ਬ੍ਰਹਮ ਗਿਆਨ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਬ੍ਰਹਮ ਗਿਆਨ ( ਰਚਨਾ ) : ਸੇਵਾ ਪੰਥੀ ਸੰਤ ਗੁਪਾਲ ਦਾਸ ਦੀ ਲਿਖੀ ਇਕ ਅਪ੍ਰਕਾਸ਼ਿਤ ਰਚਨਾ ਜਿਸ ਵਿਚ ਕੁਲ 219 ਪਤਰੇ ਹਨ ਅਤੇ ਜਿਸ ਦੀ ਇਕੋ ਇਕ ਪ੍ਰਤਿ ਡਾ. ਤਰਲੋਚਨ ਸਿੰਘ ਬੇਦੀ , 15 ਮਾਡਰਨ ਹਾਊਸਿੰਗ ਕਾਰਪੋਰੇਸ਼ਨ , ਮਨੀ ਮਾਜਰਾ , ਚੰਡੀਗੜ੍ਹ ਪਾਸ ਸੁਰਖਿਅਤ ਹੈ । ਇਸ ਦੀ ਭਾਸ਼ਾ ਸ਼ੈਲੀ ਤੋਂ ਇਹ ਅਠਾਰ੍ਹਵੀਂ ਸਦੀ ਦੀ ਰਚਨਾ ਪ੍ਰਤੀਤ ਹੁੰਦੀ ਹੈ । ਮੁੱਖ ਤੌਰ ’ ਤੇ ਇਸ ਰਚਨਾ ਦੇ ਦੋ ਹਿੱਸੇ ਜਾਂ ਖੰਡ ਹਨ । ਪਹਿਲੇ ਵਿਚ ਬ੍ਰਹਮ ਗਿਆਨ ਦੇ ਸਰੂਪ ਅਤੇ ਸਿੱਧਾਂਤ ਦਾ ਵਿਸ਼ਲੇਸ਼ਣ ਕਰਦਿਆਂ ਇਸ ਦੀ ਪ੍ਰਾਪਤੀ ਦੇ ਸਾਧਨਾਂ ਉਤੇ ਪ੍ਰਕਾਸ਼ ਪਾਇਆ ਗਿਆ ਹੈ । ਦੂਜੇ ਹਿੱਸੇ ਵਿਚ ਬ੍ਰਹਮ ਗਿਆਨ ਪ੍ਰਾਪਤ ਕਰ ਚੁਕੇ ਵਿਅਕਤੀ , ਅਰਥਾਤ ਬ੍ਰਹਮ ਗਿਆਨੀ ਦੀ ਮਨੋਦਸ਼ਾ ਨੂੰ ਚਿਤਰਿਆ ਗਿਆ ਹੈ ।

ਇਸ ਰਚਨਾ ਦੇ ਅਧਿਐਨ ਤੋਂ ਇੰਜ ਪ੍ਰਤੀਤ ਹੁੰਦਾ ਹੈ ਕਿ ਸੰਤ ਗੁਪਾਲ ਦਾਸ ਨੇ ਗੁਰੂ ਅਰਜਨ ਦੇਵ ਜੀ ਦੀ ਰਚੀ ‘ ਸੁਖਮਨੀ ’ ਨਾਂ ਦੀ ਬਾਣੀ ਦੀ ਅੱਠਵੀਂ ਅਸ਼ਟਪਦੀ ਵਿਚ ਵਰਣਿਤ ਬ੍ਰਹਮ ਗਿਆਨੀ ਦੇ ਸਰੂਪ ਦਾ ਵਿਸ਼ਲੇਸ਼ਣ ਕਰਨ ਲਈ ਹੀ ਇਸ ਰਚਨਾ ਦੀ ਸਿਰਜਨਾ ਕੀਤੀ ਸੀ । ਉਸ ਨੇ ਬ੍ਰਹਮਗਿਆਨ ਅਤੇ ਬ੍ਰਹਮਗਿਆਨੀ ਸੰਬੰਧੀ ਧਾਰਣਾਵਾਂ ਨੂੰ ਸੰਪੁਸ਼ਟ ਕਰਨ ਲਈ ਫ਼ਾਰਸੀ ਭਾਸ਼ਾ ਵਿਚ ਲਿਖੀਆਂ ਸੂਫ਼ੀ ਸਾਧਕਾਂ ਦੀਆਂ ਰਚਨਾਵਾਂ ਅਤੇ ਭਾਰਤੀ ਵਿਰਸੇ ਨਾਲ ਸੰਬੰਧਿਤ ‘ ਯੋਗ ਵਾਸ਼ਿਸ਼ਠ’ ਅਤੇ ‘ ਭਗਵਦ ਗੀਤਾ’ ਤੋਂ ਅਨੇਕ ਤੱਥ ਅਤੇ ਟੂਕਾਂ ਦਿੱਤੀਆਂ ਹਨ । ਬ੍ਰਜ ਭਾਸ਼ਾ ਅਤੇ ਲਹਿੰਦੀ ਪੰਜਾਬੀ ਤੋਂ ਪ੍ਰਭਾਵਿਤ ਸਧੁੱਕੜੀ ਵਿਚ ਲਿਖੀ ਇਹ ਰਚਨਾ ਸੇਵਾਪੰਥੀ ਸੰਪ੍ਰਦਾਇ ਦੀ ਅਧਿਆਤਮਿਕ ਪਹੁੰਚ ਵਿਧੀ ਨੂੰ ਰੂਪਮਾਨ ਕਰਦੀ ਹੈ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 901, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਬ੍ਰਹਮ ਗਿਆਨ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਬ੍ਰਹਮ ਗਿਆਨ ( ਖ. ਤ. ਪੁ. ਸ. । ਸੰਸਕ੍ਰਿਤ ਬ੍ਰਹਮ ਗ੍ਯਾਨ ) ਬ੍ਰਹਮ ਦਾ ਜਾਨਣਾ । ਪੂਰਨ ਗ੍ਯਾਨ । ਯਥਾ-‘ ਕਥੇ ਨਾਨਕ ਬ੍ਰਹਮ ਗਿਆਨ’ ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 901, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.