ਬੰਗਾ ਸਰੋਤ :
ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ
ਬੰਗਾ : ਇਹ ਨਵਾਂ ਸ਼ਹਿਰ ਜ਼ਿਲ੍ਹੇ ਦੀ ਇਸੇ ਹੀ ਨਾਂ ਦੀ ਤਹਿਸੀਲ ਦਾ ਇਕ ਉੱਘਾ ਸ਼ਹਿਰ ਹੈ ਜੋ ਨਵਾਂ ਸ਼ਹਿਰ ਤੋਂ 12 ਕਿ. ਮੀ. ਅਤੇ ਜਲੰਧਰ ਤੋਂ 46 ਕਿ. ਮੀ. ਦੀ ਦੂਰੀ ਤੇ ਜਲੰਧਰ-ਦੁਆਬਾ ਲਾਈਨ ਤੇ ਵਸਿਆ ਹੋਇਆ ਹੈ। ਇਸ ਸ਼ਹਿਰ ਦੇ ਮੁੱਢ ਸਬੰਧੀ ਇਤਿਹਾਸਕਾਰ ਲਿਖਦੇ ਹਨ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਾਨਿਆਣੀ ਇਲਾਕੇ ਦੇ ਇਕ ਮਾਨ ਜੱਟ ਗੋਲਾ ਬਨਾਮ ਬੰਗਾ ਨੇ ਇਸ ਸ਼ਹਿਰ ਦੀ ਨੀਂਹ ਰੱਖੀ, ਉਸ ਦੇ ਨਾਉਂ ਉੱਤੇ ਹੀ ਇਸ ਸ਼ਹਿਰ ਦਾ ਨਾਂ ਬੰਗਾ ਪ੍ਰਸਿੱਧ ਹੋਇਆ। ਮੁਗ਼ਲ ਕਾਲ ਸਮੇਂ ਇਥੇ ਫਗਵਾੜੇ ਦੇ ਚੌਧਰੀਆਂ ਦਾ ਰਾਜ ਹੁੰਦਾ ਸੀ। ਸਿੱਖ ਰਾਜ ਦੌਰਾਨ ਵੀ ਇਨ੍ਹਾਂ ਚੌਧਰੀਆਂ ਨੇ ਅੰਮ੍ਰਿਤਸਰ ਦੇ ਧਰਮ ਸਿੰਘ ਦੇ ਹਮਲਿਆਂ ਦਾ ਡਟ ਕੇ ਮੁਕਾਬਲਾ ਕੀਤਾ। ਧਰਮ ਸਿੰਘ ਨੇ ਬੰਗੇ ਦੇ ਉੱਤਰ-ਪੱਛਮ ਦੇ ਸਾਰੇ ਇਲਾਕੇ ਫ਼ਤਹਿ ਕਰ ਲਏ ਸਨ। ਅਖ਼ੀਰ ਇਨ੍ਹਾਂ ਚੌਧਰੀਆਂ ਨੇ ਹਾਰ ਮੰਨੀ ਅਤੇ ਧਰਮ ਸਿੰਘ ਦੀ ਅਧੀਨਗੀ ਸਵੀਕਾਰ ਕੀਤੀ। ਧਰਮ ਸਿੰਘ ਦੇ ਪਰਿਵਾਰ ਨੇ ਕਈ ਵਰ੍ਹੇ ਤੀਕ ਇਥੇ ਰਾਜ ਕੀਤਾ ਅਤੇ 1806 ਈ. ਵਿਚ ਮਹਾਰਾਜਾ ਰਣਜੀਤ ਸਿੰਘ ਨੇ ਇਹ ਇਲਾਕਾ ਵੀ ਫ਼ਤਹਿ ਕਰ ਆਪਣੇ ਰਾਜ ਵਿਚ ਮਿਲਾ ਲਿਆ।
ਇਥੇ ਸਿੱਖਾਂ ਦੇ ਛੇਵੇਂ ਗੁਰੂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨਾਲ ਸਬੰਧਤ ਇਕ ਪ੍ਰਸਿੱਧ ਇਤਿਹਾਸਕ ਗੁਰਦੁਆਰਾ ਹੈ ਜੋ ਗੁਰਦੁਆਰਾ ਚਰਨ ਕੰਵਲ ਦੇ ਨਾਂ ਨਾਲ ਪ੍ਰਸਿੱਧ ਹੈ।
ਇਥੇ ਤਿੰਨ ਪ੍ਰਾਇਮਰੀ ਸਕੂਲ, ਚਾਰ ਹਾਈ ਸਕੂਲ, ਇਕ ਮੁੰਡਿਆਂ ਲਈ ਅਤੇ ਇਕ ਕੁੜੀਆਂ ਲਈ ਡਿਗਰੀ ਕਾਲਜ ਤੋਂ ਇਲਾਵਾ ਸਿਵਲ ਹਸਪਤਾਲ ਪਰਿਵਾਰ ਨਿਯੋਜਨ ਕੇਂਦਰ, ਪਸ਼ੂ-ਹਸਪਤਾਲ, ਟੈਲੀਫ਼ੋਨ ਐਕਸਚੇਂਜ, ਡਾਕ-ਤਾਰ ਦਫ਼ਤਰ, ਪੁਲਿਸ ਸਟੇਸ਼ਨ, ਕਨਾੱਲ ਰੈਸਟ ਹਾਊਸ ਤੇ ਜ਼ਿਲ੍ਹਾ ਪਰੀਸ਼ਦ ਰੈਸਟ ਹਾਊਸ ਆਦਿ ਵੀ ਸਥਿਤ ਹਨ।
ਆਬਾਦੀ – 18,892 (2001)
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 5928, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-02-27-12-45-04, ਹਵਾਲੇ/ਟਿੱਪਣੀਆਂ: ਹ. ਪੁ. –ਡਿ. ਗ. -ਜਲੰਧਰ. ਡਿ. ਸੈਂ ਹੈਂ ਬੁ-ਜਲੰਧਰ
ਵਿਚਾਰ / ਸੁਝਾਅ
Please Login First