ਭਾਰਵੀ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਭਾਰਵੀ: ਸੰਸਕ੍ਰਿਤ ਸਾਹਿਤ ਵਿੱਚ ਮਹਾਂਕਾਵਿ ਦੀ ਪਰੰਪਰਾ ਵਿੱਚ ਕਾਲੀਦਾਸ ਅਤੇ ਅਸ਼ਵਘੋਸ਼ ਤੋਂ ਮਗਰੋਂ ਮਹਾਂਕਵੀ ਭਾਰਵੀ ਦਾ ਨਾਂ ਲਿਆ ਜਾਂਦਾ ਹੈ। ਭਾਰਵੀ ਨੇ ਆਪਣੇ ਜੀਵਨ ਵਿੱਚ ਕੇਵਲ ਇੱਕ ਹੀ ਕਾਵਿ ਰਚਨਾ ਕੀਤੀ, ਜਿਸ ਦਾ ਨਾਂ ਕਿਰਾਤਾਰ ਜੁਨੀਯਮ ਹੈ। ਪਰ ਇਹ ਇੱਕ ਹੀ ਮਹਿਮਾਸ਼ਾਲੀ ਮਹਾਂਕਾਵਿ ਭਾਰਵੀ ਦੀ ਵਡਿਆਈ ਨੂੰ ਅਮਰ ਕਰਨ ਵਾਸਤੇ ਕਾਫ਼ੀ ਸੀ। ਕਾਲੀਦਾਸ ਵਾਂਗ ਭਾਰਵੀ ਨੇ ਵੀ ਆਪਣੀ ਰਚਨਾ ਵਿੱਚ ਆਪਣੇ ਜੀਵਨ ਸੰਬੰਧੀ ਕੋਈ ਸੂਚਨਾ ਨਹੀਂ ਦਿਤੀ, ਨਾ ਹੀ ਕਿਰਾਤਾਰ- ਜੁਨੀਯਮ ਤੋਂ ਉਸ ਦੇ ਜੀਵਨ ਕਾਲ ਦਾ ਪਤਾ ਲੱਗਦਾ ਹੈ। ਪਰੰਤੂ ਕੁਝ ਹੋਰ ਅਜਿਹੇ ਭਰੋਸੇਮੰਦ ਪ੍ਰਮਾਣ ਮੌਜੂਦ ਹਨ ਜਿਨ੍ਹਾਂ ਤੋਂ ਕਵੀ ਦੇ ਜੀਵਨ ਕਾਲ ਅਤੇ ਸਥਾਨ ਨੂੰ ਨਿਰਧਾਰਿਤ ਕਰਨਾ ਮੁਸ਼ਕਲ ਨਹੀਂ ਹੈ।

     ਭਾਰਵੀ ਦੇ ਜੀਵਨ ਕਾਲ ਦੀ ਸੂਚਨਾ ਦੇਣ ਵਾਲਾ 776 ਈਸਵੀ ਦਾ ਇੱਕ ਦਾਨ-ਪੱਤਰ ਮਿਲਦਾ ਹੈ, ਜੋ ਦੱਖਣ ਭਾਰਤ ਦੇ ਕਿਸੇ ਪ੍ਰਿਥਵੀਕੋਂਕਣ ਨਾਂ ਦੇ ਰਾਜਾ ਦਾ ਹੈ। ਪ੍ਰਿਥਵੀਕੋਂਕਣ ਆਪਣੀ ਕੁਲ ਦੇ ਪੂਰਵਜ ਰਾਜਾ ਦੁਰਵਿਨੀਤ ਦੀ ਸੱਤਵੀਂ ਪੀੜ੍ਹੀ ਵਿੱਚੋਂ ਸੀ। ਰਾਜਾ ਦੁਰਵਿਨੀਤ ਇੱਕ ਬਹੁਤ ਵੱਡਾ ਵਿਦਵਾਨ ਸੀ ਅਤੇ ਉਸ ਨੇ ਕਿਰਾਤਾਰਜੁਨੀਯਮ ਦੇ ਪੰਦਰ੍ਹਵੇਂ ਸਰਗ ਦਾ ਟੀਕਾ ਕੀਤਾ ਸੀ।

     ਵਾਮਨ ਅਤੇ ਜੈਦਿੱਤ ਨੇ 660 ਈਸਵੀ ਦੇ ਲਗਪਗ ਪਾਣਿਨੀ ਦੀ ਰਚਨਾ ਅਸ਼ਟਾਧਿਆਈ ਉੱਤੇ ਕਾਸ਼ਿਕਾ ਨਾਂ ਦਾ ਟੀਕਾ ਲਿਖਿਆ ਸੀ। ਇਸ ਟੀਕੇ ਵਿੱਚ ਕਿਰਾਤਾਰ ਜੁਨੀਯਮ ਮਹਾਂਕਾਵਿ ਦਾ ਇੱਕ ਸਲੋਕ ਉਦਾਹਰਨ ਦੇਣ ਵਾਸਤੇ ਪ੍ਰਸਤੁਤ ਕੀਤਾ ਗਿਆ ਹੈ। ਇਸ ਤੋਂ ਸਪਸ਼ਟ ਹੈ ਕਿ 660 ਈਸਵੀ ਤੱਕ ‘ਭਾਰਵੀ` ਕਵੀ ਰੂਪ ਵਿੱਚ ਪ੍ਰਸਿੱਧ ਹੋ ਚੁਕਾ ਸੀ।

     ਇਸ ਤੋਂ ਇਲਾਵਾ ਪੁਲਕੇਸ਼ਿਨ ਦੂਜੇ ਦੀ ਪ੍ਰਸੰਸਾ ਵਿੱਚ ਰਚੇ ਗਏ ਦੱਖਣ ਭਾਰਤ ਦੇ 634 ਈਸਵੀ ਦੇ ‘ਏਹੋਲ` ਦੇ ਸ਼ਿਲਾਲੇਖ ਵਿੱਚ ਕਾਲੀਦਾਸ ਦੇ ਨਾਲ ਹੀ ਭਾਰਵੀ ਦਾ ਵੀ ਉਲੇਖ ਕੀਤਾ ਗਿਆ ਹੈ। ਇਸ ਆਧਾਰ ਤੇ ਇਹ ਕਿਹਾ ਜਾ ਸਕਦਾ ਹੈ ਕਿ ਉਸ ਸਮੇਂ ਤੱਕ ਦੱਖਣ ਭਾਰਤ ਵਿੱਚ ਭਾਰਵੀ ਦੀ ਮਹਾਂਕਵੀ ਦੇ ਰੂਪ ਵਿੱਚ ਪ੍ਰਸਿੱਧੀ ਹੋ ਚੁੱਕੀ ਸੀ। ਉਪਰੋਕਤ ਪ੍ਰਮਾਣਾਂ ਦੇ ਆਧਾਰ ਤੇ ਵਿਦਵਾਨਾਂ ਨੇ ਭਾਰਵੀ ਦਾ ਸਮਾਂ ਈਸਵੀ ਸੰਨ ਦੀ ਸੱਤਵੀਂ ਸਦੀ ਦਾ ਪਹਿਲਾ ਭਾਗ ਮੰਨਿਆ ਹੈ ਅਤੇ ਉਸ ਨੂੰ ਦੱਖਣ ਭਾਰਤ ਦਾ ਨਿਵਾਸੀ ਸਵੀਕਾਰ ਕੀਤਾ ਹੈ।

     ਭਾਰਵੀ ਦੇ ਮਹਾਂਕਾਵਿ ਕਿਰਾਤਾਰਜੁਨੀਯਮ ਦੇ 18 ਸਰਗ ਹਨ। ਇਸ ਦੀ ਕਥਾ-ਵਸਤੂ ਮਹਾਂਭਾਰਤ ਦੇ ‘ਵਣਪਰਵ` ਦੀ ਇੱਕ ਪ੍ਰਸਿੱਧ ਘਟਨਾ ਨਾਲ ਸੰਬੰਧਿਤ ਹੈ। ਇਸ ਦਾ ਕਥਾ-ਸਾਰ ਨਿਮਨ-ਲਿਖਤ ਹੈ :

     ਕੌਰਵਾਂ ਤੋਂ ਜੂਏ ਵਿੱਚ ਹਾਰਨ ਮਗਰੋਂ ਯੁਧਿਸ਼ਟਰ ਆਪਣੇ ਭਰਾਵਾਂ ਅਤੇ ਦਰੋਪਦੀ ਸਮੇਤ ਦ੍ਵੈਤਵਣ ਵਿੱਚ ਨਿਵਾਸ ਕਰਨ ਲੱਗ ਜਾਂਦਾ ਹੈ। ਉੱਥੋਂ ਮਹਾਰਾਜ ਯੁਧਿਸ਼ਟਰ ਇੱਕ ਜਾਂਗਲੀ ਨੂੰ ਬ੍ਰਹਮਚਾਰੀ ਦੇ ਭੇਖ ਵਿੱਚ ਦੁਰਯੋਧਨ ਦੇ ਰਾਜ ਕਾਜ ਦੀ ਜਾਣਕਾਰੀ ਪ੍ਰਾਪਤ ਕਰਨ ਵਾਸਤੇ ਭੇਜਦਾ ਹੈ। ਵਾਪਸ ਆ ਕੇ ਉਹ ਜਾਂਗਲੀ ਯੁਧਿਸ਼ਟਰ ਨੂੰ ਦਰਯੋਧਨ ਦੀ ਚੰਗੀ ਰਾਜ-ਵਿਵਸਥਾ, ਲੋਕਾਂ ਨੂੰ ਪ੍ਰਸੰਨ ਕਰਨ ਦੇ ਢੰਗ ਤਰੀਕੇ, ਆਸ-ਪਾਸ ਦੀਆਂ ਰਿਆਸਤਾਂ ਅਤੇ ਹੋਰ ਪ੍ਰਭਾਵਸ਼ਾਲੀ ਵਿਅਕਤੀਆਂ ਨਾਲ ਕੀਤੀ ਜਾ ਰਹੀ ਗੰਢ-ਤੁੱਪ ਦੀ ਵਿਸਤਾਰ ਸਹਿਤ ਜਾਣਕਾਰੀ ਦਿੰਦਾ ਹੈ ਜਿਸ ਨੂੰ ਸੁਣ ਕੇ ਦਰੋਪਦੀ ਅਤੇ ਭੀਮ, ਯੁਧਿਸ਼ਟਰ ਨੂੰ ਯੁੱਧ ਕਰ ਕੇ ਰਾਜ ਪ੍ਰਾਪਤ ਕਰਨ ਦੀ ਪ੍ਰੇਰਨਾ ਦਿੰਦੇ ਹਨ, ਪਰੰਤੂ ਯੁਧਿਸ਼ਟਰ ਬਨਵਾਸ ਦਾ ਸਮਾਂ ਖ਼ਤਮ ਹੋਣ ਤੋਂ ਪਹਿਲਾਂ ਯੁੱਧ ਕਰਨ ਲਈ ਰਾਜ਼ੀ ਨਹੀਂ ਹੁੰਦਾ। ਉਸ ਸਮੇਂ ਮਹਾਂਰਿਸ਼ੀ ਵਿਆਸ ਦਾ ਆਗਮਨ ਹੁੰਦਾ ਹੈ। ਮਹਾਂਰਿਸ਼ੀ ਕਹਿੰਦਾ ਹੈ ਕਿ ਰਾਜਸੱਤਾ ਤਾਕਤ ਦੇ ਅਧੀਨ ਹੁੰਦੀ ਹੈ, ਇਸ ਕਰ ਕੇ ਉਹ ਅਰਜੁਨ ਨੂੰ ਇੰਦ੍ਰਕੀਲ ਪਰਬਤ ਉੱਤੇ ਜਾ ਕੇ ਤਪ-ਸਾਧਨਾ ਰਾਹੀਂ ਭਗਵਾਨ ਸ਼ਿਵ ਨੂੰ ਪ੍ਰਸੰਨ ਕਰਨ ਦੀ ਸਲਾਹ ਦਿੰਦਾ ਹੈ। ਵਿਆਸ ਦੀ ਆਗਿਆ ਦਾ ਪਾਲਨ ਕਰਦਿਆਂ ਅਰਜੁਨ ਇੰਦ੍ਰਕੀਲ ਪਰਬਤ ਉੱਤੇ ਕਠੋਰ ਤਪ ਸਾਧਨਾ ਕਰਨ ਲੱਗ ਜਾਂਦਾ ਹੈ। ਉਸ ਦੀ ਤਪ ਸਾਧਨਾ ਨੂੰ ਅਪਸਰਾਵਾਂ ਵੀ ਭੰਗ ਨਹੀਂ ਕਰ ਸਕਦੀਆਂ। ਭਗਵਾਨ ਸ਼ਿਵ ਦੁਆਰਾ ਜਾਂਗਲੀ ਦਾ ਰੂਪ ਧਾਰਨ ਕਰ ਕੇ ਅਰਜੁਨ ਦੀ ਕਠੋਰ ਪਰੀਖਿਆ ਲਈ ਜਾਂਦੀ ਹੈ। ਦੋਵਾਂ ਵਿਚਕਾਰ ਭਿਆਨਕ ਯੁੱਧ ਹੁੰਦਾ ਹੈ। ਇਹ ਯੁੱਧ ਹੀ ਵਾਸਤਵ ਵਿੱਚ ਅਰਜੁਨ ਦੀ ਪਰੀਖਿਆ ਸੀ। ਇਸ ਕਠਨ ਪਰੀਖਿਆ ਵਿੱਚ ਅਰਜੁਨ ਸਰਬ ਭਾਂਤ ਸਫਲ ਹੁੰਦਾ ਹੈ। ਸ਼ਿਵ ਅਰਜੁਨ ਦੀ ਬੀਰਤਾ ਤੋਂ ਖ਼ੁਸ਼ ਹੋ ਕੇ ਉਸ ਨੂੰ ਪਾਸ਼ੁਪਤ ਸ਼ਸਤਰ ਪ੍ਰਦਾਨ ਕਰਦਾ ਹੈ। ਇਸ ਸੰਖਿਪਤ ਜਿਹੀ ਕਥਾ ਨੂੰ ਕਵੀ ਨੇ ਮਹਾਂਕਾਵਿ ਦੇ ਰੂਪ ਵਿੱਚ ਰੋਚਕ ਅਤੇ ਵਿਸਤ੍ਰਿਤ ਢੰਗ ਨਾਲ ਦਰਸਾਇਆ ਹੈ।

     ਇਸ ਮਹਾਂਕਾਵਿ ਵਿੱਚ ਸਾਹਿਤ ਸ਼ਾਸਤਰੀਆਂ ਦੁਆਰਾ ਦੱਸੇ ਗਏ ਮਹਾਂਕਾਵਿ ਦੇ ਸਾਰੇ ਲੱਛਣ ਜਿਵੇਂ ਰੁੱਤਾਂ, ਪਹਾੜਾਂ, ਸੂਰਜ, ਚੰਦ, ਸੂਰਜ-ਉਦੈ, ਸੂਰਜ-ਅਸਤ, ਸੰਧਿਆ, ਰਤੀ-ਕ੍ਰੀੜਾ, ਸ਼ਰਾਬ-ਪਾਨ, ਯੁੱਧ ਆਦਿ ਦਾ ਵਰਣਨ ਪ੍ਰਾਪਤ ਹੁੰਦਾ ਹੈ। ਉਕਤ ਸਾਰੇ ਵਰਣਨਾਂ ਦੇ ਹੁੰਦਿਆਂ ਹੋਇਆਂ ਵੀ ਕਵੀ ਦੀ ਕਥਾ ਬਿਨਾਂ ਕਿਸੇ ਰੋਕ ਟੋਕ ਤੋਂ ਅੱਗੇ ਵਧਦੀ ਗਈ ਹੈ।

     ਭਾਰਵੀ ਵਿਸ਼ੇਸ਼ ਕਰ ਕੇ ਕਲਾ ਪ੍ਰੇਮੀ ਕਵੀ ਹੈ ਜਿਸ ਦਾ ਵਿਸ਼ੇਸ਼ ਧਿਆਨ ਕਾਵਿ ਦੇ ਬਾਹਰੀ ਰੂਪ ਵੱਲ ਰਿਹਾ ਹੈ। ਇਸ ਕ੍ਰਿਤੀ ਵਿੱਚ ਦੋਵੇਂ ਪ੍ਰਕਾਰ ਦੇ ਅਲੰਕਾਰਾਂ (ਸ਼ਬਦਾਲੰਕਾਰ ਅਤੇ ਅਰਥਾਲੰਕਾਰ) ਦਾ ਪ੍ਰਯੋਗ ਮਿਲਦਾ ਹੈ। ਉਕਤ ਮਹਾਂਕਾਵਿ ਦੇ ਤੇਰ੍ਹਵੇਂ ਸਰਗ ਵਿੱਚ ਚਿੱਤਰ- ਕਾਵਿ ਰਾਹੀਂ ਕਵੀ ਨੇ ਆਪਣੀ ਵਿਦਵਤਾ ਦਰਸਾਉਣ ਦੀ ਸਫਲ ਕੋਸ਼ਿਸ਼ ਕੀਤੀ ਹੈ। ਇਸ ਵਿੱਚ ਤੇਰ੍ਹਾਂ ਪ੍ਰਕਾਰ ਦੇ ਭਿੰਨ-ਭਿੰਨ ਛੰਦਾਂ ਦੀ ਵਰਤੋਂ ਕੀਤੀ ਗਈ ਹੈ ਪਰ ਕਵੀ ਦਾ ਪਿਆਰਾ ਛੰਦ ਵੰਸ਼ਸ੍ਥ ਹੀ ਜਾਪਦਾ ਹੈ।

     ਭਾਰਵੀ ਦੀ ਕਾਵਿ-ਸ਼ੈਲੀ ਵੈਦਰਭੀ ਹੈ ਜਿਸ ਵਿੱਚ ਸਮਾਜਿਕ ਪਦਾਂ ਦੀ ਘਾਟ ਹੁੰਦੀ ਹੈ। ਕਿਰਾਤਾਰਜੁਨੀਯਮ ਦੀ ਭਾਸ਼ਾ ਕਾਲੀਦਾਸ ਦੀ ਸ਼ੈਲੀ ਵਾਂਗ ਕੋਮਲ, ਮਧੁਰ ਅਤੇ ਸਰਸ ਤਾਂ ਨਹੀਂ, ਫਿਰ ਵੀ ਅਤਿ ਸਸ਼ਕਤ, ਪ੍ਰਭਾਵਪੂਰਨ ਅਤੇ ਗੰਭੀਰ ਅਰਥਾਂ ਨਾਲ ਭਰਪੂਰ ਹੈ। ਕਵੀ ਨੇ ਆਪਣੇ ਕਾਵਿ ਵਿੱਚ ਮਧੁਰਤਾ ਗੁਣ ਦੇ ਨਾਲ ਨਾਲ ਓਜਗੁਣ ਦਾ ਪ੍ਰਯੋਗ ਕੀਤਾ ਹੈ। ਇਸ ਦੇ ਨਾਲ ਹੀ ਵੀਰ-ਰਸ ਦਾ ਪ੍ਰਤਿਪਾਦਨ ਕਰਦਿਆਂ ਹੋਇਆਂ ਕਵੀ ਨੇ ਸ਼ਿੰਗਾਰ, ਕਰੁਣਾ ਅਤੇ ਭਿਆਨਕ ਆਦਿ ਰਸਾਂ ਦਾ ਵੀ ਢੁੱਕਵੀਆਂ ਥਾਂਵਾਂ ਤੇ ਉਚਿਤ ਪ੍ਰਯੋਗ ਕੀਤਾ ਹੈ। ਇਸ ਕਾਵਿ ਦੇ ਸੰਬੰਧ ਵਿੱਚ ਸੰਸਕ੍ਰਿਤ ਸਾਹਿਤ ਦੇ ਪ੍ਰਸਿੱਧ ਟੀਕਾਕਾਰ ਮੱਲੀਨਾਥ ਦਾ ਇਹ ਕਥਨ ਅਤਿ ਉਚਿਤ ਜਾਪਦਾ ਹੈ ਕਿ ਭਾਰਵੀ ਦਾ ਕਾਵਿ ਨਾਰੀਅਲ ਦੇ ਫਲ ਦੇ ਸਮਾਨ ਉਪਰੋਂ ਰੁਖਾ ਅਤੇ ਖੁਰਦਰਾ ਪਰ ਅੰਦਰੋਂ ਮਿੱਠੇ ਰਸ ਨਾਲ ਭਰਿਆ ਹੋਇਆ ਹੈ।

     ਉਕਤ ਕਾਵਿ ਆਪਣੇ ਅਰਥਗੌਰਵ ਅਰਥਾਤ ਥੋੜ੍ਹੇ ਸ਼ਬਦਾਂ ਵਿੱਚ ਵੱਡੀ ਅਤੇ ਗੰਭੀਰ ਗੱਲ ਕਰਨ ਕਰ ਕੇ ਅਤਿ ਪ੍ਰਸਿੱਧ ਹੈ। ਇਸ ਮਹਾਂਕਾਵਿ ਨੂੰ ਸੰਸਕ੍ਰਿਤ ਸਾਹਿਤ ਵਿੱਚ ਵਿਸ਼ੇਸ਼ ਸਥਾਨ ਪ੍ਰਾਪਤ ਹੈ। ਆਪਣੇ ਪ੍ਰਸੰਸਾਜਨਕ ਗੁਣਾਂ ਦੇ ਕਾਰਨ ਕਿਰਾਤਾਰਜੁਨੀਯਮ ਨੂੰ ਸੰਸਕ੍ਰਿਤ ਸਾਹਿਤ ਦੀਆਂ ਤਿੰਨ ਵੱਡੀਆਂ ਰਚਨਾਵਾਂ (ਕਿਰਾਤਾਰਜੁਨੀਯਮ, ਸ਼ਿਸ਼ੂਪਾਲਵਧ ਅਤੇ ਨੈਸ਼ਧੀਯਚਰਿਤ) ਵਿੱਚ ਮਹੱਤਵਪੂਰਨ ਦਰਜਾ ਪ੍ਰਾਪਤ ਹੈ।


ਲੇਖਕ : ਸ਼ਰਨ ਕੌਰ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 2463, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.