ਬੰਦਾ ਬਹਾਦਰ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਬੰਦਾ ਬਹਾਦਰ [ਨਿਪੁ] ਪੰਜਾਬ ਦੇ ਇਤਿਹਾਸ (1670-1716 ਈਸਵੀ) ਦਾ ਇੱਕ ਪ੍ਰਸਿੱਧ ਨਾਇਕ ‘ਮਾਧੋਦਾਸ’ ਜੋ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਰਨ ਵਿੱਚ ਸਿੰਘ ਸੱਜਿਆ। ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ-ਅਸਥਾਨ ਸਰਹਿੰਦ ਦੀ ਫ਼ਤਿਹ ਅਤੇ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਦੀ ਮੁਗ਼ਲਾਂ ਤੋਂ ਅਜ਼ਾਦੀ ਉਸਦੀਆਂ ਮਹਾਨ ਪ੍ਰਾਪਤੀਆਂ ਹਨ। ਬੰਦਾ ਬਹਾਦਰ ਗੁਰਦਾਸਪੁਰ ਦੀ ਗੜ੍ਹੀ ‘ਗੁਰਦਾਸ ਨੰਗਲ’ ਵਿੱਚ ਗਰਿਫ਼ਤਾਰ ਕੀਤਾ ਗਿਆ ਅਤੇ ਦਿੱਲੀ ਵਿੱਚ ਤਸੀਹੇ ਸਹਿਣ ਉਪਰੰਤ ਸ਼ਹੀਦ ਹੋਇਆ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 122, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਬੰਦਾ ਬਹਾਦਰ ਸਰੋਤ :
ਜੰਗਨਾਮਾ ਸਰੂਪ ਸਿੱਧਾਂਤ ਤੇ ਵਿਕਾਸ
ਬੰਦਾ ਬਹਾਦਰ : ਤ੍ਰਿਲੋਕ ਸਿੰਘ ਦਰਵੇਸ਼
ਇਸ ਜੰਗਨਾਮੇ ਬਾਰੇ ਬਾਕਾਇਦਾ ਗੱਲ ਕਰਨ ਤੋਂ ਪਹਿਲਾਂ ਬਾਬਾ ਬੰਦਾ ਬਹਾਦਰ ਬਾਰੇ ਗੱਲ ਕਰਨੀ ਉਚਿਤਿ ਹੋਵੇਗੀ। ਬੰਦਾ ਬਹਾਦਰ ਨੇ ਆਪਣੇ ਨਾਲ ਉਹ ਪੰਝੀ ਸਾਥੀ ਲਏ ਜਿਹੜੇ ਉਸ ਨੂੰ ਗੁਰੂ ਗੋਬਿੰਦ ਸਿੰਘ ਦੁਆਰਾ ਦਿੱਤੇ ਗਏ ਸਨ। ਨੰਦੇੜ ਤੋਂ ਬੰਦਾ ਪੰਜਾਬ ਵੱਲ ਇਨ੍ਹਾਂ ਸਾਥੀਆਂ ਨਾਲ ਤੁਰ ਪਿਆ। ਰੋਹਤਕ ਜ਼ਿਲ੍ਹੇ ਦੇ ਪਿੰਡ ਖਰਪੋਦਾ ਦੇ ਕੋਲ ਉਸ ਨੇ ਪੜਾਉ ਕੀਤਾ ਤੇ ਉਥੋਂ ਹੀ ਗੁਰੂ ਜੀ ਦਾ, ਸਿੱਖਾਂ ਦੇ ਨਾਂ ਘੱਲਿਆ ਹੁਕਮਨਾਮਾ ਜਾਰੀ ਕੀਤਾ। ਇਸ ਹੁਕਮਨਾਮੇ ਵਿਚ ਕਿਹਾ ਗਿਆ ਸੀ ਕਿ ਸਾਰਾ ਸਿੱਖ–ਜਗਤ ਬੰਦੇ ਦੀ ਅਗਵਾਈ ਵਿਚ ਇਕੱਠਾ ਹੋਵੇ। ਸਾਰੇ ਪਾਸਿਆਂ ਤੋਂ ਲੋਕ ਬੰਦੇ ਦੀ ਹਾਜ਼ਰੀ ਵਿਚ ਆਏ ਜਿਨ੍ਹਾਂ ’ਚੋਂ ਕੁਝ ਕੁ ਪ੍ਰਸਿੱਧ ਨਾਂ ਉਹ ਹਨ ਜਿਨ੍ਹਾਂ ਨੇ, ਬੰਦੇ ਦੀ, ਧਨ ਤੇ ਮਾਲ ਨਾਲ ਪੂਰੀ ਸਹਾਇਤਾ ਕੀਤੀ ਜਿਵੇਂ ਕਿ ਭਾਈ ਫ਼ਤਿਹ ਸਿੰਘ, ਕਰਮ ਸਿੰਘ, ਧਰਮ ਸਿੰਘ, ਰੁਪਾ, ਨਾਗੀਆ ਸਿੰਘ, ਚੂੜ੍ਹ ਸਿੰਘ, ਆਲੀ ਸਿੰਘ, ਮਾਲੀ ਸਿੰਘ ਆਦਿ । ਪੰਜਾਬ ਦੇ ਸਮੁੱਚੇ ਕਿਰਸਾਣੀ ਸਿੱਖ ਵਰਗ ਨੇ ਸ਼ਸਤ੍ਰਬੱਧ ਹੋ ਕੇ ਬੰਦੇ ਦਾ ਸਾਥ ਦਿੱਤਾ।
ਬੰਦੇ ਦੀਆ ਮੁਗ਼ਲ ਸਾਮਰਾਜ ਨੂੰ ਪਰੇਸ਼ਾਨ ਕਰਕੇ ਰੱਖ ਦੇਣ ਦੀਆਂ ਅਨੇਕ ਸਾਹਸੀ ਕਾਰਵਾਈਆਂ ’ਚੋਂ ਕੁਝ ਕੁ ਇਹ ਹਨ : ਕੈਥਲ ਦੇ ਲਾਗੇ ਭੂਨਾ ਵਿਚ ਮੁਗ਼ਲਾਂ ਦੇ ਸਰਕਾਰੀ ਖ਼ਜ਼ਾਨੇ ਨੂੰ ਲੁੱਟਿਆ ਗਿਆ। ਸਮਾਣਾ ’ਤੇ ਧਾਵਾ ਬੋਲਿਆ (26 ਨਵੰਬਰ 1709 ਈ. ) ਜਿੱਥੋਂ ਦਾ ਸ਼ਾਸਕ ਜਲਾਲੁੱਦੀਨ ਖ਼ਾਂ ਉਹ ਘ੍ਰਿਣਿਤ ਵਿਅਕਤੀ ਸੀ ਜਿਸ ਨੇ ਔਰੰਗਜ਼ੇਬ ਤੋਂ ਆਗਿਆ ਲੈ ਕੇ ਗੁਰੂ ਤੇਗ਼ ਬਹਾਦਰ ਨੂੰ ਨਿਰਦਇਤਾ ਨਾਲ ਕਤਲ ਕੀਤਾ ਸੀ; ਬੰਦੇ ਨੇ ਏਥੋਂ ਦੇ ਦਸ ਹਜ਼ਾਰ ਮੁਸਲਮਾਨਾਂ ਨੂੰ ਮਾਰ ਕੇ ਸ਼ਹਿਰ ਨੂੰ ਅੱਗ ਲਾ ਦਿੱਤੀ। ਸਮਾਣੇ ਮਗਰੋਂ ਬੰਦੇ ਨੇ ਘੁੜਾਮ, ਥਾਸਕਾ, ਸ਼ਾਹਬਾਦ, ਮੁਸਤਫ਼ਾਬਾਦ, ਕੁੰਜਪੁਰ ਤੇ ਅੰਬਾਲਾ ਆਦਿਕ ਥਾਵਾਂ ਨੂੰ ਜ਼ੇਰ ਕਰਕੇ ਕਪੂਰੀ ਦਾ ਰੁਖ਼ ਕੀਤਾ। ਕਪੂਰੀ ਦਾ ਸ਼ਾਸਕ ਕ਼ਾਦਮੁੱਦੀਨ ਤੇ ਉਸ ਦੇ ਅਨੇਕ ਸਾਥੀ ਮਾਰੇ ਗਏ। ਉਸ ਮਗਰੋਂ ਸਢੌਰੇ ਪੁੱਜ ਕੇ ਉਥੋਂ ਦੇ ਸ਼ਾਸਕ ਉਸਮਾਨ ਖ਼ਾਂ ਨਾਲ ਟਾਕਰਾ ਕੀਤਾ। ਇਹ ਉਸਮਾਨ ਖ਼ਾਂ ਉਹੀ ਸੀ ਜਿਸ ਨੇ ਪੀਰ ਬਦਰੁੱਦੀਨ ਸ਼ਾਹ (ਪੀਰ ਬੁੱਧੂ ਸ਼ਾਹ), ਜੋ ਗੁਰੂ ਗੋਬਿੰਦ ਸਿੰਘ ਜੀ ਭੰਗਾਣੀ ਦੇ ਯੁੱਧ ਵਿਚ ਸਹਾਇਕ ਸ਼ਕਤੀ ਸਿੱਧ ਹੋਇਆ ਸੀ, ਨੂੰ ਤਸੀਹੇ ਦੇ ਦੇ ਕੇ ਸ਼ਹੀਦ ਕਰ ਦਿੱਤਾ ਸੀ। ਸਢੌਰਾ ਨੂੰ ਪੂਰੀ ਤਰ੍ਹਾਂ ਤਹਿਸ਼ ਨਹਿਸ਼ ਕਰ ਦਿੱਤਾ ਗਿਆ। ਫੇਰ ਮੁਖ਼ਲਿਸਪੁਰ ਨੂੰ ਫ਼ਤਿਹ ਕਰਕੇ ਇਸ ਦਾ ਨਾਂ ਲੋਹਗੜ੍ਹ ਰਖਿਆ ।
ਬੰਦਾ ਬਹਾਦਰ ਦਾ ਮੁੱਖ ਨਿਸ਼ਾਨਾ, ਇਸ ਤੋਂ ਮਗਰੋਂ, ਸਰਹਿੰਦ ਸੀ। ਉਸ ਨੇ ਸਰਹਿੰਦ ਦੇ ਗਵਰਨਰ ਵਜ਼ੀਰ ਖ਼ਾਂ ਤੇ ਦੀਵਾਨ ਸੁੱਚਾ ਨੰਦ ਨੂੰ ਉਨ੍ਹਾਂ ਦੁਆਰਾ ਕੀਤੇ ਅੱਤਿਆਚਾਰਾਂ ਲਈ ਸਬਕ ਸਿਖਾਉਣਾ ਸੀ। 12 ਮਈ, ਸੰਨ 1710 ਈ. ਨੂੰ ਉਸ ਨੇ ਮੁਖ਼ਲਿਸਪੁਰ ਤੋਂ ਕੂਚ ਕੀਤਾ ਤੇ ਸਰਹਿੰਦ ਪੁੱਜ ਕੇ ਇਸ ਸ਼ਹਿਰ ਉੱਤੇ ਐਸਾ ਜ਼ਬਰਦਸਤ ਹਮਲਾ ਕੀਤਾ ਕਿ ਵਜ਼ੀਰ ਖ਼ਾਂ ਦੇ, ਜਿਸ ਨੇ ਗੁਰੂ ਗੋਬਿੰਦ ਸਿੰਘ ਦੇ ਛੋਟੇ ਦੋਵਾਂ ਸਾਹਿਬਜ਼ਾਦਿਆਂ ਨੂੰ ਨੀਹਾਂ ਵਿਚ ਚਿਣਵਾ ਦਿੱਤਾ ਸੀ, ਦੇ ਛੱਕੇ ਛੁਡਾ ਦਿੱਤੇ। ਇਹ ਉਹ ਵਜ਼ੀਰ ਖ਼ਾਂ ਸੀ ਜਿਸ ਨੇ ਗੁਰੂ ਗੋਬਿੰਦ ਸਿੰਘ ਨੂੰ ਆਨੰਦਪੁਰ ਵਿਖੇ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ ਸੀ, ਚਮਕੌਰ ਸਾਹਿਬ ਵਿਖੇ ਉਨ੍ਹਾਂ ਉੱਤੇ ਹਮਲਾ ਕੀਤਾ ਸੀ ਤੇ ਜਿਸ ਦੀਆਂ ਫ਼ੌਜਾਂ ਨੇ ਮੁਕਤਸਰ ਤੱਕ ਗੁਰੂ ਜੀ ਦਾ ਪਿੱਛਾ ਕੀਤਾ ਸੀ ਤੇ ਚਾਲ੍ਹੀ ਸਿੰਘਾਂ ਨੂੰ ਮੁਕਤਸਰ ਵਿਚ ਸ਼ਹੀਦ ਕੀਤਾ ਸੀ। ਇਹੀ ਨਹੀਂ, ਇਸ ਖ਼ਾਨ ਨੇ ਨੰਦੇੜ ਵੀ ਦੋ ਪਠਾਣ ਘੱਲ ਸਨ ਜਿੰਨ੍ਹਾਂ ਨੇ ਗੁਰੂ ਜੀ ਉੱਤੇ ਘਾਤਕ ਹਮਲਾ ਕੀਤਾ ਸੀ। ਬੰਦੇ ਅਤੇ ਉਸ ਦੇ ਸਾਥੀ ਸਿੰਘ ਸੈਨਿਕਾਂ ਵਿਚ ਏਸੇ ਕਰਕੇ ਵਜ਼ੀਰ ਖ਼ਾਂ ਤੇ ਸੁੱਚਾ ਨੰਦ ਪ੍ਰਤਿ ਗ਼ੁੱਸੇ ਦੀ ਤੇ ਉਨ੍ਹਾਂ ਤੋਂ ਬਦਲਾ ਲੈਣ ਦੀ ਇਕ ਅਠੱਲ੍ਹ ਤੇ ਅਬੁਝ ਜੁਆਲਾ ਬਲ ਰਹੀ ਸੀ। ਸਰਹਿੰਦ ਉਸ ਵੇਲੇ ਪੰਜਾਬ ਦੀ ਰਾਜਧਾਨੀ ਸੀ, ਜਿੱਥੇ ਖ਼ਜ਼ਾਨਾ ਤੇ ਹੋਰ ਮਾਲ ਆਦਿਕ ਹੋਣ ਕਰਕੇ ਇਕ ਸ਼ਕਤੀਸ਼ਾਲੀ ਮੁਗ਼ਲ ਸੈਨਾ ਦੀ ਛਾਉਣੀ ਵੀ ਸੀ। ਵਜ਼ੀਰ ਖ਼ਾਂ ਨੂੰ ਬੰਦੇ ਦੇ ਆਉਣ ਦੀ ਸੂੰਹ ਮਿਲ ਚੁੱਕੀ ਸੀ ਜਿਸ ਕਰਕੇ ਉਸ ਨੇ ਆਪਣੀ ਸੈਨਾ ਤੇ ਮਲੇਰਕੋਟਲਾ, ਲਾਹੌਰ, ਹਿਸਾਰ, ਆਦਿ ਥਾਵਾਂ ਤੋਂ ਵੀ ਮੰਗਵਾਈਆਂ ਫ਼ੌਜਾਂ ਸਰਹਿੰਦ ਤੋਂ ਦਸ ਮੀਲ ਦੀ ਦੂਰੀ ਉੱਤੇ ਸਥਿਤ ਚਪੜਚਿੜੀ ਦੇ ਮੈਦਾਨ ਵਿਚ ਲਿਆ ਉਤਾਰੀਆਂ। ਇਕ ਘਮਸਾਣ ਦਾ ਯੁੱਧ ਹੋਇਆ। ਵਜ਼ੀਰ ਖ਼ਾਂ ਤੇ ਬਾਜ਼ ਸਿੰਘ ਜਦੋਂ ਇਕ ਦੂਜੇ ਨੂੰ ਤਲਵਾਰ ਦੇ ਜੌਹਰ ਦਿਖਾ ਰਹੇ ਸਨ ਤਾਂ ਬੰਦੇ ਦੀ ਫ਼ੌਜ ਦੇ ਇਕ ਹੋਰ ਸੂਰਬੀਰ ਫ਼ਤਿਹ ਸਿੰਘ ਦੁਆਰਾ ਵਜ਼ੀਰ ਖ਼ਾਂ ਮਾਰਿਆ ਗਿਆ। ਮੁਗ਼ਲ ਸੈਨਾ ਦੀ ਪੁੱਜ ਕੇ ਤਬਾਹੀ ਹੋਈ ਤੇ ਮੈਦਾਨ ਬੰਦੇ ਦੇ ਹੱਥ ਰਿਹਾ ਭਾਵੇਂ ਉਸ ਦੇ ਪੰਜ ਸੌ ਨਾਮਵਰ ਸੈਨਿਕ ਵੀਰ ਗਤੀ ਨੂੰ ਪ੍ਰਾਪਤ ਹੋ ਗਏੇ।
ਤਿੰਨ ਦਿਨ ਤੱਕ ਸਰਹਿੰਦ ਵਿਚ ਮੁਗ਼ਲਾਂ ਦਾ ਕਤਲਾਮ ਚਲਦਾ ਰਿਹਾ ਤੇ ਲੁੱਟਮਾਰ ਹੁੰਦੀ ਰਹੀ। ਵਜ਼ੀਰ ਖ਼ਾਂ ਦੀ ਲਾਸ਼ ਰੁੱਖ ਨਾਲ ਟੰਗ ਦਿੱਤੀ ਗਈ, ਮੌਲਵੀ, ਮੁੱਲਾਂ ਮੁਫ਼ਤੀ, ਕਾਜ਼ੀ ਆਦਿ ਸਭ ਲੇਖੇ ਲੱਗ ਗਏ ਜਿਸ ਉਪਰੰਤ ਬੰਦੇ ਨੇ ਬਾਜ਼ ਸਿੰਘ ਨੂੰ ਸਰਹਿੰਦ ਦਾ ਗਵਰਨਰ ਥਾਪ ਦਿੱਤਾ।
ਇਸ ਤੋਂ ਪਿਛੋਂ ਬੰਦੇ ਦੀਆਂ ਗੰਗਾ ਦੁਆਬ ਦੀਆਂ ਜਿੱਤਾਂ ਦਾ ਸਿਲਸਿਲਾ ਸ਼ੁਰੂ ਹੋਇਆ। ਪਹਿਲਾਂ ਸਹਾਰਨਪੁਰ, ਫੇਰ ਬੇਹਾਤ, ਅੰਬੇਟਾ, ਨਨੌਟਾ, ਆਦਿ ਸਥਾਨਾਂ ਨੂੰ ਜ਼ੇਰ ਕਰਦਾ ਹੋਇਆ ਅਰਥਾਤ ਕਰਨਾਲ ਤੋਂ ਪਾਨੀਪਤ ਦੇ ਸਾਰੇ ਇਲਾਕੇ ਨੂੰ ਲਿਤਾੜਦਾ ਹੋਇਆ ਬੰਦਾ ਦਿੱਲੀ ਦੀਆਂ ਹੱਦਾਂ ਅੰਦਰ ਦਾਖ਼ਲ ਹੋ ਗਿਆ। ਪੂਰੇ ਮੱਧ ਪੰਜਾਬ ਉੱਤੇ ਹੁਣ ਬੰਦੇ ਦਾ ਅਧਿਕਾਰ ਹੋ ਚੁੱਕਾ ਸੀ ਅਰਥਾਤ ਉਸ ਨੇ ਜਲੰਧਰ ਦੁਆਬ, ਅੰਮ੍ਰਿਤਸਰ, ਬਟਾਲਾ, ਕਲਾਨੌਰ, ਪਠਾਣਕੋਟ, ਲਾਹੌਰ, ਭਰਤ, ਕੋਟਲਾ, ਭੀਲੋਵਾਲ, ਆਦਿ ਸਭ ਸਥਾਨ ਆਪਣੇ ਅਧੀਨ ਕਰ ਲਏ ਸਨ। ਮੁਗ਼ਲ ਸਮਰਾਟ ਬਹਾਦਰ ਸ਼ਾਹ ਨੂੰ ਬੰਦੇ ਦੀਆਂ ਗਤੀਵਿਧੀਆਂ ਦਾ ਪਤਾ ਲੱਗਾ ਤਾਂ ਉਹ ਦੱਖਣ ਤੋਂ ਮੁੜ ਆਇਆ ਤੇ ਉਸ ਨੇ ਸਿੱਖ ਸੈਨਾ ਨੂੰ ਜ਼ੇਰ ਕਰਨ ਲਈ ਕਈ ਸਾਧਨ ਅਪਣਾਏ। ਬਹਾਦਰ ਸ਼ਾਹ ਦੀ ਮੌਤ ਮਗਰੋਂ ਸੰਖੇਪ ਵਿਚ ਇਹ ਕੀ ਗੁਰਦਾਸ ਨੰਗਲ ਦੀ ਲੜਾਈ (ਦਸੰਬਰ 1715) ਵਿਚ ਬੰਦਾ ਮੁਗ਼ਲਾਂ ਹੱਥੋਂ ਹਾਰ ਗਿਆ। ਬੰਦੇ ਨੂੰ ਕੈਦੀ ਕਰ ਲਿਆ ਗਿਆ ਤੇ ਮਗਰੋਂ ਉਸ ਨੂੰ ਦਿੱਲੀ ਵਿਚ ਲਿਆ ਕੇ ਕਤਲ ਕਰ ਦਿੱਤਾ ਗਿਆ। ਇਹ ਸੀ ਇਤਿਹਾਸ ਦਾ ਬੰਦਾ ਬਹਾਦਰ। ਹੁਣ ਤ੍ਰਿਲੋਕ ਸਿੰਘ ‘ਦਰਵੇਸ਼’ ਰਚਿਤਿ ਬੰਦਾ ਬਹਾਦਰ ਬਾਰੇ ਗੱਲ ਕਰਦੇ ਹਾਂ :
ਇਹ ਰਚਨਾ ਮਿਤੀਹੀਨ ਹੈ।
ਕਥਾਨਕ : ਇਸ ਜੰਗਨਾਮੇ ਵਿਚ ਮੰਗਲਾਚਰਨ ਜਾਂ ‘ਕਵੀ ਦੀ ਬੇਨਤੀ’ ਦੇ ਤਿੰਨ ਛੰਦ ਹਨ,––ਦੋ ਦੋਹਰੇ ਤੇ ਇਕ ਕਬਿੱਤ । ਦੋਹਰਿਆਂ ਵਿਚ ਦੀਨ, ਦਇਆਲ ਗੁਪਾਲ, ਹਰਿ, ਅਕਾਲਪੁਰਖ ਦਾਤੇ ਪ੍ਰਤਿ ਪ੍ਰਾਰਥਨਾ ਹੈ ਕਿ ਉਹ ਕਵੀ ਨੂੰ ਕਵਿਤਾ ਦੀ ਦਾਤ ਬਖ਼ਸ਼ ਕੇ ਨਿਹਾਲ ਕਰੇ ਤੇ ਫੇਰ ਦਸਾਂ ਸਿੱਖ ਗੁਰੂ ਸਾਹਿਬਾਂ ਪ੍ਰਤਿ ਅਕ਼ੀਦਤ ਦੇ ਫੁੱਲ ਹਨ।
ਘਟਨਾ ਸ਼੍ਰਿੰਖਲਾ ਇਸ ਪ੍ਰਕਾਰ ਹੈ : ਲਛਮਣ ਦੇਵ ਦਾ ਸ਼ਿਕਾਰ ਖੇਡਣ ਜਾਣਾ; ਸਾਧੂ ਬਣਨ ਉਪਰੰਤ ਨਾਮ ਮਾਧੋ ਦਾਸ; ਮਾਧੋ ਦਾਸ ਦਾ ਦੱਖਣ ਨੂੰ ਜਾਣ; ਗੁਰੂ ਗੋਬਿੰਦ ਸਿੰਘ ਨਾਲ ਮੁਲਾਕਾਤ, ਗੁਰੂ ਦਾ ਆਦੇਸ਼; ਬੰਦਾ ਬਹਾਦਰ ਦੀ ਉਪਾਧੀ ਨਾਲ ਨਵਾਜ਼ੇ ਜਾਣਾ ਆਦਿ ।
ਪੰਜਾਬ ਵਿਚ ਪਧਾਰਨ ਵੇਲੇ ਬੰਦੇ ਦੇ ਸਹਿਯੋਗੀ ਮੁਖੀ ਸਿੰਘਾਂ ਦੇ ਨਾਂ ਫ਼ਤਹ ਸਿੰਘ, ਕਰਮ ਸਿੰਘ, ਧਰਮ ਸਿੰਘ, ਆਲੀ ਸਿੰਘ, ਮਾਲੀ ਸਿੰਘ, ਬਿਨੋਦ ਸਿੰਘ, ਬਾਜ਼ ਸਿੰਘ, ਰਾਮ ਸਿੰਘ ਆਦਿ ਮਾਝੇ ਦੇ ਸਨ। ਤ੍ਰਿਲੋਕ ਸਿੰਘ ਫੂਲਕੀਏ ਨੇ ਇਕ ਜਥਾ ਘੱਲਿਆ। ਸਾਰਿਆਂ ਨੇ ਰਲ ਕੇ ਚਪੜ ਚਿੜੀ ਦੇ ਮੈਦਾਨ ਵਿਚ ਵਜ਼ੀਰ ਖ਼ਾਂ ਦੀਆਂ ਫ਼ੌਜਾਂ ਨਾਲ ਘਮਸਾਣ ਦਾ ਯੁੱਧ ਕੀਤਾ। ਖ਼ਾਲਸਾ ਫ਼ੌਜਾਂ ਜਿੱਤ ਗਈਆ ਤੇ ਸਰਹਿੰਦ ਉੱਤੇ ਹਮਲਾ ਕਰ ਦਿੱਤਾ ਤੇ ਸਰਹਿੰਦ ਫ਼ਤਹ ਕਰ ਲਿਆ। ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਸਥਾਨ ਉੱਤੇ ਮੱਥਾ ਟੇਕ ਕੇ ਬੰਦੇ ਨੂੰ ਬਾਜ਼ ਸਿੰਘ ਨੇ ਸਰਹੰਦ ਦੀ ਸੂਬੇਦਾਰੀ ਦਿੱਤੀ ਤੇ ਸੱਚਾ ਨੰਦ ਦਾ ਮੂੰਹ ਕਾਲਾ ਕਰਕੇ ਤੇ ਗਲ ਵਿਚ ਜੁੱਤੀਆਂ ਦਾ ਹਾਰ ਪਾ ਕੇ ਸਰਹੰਦ ਦੇ ਬਾਜ਼ਾਰਾਂ ਵਿਚ ਫੇਰਿਆ ਤੇ ਜੀਉਂਦੇ ਨੂੰ ਅੱਗ ਵਿਚ ਸੁੱਟ ਕੇ ਸਾੜ ਦਿੱਤਾ। ਫੇਰ ਸਢੌਰੇ ਨੂੰ ਲੜ ਕੇ ਜਿੱਤਿਆ ਤੇ ਲੋਹਗੜ੍ਹ ਦੀ ਰਾਜਧਾਨੀ ਕ਼ਾਇਮ ਕੀਤੀ ।
ਬਹਾਦਰ ਸ਼ਾਹ ਦੀਆਂ ਫ਼ੌਜਾਂ ਨਾਲ ਅਮੀਨਗੜ੍ਹ, ਥਾਨੇਸਰ, ਸਰਹਿੰਦ ਆਦਿ ਥਾਵਾਂ ਉੱਤੇ ਬੰਦੇ ਦੇ ਸਿੰਘਾਂ ਦੀਆਂ ਝੜਪਾਂ ਹੋਈਆਂ। ਬੰਦਾ, ਉਸ ਦਾ ਪੁੱਤਰ ਅਜੈ ਸਿੰਘ ਅਤੇ ਛੇ ਸੌ ਸਿੰਘ ਹੋਰ ਘੇਰਾ ਪਾ ਕੇ ਕੈਦ ਕਰ ਲਏ ਗਏ ਤੇ ਦਿੱਲੀ ਲਿਆਂਦੇ ਗਏ। ਗੁਰਦਾਸ ਨੰਗਲ ਦੀ ਗੜ੍ਹੀ ਉੱਤੇ ਮੁਗ਼ਲ ਕਾਬਜ਼ ਹੋ ਗਏ। ਦਿੱਲੀ ਲਿਆ ਕੇ ਬੰਦਾ ਤੇ ਉਸ ਦੇ ਸਾਥੀ ਬਹੁਤ ਤਸੀਹਿਆਂ ਨਾਲ ਸ਼ਹੀਦ ਕਰ ਦਿੱਤੇ ਗਏ। ਫ਼ਰਖ਼ਸੀਅਰ ਦੇ ਹੁਕਮ ਨਾਲ ਇਹ ਸਭ ਕੁਝ ਹੋਇਆ ।
ਅਸਤ੍ਰਾਂ, ਸ਼ਸਤ੍ਰਾਂ, ਵਿਚੋਂ ਖੰਡਾ, ਬਰਛਾ, ਕੁਹਾੜੀ, ਤਲਵਾਰ, ਤੀਰ, ਕਮਾਣ, ਤੋਪਖ਼ਾਨਾ ਆਦਿ ਆਏ ਹਨ। ਸਾਰਾ ਜੰਗਨਾਮਾ ਇਤਿਹਾਸਕ ਵੇਰਵਿਆਂ ਦਾ ਬਹੁਮੁੱਲਾ ਸੰਗ੍ਰਹਿ ਕਿਹਾ ਜਾ ਸਕਦਾ ਹੈ ।
ਯੁੱਧ ਬ੍ਰਿਤਾਂਤ ਦੀਆਂ ਮਿਸਾਲਾਂ :
ਦੋਹਰਾ : ਉੱਚੇ ਟਿੱਬੇ ਬੈਠ ਕੇ, ਬੰਦਾ ਸਿੰਘ ਜਵਾਨ ।
ਦੇਖ ਰਿਹਾ ਸੀ ਜੰਗ ਨੂੰ, ਸੁਣੀਏ ਸੁਘੜ ਸੁਜਾਨ ।
ਸਮਾਂ ਸੁਨਹਿਰੀ ਜਾਣ ਕੇ, ਚੁੱਕੇ ਤੀਰ ਕਮਾਨ ।
ਖੰਡੇ ਤਾਈਂ ਸੰਭਾਲਦਾ, ਜਾਵੋ ਵੱਲ ਮੈਦਾਨ ।
ਕੋਰੜਾ : ਦੇਖ ਅੰਧਾ ਧੁੰਦ ਹੁੰਦੀ ਹੈ ਲੜਾਈ ਨੂੰ ।
ਮੁਗ਼ਲਾਂ ਦੀ ਜਾਨ ਲਬਾਂ ਉੱਤੇ ਆਈ ਨੂੰ ।
ਗੁਰੂ ਜੀ ਦਾ ਤੀਰ ਚਿੱਲੇ ’ਤੇ ਚੜ੍ਹਾਇਆ ਹੈ ।
ਕਰਨ ਸਫ਼ਾਈ ਬੰਦਾ ਸਿੰਘ ਆਇਆ ਹੈ।
ਛੰਦ : ਦੋਹਰਾ, ਕਬਿੱਤ, ਕੋਰੜਾ ਤੇ ਬੈਂਤ ਆਦਿ ਵਰਤੇ ਗਏ ਹਨ ।
ਲੇਖਕ : ਗੁਰਦੇਵ ਸਿੰਘ,
ਸਰੋਤ : ਜੰਗਨਾਮਾ ਸਰੂਪ ਸਿੱਧਾਂਤ ਤੇ ਵਿਕਾਸ, ਹੁਣ ਤੱਕ ਵੇਖਿਆ ਗਿਆ : 35, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-02-02-47-07, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First