ਬੇਦੀ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਬੇਦੀ ( ਵੰਸ਼ ) : ਬੇਦੀ ਪੰਜਾਬ ਦੇ ਖਤ੍ਰੀਆਂ ਦੀ ਇਕ ਉਪ- ਜਾਤਿ । ‘ ਬਚਿਤ੍ਰ ਨਾਟਕ ’ ਅਨੁਸਾਰ ਇਹ ਸੂਰਜਵੰਸ਼ੀ ਖਤ੍ਰੀ ਜਾਤਿ ਹੈ ਅਤੇ ਭਗਵਾਨ ਰਾਮਚੰਦਰ ਦੇ ਸੁਪੁੱਤਰ ਕੁਸ਼ ਤੋਂ ਇਸ ਦਾ ਵਿਕਾਸ ਹੋਇਆ ਹੈ । ਸ੍ਰੀ ਰਾਮਚੰਦਰ ਜੀ ਦੇ ਪੁੱਤਰਾਂ — ਲਵ ਅਤੇ ਕੁਸ਼— ਵਿਚ ਰਾਜ-ਅਧਿਕਾਰ ਦੇ ਮਾਮਲੇ ਕਰਕੇ ਵੈਰ ਪੈਦਾ ਹੋ ਗਿਆ । ਲਵ ਦੇ ਵੰਸ਼ਜਾਂ ਨੇ ਕੁਸ਼ ਦੇ ਵੰਸ਼ਜਾਂ ਨੂੰ ਯੁੱਧ ਵਿਚ ਪਰਾਜਿਤ ਕਰ ਦਿੱਤਾ । ਕੁਸ਼ ਪਰੰਪਰਾ ਵਾਲੇ ਕਾਸ਼ੀ ਚਲੇ ਗਏ ਅਤੇ ਉਥੇ ਵੇਦਾਂ ਦਾ ਅਧਿਐਨ ਕਰਨ ਕਰਕੇ ਵੇਦੀ ਅਖਵਾਏ— ਜਿਨੈ ਬੇਦ ਪਠਿਯੋ ਸੁ ਬੇਦੀ ਕਹਾਏ

ਸਿੱਖ ਧਰਮ ਵਿਚ ਇਹ ਜਾਤਿ ਬਹੁਤ ਪ੍ਰਤਿਸ਼ਠਿਤ ਹੈ ਕਿਉਂਕਿ ਇਸ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਨਮ ਲਿਆ ਸੀਗੁਰੂ ਨਾਨਕ ਦੇਵ ਜੀ ਦੇ ਵੱਡੇ ਸੁਪੁੱਤਰ ਬਾਬਾ ਸ੍ਰੀ ਚੰਦ ਨੇ ਬਾਲ ਬ੍ਰਹਮਚਾਰੀ ਰਹਿ ਕੇ ਉਦਾਸੀ ਮਤ ਦਾ ਪ੍ਰਚਲਨ ਕੀਤਾ । ਗੁਰੂ ਜੀ ਦੇ ਦੂਜੇ ਸੁਪੁੱਤਰ ਬਾਬਾ ਲਖਮੀ ਦਾਸ ਨੇ ਵਿਆਹ ਕਰਕੇ ਇਸ ਵੰਸ਼ ਨੂੰ ਅਗੇ ਤੋਰਿਆ । ਇਸ ਵੰਸ਼ ਵਿਚ ਬਾਬਾ ਕਲਾਧਾਰੀ ਦੇ ਪੋਤਰੇ ਬਾਬਾ ਸਾਹਿਬ ਸਿੰਘ ਬੇਦੀ ਇਕ ਸ਼ੂਰਵੀਰ ਮਹਾਪੁਰਸ਼ ਹੋਏ ਸਨ । ਉਨ੍ਹਾਂ ਦੀ ਗੱਦੀ ਊਨਾ ਕਸਬੇ ਵਿਚ ਸੀ । ਉਨ੍ਹਾਂ ਦੇ ਇਕ ਪੁੱਤਰ ਬਾਬਾ ਬਿਕ੍ਰਮ ਸਿੰਘ ਨੇ ਊਨੇ ਵਾਲੀ ਗੱਦੀ ਸੰਭਾਲੀ ਅਤੇ ਦੂਜੇ ਪੁੱਤਰ ਬਾਬਾ ਬਿਸ਼ਨ ਸਿੰਘ ਨੇ ਕੱਲਰ , ਜ਼ਿਲ੍ਹਾ ਰਾਵਲਪਿੰਡੀ ਵਿਚ ਆਪਣਾ ਡੇਰਾ ਸਥਾਪਿਤ ਕੀਤਾ । ਇਸ ਸ਼ਾਖਾ ਵਿਚ ਸਰ ਬਾਬਾ ਖੇਮ ਸਿੰਘ ਨੇ ਸਿੰਘ ਸਭਾ ਅੰਦੋਲਨ ਚਲਾ ਕੇ ਸਿੱਖੀ ਦਾ ਬਹੁਤ ਪ੍ਰਚਾਰ ਕੀਤਾ । ਗੁਰੂ ਨਾਨਕ ਦੇਵ ਜੀ ਦੀ ਵੰਸ਼ ਵਿਚੋਂ ਹੋਣ ਕਾਰਣ ਸਿੱਖ ਸਮਾਜ ਵਿਚ ਬੇਦੀ ਵੰਸ਼ ਦਾ ਬਹੁਤ ਆਦਰ ਹੈ । ਇਨ੍ਹਾਂ ਨੂੰ ‘ ਬਾਬਾ’ ਜਾਂ ‘ ਸਾਹਿਬਜ਼ਾਦਾ’ ਵਰਗੇ ਆਦਰਬੋਧਕ ਸ਼ਬਦਾਂ ਨਾਲ ਵਿਸ਼ਿਸ਼ਟ ਕੀਤਾ ਜਾਂਦਾ ਹੈ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5556, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.