ਭਾਈ ਰੂਪਾ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਭਾਈ ਰੂਪਾ (ਪਿੰਡ): ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦਾ ਇਕ ਪਿੰਡ ਜੋ ਰਾਮਪੁਰਾ ਫੂਲ ਮੰਡੀ ਤੋਂ ਉੱਤਰ ਵਾਲੇ ਪਾਸੇ 16 ਕਿ.ਮੀ. ਦੀ ਵਿਥ ਉਤੇ ਬਰਨਾਲਾ-ਭਗਤਾ ਸੜਕ’ਤੇ ਸਥਿਤ ਹੈ। ਇਹ ਪਿੰਡ ਗੁਰੂ ਹਰਿਗੋਬਿੰਦ ਸਾਹਿਬ ਦੇ ਆਸ਼ੀਰਵਾਦ ਨਾਲ ਭਾਈ ਰੂਪੇ ਨੇ ਸੰਨ 1631 ਈ. ਵਿਚ ਵਸਾਇਆ ਸੀ। ਗੁਰੂ ਜੀ ਭਾਈ ਸਾਧੂ ਅਤੇ ਉਸ ਦੇ ਪੁੱਤਰ ਭਾਈ ਰੂਪ ਚੰਦ ਨੂੰ ਗੁਮਟੀ ਪਿੰਡ ਦੇ ਨੇੜੇ ਇਕ ਜੰਡ ਦੇ ਬ੍ਰਿਛ ਹੇਠਾਂ ਮਿਲੇ ਸਨ। ਗੁਰੂ ਜੀ ਦੀ ਆਮਦ ਦੇ ਯਾਦ ਵਿਚ ਭਾਈ ਰੂਪੇ ਨੇ ਆਪਣੇ ਘਰ ਦੇ ਨਾਲ ਹੀ ਇਕ ਸਮਾਰਕ ਬਣਵਾਇਆ। ਹੁਣ ਇਸ ਗੁਰੂ-ਧਾਮ ਦੀ ਨਵੀਂ ਇਮਾਰਤ ਬਣ ਚੁਕੀ ਹੈ, ਜੋ ‘ਗੁਰਦੁਆਰਾ ਸਾਹਿਬ ਪਾਤਿਸ਼ਾਹੀ ਛੇਵੀਂ’ ਦੇ ਨਾਂ ਨਾਲ ਪ੍ਰਸਿੱਧ ਹੈ। ਇਹ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਿਤ ਹੈ, ਪਰ ਇਸ ਦੀ ਵਿਵਸਥਾ ਪਹਿਲਾਂ ਭਾਈ ਰੂਪ ਦੇ ਵੰਸ਼ਜ ਕਰਦੇ ਸਨ, ਪਰ ਹੁਣ ਸਥਾਨਕ ਕਮੇਟੀ ਕਰ ਰਹੀ ਹੈ।
ਭਾਈ ਰੂਪੇ ਦੇ ਇਕ ਵੰਸ਼ਜ ਪਾਸ ਇਕ ਪੁਰਾਣਾ ਰਥ ਸੰਭਾਲਿਆ ਹੋਇਆ ਹੈ। ਉਸ ਦੇ ਦਸੇ ਅਨੁਸਾਰ ਇਹ ਰਥ ਭਾਈ ਰੂਪੇ ਦੇ ਪੋਤਰੇ ਭਾਈ ਗਿਆਨ ਚੰਦ ਨੇ ਦੇਹਰਾਦੂਨ ਵਿਚਲੇ ਬਾਬਾ ਰਾਮ ਰਾਇ ਦੇ ਡੇਰੇ ਤੋਂ ਲਿਆਉਂਦਾ ਸੀ। ਸਥਾਨਕ ਲੋਕਾਂ ਦਾ ਵਿਸ਼ਵਾਸ ਹੈ ਕਿ ਇਹ ਰਥ ਗੁਰੂ ਅਰਜਨ ਦੇਵ ਜੀ ਦਾ ਸੀ ਅਤੇ ਛੇਵੇਂ ਅਤੇ ਸੱਤਵੇਂ ਗੁਰੂ ਜੀ ਨੇ ਵੀ ਇਸ ਨੂੰ ਵਰਤਿਆ ਸੀ। ਇਸ ਲਈ ਸਿੱਖ ਅਨੁਯਾਈਆਂ ਲਈ ਇਹ ਪਵਿੱਤਰ ਰਥ ਹੈ। ਬਾਗੜੀਆਂ ਵਾਲੇ ਭਾਈ ਸਾਹਿਬ ਭਾਈ ਰੂਪੇ ਦੀ ਵੰਸ਼-ਪਰੰਪਰਾ ਵਿਚੋਂ ਹਨ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3025, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First