ਬ੍ਰਹਮ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਬ੍ਰਹਮ [ਨਾਂਪੁ] ਜਗਤ ਦਾ ਸਿਰਜਨਹਾਰ, ਰੱਬ , ਪਰਮਾਤਮਾ , ਖ਼ੁਦਾ , ਵਾਹਿਗੁਰੂ, ਈਸ਼ਵਰ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1193, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਬ੍ਰਹਮ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਬ੍ਰਹਮ (ਸੰ.। ਸੰਸਕ੍ਰਿਤ ਬ੍ਰਹਮਨੑ) ੧. ਸੱਤ ਚਿੱਤ ਆਨੰਦ ਸਰੂਪ, ਕਾਰਣਾਂ ਦਾ ਕਾਰਣ, ਜੋ ਸ੍ਰਿਸ਼ਟੀ ਦਾ ਇਕ ਰਸ ਰਹਿਣ ਵਾਲਾ ਮੂਲ ਕਾਰਣ ਹੈ। ਜਿਸ ਤੋਂ ਸਭ ਕੁਛ ਪ੍ਰਕਾਸ਼ ਪਾਂਦਾ ਹੈ। ਅਕਾਲ ਪੁਰਖ। ਵਾਹਿਗੁਰੂ। ਯਥਾ-‘ਗੁਰਮੁਖਿ ਬ੍ਰਹਮੁ ਹਰੀਆਵਲਾ ਸਾਚੈ ਸਹਜਿ ਸੁਭਾਇ’। ਗੁਰਮੁਖਾਂ (ਦੀ ਦ੍ਰਿਸ਼ਟੀ ਵਿਚ) ਬ੍ਰਹਮ ਸਦਾ ਹਰਿਆਵਲਾ (ਇਕ ਰਸ ਰਹਿਣ ਵਾਲਾ ਤੇ ਆਨੰਦ ਦਾਤਾ) ਹੈ (ਕਿਉਂਕਿ) ਉਹ ਸੱਚੇ ਤੇ ਸਹਿਜ ਸੁਭਾਵ (ਵਿਚ ਸਦੀਵ ਰਹਿੰਦੇ ਹਨ) ਕਈ ਗਿਆਨੀ ਬ੍ਰਹਮ ਦਾ ਅਰਥ ਬ੍ਰਿੱਛ ਵੀ ਕਰ ਲੈਂਦੇ ਹਨ। ਫੇਰ ਤੁਕ ਦਾ ਅਰਥ ਐਉਂ ਬਣਦਾ ਹੈ। ਕਿ- ਗੁਰਮੁਖ ਰੂਪੀ ਬ੍ਰਿੱਛ ਸਦਾ ਪ੍ਰਫੁੱਲਤ ਹੈ।

ਦੇਖੋ, ‘ਬ੍ਰਹਮ ਕਰਮ ’, ‘ਬ੍ਰਹਮ ਗਿਆਨ ’,

‘ਬ੍ਰਹਮ ਧਿਆਨ ’, ਬ੍ਰਹਮ ਬਿੰਦ ’,

‘ਬ੍ਰਹਮ ਬਿੰਦੇ’

੨. ਬ੍ਰਹਮਾ। ਬ੍ਰਹਮਾ ਬਿਸ਼ਨ ਮਹੇਸ਼ ਤ੍ਰੈ ਦੇਵਤਿਆਂ ਵਿਚੋਂ ਪਹਿਲਾ ਜੋ ਰਚਨਾ ਕਰਨ, ਦੇ ਪ੍ਰਬੰਧ ਵਿਚ ਕਾਰਕ ਮੰਨਿਆ ਗਿਆ ਹੈ। ਯਥਾ-‘ਇਸੁ ਸੁਖ ਤੇ ਸਿਵ ਬ੍ਰਹਮ ਡਰਾਨਾ’।

            ਦੇਖੋ , ‘ਬ੍ਰਹਮ ਕਮਲ ਪੁਤੁ

੩. ਵਿਆਪਕ। ਯਥਾ-‘ਤਲਕਾ ਬ੍ਰਹਮੁ ਲੇ ਗਗਨਿ ਚਰਾਵੇ’।           

ਦੇਖੋ, ‘ਤਲਕਾ’

੪. ਬ੍ਰਹਮ ਪਦ ਦੇ ਹੋਰ ਵੀ ਕਈ ਅਰਥ ਹਨ, ਪਵਿੱਤ੍ਰ ਵਿਦ੍ਯਾ, ਗਿਆਨ , ਤਪੱਸ੍ਯਾ ਭਗਤੀ


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 1122, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਬ੍ਰਹਮ ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਦੂਜੀ

ਬ੍ਰਹਮ : ਉਪਨਿਸ਼ਦਾਂ ਵਿੱਚ ਆਏ ਬ੍ਰਹਮ ਦੇ ਵਿਚਾਰ ਨੂੰ ਵੇਦਾਂਤ ਪੂਰਨ ਰੂਪ ਵਿੱਚ ਆਪਣਾ ਵਿਸ਼ਾ-ਵਸਤੂ ਬਣਾਉਂਦਾ ਹੈ। ਵੇਦਾਂਤ ਨੂੰ ਦਰਸ਼ਨ ਦੇ ਰੂਪ ਵਿੱਚ ਪ੍ਰਤਿਪਾਦਿਤ ਕਰਨ ਵਾਲੇ ਮੁੱਖ ਦਾਰਸ਼ਨਿਕ ਸ਼ੰਕਰਾਚਾਰੀਆ ਸਨ ਪਰ ਇਹਨਾਂ ਤੋਂ ਬਾਅਦ ਵੀ ਕੁਝ ਇੱਕ ਦਾਰਸ਼ਨਿਕ ਹੋਏ ਹਨ ਜਿਵੇਂ ਰਾਮਾਨੁਜ, ਮੱਧਵ, ਨਿੰਬਾਰਕ ਆਦਿ ਜਿਨ੍ਹਾਂ ਨੇ ਬ੍ਰਹਮ ਦੇ ਵਿਚਾਰ ਉੱਪਰ ਨਿੱਠ ਕੇ ਕੰਮ ਕੀਤਾ ਅਤੇ ਅਨੇਕ ਗ੍ਰੰਥ ਲਿਖੇ। ਮੂਲ ਰੂਪ ਵਿੱਚ ਬ੍ਰਹਮ ਦੀ ਸਮੱਸਿਆ ਉਪਨਿਸ਼ਦਾਂ ਵਿੱਚ ਪ੍ਰਾਪਤ ਹੁੰਦੀ ਹੈ ਜਿਨ੍ਹਾਂ ਅਨੁਸਾਰ ਬ੍ਰਹਮ ਹਰ ਵਸਤੂ ਦੀ ਸ੍ਰੋਤ ਹੈ, ਹਰ ਸ਼ਕਤੀਸ਼ਾਲੀ ਵਸਤੂ ਦੀ ਸ਼ਕਤੀ ਦਾ ਸ੍ਰੋਤ ਹੈ। ਦੂਜੇ ਸ਼ਬਦਾਂ ਵਿੱਚ ਇਸ ਜਗਤ ਦਾ ਸਾਰ ਬ੍ਰਹਮ ਹੈ। ਵੇਦਾਂਤ ਅਨੁਸਾਰ ਮੁਖ ਰੂਪ ਵਿੱਚ ਚਾਰ ਪੰਜ ਵਸਤੂਆਂ ਨਾਲ ਅਸੀਂ ਜੁੜੇ ਹੋਏ ਹਾਂ-1. ਜੀਵ, 2. ਜਗਤ, 3. ਮਾਇਆ, 4. ਈਸ਼ਵਰ, 5. ਬ੍ਰਹਮ। ਆਚਾਰੀਆ ਸ਼ੰਕਰ ਅਨੁਸਾਰ ਬ੍ਰਹਮ ਦਾ ਸ੍ਵਰੂਪ ਸਤ, ਚਿਤ, ਅਨੰਦ ਹੈ ਜਾਂ ਇਹ ਕਿਹਾ ਜਾਵੇ ਕਿ ਬ੍ਰਹਮ-ਹੋਂਦ ਰੂਪ  (existence)  ਚੇਤਨ ਰੂਪ  (consciousness)  ਅਤੇ ਅਨੰਦ ਰੂਪ  (bliss)  ਅਤੇ ਉਸ ਵਿੱਚ ਕੋਈ ਵੀ ਗੁਣ ਜਾਂ ਅਵਗੁਣ ਨਹੀਂ ਰਹਿੰਦੇ। ਬ੍ਰਹਮ ਨਿਰਗੁਣ ਹੈ, ਨਿਰਾਕਾਰ ਹੈ ਅਤੇ ਅਨੰਤ ਹੈ ਅਤੇ ਨਿਰਵਿਕਾਰ ਹੈ। ਮਨੁੱਖੀ ਭਾਸ਼ਾ ਉਸ ਦਾ ਸਹੀ ਵਰਣਨ ਨਹੀਂ ਕਰ ਸਕਦੀ ਕਿਉਂਕਿ ਉਹ ਭਾਸ਼ਾ ਦਾ ਵਿਸ਼ਾ ਨਹੀਂ ਹੈ ਸਗੋਂ ਅਨੁਭਵ ਦਾ ਵਿਸ਼ਾ ਹੈ। ਪਰ ਇਹ ਗੱਲ ਧਿਆਨ ਵਿੱਚ ਰੱਖਣ ਯੋਗ ਹੈ ਕਿ ਵੇਦਾਂਤ ਅਨੁਸਾਰ ਬ੍ਰਹਮ ਈਸ਼ਵਰ ਨਹੀਂ ਹੈ। ਬ੍ਰਹਮ ਪਰਮ ਸੱਤਾ ਹੈ ਅਤੇ ਕਲਪਨਾ ਤੋਂ ਵੀ ਪਰ੍ਹੇ ਹੈ ਪਰ ਈਸ਼ਵਰ ਮਨੁੱਖ ਸ਼ਰਧਾ ਦਾ ਪਾਤਰ ਬਣਦਾ ਹੈ। ਈਸ਼ਵਰ ਧਾਰਮਿਕ ਵਿਚਾਰਾਂ ਦਾ ਕੇਂਦਰ ਬਣ ਸਕਦਾ ਹੈ ਪਰ ਬ੍ਰਹਮ ਨਹੀਂ। ਬ੍ਰਹਮ ਸ਼ੁੱਧ ਰੂਪ ਵਿੱਚ ਇੱਕ ਦਾਰਸ਼ਨਿਕ ਵਿਚਾਰ ਹੈ, ਜਿਸ ਨੂੰ ਸਮਝਣ ਲਈ ਤਾਰਕਿਕ ਬੁੱਧੀ ਦੀ ਲੋੜ ਹੈ। ਸ਼ੰਕਰ ਅਨੁਸਾਰ ਬ੍ਰਹਮ ਵਿੱਚ ਨਾ ਗੁਣ ਹਨ ਨਾ ਅਵਗੁਣ ਪਰ ਇੱਕ ਹੋਰ ਦਾਰਸ਼ਨਿਕ ਰਾਮਾਨੁਜ ਆਚਾਰੀਆ ਅਨੁਸਾਰ ਬ੍ਰਹਮ ਗੁਣਾਂ ਦੀ ਖਾਣ ਹੈ, ਉਸ ਵਿੱਚ ਹਰ ਕਿਸਮ ਦੇ ਗੁਣ ਹਨ ਅਤੇ ਕੋਈ ਵੀ ਅਵਗੁਣ ਉਸ ਨੂੰ ਦੂਸ਼ਿਤ ਨਹੀਂ ਕਰਦਾ। ਇਹੋ ਬ੍ਰਹਮ ਸਾਰੀ ਰਚਨਾ ਕਰਦਾ ਹੈ, ਮਨੁੱਖਾਂ ਨੂੰ ਉਹਨਾਂ ਦੇ ਕਰਮਾਂ ਦੇ ਅਨੁਸਾਰ ਫਲ ਵੀ ਦਿੰਦਾ ਹੈ।

ਇੱਥੇ ਇਹ ਸਪਸ਼ਟ ਕਰ ਦੇਣਾ ਠੀਕ ਹੋਵੇਗਾ ਕਿ ਸ਼ੰਕਰ ਅਨੁਸਾਰ ਜੀਵ ਬ੍ਰਹਮ ਹੀ ਹੈ ਪਰ ਕੇਵਲ ਬੁੱਧੀ ਉੱਪਰ ਹਉਮੈ ਦਾ ਲਿਹਾਫ਼ ਹੋਣ ਕਰਕੇ ਉਹ ਇਸ ਅਨੁਭਵ ਤੋਂ ਵੰਚਿਤ ਰਹਿ ਜਾਂਦਾ ਹੈ ਅਤੇ ਸਾਰਾ ਜੀਵਨ ਆਪਣੇ ਨੂੰ ਜੀਵ ਸਮਝਦੇ ਹੋਏ ਹੀ ਬਤੀਤ ਕਰ ਦਿੰਦਾ ਹੈ। ਜੀਵ ਉੱਤੇ ਹਉਮੈ ਦਾ ਲਿਹਾਫ਼ ਵੇਦਾਂਤ ਅਨੁਸਾਰ ਮਾਇਆ ਨਾਮਕ ਸ਼ਕਤੀ ਦੇ ਕਾਰਨ ਹੁੰਦਾ ਏ। ਇਸ ਮਾਇਆ ਨੂੰ ਵੇਦਾਂਤ ਦਰਸ਼ਨ ਵਿੱਚ ਅਵਿੱਦਿਆ, ਅਧਿਆਸ, ਅਗਿਆਨ ਆਦਿ ਵੀ ਕਿਹਾ ਜਾਂਦਾ ਹੈ। ਇਹ ਸਾਰੇ ਸ਼ਬਦ ਇੱਕੋ ਤੱਥ ਵੱਲ ਇਸ਼ਾਰਾ ਕਰਦੇ ਹਨ ਅਤੇ ਉਹ ਹੈ ਕਿ ਸਾਡੀ ਬੁੱਧੀ ਜਦੋਂ ਅਹੰਕਾਰ ਭਾਵ ਨਾਲ ਭਰ ਜਾਂਦੀ ਹੈ ਤਾਂ ਅਜਿਹੀ ਬੁੱਧੀ ਉੱਪਰ ਮਾਇਆ ਦੋ ਪ੍ਰਕਾਰ ਨਾਲ ਅਸਰ ਕਰਦੀ ਹੈ। ਪਹਿਲਾਂ ਹੈ ਆਵਰਨ ਅਤੇ ਦੂਜਾ ਹੈ ਵਿਕਸ਼ੇਪ। ਇਹ ਦੋਨੋਂ ਮਾਇਆ ਦੀਆਂ ਸ਼ਕਤੀਆਂ ਹਨ। ਪਹਿਲੇ ਅਨੁਸਾਰ ਵਸਤੂ ਦਾ ਅਸਲੀ ਸਰੂਪ ਢਕਿਆ ਜਾਂਦਾ ਹੈ ਅਤੇ ਦੂਜੇ ਅਨੁਸਾਰ ਉਹੀ ਵਸਤੂ, ਜੋ ਅਸਲ ਵਿੱਚ ਹੈ ਉਹ ਨਹੀਂ ਸਗੋਂ ਕੁਝ ਹੋਰ ਹੀ ਪ੍ਰਤੀਤ ਹੁੰਦੀ ਹੈ। ਉਦਾਹਰਨ ਦੇ ਤੌਰ ਤੇ ਜਦੋਂ ਪੂਰਾ ਹਨੇਰਾ ਨਾ ਹੋਵੇ ਤੇ ਨਾ ਹੀ ਪੂਰਾ ਦਿਨ ਚੜਿਆ ਹੋਵੇ, ਜਦੋਂ ਘੁੱਸਮੁਸਾ ਹੋਵੇ ਤਾਂ ਅਸੀਂ ਇੱਕ ਰੱਸੀ ਨੂੰ ਸੱਪ ਸਮਝ ਲੈਂਦੇ ਹਾਂ। ਇਸ ਰੱਸੀ ਨੂੰ ਸੱਪ ਸਮਝਣ ਦੀ ਪ੍ਰਕਿਰਿਆ ਵਿੱਚ ਦੋ ਪਹਿਲੂ ਹਨ, ਪਹਿਲਾ ਰੱਸੀ ਦਾ ਛਿਪ ਜਾਣਾ ਅਤੇ ਦੂਜਾ ਰੱਸੀ ਨਾ ਪ੍ਰਤੀਤ ਹੋ ਕੇ ਸੱਪ ਪ੍ਰਤੀਤ ਹੋਣਾ। ਮਾਇਆ ਦੇ ਇਹਨਾਂ ਦੋਵੇਂ ਪੱਖਾਂ ਨੂੰ ਵੇਦਾਂਤ ਦਰਸ਼ਨ ਵਿੱਚ ਆਵਰਨ ਸ਼ਕਤੀ ਅਤੇ ਵਿਕਸ਼ੇਪ ਸ਼ਕਤੀ ਕਿਹਾ ਜਾਂਦਾ ਹੈ। ਆਵਰਨ ਮਤਲਬ ਢੱਕਣਾ ਜਾਂ ਛਿਪਾਵ ਅਤੇ ਵਿਕਸ਼ੇਪ ਦਾ ਮਤਲਬ ਹੈ ਵਿਕਾਰ। ਬ੍ਰਹਮ ਮਾਇਆ ਦਾ ਆਧਾਰ ਹੈ ਅਤੇ ਮਾਇਆ ਬ੍ਰਹਮ ਉੱਤੇ ਆਸ਼ਰਿਤ ਰਹਿੰਦੀ ਹੈ ਅਤੇ ਬ੍ਰਹਮ ਨੂੰ ਹੀ ਆਪਣਾ ਵਿਸ਼ੇ ਵੀ ਬਣਾਉਂਦੀ ਹੈ। ਮਾਇਆ ਦੇ ਕਾਰਨ ਹੀ ਜੀਵ ਬ੍ਰਹਮ ਨੂੰ ਈਸ਼ਵਰ ਸਮਝਦਾ ਹੈ। ਸ਼ੰਕਰ ਅਨੁਸਾਰ ਈਸ਼ਵਰ ਸਗੁਣ ਹੈ ਅਤੇ ਸਾਡੀ ਸ਼ਰਧਾ ਦਾ ਕੇਂਦਰ ਬਣ ਸਕਦਾ ਹੈ ਅਤੇ ਈਸ਼ਵਰ ਹੀ ਕਰਮਾਂ ਦਾ ਲੇਖਾ-ਜੋਖਾ ਕਰਦਾ ਹੈ ਅਤੇ ਉਹ ਸਰਬ-ਸ਼ਕਤੀਮਾਨ, ਸਰਬ-ਸ਼ਕਤੀਸ਼ਾਲੀ, ਸਰਬ-ਵਿਆਪਕ ਆਦਿ ਜਿੰਨੇ ਵੀ ਗੁਣਾਂ ਬਾਰੇ ਅਸੀਂ ਸੋਚ ਸਕਦੇ ਹਾਂ ਉਹ ਈਸ਼ਵਰ ਨਾਲ ਸੰਬੰਧਿਤ ਗੁਣ ਹੋਣਗੇ ਨਾ ਕਿ ਬ੍ਰਹਮ ਨਾਲ।

ਇਸ ਦੇ ਬਿਲਕੁਲ ਉਲਟ ਰਾਮਾਨੁਜ ਅਨੁਸਾਰ ਬ੍ਰਹਮ ਅਤੇ ਈਸ਼ਵਰ ਵਿੱਚ ਕੋਈ ਫ਼ਰਕ ਨਹੀਂ ਹੈ ਅਤੇ ਉਹ ਬ੍ਰਹਮ ਨੂੰ ਸਗੁਣ ਮੰਨਦਾ ਹੈ। ਬ੍ਰਹਮ ਦਾ ਸਗੁਣ ਹੋਣ ਦਾ ਮਤਲਬ ਕੇਵਲ ਸਦਗੁਣਾਂ ਤੋਂ ਹੈ ਅਤੇ ਬ੍ਰਹਮ ਵਿੱਚ ਕੋਈ ਵੀ ਅਵਗੁਣ ਨਹੀਂ ਹੈ। ਜੀਵ ਬ੍ਰਹਮ ਦਾ ਇੱਕ ਛੋਟਾ ਜਿਹਾ ਹਿੱਸਾ ਹੈ ਜੋ ਕੋਈ ਕਦੀ ਬ੍ਰਹਮ ਨਹੀਂ ਹੋ ਸਕਦਾ। ਜੀਵ ਅਤੇ ਬ੍ਰਹਮ ਦੋ ਅਲੱਗ-ਅਲੱਗ ਹੱਦਾਂ ਹਨ ਪਰ ਸ਼ੰਕਰ ਦੇ ਵੇਦਾਂਤ ਅਨੁਸਾਰ ਜੀਵ ਬ੍ਰਹਮ ਹੀ ਹੈ। ਕੇਵਲ ਮਾਇਆ ਦੇ ਪ੍ਰਭਾਵ ਕਾਰਨ ਉਹ ਆਪਣੇ ਅਸਲ ਸਰੂਪ ਨੂੰ ਪਛਾਣ ਨਹੀਂ ਪਾਉਂਦਾ। “ਬ੍ਰਹਮ-ਸਤਿਅਮ ਜਗਨ ਮਿਥਿਆ ਜੀਵੋ ਬ੍ਰਹਮੇਵ ਨਾ ਪਰ”, ਸ਼ੰਕਰ ਵੇਦਾਂਤ ਦਾ ਮੂਲ ਮੰਤਰ ਹੈ ਜਿਸ ਅਨੁਸਾਰ ਬ੍ਰਹਮ ਹੀ ਇੱਕ ਮਾਤਰ ਸੱਚ ਹੈ ਅਤੇ ਪਰਮਾਰਥਿਕ ਪੱਖੋਂ ਜਗਤ ਝੂਠ ਹੈ ਅਤੇ ਜੀਵ ਬ੍ਰਹਮ ਹੀ ਹੈ ਅਤੇ ਬ੍ਰਹਮ ਤੋਂ ਜੀਵ ਕੋਈ ਵੱਖਰੀ ਚੀਜ਼ ਨਹੀਂ ਹੈ।


ਲੇਖਕ : ਸ਼ਿਵਾਨੀ ਸ਼ਰਮਾ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਦੂਜੀ, ਹੁਣ ਤੱਕ ਵੇਖਿਆ ਗਿਆ : 744, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-03-30-11-23-56, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.