਡ ਦਿੱਤੀ। ਕਹਿੰਦੇ ਹਨ ਕਿ ਸੰਨ 1716 ਈ. ਵਿਚ ਮੁਗ਼ਲ ਫ਼ੌਜ ਨਾਲ ਹੋਈ ਇਕ ਲੜਾਈ ਵਿਚ ਇਹ ਮਾਰਿਆ ਗਿਆ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 412, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.