ਭਰਤ ਮੁਨੀ ਸਰੋਤ :
ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਭਰਤ ਮੁਨੀ: ਸੰਸਕ੍ਰਿਤ ਸਾਹਿਤ ਵਿੱਚ ਨਾਟਯ ਸ਼ਾਸਤਰ ਵਰਗੀ ਰਚਨਾ ਕਰਨ ਵਾਲੇ ਭਰਤ ਮੁਨੀ ਦਾ ਸਥਾਨ ਬਹੁਤ ਹੀ ਮਹੱਤਵਪੂਰਨ ਹੈ। ਉਸ ਨੂੰ ਪੌਰਾਣਿਕ ਪੁਰਖ ਵੀ ਕਿਹਾ ਜਾਂਦਾ ਹੈ ਕਿਉਂਕਿ ਉਸ ਨੇ ਪੌਰਾਣਿਕ ਸ਼ੈਲੀ ਵਿੱਚ ਨਾਟਯ ਸ਼ਾਸਤਰ ਦੀ ਰਚਨਾ ਕੀਤੀ ਹੈ। ਨਾਟਯ ਸ਼ਾਸਤਰ ਦਾ ਮਹੱਤਵ ਦੱਸਦੇ ਹੋਏ ਭਰਤ ਮੁਨੀ ਕਹਿੰਦਾ ਹੈ ਕਿ ਵਿਸ਼ਵ ਦਾ ਅਜਿਹਾ ਕੋਈ ਗਿਆਨ, ਵਿੱਦਿਆ, ਕਲਾ, ਯੋਗ ਅਤੇ ਕਰਮ ਨਹੀਂ ਹੈ ਜੋ ਇਸ ਵਿਚ ਨਾ ਆਉਂਦਾ ਹੋਵੇ।
ਇਸ ਗ੍ਰੰਥ ਦੇ ਰਚਨਾ ਕਾਲ ਬਾਰੇ ਕਾਫੀ ਮੱਤ-ਭੇਦ ਹੈ। ਮੈਕਡਾਨਲ ਇਸ ਨੂੰ ਛੇਵੀਂ ਸਦੀ ਦੀ ਰਚਨਾ ਮੰਨਦਾ ਹੈ। ਐਮ.ਐਸ. ਹਰ ਪ੍ਰਸਾਦ ਸ਼ਾਸਤਰੀ ਅਨੁਸਾਰ ਇਹ ਈਸਾ ਤੋਂ ਪੂਰਵ ਦੂਜੀ ਸਦੀ ਦੀ ਰਚਨਾ ਹੈ। ਪਰੰਤੂ ਪੀ.ਵੀ. ਕਾਣੇ ਨੇ ਬੜੇ ਵਜ਼ਨਦਾਰ ਸਬੂਤਾਂ ਨਾਲ ਨਾਟਯ ਸ਼ਾਸਤਰ ਦਾ ਰਚਨਾ ਕਾਲ ਪਹਿਲੀ ਸਦੀ ਈਸਵੀ ਦੇ ਨੇੜੇ ਮੰਨਿਆ ਹੈ। ਹੁਣ ਲਗਪਗ ਸਾਰੇ ਵਿਦਵਾਨ ਕਾਣੇ ਦੇ ਮੱਤ ਨਾਲ ਸਹਿਮਤ ਹਨ।
ਨਾਟਯ ਸ਼ਾਸਤਰ ਪਹਿਲੀ ਆਲੋਚਨਾ ਪੁਸਤਕ ਹੈ ਜਿਸ ਵਿੱਚ ਭਾਰਤੀ ਆਲੋਚਨਾ ਦੇ ਪ੍ਰਸਿੱਧ ਸਿਧਾਂਤ ਕਾਵਿ- ਰਸ ਬਾਰੇ ਪਹਿਲੀ ਵਾਰ ਵਿਗਿਆਨਿਕ ਢੰਗ ਨਾਲ ਵਰਣਨ ਹੋਇਆ ਮਿਲਦਾ ਹੈ ਅਤੇ ਇਸ ਤੋਂ ਇਲਾਵਾ ਬਾਕੀ ਸਾਹਿਤ ਸਿਧਾਂਤਾਂ ਬਾਰੇ ਪ੍ਰਮਾਣਿਕ ਸੂਚਨਾ ਪ੍ਰਾਪਤ ਹੁੰਦੀ ਹੈ।
ਨਾਟਯ ਸ਼ਾਸਤਰ ਦੇ ਪਹਿਲੇ ਅਧਿਆਇ ਵਿੱਚ ਨਾਟਕ ਦੀ ਉਤਪਤੀ ਦੇ ਵਰਣਨ ਦੇ ਨਾਲ ਨਾਟਕ ਦੇ ਸਰੂਪ ਅਤੇ ਮਹੱਤਵ ਤੇ ਵਿਚਾਰ ਕੀਤਾ ਗਿਆ ਹੈ। ਇਸ ਵਿੱਚ ਦੱਸਿਆ ਗਿਆ ਹੈ ਕਿ ਇਸ ਦਾ ਪਾਠਾਂਸ਼ ਸੰਗੀਤ ਰਿਗਵੇਦ ਤੋਂ, ਅਭਿਨਯ ਯਜੁਰਵੇਦ ਤੋਂ ਅਤੇ ਰਸ ਅਥਰਵੇਦ ਤੋਂ ਲਿਆ ਗਿਆ ਹੈ।
ਦੂਜੇ ਅਧਿਆਇ ਵਿੱਚ ਨਾਟਕ ਮੰਡਪ ਦੇ ਬਣਾਉਣ ਦੇ ਢੰਗ ਬਾਰੇ ਦੱਸਿਆ ਗਿਆ ਹੈ। ਇਸ ਵਿੱਚ ਨਾਟਕ ਮੰਡਪ ਦੇ ਸ਼ਿਲਪ, ਆਕਾਰ ਅਤੇ ਸਾਧਨ ਦਾ ਵਿਸਤਾਰ ਦੱਸਿਆ ਗਿਆ ਹੈ। ਤੀਜੇ ਅਧਿਆਇ ਵਿੱਚ ਨਾਟਕ ਮੰਡਲ ਦੀ ਸੁਰੱਖਿਆ ਲਈ ਕਈ ਦੇਵਤਿਆਂ ਦੀ ਪੂਜਾ ਅਤੇ ਵਰ ਪ੍ਰਾਪਤੀ ਦਾ ਵਿਵੇਚਨ ਕੀਤਾ ਗਿਆ ਹੈ। ਚੌਥੇ ਅਧਿਆਇ ਵਿੱਚ ਤਾਂਡਵ ਨਾਚ ਦੀ ਉਤਪਤੀ ਅਤੇ ਉਸ ਦੇ ਸ਼ਿਲਪ ਦਾ ਵਰਣਨ ਹੈ। ਪੰਜਵੇਂ ਅਧਿਆਇ ਵਿੱਚ ਨਾਟਕ ਦੇ ਸ਼ੁਰੂ ਵਿਚ ਪੇਸ਼ ਕਰਨ ਵਾਲੇ ਪੂਰਵਰੰਗ, ਨਾਂਦੀ ਅਤੇ ਪ੍ਰਸਤਾਵਨਾ ਬਾਰੇ ਦੱਸਿਆ ਗਿਆ ਹੈ। ਛੇਵਾਂ ਅਧਿਆਇ ਰਸ ਅਧਿਆਇ ਹੈ। ਇਸ ਵਿੱਚ ਰਸ- ਨਿਸ਼ਪਤੀ, ਰਸਾਂ ਦਾ ਭਾਵਾਂ ਨਾਲ ਸੰਬੰਧ, ਰਸਾਂ ਦੇ ਦੇਵਤਾ ਅਤੇ ਸਥਾਈ ਭਾਵਾਂ ਬਾਰੇ ਵਿਸਤਾਰਪੂਰਵਕ ਜਾਣਕਾਰੀ ਦਿੱਤੀ ਹੋਈ ਹੈ। ਸੱਤਵੇਂ ਅਧਿਆਇ ਵਿੱਚ ਭਾਵ, ਸੰਚਾਰੀ ਭਾਵ, ਸਾਤਵਿਕ ਭਾਵਾਂ ਬਾਰੇ ਦੱਸਿਆ ਗਿਆ ਹੈ। ਅੱਠਵੇਂ ਅਧਿਆਇ ਵਿੱਚ ਅਭਿਨਯ ਅਤੇ ਇਸ ਦੇ ਭੇਦਾਂ ਬਾਰੇ ਦੱਸਿਆ ਗਿਆ ਹੈ। ਨੌਂਵੇਂ ਅਧਿਆਇ ਵਿੱਚ ਨਾਚ ਦੀਆਂ ਮੁਦਰਾਵਾਂ ਵਿੱਚ ਹੱਥ, ਪੈਰ ਆਦਿ ਦੀਆਂ ਅਲੱਗ- ਅਲੱਗ ਮੁਦਰਾਵਾਂ ਬਾਰੇ ਵਿਸਤਾਰਪੂਰਵਕ ਜਾਣਕਾਰੀ ਹੈ। ਦਸਵੇਂ ਅਧਿਆਇ ਵਿੱਚ ਕਮਰ ਅਤੇ ਸਰੀਰ ਦੇ ਹੋਰ ਅੰਗਾਂ ਦੀਆਂ ਮੁਦਰਾਵਾਂ ਬਾਰੇ ਵਿਵੇਚਨ ਹੈ। ਗਿਆਰ੍ਹਵੇਂ ਅਧਿਆਇ ਵਿੱਚ ਚਾਰੀ ਨਿਰੁਪਣ ਵਿੱਚ ਅਕਾਸ਼ਚਾਰੀ ਆਦਿ ਦਾ ਵਰਣਨ ਕੀਤਾ ਗਿਆ ਹੈ। ਬਾਰਵੇਂ ਅਧਿਆਇ ਵਿੱਚ ਚਾਰਿਆ ਦੇ ਸੰਯੋਗ ਨਾਲ ਬਣਨ ਵਾਲੇ ਮੰਡਲਾਂ ਦੇ ਲੱਛਣ ਭੇਦ ਆਦਿ ਦਾ ਵਿਵੇਚਨ ਕੀਤਾ ਗਿਆ ਹੈ।
ਤੇਰ੍ਹਵੇਂ ਅਧਿਆਇ ਵਿੱਚ ਗਤੀ ਪ੍ਰਚਾਰ ਦਾ ਵਰਣਨ ਹੈ। ਇਸ ਵਿੱਚ ਰਸ ਦੇ ਅਨੁਸਾਰ ਪਾਤਰਾਂ ਦੀਆਂ ਗਤੀਆਂ ਬਾਰੇ ਦੱਸਿਆ ਗਿਆ ਹੈ। ਇਸ ਵਿੱਚ ਦੇਵਤਾ, ਰਾਜਾ, ਮੱਧਮ ਵਰਗ ਦੇ ਪਾਤਰ ਅਤੇ ਨਿਮਨ ਵਰਗ ਦੇ ਲੋਕਾਂ ਦੀ ਗਤੀ ਵਿੱਚ ਲੱਗਣ ਵਾਲੇ ਸਮੇਂ ਦਾ ਵਰਣਨ ਕੀਤਾ ਗਿਆ ਹੈ। ਚੌਦ੍ਹਵੇਂ ਅਧਿਆਇ ਵਿੱਚ ਲੋਕ ਧਰਮੀ ਅਤੇ ਨਾਟਕ ਧਰਮੀ ਦੋ ਨਾਟਕ ਪ੍ਰਕਾਰਾਂ ਬਾਰੇ ਦੱਸਿਆ ਗਿਆ ਹੈ। ਇਸ ਵਿੱਚ ਨਾਟਕ ਦੀ ਅੰਕ ਯੋਜਨਾ, ਦੇਸ ਪਹਿਰਾਵਾ ਆਦਿ ਤੇ ਨਿਰਭਰ ਚਾਰ ਤਰ੍ਹਾਂ ਦੀਆਂ ਪ੍ਰਵ੍ਰਿਤੀਆਂ ਦਾ ਵਿਵੇਚਨ ਕੀਤਾ ਹੋਇਆ ਹੈ। ਪੰਦ੍ਹਰਵੇਂ ਅਤੇ ਸੋਲ੍ਹਵੇਂ ਅਧਿਆਇ ਵਿੱਚ ਅਭਿਨਯ ਸ਼ੁਰੂ ਹੁੰਦਾ ਹੈ। ਇਸ ਵਿੱਚ ਨਾਟਕ ਦੀਆਂ ਸੰਧੀਆਂ ਅਤੇ ਸੰਵਾਦ ਦੱਸੇ ਗਏ ਹਨ। ਇਸ ਤੋਂ ਇਲਾਵਾ ਇਸ ਵਿੱਚ ਛੰਦਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਸਤਾਰ੍ਹਵੇਂ ਅਧਿਆਇ ਵਿੱਚ ਕਾਵਿ ਦੇ ਲੱਛਣਾਂ, ਅਲੰਕਾਰਾਂ ਅਤੇ ਗੁਣਾਂ ਬਾਰੇ ਵਿਵੇਚਨ ਪ੍ਰਾਪਤ ਹੁੰਦਾ ਹੈ। ਅਠਾਰ੍ਹਵੇਂ ਅਧਿਆਇ ਵਿੱਚ ਭਾਸ਼ਾਵਾਂ ਦਾ ਵਿਵੇਚਨ ਹੈ ਅਤੇ ਇਸ ਵਿੱਚ ਭਾਸ਼ਾ ਦੇ ਨਿਯਮ ਦੱਸੇ ਗਏ ਹਨ। ਉਨ੍ਹੀਵੇਂ ਅਧਿਆਇ ਵਿੱਚ ਉੱਚ, ਮੱਧਮ ਅਤੇ ਨਿਮਨ ਵਰਗ ਦੇ ਪਾਤਰਾਂ ਨੂੰ ਸੰਬੋਧਨ ਕਰਨ ਲਈ ਕਈ ਤਰ੍ਹਾਂ ਦੀਆਂ ਪ੍ਰਣਾਲੀਆਂ ਦਾ ਵਰਣਨ ਕੀਤਾ ਗਿਆ ਹੈ। ਵੀਹਵੇਂ ਅਧਿਆਇ ਵਿੱਚ ਦਸ ਰੂਪਕਾਂ ਦਾ ਨਿਰੂਪਣ ਕੀਤਾ ਗਿਆ ਹੈ। ਇੱਕੀਵੇਂ ਅਧਿਆਇ ਵਿੱਚ ਨਾਟਕ ਦੇ ਕਥਾਨਕ, ਸ਼ਿਲਪ ਅਤੇ ਕਲਾ ਆਦਿ ਬਾਰੇ ਦੱਸਿਆ ਗਿਆ ਹੈ। ਬਾਈਵੇਂ ਅਧਿਆਇ ਵਿੱਚ ਨਾਟਕ ਵਿੱਚ ਉਪਯੋਗੀ ਵ੍ਰਿਤੀਆਂ ਅਤੇ ਇਹਨਾਂ ਦੇ ਭੇਦ ਹਨ। ਤੇਈਵੇਂ ਅਧਿਆਇ ਵਿੱਚ ਨਾਟਕ ਦੀ ਵੇਸ਼ਭੂਸ਼ਾ ਦਾ ਵਿਵੇਚਨ ਕੀਤਾ ਗਿਆ ਹੈ। ਚੌਵੀਵੇਂ ਅਧਿਆਇ ਵਿੱਚ ਆਮ ਅਭਿਨਯ ਦਾ ਵਰਣਨ ਹੈ। ਇਸ ਵਿੱਚ ਪਾਤਰਾਂ ਦੇ ਉੱਤਮ, ਮੱਧਮ ਅਤੇ ਨੀਚ ਸੁਭਾਉ ਦਾ ਨਿਰੂਪਣ ਕੀਤਾ ਗਿਆ ਹੈ। ਇਸ ਵਿੱਚ ਇਸਤਰੀਆਂ ਦੇ ਗਹਿਣਿਆਂ ਅਤੇ ਨਾਇਕਾਂ ਦੇ ਪ੍ਰਕਾਰਾਂ ਬਾਰੇ ਵਿਸਤਾਰ- ਪੂਰਵਕ ਦੱਸਿਆ ਗਿਆ ਹੈ। ਪੱਚੀਵੇਂ ਅਧਿਆਇ ਵਿੱਚ ਪੁਰਖਾਂ ਦੇ ਗੁਣਾਂ, ਉਹਨਾਂ ਦੇ ਮਿੱਤਰਾਂ ਆਦਿ ਅਤੇ ਇਸਤਰੀਆਂ ਦੇ ਯੋਵਨ ਦੀਆਂ ਚਾਰ ਅਵਸਥਾਵਾਂ ਦਾ ਵਿਵੇਚਨ ਪ੍ਰਾਪਤ ਹੁੰਦਾ ਹੈ। ਛੱਬੀਵੇਂ ਅਧਿਆਇ ਵਿੱਚ ਚਿੱਤਰ ਅਭਿਨਯ ਹੈ। ਸਤਾਈਵੇਂ ਅਧਿਆਇ ਵਿੱਚ ਦੇਵੀ ਅਤੇ ਮਨੁੱਖੀ ਸਿੱਧੀਆਂ ਦਾ ਵਰਣਨ ਕੀਤਾ ਗਿਆ ਹੈ। ਅਠਾਈਵੇਂ ਅਧਿਆਇ ਤੋਂ ਚੌਂਤੀਵੇਂ ਅਧਿਆਇ ਤੱਕ ਸੰਗੀਤ ਸ਼ਾਸਤਰ ਨਾਲ ਸੰਬੰਧਿਤ ਵਿਸ਼ਿਆਂ ਬਾਰੇ ਜਾਣਕਾਰੀ ਹੈ। ਪੈਂਤੀਵੇਂ ਅਧਿਆਇ ਵਿੱਚ ਪੁਰਖ ਅਤੇ ਇਸਤਰੀਆਂ ਦੇ ਸੁਭਾਉ ਅਤੇ ਚਾਰ ਤਰ੍ਹਾਂ ਦੀ ਨਾਇਕਾ ਦਾ ਵਿਵੇਚਨ ਹੈ। ਛੱਤੀਵੇਂ ਅਤੇ ਸੈਂਤੀਵੇਂ ਅਧਿਆਇ ਵਿੱਚ ਨਾਟਕ ਅਵਤਰਨ ਦੀ ਕਥਾ ਦਾ ਵਰਣਨ ਹੈ। ਇਸ ਤਰ੍ਹਾਂ ਭਰਤ ਮੁਨੀ ਰਚਿਤ ਨਾਟਯ ਸ਼ਾਸਤਰ ਦਾ ਮੁੱਖ ਵਿਸ਼ਾ ਭਾਵੇਂ ਨਾਟਕੀ ਆਲੋਚਨਾ ਹੈ ਪਰ ਇਸ ਵਿੱਚ ਕਾਵਿ ਆਲੋਚਨਾ ਦੇ ਅੰਗਾਂ ਬਾਰੇ ਵੀ ਭਰਪੂਰ ਜਾਣਕਾਰੀ ਮਿਲਦੀ ਹੈ।
ਨਾਟਯ ਸ਼ਾਸਤਰ ਵਿੱਚ ਪ੍ਰਾਚੀਨ ਕਾਲ ਵਿੱਚ ਪ੍ਰਚਲਿਤ ਕਈ ਤਰ੍ਹਾਂ ਦੀਆਂ ਸ਼ੈਲੀਆਂ ਦਾ ਮਿਸ਼ਰਨ ਹੈ। ਸਾਰਾ ਨਾਟਯ ਸ਼ਾਸਤਰ ਗੱਦ ਅਤੇ ਪਦ ਦੋ ਤਰ੍ਹਾਂ ਦੀਆਂ ਸ਼ੈਲੀਆਂ ਵਿੱਚ ਹੈ। ਨਾਟਯ ਸ਼ਾਸਤਰ ਦਾ ਭਾਰਤੀ ਸਾਹਿਤ ਸ਼ਾਸਤਰ ਦੇ ਅਧਿਐਨ ਵਿੱਚ ਮਹੱਤਵਪੂਰਨ ਯੋਗਦਾਨ ਹੈ। ਇਸ ਵਿੱਚ ਪਹਿਲੀਵਾਰ ਛੰਦਾਂ, ਅਲੰਕਾਰਾਂ, ਗੁਣਾਂ, ਵ੍ਰਿਤੀਆਂ ਅਤੇ ਰਸਾਂ ਆਦਿ ਦਾ ਵਿਵੇਚਨ ਮਿਲਦਾ ਹੈ। ਨਾਟਯ ਸ਼ਾਸਤਰ ਵਿਚ ਨਾਟਕ ਦੀ ਰਚਨਾ ਅਤੇ ਨਾਟਕ ਦੇ ਪ੍ਰਦਰਸ਼ਨ ਦੇ ਦੋਹਰੇ ਮਹੱਤਵ ਨੂੰ ਖ਼ਿਆਲ ਵਿੱਚ ਰੱਖ ਕੇ ਮਨੁੱਖ ਦੀਆਂ ਮਾਨਸਿਕ ਦਸ਼ਾਵਾਂ ਦਾ ਵਰਣਨ ਕੀਤਾ ਗਿਆ ਹੈ। ਇਸ ਵਿੱਚ ਦਿੱਤਾ ਗਿਆ ਨਾਇਕ ਅਤੇ ਨਾਇਕਾ ਦਾ ਵਿਵਰਨ ਅਤੇ ਵਰਗੀਕਰਨ ਉਹਨਾਂ ਦੇ ਮਨੋਵਿਗਿਆਨਿਕ ਸੁਭਾਅ ਦੇ ਅਨੁਸਾਰ ਹੈ। ਇਹ ਨਾਟਕ ਦੀ ਕਲਾ ਦਾ ਇੱਕ ਰਚਨਾਤਮਿਕ ਅਤੇ ਸ਼ਕਤੀਸ਼ਾਲੀ ਪੱਖ ਹੈ। ਨਾਟਯ ਸ਼ਾਸਤਰ ਤੋਂ ਨਾਟਕ, ਨਾਚ ਅਤੇ ਸੰਗੀਤ ਵਰਗੀਆਂ ਕਲਾਵਾਂ ਦਾ ਹੀ ਗਿਆਨ ਪ੍ਰਾਪਤ ਨਹੀਂ ਹੁੰਦਾ ਸਗੋਂ ਇਸ ਵਿੱਚ ਚਿੱਤਰਕਲਾ ਦਾ ਵੀ ਮਹੱਤਵਪੂਰਨ ਗਿਆਨ ਮਿਲਦਾ ਹੈ। ਇਸ ਤਰ੍ਹਾਂ ਚਿੱਤਰਕਲਾ ਦੇ ਸਿਧਾਂਤ ਅਤੇ ਮੂਰਤੀ ਨਿਰਮਾਣ ਜਾਂ ਸ਼ਿਲਪ ਸ਼ਾਸਤਰ ਦੇ ਵਿਗਿਆਨ ਵੀ ਨਾਟਯ ਸ਼ਾਸਤਰ ਨਾਲ ਗਹਿਰਾ ਸੰਬੰਧ ਰੱਖਦੇ ਹਨ। ਨਾਟਯ ਸ਼ਾਸਤਰ ਤੋਂ ਕਈ ਤਰ੍ਹਾਂ ਦੀਆਂ ਲੋਕਪ੍ਰਥਾਵਾਂ ਦਾ ਗਿਆਨ ਪ੍ਰਾਪਤ ਹੁੰਦਾ ਹੈ।
ਨਾਟਯ ਸ਼ਾਸਤਰ ਵਿੱਚ ਸਭ ਤੋਂ ਵੱਧ ਜ਼ੋਰ ਰਸਾਂ ਦੇ ਵਰਣਨ ਉੱਤੇ ਹੈ ਅਤੇ ਇਸ ਦੀ ਸਭ ਤੋਂ ਵੱਡੀ ਦੇਣ ਰਸਾਂ ਦਾ ਵਿਸ਼ਲੇਸ਼ਣ ਹੀ ਹੈ। ਇਸ ਪੱਖ ਤੋਂ ਭਰਤ ਮੁਨੀ ਭਾਰਤੀ ਆਲੋਚਨਾ ਵਿਚ ਰਸ ਸਿਧਾਂਤ ਦੇ ਆਦਿ ਪ੍ਰਵਰਤਕ ਹਨ। ਭਰਤ ਮੁਨੀ ਦੇ ਇਸ ਗ੍ਰੰਥ ਨੂੰ ਹੀ ਆਲੋਚਨਾ ਦਾ ਮੁਢਲਾ ਤੇ ਬੁਨਿਆਦੀ ਗ੍ਰੰਥ ਸਵੀਕਾਰ ਕੀਤਾ ਗਿਆ ਹੈ। ਇਸ ਤਰ੍ਹਾਂ ਭਰਤ ਮੁਨੀ ਦਾ ਨਾਟਯ ਸ਼ਾਸਤਰ ਭਾਰਤੀ ਸਾਹਿੱਤਕ ਆਲੋਚਨਾ ਦਾ ਪਹਿਲਾ ਸਿਧਾਂਤਿਕ ਸੁਲਭ ਗ੍ਰੰਥ ਹੈ।
ਲੇਖਕ : ਰੰਜਨਾ ਮਹਿਤਾ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 4945, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First